ਕਾਠਮੰਡੂ, 22 ਮਈ (ਪੋਸਟ ਬਿਊਰੋ)- ਨੇਪਾਲ ਦੇ ਇਕ ਸ਼ੇਰਪਾ ਨੇ 24ਵੀਂ ਵਾਰ ਮਾਊਂਟ ਐਵਰੈਸਟ ਫਤਹਿ ਕਰ ਲਈ ਹੈ। ਪਿਛਲੇ ਹਫਤੇ 23ਵੀਂ ਵਾਰ ਐਵਰੈਸਟ ਦੀ ਚੜ੍ਹਾਈ ਕਰਕੇ ਆਪਣਾ ਰਿਕਾਰਡ ਤੋੜਨ ਵਾਲੇ ਕਾਮੀ ਰਿਤਾ ਸ਼ੇਰਪਾ ਕੱਲ੍ਹ ਇਕ ਵਾਰ ਫਿਰ ਐਵਰੈਸਟ ਦੇ ਸਿਖਰ ਉੱਤੇ ਪੁੱਜ ਗਏ।
ਕੱਲ੍ਹ ਇਸ ਨਿਪਾਲੀ ਸ਼ੇਰਪਾ ਨੇ ਮਾਊਂਟ ਐਵਰੈਸਟ ਉੱਤੇ 24ਵੀਂ ਵਾਰ ਚੜ੍ਹਾਈ ਕਰਨ ਦਾ ਰਿਕਾਰਡ ਬਣਾ ਲਿਆ। ਉਸ ਨੇ ਇਕੋ ਹਫਤੇ ਵਿੱਚ ਦੂਜੀ ਵਾਰ ਐਵਰੈਸਟ ਉੱਤੇ ਚੜ੍ਹਾਈ ਕੀਤੀ ਹੈ। ਉਨ੍ਹਾਂ ਰਿਟਾਇਰ ਹੋਣ ਤੋਂ ਪਹਿਲਾਂ 24 ਵਾਰ ਐਵਰੈਸਟ ਨੂੰ ਫਤਹਿ ਕਰ ਲਿਆ ਹੈ। ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਮੀਰਾ ਅਚਾਰਿਆ ਨੇ ਕਿਹਾ ਕਿ ਕਾਮੀ ਰਿਤਾ ਸ਼ੇਰਪਾ 49 ਸਾਲ ਦੇ ਹਨ ਅਤੇ ਉਨ੍ਹਾਂ ਨੇ ‘ਟ੍ਰੇਡੀਸ਼ਨਲ ਸਾਊਥ ਈਸਟ ਰਿਜ ਰੂਟ' ਜ਼ਰੀਏ 8,850 ਮੀਟਰ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ। ਵਰਨਣ ਯੋਗ ਹੈ ਕਿ ਇਸ ਰੂਟ ਦੇ ਰਾਹੀਂ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸਰ ਐਡਮੰਡ ਹਿਲੇਰੀ ਅਤੇ ਸ਼ੇਰਪਾ ਤੇਨਜਿੰਗ ਨਾਰਗੇ ਨੇ 1953 ਵਿੱਚ ਚੜ੍ਹਾਈ ਕੀਤੀ ਸੀ। ਇਸ ਤੋਂ ਇਲਾਵਾ ਦੋ ਹੋਰ ਸ਼ੇਰਪਾ ਨੇ ਵੀ 21 ਵਾਰ ਐਵਰੈਸਟ ਦੀ ਚੜ੍ਹਾਈ ਕੀਤੀ ਹੈ। 24 ਵਾਰ ਚੜ੍ਹਾਈ ਕਰਨ ਵਾਲੇ ਕਾਮੀ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਮਜ਼ਬੂਤ ਹੈ ਤੇ ਇਕ ਹੋਰ ਵਾਰ ਐਵਰੈਸਟ 'ਤੇ ਚੜ੍ਹਨਾ ਚਾਹੁੰਦੇ ਹਨ। ਉਹ ਸੋਲੁਖੁੰਬੁ ਜ਼ਿਲੇ ਦੇ ਥਾਮੇ ਪਿੰਡ ਦੇ ਰਹਿਣ ਵਾਲੇ ਹਨ।