ਬੀਜਿੰਗ, 12 ਜੂਨ (ਪੋਸਟ ਬਿਊਰੋ)- ਮੈਡੀਕਲ ਦੀ ਦੁਨੀਆ 'ਚ ਤਕਨੀਕ ਕਿਵੇਂ ਕ੍ਰਾਂਤੀਕਾਰੀ ਸਾਾਬਤ ਹੋ ਰਹੀ ਹੈ, ਇਸ ਦੀ ਇਕ ਹੋਰ ਮਿਸਾਲ ਵੇਖੀ ਗਈ ਹੈ। ਚੀਨ 'ਚ ਮਾਹਰਾਂ ਨੇ 5ਜੀ ਨੈਟਵਰਕ ਦੀ ਮਦਦ ਨਾਲ 200 ਕਿਲੋਮੀਟਰ ਦੂਰ ਬੈਠੇ ਡਾਕਟਰਾਂ ਨੂੰ ਨਿਰਦੇਸ਼ ਦੇ ਕੇ ਗਾਲ ਬਲੈਡਰ ਦੇ ਆਪਰੇਸ਼ਨ 'ਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸੰਬੰਧ ਵਿੱਚ ਚੀਨ ਵਿੱਚ 5ਜੀ ਨੈਟਵਰਕ ਚਲਾਉਣ ਦਾ ਲਾਇਸੈਂਸ ਲੈ ਚੁੱਕੀ ਕੰਪਨੀ ਚਾਈਨਾ ਮੋਬਾਈਲ ਨੇ ਦੱਸਿਆ ਕਿ ਪਿਛਲੇ ਹਫਤੇ ਉਤਰੀ ਚੀਨ ਦੇ ਹੁਬੇਈ ਸੂਬੇ 'ਚ ਕਰੀਬ ਇਕ ਘੰਟੇ ਵਿੱਚ ਇਹ ਆਪਰੇਸ਼ਨ ਕੀਤਾ ਹੈ। ਇਸ ਮੌਕੇ ਪੂਰੀ ਵਿਵਸਥਾ ਨੂੰ 5ਜੀ ਨੈਟਵਰਕ ਨਾਲ ਜੋੜਿਆ ਗਿਆ ਸੀ। ਆਪਰੇਸ਼ਨ ਨੂੰ ਤਾਹੇ ਹਸਪਤਾਲ ਦੀ ਸ਼ੇਨੋਂਗਜੀਆ ਦੀ ਬਰਾਂਚ 'ਚ ਕੀਤਾ ਗਿਆ। ਉਥੋਂ ਇਸ ਦਾ ਲਾਈਵ ਟੈਲੀਕਾਸਟ ਸ਼ਿਆਨ ਸ਼ਹਿਰ ਦੀ ਬਰਾਂਚ 'ਚ ਬੈਠੇ ਮਾਹਰਾਂ ਕੋਲ ਭੇਜਿਆ ਜਾ ਰਿਹਾ ਸੀ। 5ਜੀ ਤਕਨੀਕ ਦੀ ਤੇਜ਼ ਗਤੀ ਕਾਰਨ ਦੋਵੇਂ ਪਾਸੇ ਡਾਕਟਰ ਇਕ ਦੂਜੇ ਨਾਲ ਬਿਨਾਂ ਰੁਕਾਵਟ ਦੇ ਸੰਪਰਕ 'ਚ ਬਣੇ ਰਹਿ ਸਕੇ। ਚਾਈਨਾ ਮੋਬਾਈਲ ਦੇ ਅਧਿਕਾਰੀ ਗੁਈ ਕਨਪੇਂਗ ਨੇ ਕਿਹਾ, ‘5ਜੀ ਤਕਨੀਕ 'ਚ ਬਿਨਾਂ ਅਟਕੇ ਫੋਟੋ ਅਤੇ ਵੀਡੀਓ ਦਾ ਆਦਾਨ ਪ੍ਰਦਾਨ ਯਕੀਨੀ ਹੁੰਦਾ ਹੈ। ਇਸ ਦੀ ਮਦਦ ਨਾਲ ਕਿਸੇ ਗੁੰਝਲਦਾਰ ਆਪਰੇਸ਼ਨ ਦੀ ਸਥਿਤੀ 'ਚ ਦੂਰ-ਦੂਰ ਬੈਠੇ ਹੋਏ ਕਈ ਡਾਕਟਰ ਇਕੱਠੇ ਮਿਲ ਕੇ ਆਪਣੇ ਮੁਹਾਰਤ ਦੀ ਵਰਤੋਂ ਕਰ ਸਕਦੇ ਹਨ।'