Welcome to Canadian Punjabi Post
Follow us on

20

August 2019
ਕੈਨੇਡਾ

ਅੱਤਵਾਦ ਖਿਲਾਫ ਸਾਲਾਨਾ ਰਿਪੋਰਟ ਵਿੱਚੋਂ ਕੁੱਝ ਹਵਾਲਿਆਂ ਨੂੰ ਖ਼ਤਮ ਕਰਨ ਉੱਤੇ ਟੋਰੀਜ਼ ਨੇ ਪ੍ਰਗਟਾਇਆ ਇਤਰਾਜ਼

May 15, 2019 09:07 AM

· ਲਿਬਰਲਾਂ ਉੱਤੇ ਸਿਆਸੀ ਦਬਾਅ ਅੱਗੇ ਝੁਕਣ ਦਾ ਲਾਇਆ ਦੋਸ਼
· ਐਨਡੀਪੀ ਵੱਲੋਂ ਫੈਸਲੇ ਦਾ ਸਵਾਗਤ

ਓਟਵਾ, 14 ਮਈ (ਪੋਸਟ ਬਿਊਰੋ) : ਅੱਤਵਾਦ ਖਿਲਾਫ ਸਾਲਾਨਾ ਰਿਪੋਰਟ ਵਿੱਚੋਂ ਕੁੱਝ ਖਾਸ ਧਾਰਮਿਕ ਗਰੁੱਪਜ਼ ਸਬੰਧੀ ਹਵਾਲਿਆਂ ਨੂੰ ਖ਼ਤਮ ਕਰਨ ਦੇ ਸਬੰਧ ਵਿੱਚ ਫੈਡਰਲ ਟੋਰੀਜ਼ ਵੱਲੋਂ ਟਰੂਡੋ ਸਰਕਾਰ ਉੱਤੇ ਸਿਆਸੀ ਦਾਅਪੇਚ ਖੇਡਣ ਦਾ ਦੋਸ਼ ਲਾਇਆ ਗਿਆ ਹੈ।
ਕੰਜ਼ਰਵੇਟਿਵ ਪਬਲਿਕ ਸੇਫਟੀ ਕ੍ਰਿਟਿਕ ਪਿਏਰੇ ਪਾਲ-ਹਸ ਨੇ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦੀ ਨੈਸ਼ਨਲ ਸਕਿਊਰਿਟੀ ਕਮੇਟੀ ਸਾਹਮਣੇ ਆਖਿਆ ਕਿ ਲਿਬਰਲਾਂ ਨੇ ਕਿਸੇ ਨੂੰ ਦੁਖੀ ਕਰਨ ਤੋਂ ਬਚਣ ਲਈ ਇਹ ਤਰੀਕਾ ਵਰਤਿਆ ਹੈ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਆਖਿਆ ਕਿ ਰਿਪੋਰਟ ਵਿੱਚ ਜਿੱਥੇ ਵੀ ਕਿਤੇ ਅੱਤਵਾਦ ਦਾ ਜਿ਼ਕਰ ਆਇਆ ਹੈ ਉੱਥੋਂ ਸਰਕਾਰ ਨੇ ਸਿੱਖ, ਸੁੰਨੀ ਤੇ ਸ਼ੀਆ ਸ਼ਬਦ ਹਟਾ ਦਿੱਤੇ ਹਨ ਤਾਂ ਕਿ ਇਹ ਸੰਕੇਤ ਨਾ ਜਾਵੇ ਕਿ ਕੋਈ ਸਮੁੱਚਾ ਧਰਮ ਜਾਂ ਕਮਿਊਨਿਟੀ ਹੀ ਕੌਮੀ ਸਕਿਊਰਿਟੀ ਨੂੰ ਖਤਰਾ ਹੈ।
ਉਨ੍ਹਾਂ ਕਮੇਟੀ ਨੂੰ ਦੱਸਿਆ ਕਿ ਇਹ ਕੋਈ ਵੰਡੀਆਂ ਪਾਉਣ ਦਾ ਮੁੱਦਾ ਨਹੀਂ ਹੈ ਸਗੋਂ ਅੱਤਵਾਦ ਦੇ ਖਤਰੇ ਦੇ ਸਬੰਧ ਵਿੱਚ ਸਹੀ ਜਾਣਕਾਰੀ ਦੇਣ ਦਾ ਸਹੀ, ਸੰਖਿਪਤ ਤੇ ਜਾਇਜ਼ ਤਰੀਕਾ ਹੈ। ਗੁਡੇਲ ਨੇ ਆਖਿਆ ਕਿ ਸਾਰੇ ਧਰਮਾਂ ਤੇ ਪਿਛੋਕੜਾਂ ਨਾਲ ਸਬੰਧਤ ਕੈਨੇਡੀਅਨਾਂ ਨੇ ਸਾਡੇ ਦੇਸ਼ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ ਹੈ ਤੇ ਇਹ ਸਾਰੇ ਸਾਡੀਆਂ ਕਮਿਊਨਿਟੀਜ਼ ਦਾ ਅਨਿੱਖੜਵਾਂ ਅੰਗ ਰਹਿਣਗੇ। ਕਿਸੇ ਵੀ ਇੱਕ ਧਰਮ ਜਾਂ ਕਮਿਊਨਿਟੀ ਨੂੰ ਅੱਤਵਾਦ ਨਾਲ ਜੋੜਨਾ ਸਹੀ ਨਹੀਂ ਹੈ। ਅਜਿਹਾ ਕਰਨਾ ਗਲਤ ਹੋਵੇਗਾ।
ਬਰੈਂਪਟਨ, ਓਨਟਾਰੀਓ ਤੋਂ ਲਿਬਰਲ ਐਮਪੀ ਰੂਬੀ ਸਹੋਤਾ ਨੇ ਕਮੇਟੀ ਸਾਹਮਣੇ ਆਖਿਆ ਕਿ ਇਸ ਰਿਪੋਰਟ ਵਿਚਲੀ ਸ਼ਬਦਾਵਲੀ ਦਾ ਮੁੱਦਾ ਉਨ੍ਹਾਂ ਕਈ ਵਾਰੀ ਗੁਡੇਲ ਕੋਲ ਉਠਾਇਆ ਤੇ ਉਨ੍ਹਾਂ ਨੂੰ ਕਈ ਵਾਰੀ ਇਹ ਵੀ ਦੱਸਿਆ ਹੈ ਕਿ ਰਿਪੋਰਟ ਵਿੱਚ ਦਿੱਤੇ ਧਾਰਮਿਕ ਹਵਾਲਿਆਂ ਉੱਤੇ ਲੋਕ ਉਨ੍ਹਾਂ ਕੋਲ ਕਈ ਵਾਰੀ ਚਿੰਤਾ ਪ੍ਰਗਟਾਅ ਚੁੱਕੇ ਹਨ। ਪਾਲ ਹੱਸ ਨੇ ਦੋਸ਼ ਲਾਇਆ ਕਿ ਦਬਾਅ ਦੇ ਚੱਲਦਿਆਂ ਲਿਬਰਲ ਸਹੀ ਜਾਣਕਾਰੀ ਵਿੱਚ ਵੀ ਕਾਂਟ-ਛਾਂਟ ਕਰ ਰਹੇ ਹਨ। ਕਿਊਬਿਕ ਸਿਟੀ ਤੋਂ ਇਸ ਐਮਪੀ ਨੇ ਆਖਿਆ ਕਿ ਹਰ ਕੋਈ ਇਹ ਸਮਝਦਾ ਹੈ ਕਿ ਅਸੀਂ ਅੱਤਵਾਦ ਬਾਰੇ ਗੱਲ ਕਰ ਰਹੇ ਹਾਂ, ਹਰ ਕੋਈ ਤਾਂ ਇਸ ਵਿੱਚ ਸ਼ਾਮਲ ਨਹੀਂ ਹੈ।
ਗੁਡੇਲ ਨੇ ਮੰਨਿਆ ਕਿ 2018 ਦੀ ਇਸ ਰਿਪੋਰਟ ਬਾਰੇ ਸਰਕਾਰ ਕੋਲ ਕਈ ਤਰ੍ਹਾਂ ਦੇ ਸਖ਼ਤ ਇਤਰਾਜ਼ ਆਏ, ਖਾਸਤੌਰ ਉੱਤੇ ਕੈਨੇਡਾ ਵਿੱਚ ਰਹਿਣ ਵਾਲੀਆਂ ਸਿੱਖ ਤੇ ਮੁਸਲਮਾਨ ਕਮਿਊਨਿਟੀਜ਼ ਵੱਲੋਂ ਇਹ ਇਤਰਾਜ਼ ਕੀਤੇ ਗਏ। ਗੁਡੇਲ ਨੇ ਆਖਿਆ ਕਿ ਯਕੀਨਨ ਸ਼ਬਦਾਵਲੀ ਮਾਇਨੇ ਰੱਖਦੀ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਵੀ ਰਿਪੋਰਟਾਂ ਵਿੱਚ ਅਜਿਹੇ ਹਵਾਲੇ ਛਪਦੇ ਰਹੇ ਹਨ ਪਰ ਜ਼ਰੂਰੀ ਨਹੀਂ ਕਿ ਜੋ ਕੁੱਝ ਪਹਿਲਾਂ ਹੁੰਦਾ ਰਿਹਾ ਹੋਵੇ ਉਹ ਹੁਣ ਵੀ ਹੋਵੇ ਜਾਂ ਭਵਿੱਖ ਵਿੱਚ ਵੀ ਦੁਹਰਾਇਆ ਜਾਵੇ।
ਗੁਡੇਲ ਨੇ ਰਿਪੋਰਟ ਵਿਚਲੀ ਸ਼ਬਦਾਵਲੀ ਦਾ ਮੁਲਾਂਕਣ ਕਰਵਾਉਣ ਦੀ ਵੀ ਬੇਨਤੀ ਕੀਤੀ ਹੈ। ਗੁਡੇਲ ਨੇ ਇਸ ਗੱਲ ਤੋਂ ਵੀ ਅਸਹਿਮਤੀ ਪ੍ਰਗਟਾਈ ਕਿ ਰਿਪੋਰਟ ਦੀ ਸ਼ਬਦਾਵਲੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਅੱਤਵਾਦ ਖਿਲਾਫ ਲੜਾਈ ਨੂੰ ਢਾਹ ਲੱਗੇਗੀ। ਉਨ੍ਹਾਂ ਆਖਿਆ ਕਿ ਕੈਨੇਡੀਅਨ ਸਕਿਊਰਿਟੀ ਅਧਿਕਾਰੀਆਂ ਨੂੰ ਵੀ ਆਪਣਾ ਕੰਮ ਕਰਨ ਲਈ ਵੱਖ ਵੱਖ ਕਮਿਊਨਿਟੀਜ਼ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਮੈਂਬਰਾਂ ਤੋਂ ਸਦਭਾਵਨਾ ਤੇ ਸ਼ਾਂਤਮਈ ਸਮਰਥਨ ਦੀ ਲੋੜ ਹੈ। ਇਸ ਦੌਰਾਨ ਐਨਡੀਪੀ ਦੇ ਪਬਲਿਕ ਸੇਫਟੀ ਕ੍ਰਿਟਿਕ ਵੱਲੋਂ ਰਿਪੋਰਟ ਵਿਚਲੀ ਸ਼ਬਦਾਵਲੀ ਵਿੱਚ ਤਬਦੀਲੀ ਕੀਤੇ ਜਾਣ ਦਾ ਸਵਾਗਤ ਕੀਤਾ ਗਿਆ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜੀਟੀਏ ਵਿੱਚ ਗੋਲੀ ਚੱਲਣ ਦੀਆਂ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਚਾਰ ਜ਼ਖ਼ਮੀ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਪਾਈਪਲਾਈਨ ਵਿੱਚ ਲੀਕੇਜ ਕਾਰਨ 40,000 ਲੀਟਰ ਤੇਲ ਅਲਬਰਟਾ ਦੀ ਖਾੜੀ ਵਿੱਚ ਵਗਿਆ
ਮਿਉਂਸਪਲ ਫੰਡਾਂ ਵਿੱਚ ਕਟੌਤੀਆਂ ਹੋ ਕੇ ਰਹਿਣਗੀਆਂ : ਡੱਗ ਫੋਰਡ
ਭਾਰਤੀ ਮੂਲ ਦੀ ਲੜਕੀ ਬਰੈਂਪਟਨ ਤੋਂ ਲਾਪਤਾ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ