Welcome to Canadian Punjabi Post
Follow us on

31

May 2020
ਨਜਰਰੀਆ

ਚਵਾਨੀ ਦੀਆਂ ਲਾਲ ਮਿਰਚਾਂ ਵਾਲੀ ਮਾਂ

June 14, 2019 02:34 PM

-ਪ੍ਰੋ.ਹਮਦਰਦਵੀਰ ਨੌਸ਼ਹਿਰਵੀ
ਮੈਂ ਹਨੇਰੇ ਹੋਏ ਉਨ੍ਹਾਂ ਦੇ ਘਰ ਜਾਂਦਾ ਸਾਂ। ਮਾਂ ਦੇ ਚਿਹਰੇ ਉਤੇ ਹਨੇਰ ਭਰੀ ਕੋਈ ਤਿਊੜੀ ਨਹੀਂ ਸੀ ਦਿਸਦੀ। ਮੈਨੂੰ ਲੱਗਦਾ ਸੀ, ਜਿਵੇਂ ਮਾਂ ਮੈਨੂੰ ਉਡੀਕ ਰਹੀ ਹੋਵੇ। ਮਹਿੰਦਰ ਸਿੰਘ ਸਕੂਲ ਵੇਲੇ ਦਾ ਮੇਰਾ ਜਮਾਤੀ ਸੀ। ਉਸ ਦਾ ਪਿਤਾ ਸਰੂਪ ਸਿੰਘ ਪਿੰਡ ਦਾ ਨਹੀਂ, ਇਲਾਕੇ ਦਾ ਸਿਰਕੱਢ ਨੇਤਾ ਸੀ। ਰੱਜਿਆ ਪੁੱਜਿਆ ਪਰਵਾਰ ਸੀ। ਅੱਠਵੀਂ ਜਮਾਤ ਦਾ ਡਿਸਟਿ੍ਰਕਟ ਬੋਰਡ ਦਾ ਇਮਤਿਹਾਨ ਨੇੜੇ ਹੀ ਸੀ। ਸਾਡੇ ਘਰ ਦਾਸਕੀ ਪੱਤੀ ਹਾਲੇ ਬਿਜਲੀ ਨਹੀਂ ਸੀ ਆਈ, ਪਰ ਸਰੂਪ ਸਿੰਘ ਦੇ ਘਰ ਚਾਨਣ ਹੋ ਗਿਆ ਸੀ। ਮਹਿੰਦਰ ਸਿੰਘ ਦੇ ਕਹਿਣ 'ਤੇ ਮੈਂ ਰਾਤ ਨੂੰ ਮੈਣੀਆਂ ਕੀ ਪੱਤੀ ਉਨ੍ਹਾਂ ਦੇ ਘਰ ਪੜ੍ਹਾਈ ਕਰਨ ਜਾਣ ਲੱਗਾ। ਮੈਂ ਤੇ ਮੇਰਾ ਜਮਾਤੀ ਮਹਿੰਦਰ, ਚੁਬਾਰੇ 'ਚ ਪੜ੍ਹਦੇ। ਮਹਿੰਦਰ ਦੀ ਮਾਂ ਗਰਮ-ਗਰਮ ਦੁੱਧ ਲੈ ਕੇ ਆਉਂਦੀ। ਪਹਿਲਾਂ ਮੈਨੂੰ ਗਲਾਸ ਫੜਾਉਂਦੀ ਤੇ ਫਿਰ ਮਹਿੰਦਰ ਨੂੰ! ‘ਪੁੱਤ ਓਪਰਾ ਨਹੀਂ ਸੋਚਣਾ। ਤੂੰ ਤਾਂ ਮੇਰੇ ਲਈ ਮਹਿੰਦਰ ਤੋਂ ਵੀ ਵੱਧ ਐਂ।' ਇਕ ਸ਼ਾਮ ਮਾਂ ਨੇ ਕਿਹਾ, ‘ਪੁੱਤ ਜਦੋਂ ਤੂੰ ਬਹੁਤ ਸਾਰਾ ਪੜ੍ਹ ਲਿਖ ਗਿਆ, ਅਫਸਰ ਬਣ ਗਿਆ, ਮੈਨੂੰ ਜ਼ਰੂਰ ਯਾਦ ਰੱਖੀਂ। ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਮੈਨੂੰ ਥੋੜ੍ਹੀ ਕੁ ਥਾਂ ਦੇਈਂ ਰੱਖੀ।' ਮਾਂ ਵੇਖ, ਮੈਨੂੰ ਤੂੰ ਹੁਣ ਵੀ ਯਾਦ ਏਂ। ਦਿਲ ਦੀ ਕਿਸੇ ਦੂਰ ਦੀ ਨੁੱਕਰ 'ਚ ਤੇਰਾ ਵਾਸਾ ਨਹੀ, ਤੂੰ ਤਾਂ ਮੇਰਾ ਅੱਧਾ ਦਿਲ ਮੱਲਿਆ ਹੋਇਆ ਏ। ਤੂੰ ਸੁਣ ਰਹੀ ਏਂ ਨਾ, ਮਾਂ। ਤੂੰ ਜਿਥੇ ਵੀ ਕਿਤੇ ਹੈਂ, ਆਸਮਾਨ ਦੇ ਜਿਸ ਵੀ ਖੂੰਜੇ 'ਚ ਤੇਰਾ ਵਾਸਾ ਹੈ, ਤੂੰ ਜ਼ਰੂਰ ਮੇਰੀ ਆਵਾਜ਼ ਸੁਣ ਰਹੀ ਹੋਵੇਗੀ।
ਮੇਰੀ ਜਨਣੀ, ਮਾਂ ਦੀ ਮੈਨੂੰ ਉਕੀ ਕੋਈ ਪਛਾਣ ਨਹੀਂ। ਮੈਨੂੰ ਉਸ ਦਾ ਸਿਰਫ ਨਾਂ ਯਾਦ ਹੈ-ਸ਼ਾਮ ਕੌਰ। ਸ਼ਾਮ ਕੌਰ ਆਪਣੀ ਸ਼ਾਮ ਹੋਣ ਤੋਂ ਪਹਿਲਾਂ ਕਾਲੀ ਬੋਲੀ ਰਾਤ ਦੇ ਰਾਹੇ ਤੁਰ ਗਈ ਸੀ। ਮੈਂ ਉਦੋਂ ਦੂਜੀ ਜਮਾਤ ਵਿੱਚ ਪੜ੍ਹਦਾ ਸਾਂ। ਮੈਨੂੰ ਹਾਲੇ ਨਾਲਾ ਬੰਨ੍ਹਣਾ ਨਹੀਂ ਸੀ ਆਉਂਦਾ। ਮੂੰਹ ਹਨੇਰਾ ਸੀ। ਹਾਲੇ ਮੇਰੀ ਸਵੇਰ ਵੀ ਉਦੋਂ ਨਹੀਂ ਸੀ ਹੋਈ ਕਿ ਮੇਰੀ ਮਾਂ ਸ਼ਾਮ ਕੌਰ ਦੀ ਸ਼ਾਮ ਹੋ ਗਈ। ਤੂੰ ਹੀ ਮੇਰੀ ਮਾਂ ਸੈਂ। ਮਹਿੰਦਰ ਸਿੰਘ ਦੀ ਮਾਂ, ਮੇਰੀ ਮਾਂ। ਮੈਨੂੰ ਤੇਰਾ ਨਾਂ ਯਾਦ ਨਹੀਂ। ਨਾਂ ਪੁੱਛਿਆ ਹੀ ਨਹੀਂ ਸੀ। ਭਲਾ ਆਪਣੀ ਮਾਂ ਦਾ ਵੀ ਕੋਈ ਨਾਂ ਪੁੱਛਦਾ ਹੈ, ਪਰ ਮੈਨੂੰ ਤੇਰਾ ਮੁਸਕਰਾਉਂਦਾ ਚਿਹਰਾ ਅੱਜ ਵੀ ਯਾਦ ਹੈ। ਤੇਰਾ ਆਕਾਰ, ਤੇਰੀ ਨੁਹਾਰ ਦੀ ਮੈਨੂੰ ਹਾਲੇ ਵੀ ਪਛਾਣ ਹੈ।
ਮਹਿੰਦਰ ਅਕਸਰ ਦਸ ਵਜੇ ਤੋਂ ਪਹਿਲਾਂ ਸੌਂ ਜਾਂਦਾ ਸੀ, ਪਰ ਮੈਂ ਆਪਣੇ ਬਿਸਤਰੇ 'ਤੇ ਬੈਠਾ ਕੰਧ ਨਾਲ ਸਿਰਹਾਣਾ ਲਾ ਕੇ ਪੜ੍ਹਦਾ ਰਹਿੰਦਾ। ਰਾਤ ਦੇ ਬਾਰਾਂ ਵਜੇ ਤੋਂ ਬਾਅਦ ਪਹਿਰੇਦਾਰ ਭਾਰਾ ਸੋਟਾ ਖੜਕਾਉਂਦਾ ਹੋਇਆ ਹੇਠਾਂ ਗਲੀ ਵਿੱਚੋਂ ਦੀ ਲੰਘਦਾ ‘ਜਾਗਦੇ ਰਹੋ ਭਾਈ ਓਏ।' ਮੈਂ ਆਪਣੇ ਆਪ ਨੂੰ ਕਹਿੰਦਾ, ਮੈਂ ਜਾਗਦਾ ਹਾਂ। ਸਵੇਰੇ ਮਾਂ ਚਾਹ ਲੈ ਕੇ ਆਉਂਦੀ। ਕਦੀ-ਕਦੀ ਕੋਈ ਗੱਲ ਕਰਦੀ, ‘ਪੁੱਤ, ਤੂੰ ਅੱਧੀ-ਅੱਧੀ ਰਾਤ ਤੱਕ ਪੜ੍ਹਦਾ ਰਹਿੰਦਾ ਹੈ। ਤੈਨੂੰ ਨੀਂਦ ਨਹੀਂ ਆਉਂਦੀ? ਛੇਤੀ ਸੌਂ ਜਾਇਆ ਕਰ।' ਚੰਗਾ ਮਾਂ, ਛੇਤੀ ਸੌਂ ਜਾਇਆ ਕਰਾਂਗਾ। ਮਾਂ ਨੂੰ ਕਿਵੇਂ ਕਹਿੰਦਾ, ਮਾਂ ਮੇਰਾ ਪੰਧ ਬੜਾ ਲੰਮਾ ਏ। ਮੈਂ ਦੂਰ, ਬਹੁਤ ਦੂਰ ਜਾਣਾ ਹੈ। ਪਤਾ ਨਹੀਂ ਕਿਹੜੇ ਭੀੜੇ ਰਾਹਾਂ ਵਿੱਚੋਂ ਮੈਨੂੰ ਗੁਜ਼ਰਨਾ ਪਵੇਗਾ। ਹਨੇਰੇ ਵੀ ਹੋਣਗੇ ਤੇ ਕੰਡੇ ਵੀ, ਮੇਰੇ ਪੈਰੀਂ ਚੱਜ ਦੀ ਜੁੱਤੀ ਵੀ ਨਹੀਂ। ਜੇ ਮੇਰੇ ਪਾਸ ਚਾਨਣ ਦਾ ਭਰਿਆ ਜਹਾਜ਼ ਨਾ ਹੋਇਆ ਤਾਂ ਹਨੇਰੇ ਦਾ ਸਾਗਰ ਕਿਵੇਂ ਪਾਰ ਕਰਾਂਗਾ। ਅੱਧੀ ਸਦੀ ਬੀਤ ਗਈ ਹੈ। ਮੈਂ ਤੁਰਦਾ ਜਾ ਰਿਹਾ ਹਾਂ। ਹਨੇਰਾ ਹੈ ਕਿ ਮੁੱਕਦਾ ਹੀ ਨਹੀਂ। ਮੈਂ ਵੀ ਠਾਣ ਲਈ ਹੈ ਕਿ ਇਕ ਦਿਨ ਹਨੇਰੇ ਦੀ ਸੁਰੰਗ ਮੁੱਕੇਗੀ।
ਚੰਨੇ ਦੀ ਮਾਂ, ਮੇਰੀ ਮਾਂ। ਚੰਨਾ ਮੇਰਾ ਬਚਪਨ ਦਾ ਮਿੱਤਰ ਸੀ। ਸਾਡੇ ਘਰ ਦੇ ਨਾਲ ਉਨ੍ਹਾਂ ਦਾ ਘਰ ਸੀ। ਦੋਵਾਂ ਘਰਾਂ ਵਿਚਾਲੇ ਕੰਧ ਸੀ। ਕੰਧ ਬਹੁਤ ਉਚੀ ਨਹੀਂ ਸੀ। ਦੋਵਾਂ ਘਰਾਂ ਦੇ ਉਚੇ ਕੱਦ ਵਾਲੇ ਸਿਰ ਇਕ ਦੂਜੇ ਨੂੰ ਵੇਖ ਲੈਂਦੇ ਸਨ। ਕੰਧ ਉਤੋਂ ਆਵਾਜ਼ ਵੀ ਇਧਰ ਉਧਰ ਬਿਨਾਂ ਕਿਸੇ ਰੋਕ ਟੋਕ ਤੋਂ ਜਾਂਦੀ ਸੀ ਤੇ ਹੁੰਗਾਰੇ ਵੀ। ਕੰਧ ਦੇ ਦੋਵਾਂ ਪਾਸਿਆਂ ਦੇ ਉਚੇ-ਉਚੇ ਤੇ ਖਰਵੇਂ ਬੋਲ ਇਧਰਲੇ ਏਧਰ ਤੇ ਉਧਰਲੇ ਉਧਰ ਰੁਕ ਜਾਂਦੇ ਸਨ। ਸ਼ਾਇਦ ਕੱਚੀ ਕੰਧ ਹੀ ਉਚੇ ਤੇ ਨਿਰਮੋਹੇ ਬੋਲ ਆਪਣੇ ਆਪ 'ਚ ਸਮਾ ਲੈਂਦੀ ਸੀ। ਸ਼ਾਇਦ ਉਦੋਂ ਲੋਕਾਂ ਦੇ ਬੋਲਾਂ 'ਚ ਸਹਿਜ ਸੀ ਜਾਂ ਕੰਧਾਂ ਹੀ ਮਾਵਾਂ ਵਰਗੀਆਂ ਸਨ ਕਿ ਮੰਦੇ ਕੌੜੇ ਬੋਲ ਆਪਣੇ 'ਚ ਹੀ ਸਮਾ ਲੈਂਦੀਆਂ ਸਨ।
ਚੰਨੇ ਦੀ ਮਾਂ ਦੇ ਬੋਲ ਕੰਧ ਪਾਰ ਕਰਕੇ ਮੇਰੇ ਕੰਨਾਂ 'ਚ ਮਿਸ਼ਰੀ ਘੋਲ ਦਿੰਦੇ ਸਨ, ‘ਵੇ ਚੰਨੇ ਪੁੱਤ, ਖੋਜੇ ਦੀ ਦੁਕਾਨ ਤੋਂ ਮੈਨੂੰ ਚਵਾਨੀ ਦੀਆਂ ਲਾਲ ਮਿਰਚਾਂ ਲਿਆ ਦੇ, ਦਾਲ 'ਚ ਪਾਉਣ ਲਈ ਘਰ 'ਚ ਇਕ ਵੀ ਮਿਰਚ ਨਹੀਂ।' ਚੰਨੇ ਦੀ ਮਾਂ ਗੱਲ ਮਿਰਚਾਂ ਦੀ ਕਰਦੀ ਸੀ, ਪਰ ਲੱਗਦਾ ਸੀ ਗੁੜ ਦੀ ਗੱਲ ਹੋ ਰਹੀ ਹੋਵੇ। ਮਿੱਠੀ-ਮਿੱਠੀ, ਮਹਿਕੀ-ਮਹਿਕੀ। ਚੰਨੇ ਹੋਰਾਂ ਦਾ ਵੱਡਾ ਪਰਵਾਰ ਸੀ। ਭਰਾ ਸਨ। ਭੈਣਾਂ ਸਨ। ਵੱਡੇ ਜੀਅ ਵੀ ਸਨ ਤੇ ਛੋਟੇ ਵੀ। ਕੁਦਰਤੀ ਹੈ ਕਿ ਸਾਰੇ ਬੋਲਦੇ ਸਨ। ਚੰਨੇ ਦੀ ਮਾਂ ਵੀ ਬੋਲਦੀ ਸੀ ਪਰ ਮੈਨੂੰ ਲੱਗਦਾ, ਚੰਨੇ ਦੀ ਮਾਂ ਦੀ ਆਵਾਜ਼ ਹੀ ਕੰਧ ਪਾਰ ਕਰਕੇ ਸਾਡੇ ਘਰ ਆਉਂਦੀ ਸੀ। ਮੈਨੂੰ ਸਿਰਫ ਚੰਨੇ ਦੀ ਮਾਂ ਦੀ ਆਵਾਜ਼ ਹੀ ਸੁਣਦੀ-ਪਿਆਰੀ-ਪਿਆਰੀ, ਧੀਮੀ, ਮੋਹ ਭਰੀ। ਚੰਨੇ ਦੀ ਮਾਂ ਮੇਰੀ ਮਾਂ। ਮੈਨੂੰ ਸਿਰਫ ਚੰਨੇ ਦੀ ਮਾਂ ਦੀ ਆਵਾਜ਼ ਦੀ ਪਛਾਣ ਸੀ। ਆਪਣੀ ਜਨਣੀ ਮਾਂ ਨੂੰ ਬੋਲਦਿਆਂ ਤਾਂ ਮੈਂ ਕਦੇ ਸੁਣਿਆ ਨਹੀਂ ਸੀ। ਮੇਰੀ ਜਨਣੀ ਮਾਂ ਆਪਣੀ ਆਵਾਜ਼ ਸਮੇਟ ਕੇ ਧਰਤੀ ਮਾਂ ਦੀ ਡੂੰਘੀ ਗੁਫਾ 'ਚ ਸਮਾ ਗਈ ਸੀ।
ਚੰਨੇ ਦੀ ਮਾਂ ਕੁਝ ਬੋਲਦੀ, ਮੈਨੂੰ ਸਿਰਫ ਮਧੁਰ ਸੰਗੀਤ ਸੁਣਦਾ ਸੀ। ਕੰਧ ਦੇ ਸਾਡੇ ਵਾਲੇ ਪਾਸਿਓਂ ਕੋਈ ਆਵਾਜ਼ ਕੰਧ ਦੇ ਦੂਜੇ ਪਾਸੇ ਨਹੀਂ ਸੀ ਸੁਣਦੀ ਕਿਉਂਕਿ ਇਧਰ ਕੋਈ ਬੋਲਦਾ ਹੀ ਨਹੀਂ ਸੀ। ਮਾਂ ਹੈ ਨਹੀਂ ਸੀ। ਭੈਣ ਸਹੁਰੇ ਚਲੀ ਗਈ। ਪਿਓ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਰਿਹਾ ਸੀ। ਬਹੁਤਾ ਸਮਾਂ ਮੈਂ ਇਕੱਲਾ ਘਰ ਹੁੰਦਾ। ਤੜਕੇ ਪਿਓ ਦੀ ਪਕਾਈ ਹੋਈ ਰੋਟੀ, ਦਿਨੇ ਗਰਮ ਕਰਕੇ ਖਾਂਦਾ। ਡੰਗਰਾਂ ਦਾ ਖਿਆਲ ਰੱਖਦਾ ਤੇ ਪੜ੍ਹਦਾ।
ਚੰਨੇ ਦੀ ਮਾਂ ਦੀਆਂ ਆਵਾਜ਼ਾਂ ਸੁਣਦਾ। ਨਿਰਾ ਪਿਆਰ। ਅੱਧੀ ਸਦੀ ਬੀਤ ਗਈ ਹੈ। ਅੱਜ ਜਦੋਂ ਮੇਰੇ ਹੋਠਾਂ ਤੋਂ ਕੋਈ ਪਿਆਰਾ ਬਹੁਤ ਮਿੱਠਾ ਸ਼ਬਦ ਕਿਰਦਾ ਹੈ ਤਾਂ ਮੈਨੂੰ ਲੱਗਦਾ ਹੈ, ਇਹ ਚੰਨੇ ਦੀ ਮਾਂ ਦੇ ਬੋਲ ਸਨ। ਚੁੰਨੇ ਦੀ ਮਾਂ ਦੇ ਅਨੇਕਾਂ ਬੋਲ ਮੈਂ ਆਪਣੇ 'ਚ ਸਮੋ ਲਏ ਸਨ। ਉਹੋ ਮਧੁਰ ਬੋਲ ਕਦੀ-ਕਦੀ ਫੁੱਟ ਕੇ ਨਿਕਲਦੇ ਹਨ, ਬੋਲਦੇ ਹਨ। ਵਿਹੜੇ 'ਚ ਰੁੱਖਾਂ ਉਤੇ ਬੈਠੀਆਂ ਗਟਾਰਾਂ ਚੁੱਪ ਕਰ ਜਾਂਦੀਆਂ। ਹਵਾ 'ਚ ਸੁਗੰਧੀ ਘੁਲ ਜਾਂਦੀ ਹੈ। ਇਹੋ ਜਿਹੀ ਸੀ, ਚੰਨੇ ਦੀ ਮਾਂ, ਮੇਰੀ ਮਾਂ।

Have something to say? Post your comment