Welcome to Canadian Punjabi Post
Follow us on

28

March 2024
 
ਨਜਰਰੀਆ

ਬਚਪਨ ਦੀਆਂ ਗਲੀਆਂ

June 12, 2019 09:18 AM

-ਗੁਰਪ੍ਰੀਤ ਸਿੰਘ ਵਿੱਕੀ
ਜਦ ਵੀ ਸਵੇਰੇ ਬੱਚਿਆਂ ਨੂੰ ਭਾਰੀ ਬਸਤੇ ਲੈ ਕੇ ਸਕੂਲ ਜਾਂਦੇ ਦੇਖਦਾ ਹਾਂ ਤਾਂ ਬਚਪਨ ਦੀ ਯਾਦ ਆਉਂਦੀ ਹੈ। ਅੱਜ ਦੀ ਭੱਜ ਦੌੜ ਵਾਲੀ ਤੇ ਬਚਪਨ ਵਾਲੀ ਜ਼ਿੰਦਗੀ ਦਾ ਬੜਾ ਫਰਕ ਹੁੰਦਾ ਸੀ। ਉਦੋਂ ਕਿਸੇ ਜਾਤ ਪਾਤ, ਧਰਮ, ਪਾਰਟੀਬਾਜ਼ੀ ਜਾਂ ਵੋਟਾਂ ਬਾਰੇ ਪਤਾ ਨਹੀਂ ਸੀ ਹੁੰਦਾ। ਸਾਰਾ ਦਿਨ ਮੌਜ ਮਸਤੀ ਕਰਨੀ, ਰਲ ਮਿਲ ਕੇ ਖੇਡਣਾ, ਕਦੇ ਬਾਂਦਰ ਕੀਲਾ, ਗੁੱਲੀ ਡੰਡਾ, ਕਦੇ ਚੋਰ ਸਿਪਾਹੀ, ਸਭ ਦੇਸੀ ਖੇਡਾਂ ਹੁੰਦੀਆਂ ਸਨ। ਮੋਬਾਈਲ ਫੋਨ ਦਾ ਪੰਗਾ ਨਹੀਂ ਸੀ। ਨਾ ਇੰਟਰਨੈਟ, ਨਾ ਕੋਈ ਗੂਗਲ। ਸਾਡੇ ਵਰਗਿਆਂ ਲਈ ਗੂਗਲ ਦਾਦੀ ਮਾਂ ਹੁੰਦੀ ਸੀ। ਧਰਮ ਤੇ ਪਰੀ ਕਹਾਣੀਆਂ ਬਾਰੇ ਵੀ ਉਸ ਨੂੰ ਸਭ ਪਤਾ ਹੁੰਦਾ ਸੀ। ਪਿੰਡ ਦੀਆਂ ਰਿਸ਼ਤੇਦਾਰੀਆਂ ਅਤੇ ਰੀਤੀ ਰਿਵਾਜਾਂ ਬਾਰੇ ਉਸ ਨੂੰ ਪੂਰਾ ਗਿਆਨ ਹੁੰਦਾ ਸੀ।
ਟੈਲੀਵਿਜ਼ਨ ਵੀ ਅੱਜ ਵਾਂਗੂ 24 ਘੰਟੇ ਨਹੀਂ ਸੀ ਚੱਲਦਾ ਹੁੰਦਾ, ਨਾ ਹਰ ਕਿਸੇ ਦੇ ਘਰ ਹੁੰਦਾ ਸੀ। ਟੈਲੀਵਿਜ਼ਨ ਵਾਲੇ ਘਰ ਟਾਂਵੇ ਹੁੰਦੇ ਸਨ। ਜਿਸ ਘਰ ਟੈਲੀਵਿਜ਼ਨ ਹੁੰਦਾ, ਵਿਹੜੇ ਦੇ ਜੁਆਕਾਂ ਨੇ ਇਕੱਠੇ ਹੋ ਕੇ ਓਥੇ ਟੀ ਵੀ ਵੇਖਣਾ। ਐਤਵਾਰ ਨੂੰ ਮਾਂ ਨੇ ਸਵੇਰੇ ਸਿਰ ਨਹਾ ਕੇ ਤਿਆਰ ਕਰ ਦੇਣਾ, ਫਿਰ ‘ਮੋਗਲੀ' ਵਾਲੇ ਕਾਰਟੂਨ ਆ ਜਾਣੇ। ਸ਼ਾਮ ਨੂੰ ਚਾਰ ਵਜੇ ਵਾਲੀ ਫਿਲਮ ਦੇਖ ਕੇ ਧਰਮਿੰਦਰ ਵਾਲੀ ਫੀਲਿੰਗ ਲੈਣੀ। ਸਾਰਾ ਹਫਤਾ ‘ਡਿਸ਼ੂੰ-ਡਿਸ਼ੂੰ ਕਰਦਿਆਂ ਨੇ ਫਿਰੀ ਜਾਣਾ। ਜੇ ਕਦੇ ਖਾਣ ਵੇਲੇ ਕਿਸੇ ਫਲ ਦਾ ਬੀਜ ਖਾ ਹੋ ਜਾਣਾ ਤਾਂ ਇਹੀ ਟੈਨਸ਼ਨ ਰਹਿਣੀ ਕਿ ਕਿਤੇ ਢਿੱਡ ਵਿੱਚ ਬੂਟਾ ਨਾ ਉਗ ਆਵੇ।
ਅਧਿਆਪਕਾਂ ਦਾ ਵੀ ਪੰਜਾਬ ਪੁਲਸ ਵਾਂਗੂ ਪੂਰਾ ਰੋਹਬ ਹੁੰਦਾ ਸੀ। ਉਨ੍ਹਾਂ ਦਾ ਹਰ ਹੁਕਮ ਮੰਨਣਾ ਪੈਂਦਾ ਸੀ। ਉਦੋਂ ਸਕੂਲਾਂ ਵਿੱਚ ਚਪੜਾਸੀ ਵਗੈਰਾ ਘੱਟ ਹੁੰਦੇ ਸੀ। ਸਾਡੇ ਵਰਗਿਆਂ ਦੀ ਸਕੂਲ ਦੀ ਸਫਾਈ ਕਰਨ ਦੀ ਡਿਊਟੀ ਲਾਈ ਜਾਂਦੀ ਜੋ ਤਨ ਮਨ ਨਾਲ ਨਿਭਾਉਣੀ ਪੈਂਦੀ। ਊੜਾ ਐੜਾ ਈੜੀ ਤੋਂ ਲੈ ਕੇ ਪਹਾੜੇ ਸਭ ਮੂੰਹ ਜ਼ਬਾਨੀ ਯਾਦ ਕਰਨੇ ਪੈਂਦੇ ਸੀ, ਜੋ ਸਵੇਰ ਦੀ ਸਭਾ ਵਿੱਚ ਉਚੀ-ਉਚੀ ਬੋਲ ਕੇ ਸੁਣਾਉਣੇ ਹੁੰਦੇ ਸੀ। ਸਕੂਲ ਜਾਣ ਲਈ ਥੈਲੇ ਜਾਂ ਕੱਪੜੇ ਦਾ ਬਣਿਆ ਬਸਤਾ ਹੁੰਦਾ ਸੀ, ਜੋ ਅੱਜ ਕੱਲ੍ਹ ਦੇ ਜੁਆਕਾਂ ਵਾਂਗੂ ਬਹੁਤਾ ਭਾਰਾ ਨਹੀਂ ਸੀ। ਉਸ ਵਿੱਚ ਬੱਸ ਦੋ ਕੁ ਕਿਤਾਬਾਂ, ਸਿਆਹੀ ਦੀ ਦਵਾਤ ਹੁੰਦੀ ਸੀ। ਕਾਪੀ ਤੇ ਪੈਨ ਦੀ ਥਾਂ ਫੱਟੀ 'ਤੇ ਲਿਖਣ ਲਈ ਕਾਨਿਆਂ ਦੀ ਬਣੀ ਕਲਮ ਹੁੰਦੀ। ਸਵੇਰੇ ਸਕੂਲ ਜਾ ਕੇ ਗਾਚਣੀ ਨਾਲ ਫੱਟੀ ਪੋਚਣੀ ਤੇ ਧੁੱਪੇ ਰੱਖ ਦੇਣੀ ਤੇ ਕਹਿਣਾ-ਸੂਰਜਾ-ਸੂਰਜਾ ਫੱਟੀ ਸੁਕਾ। ਸਕੂਲ ਦੇ ਕਮਰੇ ਘੱਟ ਹੰੁਦੇ ਸੀ। ਜ਼ਿਆਦਾ ਕਲਾਸਾਂ ਦਰੱਖਤਾਂ ਥੱਲੇ ਟਾਟਾਂ ਜਾਂ ਥੈਲੇ 'ਤੇ ਬੈਠ ਕੇ ਲੱਗਦੀਆਂ। ਵਰਦੀ ਵਗੈਰਾ ਪਾਉਣ ਦਾ ਪੰਗਾ ਨਹੀਂ ਸੀ ਹੁੰਦਾ। ਮਾਂ ਨੇ ਬਾਪੂ ਦੀ ਪੈਂਟ ਵਿੱਚੋਂ ਬਚੇ ਕੱਪੜੇ ਦੀ ਪੈਂਟ ਬਣਾ ਦੇਣੀ। ਉਹੀ ਕੱਪੜੇ ਸਾਰਾ ਹਫਤਾ ਪਾ ਕੇ ਸਕੂਲ ਜਾਈ ਜਾਣਾ। ਛੁੱਟੀ ਦੇ ਸਮੇਂ ਫਿਲਮੀ ਤਰਜ਼ ਉਤੇ ‘ਆਕਰਮਨ' ਕਹਿ ਕੇ ਫੱਟੀ ਨੂੰ ਕਿਰਪਾਨ ਵਾਂਗੂ ਲਹਿਰਾ ਕੇ ਸਕੂਲ ਵਿੱਚੋਂ ਭੱਜ ਨਿਕਲਣਾ।
ਜਦ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹੁੰਦੀਆਂ ਤਾਂ ਰਾਤਾਂ ਨੂੰ ਨਾਨਕੇ ਜਾਣ ਵਾਲੇ ਸੁਪਨੇ ਸ਼ੁਰੂ ਹੋ ਜਾਣੇ। ਪਹਾੜੀ ਸੈਰ ਕਰਨ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਨਾਨਕਾ ਘਰ ਸ਼ਿਮਲੇ ਨਾਲੋਂ ਜ਼ਿਆਦਾ ਪਿਆਰਾ ਹੁੰਦਾ ਸੀ। ਉਥੇ ਟੌਹਰ ਵੀ ਪੂਰੀ ਹੁੰਦੀ ਸੀ। ਲਾਲੇ ਦੀ ਦੁਕਾਨ ਤੋਂ ਕੁਝ ਵੀ ਲੈ ਕੇ ਖਾ ਸਕਦੇ ਸੀ। ਸਾਰਾ ਦਿਨ ਮਾਮੇ ਦੇ ਜੁਆਕਾਂ ਨਾਲ ਖੇਡੀ ਜਾਣਾ, ਮੋਟਰ 'ਤੇ ਨਹਾਉਣਾ, ਕਿਸੇ ਦੇ ਵੀ ਘਰ ਬਗੈਰ ਝਿਜਕ ਦੇ ਰੋਟੀ ਖਾ ਲੈਣੀ। ਸਮਝੋ ਸਾਰਾ ਪਿੰਡ ਨਾਨਕਾ ਘਰ ਹੁੰਦਾ ਸੀ। ਰਾਤ ਨੂੰ ਬਾਹਰ ਵਿਹੜੇ ਵਿੱਚ ਮੰਜੇ ਡਾਹ ਲੈਣੇ, ਤਾਰਿਆਂ ਨੂੰ ਦੇਖੀ ਜਾਣਾ। ਨਾਨੀ ਨੇ ਕਹਾਣੀਆਂ ਸੁਣਾਈ ਜਾਣੀਆਂ। ਕਦੋਂ ਨੀਦ ਆ ਜਾਣੀ, ਪਤਾ ਹੀ ਨਾ ਲੱਗਣਾ। ਮਾਂ ਨੇ ਵੀ ਸਾਰੀ-ਸਾਰੀ ਰਾਤ ਨਾਨੀ ਨਾਲ ਪਤਾ ਨਹੀਂ ਕੀ-ਕੀ ਗੱਲਾਂ ਕਰੀ ਜਾਣੀਆਂ। ਸਵੇਰੇ ਉਠਦੇ ਨੂੰ ਮਾਮੀ ਨੇ ਅੰਬ ਦੇ ਆਚਾਰ ਨਾਲ ਪਰੌਂਠੇ ਅਤੇ ਚਾਹ ਦਾ ਗਿਲਾਸ ਭਰ ਕੇ ਦੇਣਾ। ਬੜਾ ਸੁਆਦ ਆਉਣਾ। ਅੱਜ ਦੇ ਪਿਜ਼ੇ ਬਰਗਰ ਮਾਮੀ ਦੇ ਪਰੌਂਠਿਆਂ ਦੀ ਕੀ ਰੀਸ ਕਰਨਗੇ। ਜਦ ਮੀਂਹ ਆਉਣਾ, ਸਿਰ 'ਤੇ ਲਿਫਾਫੇ ਬੰਨ੍ਹ ਕੇ ਦੋਸਤਾਂ ਨਾਲ ਗਲੀਆਂ ਵਿੱਚ ਨਹਾਉਣਾ, ਚਿੱਕੜ ਵਿੱਚ ਲਿਟਣਾ। ਕਦੇ ਕਿਸੇ ਕੀਟਾਣੂ ਦਾ ਡਰ ਨਹੀਂ ਸੀ ਪਿਆ। ਛੁੱਟੀਆਂ ਮੁੱਕਣ ਕੰਢੇ ਹੁੰਦੀਆਂ ਤਾਂ ਫਿਰ ਹੌਲ ਜਿਹਾ ਪੈਣਾ ਕਿ ਫਿਰ ਸਕੂਲ ਜਾਣਾ ਪੈਣਾ ਹੈ।
ਉਦੋਂ ਬਿਜਲੀ ਦੇ ਕੱਟ ਬਹੁਤ ਲੱਗਦੇ ਸਨ, ਪਰ ਅੱਜ ਜਿੰਨੀ ਗਰਮੀ ਮਹਿਸੂਸ ਨਹੀਂ ਸੀ ਹੁੰਦੀ। ਰਾਤ ਮੱਛਰਦਾਨੀ ਲਾ ਲੈਣੀ। ਸਾਰੇ ਟੱਬਰ ਨੇ ਇਕੱਠੇ ਬਹਿ ਕੇ ਗੱਲਾਂ ਕਰਨੀਆਂ। ਮਾਂ ਨੇ ਸਾਰੀ ਰਾਤ ਪੱਖੀ ਦੀ ਝੱਲ ਮਾਰਨੀ। ਉਨ੍ਹਾਂ ਦਰੱਖਤ ਦੀ ਠੰਢੀ ਛਾਂ ਦਾ ਮੁਕਾਬਲਾ ਅੱਜ ਏਸੀ ਦੀ ਠੰਢੀ ਹਵਾ ਨਹੀਂ ਕਰ ਸਕਦੀ। ਸਰਦੀਆਂ ਵੇਲੇ ਧੂਣੀ ਬਾਲ ਕੇ ਸੇਕਣਾ। ਜਦੋਂ ਸਕੂਲ ਜਾਣਾ ਤਾਂ ਮਾਂ ਨੇ ਸਰਦੀ ਤੋਂ ਬਚਾਓ ਲਈ ਕਈ ਕੱਪੜੇ ਉਪਰੋਥਲੀ ਪਾ ਦੇਣੇ। ਸਕੂਲ ਜਾ ਕੇ ਇਕ ਦੂਜੇ ਦੀਆਂ ਕੋਟੀਆਂ ਹੀ ਗਿਣੀ ਜਾਣੀਆਂ- ਤੂੰ ਕਿੰਨੀਆਂ ਪਾ ਕੇ ਆਇਆਂ ਅੱਜ..।
ਸ਼ੁਕਰ ਹੈ ਕਿ ਪਿੰਡ ਵਿੱਚ ਜਨਮ ਹੋਣ ਕਰਕੇ ਕੁਦਰਤ ਨੂੰ ਨੇੜੇ ਤੋਂ ਤੱਕਣ ਦਾ ਮੌਕਾ ਮਿਲਿਆ। ਅੱਜ ਬਹੁਤ ਫਰਕ ਪੈ ਗਿਆ ਹੈ। ਬੱਚੇ ਸਭ ਦੇ ਸਾਂਝੇ ਹੁੰਦੇ ਸੀ ਤੇ ਸਾਰੇ ਆਪਣੇ ਹੁੰਦੇ ਸੀ। ਅੱਜ ਕੱਲ੍ਹ ਬੱਚੇ ਆਪਣੇ ਘਰ ਵੀ ਸੁਰੱਖਿਅਤ ਨਹੀਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ