Welcome to Canadian Punjabi Post
Follow us on

18

January 2021
ਨਜਰਰੀਆ

ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣ ਵਾਲਾ ਦਿ੍ਰਸ਼ਟੀ ਦੂਤ

October 05, 2018 08:40 AM

-ਵੀ ਭਾਸਕਰ
ਕੁਝ ਲੋਕ ਪ੍ਰਸਿੱਧੀ ਖੱਟਣ ਲਈ ਕੰਮ ਕਰਦੇ ਹਨ, ਪਰ ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਆਪਣੀ ਸੰਤੁਸ਼ਟੀ ਲਈ ਕੰਮ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਆਪਣੀ ਜੇਬ 'ਚੋਂ ਵੀ ਖਰਚ ਕਰਨ ਨੂੰ ਤਿਆਰ ਰਹਿੰਦੇ ਹਨ।
ਮੁੰਬਈ ਦੇ ਬਦਲਾਪੁਰ ਪਿੰਡ ਦੇ ਰਹਿਣ ਵਾਲੇ ਸਾਕਿਬ ਗੋਰੇ ਅਜਿਹੇ ਹੀ ਇੱਕ ਵਿਅਕਤੀ ਹਨ। ਉਹ 26 ਸਾਲਾਂ ਤੋਂ ਅਜਿਹੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ, ਜੋ ਅੰਸ਼ਿਕ ਤੌਰ 'ਤੇ ਨੇਤਰਹੀਣ ਹਨ ਜਾਂ ਆਪਣੀ ਨਜ਼ਰ ਗੁਆਉਣ ਕੰਢੇ ਪਹੁੰਚੇ ਚੁੱਕੇ ਹਨ। ‘ਦਿ੍ਰਸ਼ਟੀ ਦੂਤ’ ਦੇ ਨਾਂਅ ਨਾਲ ਜਾਣੇ ਜਾਂਦੇ ਸਾਕਿਬ ਗੋਰੇ ਨੂੰ ਪਿੱਛੇ ਜਿਹੇ ਸਮਾਜਕ ਨਿਆਂ ਮੰਤਰਾਲੇ ਵੱਲੋਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਸਮਾਜ ਭੂਸ਼ਣ ਐਵਾਰਡ ਨਾਲ ਨਿਵਾਜਿਆ ਗਿਆ, ਜੋ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਣਾ ਵਾਲਾ ਸਰਬ ਉਚ ਪੁਰਸਕਾਰ ਹੈ, ਜਿਹੜੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਨੂੰ ਉਪਰ ਚੁੱਕਣ ਲਈ ਕੰਮ ਕਰਦੇ ਹਨ। ਲੱਖਾਂ ਦੀ ਗਿਣਤੀ 'ਚ ਜਨਜਾਤੀ, ਦਲਿਤ ਅਤੇ ਆਰਥਿਕ ਤੌਰ 'ਤੇ ਪੱਛੜੇ ਵਰਗਾਂ ਦੇ ਲੋਕ ਸਿਰਫ ਇਸ ਲਈ ਦੇਖਣ ਦੇ ਕਾਬਿਲ ਬਣ ਸਕੇ ਕਿਉਂਕਿ ਸਾਕਿਬ ਨੇ ਉਨ੍ਹਾਂ ਨੂੰ ਕੈਟਾਰੈਕਟ ਸਰਜਰੀ ਕਰਵਾਉਣ ਲਈ ਪ੍ਰੇਰਿਤ ਕੀਤਾ। ਸਾਕਿਬ ਲਈ ਮੁੜ ਦੇਖ ਸਕਣ ਵਾਲੇ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਦੇਖਣਾ ਕਿਸੇ ਵੀ ਹੋਰ ਐਵਾਰਡ ਨਾਲੋਂ ਵੱਧ ਅਹਿਮ ਹੈ।
ਇੱਕ ਟਰੱਕ ਕਲੀਨਰ ਤੋਂ ਦਿ੍ਰਸ਼ਟੀ ਦੂਤ ਬਣਨ ਵਾਲੇ ਸਾਕਿਬ ਨੇ ਦੱਸਿਆ ਕਿ ਉਹ 1986-87 ਦਾ ਸਾਲ ਸੀ, ਜਦੋਂ ਉਹ ਸਿਰਫ 17-18 ਸਾਲ ਦੇ ਸਨ। ਉਹ ਛੇ ਭੈਣ-ਭਰਾ ਸਨ। ਸਾਕਿਬ ਨੂੰ ਪੜ੍ਹਾਈ 'ਚ ਕੋਈ ਦਿਲਚਸਪੀ ਨਹੀਂ ਸੀ ਤੇ ਸੱਤਵੀਂ ਜਮਾਤ ਤੋਂ ਬਾਅਦ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਅਤੇ ਪਰਵਾਰਕ ਜ਼ਿੰਮੇਵਾਰੀਆਂ ਸੰਭਾਲ ਲਈਆਂ। ਸਾਕਿਬ ਨੇ ਇੱਕ ‘ਕੋਠਾਰੀ ਮਾਮੂ' (ਅੰਕਲ) ਨਾਲ ਉਨ੍ਹਾਂ ਦੇ ਟਰੱਕ 'ਤੇ ਕਲੀਨਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਹ ਬਾਜ਼ਾਰ 'ਚ ਭਾਰੀ ਚੀਜ਼ਾਂ ਲੱਦਣ ਤੇ ਉਤਾਰਨ ਦਾ ਕੰਮ ਕਰਦੇ ਸਨ, ਜਿਸ ਨਾਲ ਉਨ੍ਹਾਂ ਨੂੰ ਅੱਸੀ-ਨੱਬੇ ਰੁਪਏ ਰੋਜ਼ਾਨਾ ਵਾਧੂ ਮਿਲ ਜਾਂਦੇ ਸਨ। ਉਨ੍ਹਾਂ ਯਾਦ ਕਰਦਿਆਂ ਦੱਸਿਆ ਕਿ ਉਹ ਰੋਜ਼ 120 ਰੁਪਏ ਕਮਾ ਲੈਂਦੇ ਸਨ ਤੇ ਜੇ ਕਿਸੇ ਦਿਨ 200 ਰੁਪਏ ਕਮਾ ਲੈਂਦੇ ਤਾਂ ਉਹ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੁੰਦੀ, ਕਿਉਂਕਿ ਪਰਵਾਰ 'ਚ ਉਹੀ ਅਜਿਹੇ ਇਕਲੌਤੇ ਮੈਂਬਰ ਸੀ, ਜਿਸ ਨੇ ਇੰਨੀ ਛੋਟੀ ਉਮਰ 'ਚ ਕਮਾਉਣਾ ਸ਼ੁਰੂ ਕਰ ਦਿੱਤਾ ਸੀ।
ਸਾਕਿਬ ਦੇ ਪਿਤਾ ਨੇ 1967 ਵਿੱਚ ਘਰ ਛੱਡ ਦਿੱਤਾ ਸੀ ਤੇ ਅਜੇ ਤੱਕ ਨਹੀਂ ਪਰਤੇ। ਇਸ ਲਈ ਨੌਜਵਾਨ ਸਾਕਿਬ ਦੀ ਕਮਾਈ ਨੇ ਪਰਵਾਰ ਦੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ 'ਚ ਮਦਦ ਕੀਤੀ। ਸਾਕਿਬ ਨੇ ਦੱਸਿਆ ਕਿ ਕੋਠਾਰੀ ਮਾਮੂ ਟਰੱਕਾਂ 'ਚੋਂ ਸਾਮਾਨ ਉਤਾਰਨ ਲਈ ਉਨ੍ਹਾਂ ਨੂੰ ਦਿਨ 'ਚ ਇੱਕ ਵੜਾ-ਪਾਵ ਖਾਣ ਨੂੰ ਦਿੰਦੇ ਸਨ, ਜੋ ਉਨ੍ਹਾਂ ਲਈ ਕਾਫੀ ਨਾਲੋਂ ਕਿਤੇ ਜ਼ਿਆਦਾ ਸੀ। ਫਿਰ ਇੱਕ ਦਿਨ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਗੁਆਂਢ 'ਚ ਇੱਕ ਬਜ਼ੁਰਗ ਔਰਤ ਕੋਲ ਲੈ ਗਈ, ਜੋ ਮਰਨ ਕੰਢੇ ਪਹੁੰਚੀ ਹੋਈ ਸੀ। ਉਹ ਔਰਤ ਜਨਮ ਤੋਂ ਅੰਨ੍ਹੀ ਸੀ ਤੇ ਉਸ ਨੇ ਕਦੇ ਕੁਦਰਤ ਦੀ ਸੁੰਦਰਤਾ ਨਹੀਂ ਦੇਖੀ ਸੀ। ਨਾ ਉਹ ਆਪਣੇ ਪਤੀ, ਪੁੱਤਾਂ ਅਤੇ ਪੋਤਿਆਂ ਨੂੰ ਦੇਖ ਸਕੀ ਸੀ। ਉਹ ਉਨ੍ਹਾਂ ਨੂੰ ਸਿਰਫ ਛੂਹ ਕੇ ਪਛਾਣਦੀ ਸੀ। ਸਾਕਿਬ ਨੇ ਦੱਸਿਆ ਕਿ ਉਹ ਮਰ ਰਹੀ ਸੀ, ਪਰ ਉਸ ਦੇ ਚਿਹਰੇ 'ਤੇ ਕੋਈ ਦਰਦ ਨਹੀਂ ਸੀ।
ਇਸੇ ਤਰ੍ਹਾਂ ਉਹ ਇੱਕ ਹੋਰ ਮਰਨ ਕੰਢੇ ਪੁੱਜੇ ਬਜ਼ੁਰਗ ਨੂੰ ਮਿਲੇ, ਜੋ ਬਹੁਤ ਚਿੰਤਤ ਤੇ ਡਰਿਆ ਹੋਇਆ ਸੀ, ਪਰ ਉਹ ਜਿਊਣਾ ਚਾਹੁੰਦਾ ਸੀ। ਸਾਕਿਬ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਤੋਂ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਫਰਕ ਬਾਰੇ ਪੁੱਛਿਆ। ਮਾਂ ਨੇ ਸਪੱਸ਼ਟ ਕੀਤਾ ਕਿ ਕਿਉਂਕਿ ਔਰਤ ਨੇ ਕਦੀ ਕੁਦਰਤ ਦੀ ਸੁੰਦਰਤਾ ਨਹੀਂ ਦੇਖੀ ਸੀ, ਇਸ ਲਈ ਉਸ ਦੀ ਦੁਨੀਆ 'ਚ ਸ਼ਾਇਦ ਸਭ ਕੁਝ ਕਾਲਾ ਸੀ। ਉਸ ਦਾ ਸਫਰ ਹਨੇਰੇ ਤੋਂ ਹਨੇਰੇ ਤੱਕ ਸੀ। ਇਸ ਲਈ ਉਸ ਨੂੰ ਕੋਈ ਚਿੰਤਾ ਨਹੀਂ ਸੀ, ਜਦ ਕਿ ਦੂਜੇ ਵਿਅਕਤੀ ਨੇ ਜ਼ਿੰਦਗੀ ਦਾ ਪੂਰਾ ਆਨੰਦ ਮਾਣਿਆ ਸੀ, ਦੁਨੀਆ ਦੇਖੀ, ਇਸ ਲਈ ਉਹ ਇਸ ਖੂਬਸੂਰਤ ਦੁਨੀਆ ਨੂੰ ਛੱਡਣ ਲਈ ਤਿਆਰ ਨਹੀਂ ਸੀ। ਉਸ ਦਿਨ ਪਹਿਲੀ ਵਾਰ ਸਾਕਿਬ ਨੂੰ ਨਜ਼ਰ ਦੀ ਮਹੱਤਤਾ ਸਮਝ 'ਚ ਆਈ। ਇਸ ਦਾ ਉਨ੍ਹਾਂ ਦੀ ਜ਼ਿੰਦਗੀ 'ਤੇ ਬਹੁਤ ਵੱਡਾ ਅਸਰ ਹੋਇਆ ਅਤੇ ਉਦੋਂ ਤੋਂ ਉਹ ਨੇਤਰਹੀਣਾਂ ਅਤੇ ਕਮਜ਼ੋਰ ਨਜ਼ਰ ਵਾਲੇ ਲੋਕਾਂ ਲਈ ਕੰਮ ਕਰ ਰਹੇ ਹਨ।
ਸਾਕਿਬ ਨੇ 1992 ਵਿੱਚ ਆਈ-ਕੇਅਰ ਕੈਂਪ ਲਾਉਣੇ ਸ਼ੁਰੂ ਕੀਤੇ ਸਨ ਅਤੇ ਅੱਜ ਤੱਕ ਉਨ੍ਹਾਂ ਦਾ ਇਹ ਕੰਮ ਉਨ੍ਹਾਂ ਨੁੂੰ ਠਾਣੇ ਜ਼ਿਲ੍ਹੇ ਦੇ ਆਸਪਾਸ 1217 ਪਿੰਡਾਂ ਅਤੇ ਜਨਜਾਤੀ ਬਸਤੀਆਂ 'ਚ ਲਿਜਾ ਚੁੱਕਾ ਹੈ। ਅੱਜ ਤੱਕ ਸੱਤ ਲੱਖ ਤੋਂ ਵੱਧ ਲੋਕਾਂ, ਸਹੀ ਗਿਣਤੀ ਕਰੀਏ ਤਾਂ 7,81,356 ਲੋਕ ਉਨ੍ਹਾਂ ਦੇ ਕੈਂਪਾਂ ਤੋਂ ਲਾਭ ਉਠਾ ਚੁੱਕੇ ਹਨ। 40,103 ਲੋਕਾਂ ਦਾ ਮੋਤੀਆਬਿੰਦ ਦਾ ਆਪ੍ਰੇਸ਼ਨ ਹੋ ਚੁੱਕਾ ਹੈ ਅਤੇ 5,58,638 ਲੋਕਾਂ ਨੂੰ ਨਜ਼ਰ ਦੀਆਂ ਐਨਕਾਂ ਦਿੱਤੀਆਂ ਗਈਆਂ ਹਨ।
ਸਾਕਿਬ ਨੇ ਦੱਸਿਆ ਕਿ ਉਹ ਇਹ ਯਕੀਨੀ ਕਰਦੇ ਹਨ ਕਿ ਲੋਕਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਐਨਕਾਂ ਦਿੱਤੀਆਂ ਜਾਣ। ਉਨ੍ਹਾਂ ਨੇ ‘ਫ੍ਰੇਮਲੈੱਸ’ ਐਨਕਾਂ ਦਿੱਤੀਆਂ ਹਨ, ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਲਗਭਗ 1200 ਰੁਪਏ ਪ੍ਰਤੀ ਐਨਕ ਹੈ। ਕੋਈ ਵੀ ਗੈਰ-ਸਰਕਾਰੀ ਸੰਗਠਨ ਜਾਂ ਸਰਕਾਰੀ ਹਸਪਤਾਲ ਅਜਿਹੀਆਂ ਐਨਕਾਂ ਨਹੀਂ ਦਿੰਦਾ। ਸਾਕਿਬ ਨੂੰ ਕਿਸੇ ਐਨ ਜੀ ਓ ਜਾਂ ਟਰੱਸਟ ਤੋਂ ਸਹਾਇਤਾ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਜਾਂ ਲੋਕਾਂ ਤੋਂ ਵਿੱਤੀ ਸਹਾਇਤਾ ਦੀ ਲੋੜ ਨਹੀਂ। ਉਨ੍ਹਾਂ ਨੂੰ ਜਦੋਂ ਲੰਡਨ ਵਿੱਚ ਸਨਮਾਨਿਤ ਕੀਤਾ ਗਿਆ ਤਾਂ ਕੌਮਾਂਤਰੀ ਦਾਨੀਆ ਤੋਂ ਧਨ ਲੈਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਸਾਕਿਬ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਕਾਫੀ ਦਿੱਤਾ ਹੈ। ਉਨ੍ਹਾਂ ਦਾ ਆਪਣਾ ਕਾਰੋਬਾਰ ਹੈ, ਜੋ ਉਨ੍ਹਾਂ ਨੂੰ ਲੋੜਵੰਦ ਲੋਕਾਂ 'ਤੇ ਖਰਚ ਕਰਨ ਲਈ ਕਾਫੀ ਧਨ ਮੁਹੱਈਆ ਕਰਵਾਉਂਦਾ ਹੈ।

Have something to say? Post your comment