Welcome to Canadian Punjabi Post
Follow us on

22

October 2018
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਵਿਖਾਵੇ ਦੇ ਚੋਣ ਸਰਵੇਖਣਾਂ ਤੋਂ ਮੰਦਰ ਲਈ ਮਰਨ-ਵਰਤ ਤੱਕ ਜੋ ਹੁੰਦਾ ਹੈ, ਦਿੱਸਦਾ ਨਹੀਂ

October 09, 2018 07:54 AM

-ਜਤਿੰਦਰ ਪਨੂੰ
ਬਹੁਤ ਦੇਰ ਪਹਿਲਾਂ ਇੱਕ ਵਿਅੰਗਕਾਰ ਨੇ ਕਿਹਾ ਸੀ ਕਿ ਭਾਰਤ ਦੀ ਖਾਸ ਗੱਲ ਹੀ ਇਹ ਹੈ ਕਿ ਏਥੇ ਜੋ ਹੁੰਦਾ ਹੈ, ਉਹ ਦਿਖਾਈ ਨਹੀਂ ਦੇਂਦਾ ਤੇ ਜੋ ਦਿਖਾਈ ਦੇਂਦਾ ਹੈ, ਉਹ ਅਸਲ ਵਿੱਚ ਹੁੰਦਾ ਜਾਂ ਹੋਇਆ ਨਹੀਂ ਹੁੰਦਾ। ਕਈ ਲੋਕ ਇਸ ਗੁੱਝੇ ਵਿਅੰਗ ਨੂੰ ਸਮਝ ਨਹੀਂ ਸਨ ਸਕੇ ਅਤੇ ਕਈ ਦਿਨ ਇਸ ਦੀ ਬਹਿਸ ਚੱਲਦੀ ਰਹੀ ਸੀ। ਆਖਰ ਇੱਕ ਦਿਨ ਵਿਸ਼ੇਸ਼ ਪ੍ਰੋਗਰਾਮ ਸਰਕਾਰੀ ਟੈਲੀਵੀਜ਼ਨ ਦੂਰਦਰਸ਼ਨ ਉੱਤੇ ਹੋਇਆ ਤਾਂ ਇੱਕ ਜਣੇ ਨੇ ਉਸ ਵਿਅੰਗਕਾਰ ਨੂੰ ਉਸ ਵਿਅੰਗ ਵਿੱਚ ਲੁਕੀ ਅਸਲੀਅਤ ਪੁੱਛ ਲਈ। ਵਿਅੰਗਕਾਰ ਨੇ ਹੱਸ ਕੇ ਕਿਹਾ ਸੀ ਕਿ ਤੁਸੀਂ ਕਬੀਰ ਜੀ ਨੂੰ ਨਹੀਂ ਸਮਝੇ ਸਕੇ ਤਾਂ ਮੈਨੂੰ ਵੀ ਨਹੀਂ ਸਮਝ ਸਕੋਗੇ, ਮੈਂ ਛੋਟਾ ਬੰਦਾ ਜੋ ਨਹੀਂ ਸਮਝਾ ਸਕਦਾ, ਉਹ ਸਮਝਾੳਣ ਦਾ ਯਤਨ ਕਬੀਰ ਜੀ ਛੇ ਸੌ ਸਾਲ ਪਹਿਲਾਂ ਕਰਦੇ ਰਹੇ ਸਨ। ਉਸ ਨੇ ਕਿਹਾ ਕਿ ਕਬੀਰ ਜੀ ਨੇ ਕਿਹਾ ਸੀ ਕਿ ‘ਰੰਗੀ ਕੋ ਨਾਰੰਗੀ ਕਹੇ, ਬਨੇ ਦੂਧ ਕੋ ਖੋਇਆ, ਚਲਤੀ ਕੋ ਗਾੜੀ ਕਹੇ, ਦੇਖ ਕਬੀਰਾ ਰੋਇਆ’ ਤਾਂ ਇਸ ਦਾ ਭਾਵ ਸੀ ਕਿ ਰੰਗਦਾਰ ਫਲ ਨੂੰ ਨਾਰੰਗੀ, ਯਾਨੀ ਰੰਗਹੀਣ, ਆਖਿਆ ਜਾ ਰਿਹਾ ਹੈ, ਰਿੱਝ ਕੇ ਵਧੀਆ ਬਣੇ ਦੁੱਧ ਨੂੰ ਖੋਇਆ (ਗਵਾਚ ਗਿਆ) ਕਿਹਾ ਜਾਂਦਾ ਹੈ ਅਤੇ ਕਿਸੇ ਚੱਲਦੀ ਹੋਈ ਚੀਜ਼ ਨੂੰ ਗੱਡੀ (ਜ਼ਮੀਨ ਵਿੱਚ ਗੱਡੀ ਹੋਈ) ਕਿਹਾ ਜਾਂਦਾ ਹੈ। ਇਹ ਭਾਰਤ ਦੀ ਪੁਰਾਣੀ ਰੀਤ ਹੈ। ਵਿਅੰਗਕਾਰ ਨੂੰ ਨਵਾਂ ਸਵਾਲ ਪੇਸ਼ ਹੋ ਗਿਆ ਕਿ ਇਹ ਅੱਜ ਦੇ ਯੁੱਗ ਨਾਲ ਕਿਵੇਂ ਮੇਲ ਕੇ ਵੇਖਿਆ ਜਾ ਸਕਦਾ ਹੈ ਤਾਂ ਉਸ ਨੇ ਕਿਹਾ ਸੀ ਕਿ ਤਾਜ਼ਾ ਗੱਲ ਨਹੀਂ ਦੱਸ ਸਕਦਾ, ਮੌਕੇ ਦੀ ਸਰਕਾਰ ਨਾਰਾਜ਼ ਹੋ ਜਾਵੇਗੀ, ਪਰ ਪੁਰਾਣੀ ਮਿਸਾਲ ਹੈ ਕਿ ਇੰਦਰਾ ਗਾਂਧੀ ਨੇ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਤੇ ਗਰੀਬੀ ਹੋਰ ਵਧਾ ਕੇ ਮੇਰੇ ਕਹਿਣ ਤੋਂ ਪਹਿਲਾਂ ਮੇਰੀ ਗੱਲ ਨੂੰ ਸੱਚੀ ਸਾਬਤ ਕਰ ਦਿੱਤਾ ਸੀ।
ਉਹ ਵਿਅੰਗਕਾਰ ਇਸ ਵਕਤ ਏਡਾ ਵਿਅੰਗ ਕਰਨ ਵਾਲੀ ਸਥਿਤੀ ਵਿੱਚ ਨਹੀਂ, ਬਜ਼ੁਰਗੀ ਹੰਢਾ ਰਿਹਾ ਹੈ, ਪਰ ਜੇ ਕਾਇਮ ਵੀ ਹੁੰਦਾ ਤਾਂ ਸ਼ਾਇਦ ਇਸ ਵਕਤ ਦੀ ਸਰਕਾਰ ਬਾਰੇ ਏਦੂੰ ਵੱਡੀ ਕੋਈ ਨਵੀਂ ਗੱਲ ਨਾ ਕਹਿ ਸਕਦਾ। ਸਚਾਈ ਇਹ ਹੈ ਕਿ ਇਸ ਵਕਤ ਵੀ ਜਦੋਂ ਭਾਰਤ ਦੀਆਂ ਆਮ ਚੋਣਾਂ ਸਿਰ ਉੱਤੇ ਹਨ, ਓਦੋਂ ਜੋ ਕੁਝ ਹੁੰਦਾ ਹੈ, ਉਹ ਲੁਕਾਇਆ ਜਾ ਰਿਹਾ ਹੈ ਤੇ ਜੋ ਹੁੰਦਾ ਨਹੀਂ ਤੇ ਸ਼ਾਇਦ ਹੋਣ ਵਾਲਾ ਵੀ ਨਹੀਂ, ਉਹ ਵਿਖਾਇਆ ਜਾ ਰਿਹਾ ਹੈ।
ਅਸੀਂ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਇਹ ਵੇਖਦੇ ਅਤੇ ਸੁਣਦੇ ਆਏ ਹਾਂ, ਹਾਲੇ ਵੀ ਕਦੇ-ਕਦੇ ਸੁਣ ਲੈਂਦੇ ਹਾਂ ਕਿ ਕਿਸੇ ਥਾਂ ਭੜਕੀ ਹੋਈ ਭੀੜ ਨੇ ਗਊ ਹੱਤਿਆ ਦੇ ਸ਼ੱਕ ਵਿੱਚ ਕੁਝ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਇੱਕ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਹੋ ਜਿਹਾ ਕੰਮ ਗੁੰਡਾ ਗੈਂਗ ਕਰਦੇ ਹਨ ਤੇ ਫਿਰ ਕੁਝ ਪੁਲਸ ਕਾਰਵਾਈ ਵੀ ਹੋਈ ਸੀ, ਪਰ ਬਾਅਦ ਵਿੱਚ ਇਹ ਪਤਾ ਲੱਗਾ ਕਿ ਕਾਰਵਾਈ ਕੁਝ ਚੋਣਵੇਂ ਕੇਸਾਂ ਵਿੱਚ ਸਿਰਫ ਓਥੇ ਹੋਈ, ਜਿੱਥੇ ਏਹੋ ਜਿਹਾ ਕੰਮ ਕਰਨ ਵਾਲੇ ਬੰਦੇ ਉਸ ਖਾਸ ਧਿਰ ਨਾਲ ਜੁੜੇ ਹੋਏ ਨਹੀਂ ਸਨ, ਜਿਸ ਦੇ ਇਸ਼ਾਰੇ ਉੱਤੇ ਇਹ ਕੁਝ ਗਿਣ-ਮਿਥ ਕੇ ਕਰਾਇਆ ਜਾਂਦਾ ਸੀ। ਆਪਣੇ ਆਪ ਗਊ-ਭਗਤ ਬਣ ਤੁਰੇ ਚਾਰ ਗੈਂਗਾਂ ਉੱਤੇ ਕਾਰਵਾਈ ਕਰ ਕੇ ਆਪਣੇ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਦੇ ਥਾਪੜੇ ਵਾਲਿਆਂ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਣ ਦਿੱਤਾ।
ਅੱਜ ਕੱਲ੍ਹ ਭਾਰਤ ਦੇ ਕਈ ਮੀਡੀਆ ਚੈਨਲਾਂ ਉੱਤੇ ਅਗੇਤੇ ਚੋਣ ਸਰਵੇਖਣ ਪੇਸ਼ ਕੀਤੇ ਜਾ ਰਹੇ ਹਨ। ਜਿਹੜੇ ਬੰਦੇ ਨੇ ਇਨ੍ਹਾਂ ਨੂੰ ਜ਼ਰਾ ਕੁ ਗਹੁ ਨਾਲ ਵੇਖਿਆ ਹੋਵੇ, ਉਹ ਇਸ ਗੱਲ ਕਰ ਕੇ ਹੈਰਾਨ ਹੋ ਸਕਦਾ ਹੈ ਕਿ ਜਿਹੜੇ ਚੈਨਲ ਪਿਛਲੇ ਮਹੀਨੇ ਤੱਕ ਇਹ ਕਹਿੰਦੇ ਸਨ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਨੇ ਜਿੱਤਣਾ ਹੈ, ਉਹ ਇਸ ਮਹੀਨੇ ਦੇ ਚੜ੍ਹਦੇ ਸਾਰ ਕਾਂਗਰਸ ਨੂੰ ਹਰਾ ਕੇ ਭਾਜਪਾ ਨੂੰ ਜਿਤਾਉਣ ਦੇ ਸਰਵੇ ਵਿਖਾਈ ਜਾਂਦੇ ਹਨ। ਸਾਨੂੰ ਦਿੱਲੀ ਵਾਲੀਆਂ ਚੋਣਾਂ ਦਾ ਤਜਰਬਾ ਹੈ। ਓਥੇ ਵਿਧਾਨ ਸਭਾ ਚੋਣਾਂ ਵਿੱਚ ਇਹੋ ਖੇਡ ਖੇਡੀ ਗਈ ਸੀ। ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਤੱਕ ਸਾਰੇ ਚੈਨਲ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਗਹਿ-ਗੱਚ ਲੜਾਈ ਦੱਸ ਕੇ ਉੱਨੀ-ਇੱਕ ਦਾ ਫਰਕ ਦੱਸਦੇ ਤੇ ਬਹੁਤੇ ਭਾਜਪਾ ਨੂੰ ਵੱਧ ਸੀਟਾਂ ਦੇਂਦੇ ਸਨ। ਇੱਕ ਚੈਨਲ ਨੇ ਆਮ ਆਦਮੀ ਪਾਰਟੀ ਨੂੰ ਸਿਰਫ ਇੱਕੀ ਸੀਟਾਂ ਦਿੱਤੀਆਂ ਸਨ। ਅਗਲੇ ਦਿਨ ਜਦੋਂ ਵੋਟਾਂ ਪੈਣ ਦਾ ਕੰਮ ਹੋ ਗਿਆ, ਇਨ੍ਹਾਂ ਚੈਨਲਾਂ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਤੋਂ ਅੱਗੇ ਮੰਨਿਆ ਤੇ ਜਿਸ ਚੈਨਲ ਨੇ ਇੱਕ ਦਿਨ ਪਹਿਲਾਂ ਉਸ ਨੂੰ ਸਿਰਫ ਇੱਕੀ ਸੀਟਾਂ ਦਿੱਤੀਆਂ ਸਨ, ਉਸ ਇਕੱਲੇ ਚੈਨਲ ਨੇ ਕਿਹਾ ਸੀ ਕਿ ਭਾਜਪਾ ਬਹੁਤ ਪਿੱਛੇ ਹੈ ਤੇ ਆਮ ਆਦਮੀ ਪਾਰਟੀ ਦੀਆਂ ਸੀਟਾਂ ਪੰਜਾਹ ਤੋਂ ਵਧ ਕੇ ਪਚਵੰਜਾ ਵੀ ਹੋ ਸਕਦੀਆਂ ਹਨ। ਸਾਡੇ ਵਰਗੇ ਲੋਕਾਂ ਨੂੰ ਵੀ ਇਹ ਗੱਪ ਜਾਪਦੀ ਸੀ। ਜਦੋਂ ਨਤੀਜਾ ਆਇਆ ਤਾਂ ਆਮ ਆਦਮੀ ਪਾਰਟੀ ਸਤਾਹਠ ਸੀਟਾਂ ਲੈ ਗਈ। ਜਿਹੜੇ ਚੈਨਲ ਨੇ ਇੱਕ ਦਿਨ ਪਹਿਲਾਂ ਉਸ ਨੂੰ ਇੱਕੀ ਸੀਟਾਂ ਦਿੱਤੀਆਂ ਸਨ, ਵੋਟਾਂ ਪੈਂਦੇ ਸਾਰ ਉਹ ਉਸ ਨੂੰ ਪੰਜਾਹ-ਪਚਵੰਜਾ ਦੇਣ ਲਈ ਤਿਆਰ ਨਹੀਂ ਸੀ ਹੋਇਆ, ਉਸ ਨੂੰ ਪਹਿਲਾਂ ਵੀ ਸਥਿਤੀ ਦਾ ਪਤਾ ਸੀ, ਪਰ ਓਦੋਂ ਉਹ ਚੋਣ ਪ੍ਰਚਾਰ ਦਾ ਹਿੱਸਾ ਬਣ ਕੇ ਬੋਲਦਾ ਪਿਆ ਸੀ। ਇਹ ਕੰਮ ਇਸ ਵੇਲੇ ਤਿੰਨ ਰਾਜਾਂ ਦੀਆਂ ਚੋਣਾਂ ਵਾਸਤੇ ਵੀ ਹੁੰਦਾ ਹੋ ਸਕਦਾ ਹੈ।
ਦੂਸਰੀ ਗੱਲ ਇਹ ਕਿ ਪਿਛਲੇ ਹਫਤੇ ਉੱਤਰ ਪ੍ਰਦੇਸ਼ ਵਿੱਚ ਐਪਲ ਕੰਪਨੀ ਦੇ ਮੈਨੇਜਰ ਨੂੰ ਦੋ ਪੁਲਸ ਮੁਲਾਜ਼ਮਾਂ ਨੇ ਮਾਰ ਦਿੱਤਾ ਤੇ ਇਸ ਨੂੰ ਪੁਲਸ ਮੁਕਾਬਲਾ ਬਣਾਉਣ ਦਾ ਯਤਨ ਕੀਤਾ ਗਿਆ। ਇਹ ਖੇਡ ਚੱਲ ਨਹੀਂ ਸਕੀ ਤਾਂ ਨਵਾਂ ਦਾਅ ਖੇਡਿਆ ਜਾ ਰਿਹਾ ਹੈ ਕਿ ਫਸ ਹੋਏ ਪੁਲਸ ਵਾਲੇ ਨੂੰ ਹੀਰੋ ਬਣਾ ਕੇ ਸਾਰੇ ਰਾਜ ਦੀ ਪੁਲਸ ਨੇ ਉਸ ਨਾਲ ਹਮਾਇਤ ਲਈ ਇੱਕ ਦਿਨ ਬਾਂਹਾਂ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਡਿਊਟੀ ਕੀਤੀ ਹੈ। ਕਿਸੇ ਡਿਸਿਪਲਿਨ ਵਾਲੀ ਫੋਰਸ ਵਿੱਚ ਇਹ ਇੱਕ ਤਰ੍ਹਾਂ ਦੀ ਬਾਗੀ ਕਾਰਵਾਈ ਹੁੰਦੀ ਹੈ ਤੇ ਇਸ ਕਾਰਨ ਨੌਕਰੀ ਤੋਂ ਕੱਢਣ ਤੱਕ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ, ਪਰ ਕੀਤੇ ਨਹੀਂ ਗਏ ਤੇ ਕਰਨੇ ਵੀ ਕਿਸੇ ਨਹੀਂ। ਇਹੋ ਨਹੀਂ, ਕੇਸ ਵਿੱਚ ਫਸੇ ਹੋਏ ਉਸ ਸਿਪਾਹੀ ਨਾਲ ਹਮਾਇਤ ਵਜੋਂ ਉਸ ਦੀ ਪਤਨੀ ਦਾ ਬੈਂਕ ਖਾਤਾ ਨੰਬਰ ਦੇ ਕੇ ਲੋਕਾਂ ਨੂੰ ਫੰਡ ਭੇਜਣ ਦੀ ਅਪੀਲ ਕੀਤੀ ਗਈ ਅਤੇ ਚੋਖਾ ਫੰਡ ਇਸ ਖਾਤੇ ਵਿੱਚ ਆ ਵੀ ਗਿਆ ਹੈ। ਇਸ ਪਿੱਛੇ ਇੱਕ ਖੇਡ ਹੋਰ ਦੱਸੀ ਜਾਂਦੀ ਹੈ। ਜਦੋਂ ਤੋਂ ਯੋਗੀ ਆਦਿੱਤਿਆਨਾਥ ਸਿੰਘ ਦੀ ਭਾਜਪਾ ਵਾਲੀ ਸਰਕਾਰ ਬਣੀ ਹੈ, ਉਸ ਦੇ ਪਹਿਲੇ ਇੱਕ ਸਾਲ ਵਿੱਚ ਬਾਰਾਂ ਸੌ ਤੋਂ ਵੱਧ ਪੁਲਸ ਮੁਕਾਬਲੇ ਹੋ ਜਾਣ ਦੀ ਚਰਚਾ ਆਮ ਸੁਣੀ ਜਾਣ ਲੱਗੀ ਸੀ। ਇੱਕ ਸਾਲ ਵਿੱਚ ਬਾਰਾਂ ਸੌ ਦਾ ਮਤਲਬ ਰੋਜ਼ ਦੇ ਤਿੰਨ-ਚਾਰ ਮੁਕਾਬਲੇ ਹੁੰਦਾ ਹੈ। ਉਸ ਰਾਜ ਵਿੱਚ ਜਾਣ ਵਾਲੇ ਲੋਕ ਦੱਸਦੇ ਹਨ ਕਿ ਅੱਜ ਕੱਲ੍ਹ ਰਾਤ ਵੇਲੇ ਆਮ ਲੋਕ ਸੜਕਾਂ ਉੱਤੇ ਨਹੀਂ ਨਿਕਲਦੇ ਕਿ ਕਿਸੇ ਦਾ ਮੁਕਾਬਲਾ ਬਣਦਾ ਪਿਆ ਹੋਇਆ ਤਾਂ ਇਸ ਨੂੰ ਅਸਲੀ ਦੱਸਣ ਲਈ ਕਰਾਸ ਫਾਇਰਿੰਗ ਦੇ ਬਹਾਨੇ ਸਾਡੀ ਜਾਨ ਹੀ ਨਾ ਲੈ ਲਈ ਜਾਵੇ। ਇੱਕ ਵੱਡੇ ਟੀ ਵੀ ਚੈਨਲ ਨੇ ਇਹੋ ਜਿਹੇ ਮੁਕਾਬਲੇ ਬਣਾਉਣ ਵਾਲੇ ਪੁਲਸ ਅਫਸਰਾਂ ਦੀ ਗੱਲਬਾਤ ਦਾ ਸਟਿੰਗ ਅਪਰੇਸ਼ਾਨ ਵਾਲਾ ਰਿਕਾਰਡ ਪੇਸ਼ ਕੀਤਾ ਸੀ, ਜਿਹੜੇ ਹਰ ਕਿਸਮ ਦੇ ਮੁਕਾਬਲੇ ਦਾ ਰੇਟ ਵੀ ਦੱਸਦੇ ਹਨ। ਮੁੱਖ ਮੰਤਰੀ ਦਾ ਬਿਆਨ ਆਇਆ ਸੀ ਕਿ ਕੁਝ ਲੋਕਾਂ ਨੂੰ ਸਿਰਫ ਪੁਲਸ ਮੁਕਾਬਲੇ ਦਿੱਸਦੇ ਹਨ, ਇਸ ਰਾਜ ਵਿੱਚ ਸ਼ਾਂਤੀ ਕਾਇਮ ਹੋਈ ਨਹੀਂ ਦਿੱਸਦੀ। ਜਿੱਦਾਂ ਦੀ ਸ਼ਾਂਤੀ ਕਬਰਾਂ ਵਿੱਚ ਹੁੰਦੀ ਹੈ, ਲਗਭਗ ਓਦਾਂ ਦੀ ਸ਼ਾਂਤੀ ਕਿਸੇ ਥਾਂ ਦਿੱਸ ਪਵੇ ਤਾਂ ਸਮਝਣਾ ਪੈਂਦਾ ਹੈ ਕਿ ਜੋ ਹੋ ਰਿਹਾ ਹੈ, ਉਹ ਮੁੱਖ ਮੰਤਰੀ ਨੇ ਨਹੀਂ ਮੰਨਣਾ ਤੇ ਜੋ ਮੁੱਖ ਮੰਤਰੀ ਦੱਸਦਾ ਹੈ, ਉਹ ਅਸਲ ਵਿੱਚ ਹੁੰਦਾ ਨਹੀਂ ਹੋਣਾ।
ਆਖਰੀ ਗੱਲ ਕਿ ਇਸ ਹਫਤੇ ਅਯੁੱਧਿਆ ਅੰਦੋਲਨ ਨਾਲ ਜੁੜੇ ਹੋਏ ਇੱਕ ਮਹੰਤ ਨੇ ਮਰਨ ਵਰਤ ਰੱਖ ਲਿਆ ਤੇ ਕਿਹਾ ਹੈ ਕਿ ਮੈਂ ਓਨੀ ਦੇਰ ਮਰਨ ਵਰਤ ਨਹੀਂ ਛੱਡਾਂਗਾ, ਜਦੋਂ ਤੱਕ ਨਰਿੰਦਰ ਮੋਦੀ ਏਥੇ ਰਾਮ ਲੱਲਾ ਦੇ ਦਰਸ਼ਨ ਕਰਨ ਨਹੀਂ ਆਉਂਦੇ ਤੇ ਰਾਮ ਮੰਦਰ ਬਣਾਉਣ ਦਾ ਐਲਾਨ ਨਹੀਂ ਕਰਦੇ। ਨਰਿੰਦਰ ਮੋਦੀ ਨੂੰ ਨਾ ਅਯੁੱਧਿਆ ਜਾਣ ਦੀ ਝਿਜਕ ਹੈ ਤੇ ਨਾ ਰਾਮ ਮੰਦਰ ਬਣਾਉਣ ਦੀ, ਪਰ ਕਿਸੇ ਖਾਸ ਤਰ੍ਹਾਂ ਦੀ ਯੋਜਨਾਬੰਦੀ ਤੋਂ ਬਿਨਾਂ ਉਹ ਓਥੇ ਚਲੇ ਜਾਣ ਤਾਂ ਅਸਲੀ ਗੱਲ ਨਹੀਂ ਬਣਨੀ। ਗੱਲ ਰਾਮ ਮੰਦਰ ਬਣਾਉਣ ਦੀ ਓਨੀ ਨਹੀਂ, ਜਿੰਨੀ ਇਹ ਹੈ ਕਿ ਰਾਮ ਮੰਦਰ ਬਹਾਨੇ ਵੋਟਾਂ ਲੈਣੀਆਂ ਹਨ। ਇਸ ਲਈ ਇਹ ਢੰਗ ਵਰਤਿਆ ਜਾ ਸਕਦਾ ਹੈ ਕਿ ਇੱਕ ਮਹੰਤ ਨੂੰ ਜਜ਼ਬਾਤੀ ਕਰ ਕੇ ਉਸ ਤੋਂ ਮਰਨ ਵਰਤ ਦਾ ਐਲਾਨ ਕਰਵਾ ਦਿੱਤਾ ਜਾਵੇ। ਫਿਰ ਸਾਰੇ ਦੇਸ਼ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਜਾਵੇ ਤੇ ਜਦੋਂ ਮੰਦਰ ਦਾ ਮੁੱਦਾ ਸੌ ਮੁੱਦਿਆਂ ਦਾ ਮੁੱਦਾ ਬਣਿਆ ਜਾਪਣ ਲੱਗ ਜਾਵੇ ਤੇ ਮਹਿੰਗਾਈ, ਗਰੀਬੀ, ਨੋਟਬੰਦੀ, ਬੇਰੁਜ਼ਗਾਰੀ ਸਾਰੇ ਮੁੱਦੇ ਪਿੱਛੇ ਧੱਕ ਦੇਵੇ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਯੁੱਧਿਆ ਜਾ ਕੇ ਉਹ ਐਲਾਨ ਕਰ ਦੇਣਗੇ, ਜਿਸ ਦੀ ਮੰਗ ਉਠਾਈ ਗਈ ਹੈ ਤੇ ਇੱਕ ਮਹੰਤ ਦਾ ਮਰਨ ਵਰਤ ਰਖਵਾਇਆ ਹੈ। ਅਸਲ ਵਿੱਚ ਮਹੰਤ ਦਾ ਮਰਨ ਵਰਤ ਚੋਣ-ਯੱਗ ਦਾ ਹਵਨ ਹੈ, ਵਿਖਾਵਾ ਮੰਦਰ ਉਸਾਰੀ ਕਰਨ ਦੀ ਮੰਗ ਦਾ ਕੀਤਾ ਗਿਆ ਹੈ। ਇਹ ਹਕੀਕਤ ਹੁੰਦੀ ਤਾਂ ਚਾਰ ਸਾਲ ਪਹਿਲਾਂ ਇਹੋ ਕੰਮ ਹੋ ਸਕਦਾ ਸੀ। ਏਥੇ ਏਦਾਂ ਹੀ ਹੁੰਦਾ ਹੈ। ਆਖਰ ਇਹ ਉਹ ਭਾਰਤ ਹੈ, ਜਿੱਥੇ ਜੋ ਕੁਝ ਹੁੰਦਾ ਹੈ, ਉਹ ਦਿਖਾਈ ਨਹੀਂ ਦੇਂਦਾ ਤੇ ਜਿਹੜਾ ਦਿਖਾਈ ਦੇਂਦਾ ਹੈ, ਉਹ ਹੁੰਦਾ ਹੀ ਨਹੀਂ। ਫਿਰ ਵੀ ਹੱਦੋਂ ਵੱਧ ਗੁੱਝੇ ਹਰ ਦਾਅ ਦੇ ਦੌਰ ਵਿੱਚ ਜਿਹੜੀ ਖੇਡ ਇਸ ਵਾਰੀ ਖੇਡੀ ਜਾ ਰਹੀ ਹੈ, ਉਹ ਕਿਸੇ ਵੀ ਪਿਛਲੇ ਦੌਰ ਤੋਂ ਵੱਧ ਭੁਚਲਾਊ ਹੋ ਸਕਦੀ ਹੈ, ਕਿਉਂਕਿ ਨੋਟਬੰਦੀ ਵਾਂਗ ਇਸ ਦੀ ਅਸਲੀਅਤ ਵੀ ਸਿਰਫ ਇੱਕ ਵਿਅਕਤੀ ਜਾਂ ਇੱਕ ਖਾਸ ਗਰੁੱਪ ਤੱਕ ਸੀਮਤ ਹੈ, ਸ਼ਾਇਦ ਨਾਲ ਤੁਰੀ ਫਿਰਦੀ ਟੀਮ ਨੂੰ ਵੀ ਪਤਾ ਨਹੀਂ।

Have something to say? Post your comment