ਵਾਸਿ਼ੰਗਟਨ, 4 ਜੂਨ (ਪੋਸਟ ਬਿਊਰੋ): ਅਮਰੀਕਾ ਵਿਚ ਫ਼ਸਲਾਂ ਨੂੰ ਤਬਾਹ ਕਰਨ ਅਤੇ ਖੇਤੀਬਾੜੀ ਅੱਤਵਾਦ ਫੈਲਾਉਣ ਲਈ ਖ਼ਤਰਨਾਕ ਜੈਵਿਕ ਰੋਗਾਣੂਆਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਨੇ ਚੀਨ ਦੇ ਇਕ ਪ੍ਰੇਮੀ ਜੋੜੇ ਦੇ ਖੋਜਕਰਤਾਵਾਂ 'ਤੇ ਇਸ ਰੋਗਾਣੂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿਚ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਫ਼ਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਇਸ ਨੂੰ ਇੱਕ ਗੰਭੀਰ ਚੇਤਾਵਨੀ ਦਿੰਦਿਆਂ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਅਮਰੀਕੀ ਸੰਸਥਾਵਾਂ ਵਿੱਚ ਘੁਸਪੈਠ ਕਰਨ ਅਤੇ ਭੋਜਨ ਸਪਲਾਈ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਲੋਕਾਂ ਨੂੰ ਖੋਜਕਰਤਾਵਾਂ ਵਜੋਂ ਤਾਇਨਾਤ ਕਰ ਰਹੀ ਹੈ। ਐਫ਼ਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਜੁਲਾਈ 2024 ਵਿੱਚ, ਇੱਕ ਚੀਨੀ ਨੌਜਵਾਨ ਜੂਨਯੋਂਗ ਲਿਊ ਆਪਣੇ ਬੈਗ ਵਿੱਚ ਇੱਕ ਜ਼ਹਿਰੀਲੀ ਉੱਲੀ ਲੈ ਕੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਡੇਟ੍ਰੋਇਟ ਹਵਾਈ ਅੱਡੇ 'ਤੇ ਉਸ ਦੇ ਬੈਗ ਵਿੱਚੋਂ ਲਾਲ ਪੌਦੇ ਬਰਾਮਦ ਕੀਤੇ ਗਏ ਸਨ।
ਪੁੱਛਗਿੱਛ ਦੌਰਾਨ, ਉਸ ਨੇ ਦੱਸਿਆ ਕਿ ਉਹ ਇਹਨਾਂ ਪੌਦਿਆਂ ਨੂੰ ਆਪਣੀ ਪ੍ਰੇਮਿਕਾ ਯੂਨਕਿੰਗ ਜਿਆਨ ਨੂੰ ਸੌਂਪਣਾ ਚਾਹੁੰਦਾ ਸੀ ਜੋ ਮਿਸ਼ੀਗਨ ਯੂਨੀਵਰਸਿਟੀ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਕੰਮ ਕਰਦੀ ਹੈ। ਉਹ ਪਹਿਲਾਂ ਵੀ ਆਪਣੀ ਪ੍ਰੇਮਿਕਾ ਨਾਲ ਖੋਜ ਲਈ ਖ਼ਤਰਨਾਕ ਜੈਵਿਕ ਕੀਟਾਣੂਆਂ ਦੀ ਤਸਕਰੀ ਕਰ ਚੁੱਕਾ ਹੈ। ਇਸ ਤੋਂ ਬਾਅਦ, ਨੌਜਵਾਨ ਲਿਊ ਨੂੰ ਹਵਾਈ ਅੱਡੇ ਤੋਂ ਵਾਪਸ ਚੀਨ ਭੇਜ ਦਿੱਤਾ ਗਿਆ ਸੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਰੋਗਾਣੂ ਨੂੰ ਫੁਸਾਰੀਅਮ ਗ੍ਰਾਮੀਨੀਅਰਮ ਕਿਹਾ ਜਾਂਦਾ ਹੈ। ਇਹ ਕਣਕ, ਜੌਂ, ਮੱਕੀ ਅਤੇ ਚੌਲਾਂ ਦੀਆਂ ਫ਼ਸਲਾਂ ਨੂੰ ਤਬਾਹ ਕਰਕੇ ਜਾਨਵਰਾਂ ਅਤੇ ਲੋਕਾਂ ਵਿੱਚ ਬਿਮਾਰੀ ਪੈਦਾ ਕਰ ਸਕਦਾ ਹੈ। ਇਹ ਹਰ ਸਾਲ ਅਮਰੀਕਾ ਨੂੰ ਅਰਬਾਂ ਡਾਲਰ ਦਾ ਨੁਕਸਾਨ ਵੀ ਪਹੁੰਚਾ ਸਕਦਾ ਹੈ।