Welcome to Canadian Punjabi Post
Follow us on

20

September 2020
ਬ੍ਰੈਕਿੰਗ ਖ਼ਬਰਾਂ :
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲਬਿਲ ਦੇ ਵਿਰੋਧ 'ਚ ਵੋਟ ਪਾਉਣ ਬਾਰੇ ਕੋਰਾ ਝੂਠ ਬੋਲ ਰਹੇ ਹਨ ਸੁਖਬੀਰ ਸਿੰਘ ਬਾਦਲ : ਭਗਵੰਤ ਮਾਨ
ਨਜਰਰੀਆ

ਚੋਣ ਹਾਰ ਜਾਣ ਮਗਰੋਂ

June 12, 2019 09:17 AM

-ਰਵੀ ਸ੍ਰੀਵਾਸਤਵ
ਪਤੀ ਦੇਵ ਨੂੰ ਕਿੰਨਾ ਸਮਝਾਇਆ ਕਿ ਨਾ ਲੜੋ ਚੋਣ। ਜ਼ਰਾ ਘਰ ਦੀ ਟੁੱਟੀ ਕੰਧ ਅਤੇ ਇਮਾਨਦਾਰੀ ਦੇ ਪੈਸਿਆਂ 'ਤੇ ਤਰਸ ਖਾਓ, ਪਰ ਉਨ੍ਹਾਂ ਦੇ ਦਿਮਾਗ ਵਿੱਚ ਕੰਬਖਤ ਸਿਆਸੀ ਸਿਉਂਕ ਲੱਗ ਚੁੱਕੀ ਸੀ ਕਿ ਕੁਝ ਗਜ਼ਬ ਹੀ ਢਾਹੁਣਗੇ।
‘ਮੈਂ ਪਹਿਲਾਂ ਹੀ ਕਿਹਾ ਸੀ ਕਿ ਚੋਣ ਨਾ ਲੜੋ, ਪਰ ਤੁਸੀਂ ਮੰਨਦੇ ਕਿੱਥੇ ਹੋ? ਤੁਸੀਂ ਸਲਾਹ ਨਾ ਮੰਨਣ ਦੀ ਕਸਮ ਜੋ ਖਾਧੀ ਐ। ਪੰਜ ਲੱਖ ਰੁਪਏ ਪਾਣੀ ਵਿੱਚ ਵਹਿ ਗਏ। ਰੁਪਿਆ ਕੀਮਤੀ ਹੁੰਦਾ ਜਾਂਦੈ। ਇੰਨੇ ਰੁਪਿਆਂ ਵਿੱਚ ਤਾਂ ਬੇਟੀ ਦੇ ਢੇਰ ਸਾਰੇ ਗਹਿਣੇ ਆ ਜਾਂਦੇ। ਵਧੀਆ ਚੁਬਾਰਾ ਪੈ ਜਾਂਦਾ। ਬਨੇਰੇ ਦੀ ਮੁਰੰਮਤ ਹੋ ਜਾਂਦੀ। ਡਿੱਗਣ ਨੂੰ ਆਉਂਦੈ। ਹੋਰ ਨਵੀਂ ਕਾਰ ਲੈ ਆਉਂਦੇ, ਪਰ ਨਹੀਂ, ਜਨਾਬ ਨੂੰ ਚੋਣ ਲੜਨ ਦਾ ਭੂਤ ਸਵਾਰ ਸੀ। ਇੱਜ਼ਤ ਗਈ ਸੋ ਅਲੱਗ। ਪੰਜ ਲੱਖ ਖਰਚ ਕੇ ਪੰਜ ਹਜ਼ਾਰ ਵੋਟਾਂ ਨਾ ਲੈ ਸਕੇ। ਪੂਰਾ ਘਰ ਭੱਜ ਨੱਠ ਵਿੱਚ ਰਿਹਾ ਸੋ ਵੱਖਰਾ।” ਇੰਨਾ ਕਹਿ ਕੇ ਵੀ ਉਹ ਸ਼ਾਂਤ ਹੋਈ।
ਮੈਨੂੰ ਰਾਹਤ ਮਿਲੀ। ਬੋਲਣ ਦੀ ਮੇਰੀ ਵਾਰੀ ਸੀ। ਮੈਂ ਬਚਾਅ ਦੀ ਮੁਦਰਾ ਵਿੱਚ ਕਿਹਾ, ‘‘ਪੰਜ ਹਜ਼ਾਰ 'ਚ 55 ਘੱਟ ਸੀ। ਇਸ ਨਾਲ ਕੀ ਫਰਕ ਪੈਂਦੈ। ਚੋਣ ਲੜ ਕੇ ਸਾਡੀ ਇੱਜ਼ਤ ਵਧੀ ਐ। ਸਾਡੇ ਖਾਨਦਾਨ 'ਚ ਪਹਿਲੀ ਵਾਰ ਕਿਸੇ ਨੇ ਚੋਣ ਲੜੀ ਐ। ਮੇਰਾ ਨਾਂ ਸੁਰਖੀਆਂ 'ਚ ਐ। ਇਹ ਵੀ ਵੱਡੀ ਪ੍ਰਾਪਤੀ ਐ। ਸਾਰੇ ਅਖਬਾਰਾਂ ਵਿੱਚ ਮੇਰਾ ਜ਼ਿਕਰ ਐ। ਵਰਨਾ ਹਾਰੇ ਹੋਏ ਕੈਂਡੀਡੇਟ ਨੂੰ ਕੌਣ ਪੁੱਛਦੈ? ਹਾਰਦਿਆਂ ਹੀ ਰੱਦੀ ਦੀ ਟੋਕਰੀ 'ਚ ਚਲਾ ਜਾਂਦਾ ਹੈ।”
ਪਤਨੀ ਧਿਆਨ ਨਾਲ ਸੁਣਦੀ ਰਹੀ। ਮੇਰੀ ਗੱਲ ਖਤਮ ਹੁੰਦਿਆਂ ਹੀ ਖਿੜਖਿੜਾ ਕੇ ਹੱਸੀ ਤੇ ਫਿਰ ਸੀਰੀਅਸ ਹੋ ਕੇ ਬੋਲੀ, ‘‘ਹਾਰਨ ਵਾਲੇ ਦੀ ਇੰਨੀ ਚਰਚਾ ਕਿਉਂ?”
ਮੈਂ ਕਿਹਾ, ‘‘ਜਿੱਤਣ ਵਾਲਾ ਕੇਵਲ 1500 ਵੋਟਾਂ ਨਾਲ ਜਿੱਤਿਐ। ਹਰ ਚੱਕਰ ਵਿੱਚ ਅੱਗੇ ਪਿੱਛੇ ਖੇਡ ਚੱਲਦੀ ਰਹੀ। ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਘੱਟ-ਜ਼ਿਆਦਾ ਹੁੰਦੀ ਰਹੀ। ‘ਪੀ ਐੱਮ ਇਨ ਵੇਟਿੰਗ’ ਦਾ ਜਾਦੂ ਵੀ ਨਹੀਂ ਚੱਲਿਆ। 1000 ਵੋਟ ਨੋਟਾ ਵਿੱਚ ਚਲੇ ਗਏ। ਇਸ ਪ੍ਰਕਾਰ ਮੇਰੇ ਵੋਟ ਨਿਰਣਾਇਕ ਸਿੱਧ ਹੋਏ। ਕੋਈ ਕਹਿੰਦਾ, ਮੈਂ ਹਾਰਨ ਵਾਲੇ ਦੇ ਵੋਟ ਕੱਟੇ। ਮੈਂ ਚੋਣ ਨਾ ਲੜਦਾ ਤਾਂ ਹਾਰਨ ਵਾਲੇ ਨੂੰ ਜਿੱਤ ਮਿਲਦੀ। ਉਸ ਦੀ ਜਿੱਤ ਵੀ ਹੋ ਗਈ ਅਤੇ ਮੰਤਰੀ ਬਣਨ ਦੀ ਲਾਲਸਾ ਅਧੂਰੀ ਰਹਿ ਗਈ। ਲਾਲ ਬੱਤੀ ਦਾ ਸੁੱਖ ਦਰਵਾਜ਼ੇ 'ਤੇ ਆ ਕੇ ਮੁੜ ਗਿਆ। ਜਿੱਤਣ ਵਾਲਾ ਉਮੀਦਵਾਰ ਤਾਂ ਮੇਰਾ ਮੂੰਹ ਮਿੱਠਾ ਕਰਾ ਗਿਆ। ਸਮਝ ਗਈ ਕਿ ਮੇਰੀ ਭੂਮਿਕਾ ਕਿਵੇਂ ਨਿਰਣਾਇਕ ਰਹੀ। ਇਸ ਲਈ ਅਖਬਾਰਾਂ ਦੀ ਚਰਚਾ 'ਚ ਮੈਂ ਲਗਾਤਾਰ ਬਣਿਆ ਹੋਇਆ ਹਾਂ। ਮੈਨੂੰ ਮਿਲੇ ਵੋਟਾਂ ਨੇ ਕਮਾਲ ਕਰ ਦਿੱਤਾ, ਕਮਾਲ।’
ਪਤਨੀ ਮੇਰੀਆਂ ਦਲੀਲਾਂ ਨਾਲ ਸੰਤੁਸ਼ਟ ਨਾ ਹੋਈ। ਚਿਹਰੇ 'ਤੇ ਗੁੱਸੇ ਵਾਲੇ ਹਾਵ-ਭਾਵ ਦਿਖ ਰਹੇ ਸਨ। ਤੁਣਕ ਕੇ ਬੋਲੀ, ‘ਅੱਗ ਲੱਗੇ ਤੁਹਾਡੀ ਇਸ ਭੂਮਿਕਾ ਤੇ ਚਰਚਾ ਨੂੰ, ਜਿਸ ਲਈ ਪੰਜ ਲੱਖ ਗੁਆਉਣੇ ਪਏ। ਲੱਖ ਦੋ ਲੱਖ ਚਲੇ ਜਾਂਦੇ ਤਾਂ ਕੋਈ ਗੱਲ ਨਹੀਂ ਸੀ। ਲੱਕ ਤੋੜ ਮਹਿੰਗਾਈ ਦੇ ਜ਼ਮਾਨੇ ਵਿੱਚ ਇੰਨੀ ਵੱਡੀ ਰਕਮ ਖਰਚ ਕਰ ਕੇ ਅਖਬਾਰਾਂ ਵਿੱਚ ਬਣੇ ਰਹਿਣਾ ਮੈਨੂੰ ਨਹੀਂ ਜਚਿਆ। ਮੇਰੇ ਭਰਾਵਾਂ ਨੂੰ ਬੁਲਾ ਲਿਆ। ਉਹ ਦੋਵੇਂ ਵਿਚਾਰੇ ਕੰਮ ਧੰਦਾ ਛੱਡ ਕੇ ਆੲ। ਪਿਤਾ ਜੀ ਵੀ ਜਵਾਈ ਦੀ ਮਦਦ ਲਈ ਆ ਫਟਕੇ। ਮੈਂ ਕਹਿੰਦੀ ਰਹੀ, ਤੁਹਾਡੀ ਸਿਹਤ ਠੀਕ ਨਹੀਂ, ਮੇਰੀ ਚੱਲਦੀ ਕਿੱਥੇ ਐ? ਕਹਿਣ ਲੱਗੇ, ‘‘ਜਵਾਈ ਚੋਣ ਲੜ ਰਿਹੈ, ਮੈਂ ਕਿੱਥੇ ਟਿਕ ਸਕਦਾਂ, ਲੋਕ ਕੀ ਕਹਿਣਗੇ? ਜਿੰਨਾ ਹੋ ਸਕੇਗਾ, ਮਦਦ ਕਰਾਂਗਾ। ਮੇਰੀ ਸਿਹਤ ਅਜੇ ਵੀ ਲੋਕ ਸੰਪਰਕ ਦੇ ਕਾਬਿਲ ਹੈ।” ਭੱਜ ਨੱਠ ਮਗਰੋਂ ਬਿਮਾਰ ਪੈ ਗਏ। ਮੈਂ ਉਨ੍ਹਾਂ ਦੀ ਦੇਖਭਾਲ ਕਰ ਰਹੀ ਹਾਂ। ਤੁਹਾਨੂੰ ਅਖਬਾਰਾਂ ਦੀਆਂ ਸੁਰਖੀਆਂ ਤੋਂ ਵਿਹਲ ਨਹੀਂ।”
ਭੜਾਸ ਕੱਢਣ ਮਗਰੋਂ ਪਤਨੀ ਕੁਝ ਸੰਭਲੀ ਤੇ ਹੌਲੀ ਜਿਹੀ ਬੋਲੀ, ‘‘ਸਾਡੇ ਕੋਲ ਕੋਈ ਬੇਈਮਾਨੀ ਦੀ ਕਮਾਈ ਤਾਂ ਹੈ ਨਹੀਂ। ਮੈਨੂੰ ਦਿਨ ਰਾਤ ਪੰਜ ਲੱਖ ਦੇ ਸੁਫਨੇ ਆਉਂਦੇ ਨੇ। ਭਲੇ ਲੋਕਾਂ ਦੇ ਚੋਣ ਲੜਨ ਦਾ ਸਮਾਂ ਨਹੀਂ ਰਿਹਾ। ਮੇਰੀ ਸਮਝ ਵਿੱਚ ਤਾਂ ਇਹ ਨਹੀਂ ਆਉਂਦਾ ਕਿ ਅਖਬਾਰਾਂ ਦੀ ਚਰਚਾ ਤੋਂ ਤੁਹਾਨੂੰ ਕੋਈ ਫਾਇਦਾ ਹੋਣਾ ਹੈ ਜਾਂ ਨਹੀਂ?”
ਮੈਂ ਸ਼ਤਰੰਜ ਦੇ ਮਾਹਰ ਖਿਡਾਰੀ ਵਾਂਗ ਰਾਜੇ ਨੂੰ ਮਾਤ ਦੇਣ ਦੀ ਮੁਦਰਾ ਵਿੱਚ ਕਿਹਾ, ‘‘ਅਖਬਾਰੀ ਚਰਚਾ ਦੇ ਲਾਭ ਇੰਨੀ ਆਸਾਨੀ ਨਾਲ ਸਮਝ 'ਚ ਆਉਣ ਵਾਲੇ ਨਹੀਂ। ਚੋਣ ਲੜਨ ਨਾਲ ਮੈਨੂੰ ਜੋ ਪ੍ਰਸਿੱਧੀ ਮਿਲੀ ਐ, ਉਹ ਵੀਹ ਸਾਲ ਤੋਂ ਦੁਕਾਨਦਾਰੀ ਕਰਦੇ ਹੋਏ ਨਹੀਂ ਮਿਲੀ। ਅੱਜ ਤੱਕ ਮੈਂ ਮੁਹੱਲੇ ਦਾ ਸੀ, ਅੱਜ ਪੂਰਾ ਸ਼ਹਿਰ ਮੈਨੂੰ ਜਾਣ ਗਿਆ ਹੈ। ਇਹ ਜਾਣ ਪਛਾਣ ਮੇਰੇ ਕਾਰੋਬਾਰ ਵਿੱਚ ਕੰਮ ਆਵੇਗੀ, ਹੋ ਸਕਦੈ ਇਸ ਨਾਲ ਮੈਂ ਆਪਣਾ ਕਾਰੋਬਾਰ ਵਧਾ ਸਕਾਂ। ਇਹ ਤੈਅ ਹੋ ਗਿਆ ਕਿ ਮੈਂ ਵੀ ਕੋਈ ਚੀਜ਼ ਆਂ।” ਮੈਂ ਮੌਕਾ ਵੇਖ ਕੇ ਅੱਗੇ ਕਿਹਾ, ‘‘ਇੱਕ ਸਾਲ ਨੂੰ ਨਗਰ ਪਾਲਿਕਾ ਦੀਆਂ ਚੋਣਾਂ ਹਨ। ਸੰਭਵ ਐ ਕੋਈ ਪਾਰਟੀ ਟਿਕਟ ਦੇ ਕੇ ਮੈਨੂੰ ਆਪਣਾ ਉਮੀਦਵਾਰ ਬਣਾ ਦੇਵੇ। ਸਫਰ ਦੀ ਸ਼ੁਰੂਆਤ ਇਵੇਂ ਹੁੰਦੀ ਐ। ਨਵੀਂ ਆਈ ਪਾਰਟੀ ਨੇ ਦਿੱਲੀ ਵਿੱਚ ਤਹਿਲਕਾ ਮਚਾ ਦਿੱਤਾ ਹੈ। ਸ਼ਾਇਦ ਰਾਜਨੀਤੀ ਵਿੱਚ ਇਮਾਨਦਾਰੀ ਦਾ ਸਿੱਕਾ ਚੱਲ ਜਾਵੇ। ਸਮਝ ਲੈ ਮੇਰੇ ਲਈ ਇਹ ਚੋਣ ਆਉਣ ਵਾਲੇ ਕੱਲ੍ਹ ਦੀ ਤਿਆਰੀ ਐ।''
ਇੰਨਾ ਕਹਿ ਕੇ ਮੈਂ ਪਤਨੀ ਦੀ ਪ੍ਰਤੀਕਿਰਿਆ ਜਾਨਣ ਲਈ ਉਤਸੁਕ ਹੋ ਗਿਆ ਸੀ। ਪਤਨੀ ਜਵਾਬ ਦੇਣ ਲਈ ਆਪਣੇ ਅੰਦਰੋਂ ਪਹਿਲਾਂ ਤਿਆਰ ਬੈਠੀ ਸੀ। ਉਹ ਤੁਰੰਤ ਬੋਲੀ, ‘‘ਤੁਸੀਂ ਭਾਸ਼ਣ ਦੇਣ ਦੀ ਅੱਜ ਹੀ ਤਿਆਰੀ ਵੀ ਕਰ ਲਈ ਐ। ਮੈਨੂੰ ਸੁਣਨ ਦੀ ਤਿਆਰੀ ਕਰਨੀ ਪਏਗੀ। ਤਦੇ ਗੱਲ ਬਣੇਗੀ। ਤੁਹਾਡੇ ਵਿਚਾਰ ਚੰਗੇ ਨੇ। ਚੰਗੇ ਲੋਕਾਂ ਨੂੰ ਘਰੋਂ ਬਾਹਰ ਆ ਕੇ ਰਾਜਨੀਤੀ ਵਿੱਚ ਆਉਣਾ ਚਾਹੀਦੈ, ਪਰ ਰਾਜਨੀਤੀ ਵਿੱਚ ਬੇਈਮਾਨੀ ਦਾ ਬੋਲਬਾਲਾ ਜ਼ਰੂਰਤ ਤੋਂ ਜ਼ਿਆਦਾ ਹੈ। ਝੂਠ 'ਤੇ ਸੱਚ ਦਾ ਮੁਲੰਮਾ ਚੜ੍ਹਾਇਆ ਜਾਂਦਾ ਹੈ। ਤੁਸੀਂ ਆਪਣੀ ਇਮਾਨਦਾਰੀ ਦੇ ਬਲ 'ਤੇ ਕਿਵੇਂ ਅੱਗੇ ਵਧੋਗੇ ਤੇ ਟਿਕੇ ਰਹੋਗੇ, ਇਹੀ ਵੱਡਾ ਪ੍ਰਸ਼ਨ ਹੈ।” ਇੰਨਾ ਕਹਿ ਕੇ ਪਤਨੀ ਮੁਸਕਰਾਏ ਬਿਨਾਂ ਨਾ ਰਹਿ ਸਕੀ। ਮੈਂ ਮੁਸਕਰਾ ਨਾ ਸਕਿਆ। ਆਪਣੀ ਇਮਾਨਦਾਰੀ 'ਤੇ ਹਮਲਾ ਹੁੰਦੇ ਦੇਖ ਰਿਹਾ ਸੀ। ਮੈਨੂੰ ਕਬੀਰ ਜੀ ਦਾ ਕਿਹਾ ਯਾਦ ਆਇਆ :
‘‘ਕਬੀਰਾ ਕਲਯੁਗ ਗਠਿਨ ਹੈ, ਸਾਧੂ ਨਾ ਮਾਨੇ ਕੋਇ।
ਕਾਮੀ, ਕਰੋਧੀ, ਮਸਖਰਾ, ਤਿਨ ਕਾ ਆਦਰ ਹੋਇ।”

Have something to say? Post your comment