Welcome to Canadian Punjabi Post
Follow us on

26

February 2020
ਨਜਰਰੀਆ

...ਤੇ ਖਟਮਲ ਲੜਨੇ ਬੰਦ ਹੋ ਗਏ

May 14, 2019 09:12 AM

-ਬਲਰਾਜ ਸਿੱਧੂ ਐੱਸ ਪੀ
ਪੁਲਸ ਅਤੇ ਫੌਜ ਦੇ ਟਰੇਨਿੰਗ ਸੈਂਟਰਾਂ 'ਚ ਇੱਕ ਵੱਖਰੀ ਕਿਸਮ ਦੀ ਦੁਨੀਆ ਵਸਦੀ ਹੈ। ਉਥੇ ਰੰਗਰੂਟਾਂ ਵਾਸਤੇ ਉਸਤਾਦ ਵੀ ਰੱਬ ਹੁੰਦਾ ਹੈ। ਉਸ ਦੇ ਮੂੰਹੋਂ ਨਿਕਲਣ ਵਾਲਾ ਹਰ ਸ਼ਬਦ ਇਲਾਹੀ ਹੁਕਮ ਹੁੰਦਾ ਹੈ। ਜੇ ਉਹ ਕਹੇ ਭੱਜੋ ਤਾਂ ਭੱਜਣਾ ਪੈਣਾ ਹੈ, ਜੇ ਉਹ ਕਹੇ ਮਿੱਟੀ 'ਚ ਲੰਮੇ ਪੈ ਜਾਓ ਤਾਂ ਪੈ ਜਾਓ, ਜੇ ਉਹ ਕਹੇ ਕਿ ਉਲਟ ਬਾਜ਼ੀਆਂ ਮਾਰੋ ਤਾਂ ਉਲਟ ਬਾਜ਼ੀਆਂ ਮਾਰੋ। ਰੰਗਰੂਟ ਵੱਖ-ਵੱਖ ਥਾਵਾਂ ਤੋਂ ਆਉਂਦੇ ਸਨ। ਕੋਈ ਅਮੀਰ ਘਰ ਦਾ ਹੁੰਦਾ ਹੈ ਤੇ ਕੋਈ ਗਰੀਬ ਘਰ ਦਾ, ਪਰ ਉਥੇ ਸਭ ਨੂੰ ਇੱਕ ਸਮਝਿਆ ਜਾਂਦਾ ਹੈ। ਉਨ੍ਹਾਂ 'ਚ ਬਰਾਬਰੀ ਦੀ ਭਾਵਨਾ ਭਰਨ ਲਈ ਸਭ ਤੋਂ ਪਹਿਲਾਂ ਰੰਗਰੂਟਾਂ ਦੀ ਆਕੜ ਭੰਨੀ ਜਾਂਦੀ ਅਤੇ ਸੀਨੀਅਰ ਦਾ ਹੁਕਮ ਬਗੈਰ ਹੀਲ-ਹੁੱਜਤ ਦੇ ਮੰਨਣਾ ਸਿਖਾਇਆ ਜਾਂਦਾ ਹੈ। ਸਾਂਝੀ ਜਵਾਬਦੇਹੀ ਦੀ ਭਾਵਨਾ ਭਰਨ ਲਈ ਇੱਕ ਦੀ ਗਲਤੀ ਸਾਰਿਆਂ ਦੀ ਗਲਤੀ ਮੰਨੀ ਜਾਂਦੀ ਹੈ। ਉਸ ਲਈ ਸਭ ਨੂੰ ਸਕਤ ਸਰੀਰਕ ਸਜ਼ਾ ਮਿਲਦੀ ਹੈ, ਜਿਸ ਵਿੱਚ ਵਾਧੂ ਪੀ ਟੀ ਪਰੇਡ ਸ਼ਾਮਲ ਹੁੰਦੀ ਹੈ। ਸਜ਼ਾ ਤੋਂ ਡਰਦੇ ਰੰਗਰੂਟ ਇੱਕ ਦੂਸਰੇ ਨੂੰ ਸ਼ਰਾਰਤਾਂ ਕਰਨ ਤੋਂ ਰੋਕਦੇ ਹਨ ਅਤੇ ਕਈ ਵਾਰ ਬਹੁਤੇ ਸ਼ਰਾਰਤੀ ਰੰਗਰੂਟਾਂ ਦੀ ਉਸਤਾਦਾਂ ਕੋਲ ਚੁਗਲੀ ਵੀ ਕਰ ਦਿੰਦੇ ਹਨ।
ਵੈਸੇ ਟਰੇਨਿੰਗ ਸੈਂਟਰਾਂ ਵਿੱਚ ਚੁਗਲੀ ਕਰਨੀ ਬੜੀ ਬੁਰੀ ਸਮਝੀ ਜਾਂਦੀ ਹੈ। ਪੰਜਾਬ ਪੁਲਸ ਦੇ ਤਰੱਕੀ ਵਾਲੇ ਕੋਰਸ ਜਿਵੇਂ ਸਿਪਾਹੀ ਤੋਂ ਹੌਲਦਾਰ, ਹੌਲਦਾਰ ਤੋਂ ਸਹਾਇਕ ਥਾਣੇਦਾਰ, ਸਹਾਇਕ ਥਾਣੇਦਾਰ ਤੋਂ ਵੱਡਾ ਥਾਣੇਦਾਰ ਤੇ ਸਿੱਧੇ ਭਰਤੀ ਥਾਣੇਦਾਰ ਅਤੇ ਡੀ ਐੱਸ ਪੀਜ਼ ਦੇ ਟਰੇਨਿੰਗ ਕੋਰਸ ਮਹਾਰਾਜਾ ਰਣਜੀਤ ਸਿੰਘ ਪੁਲਸ ਟਰੇਨਿੰਗ ਅਕੈਡਮੀ ਫਿਲੌਰ ਵਿਖੇ ਹੁੰਦੇ ਹਨ। ਇਥੇ ਵੀ ਇੱਕ ਵੱਖਰੀ ਦੁਨੀਆ ਵਸਦੀ ਹੈ। ਇਥੇ ਪਹੁੰਚਦੇ ਸਾਰ ਸਭ ਤੋਂ ਪਹਿਲਾਂ ਕੰਮ ਹੁੰਦਾ ਹੈ ਰੰਗਰੂਟਾਂ ਦੇ ਸ਼ਾਹਰੁਖ ਖਾਨ ਵਰਗੇ ਰੀਝਾਂ ਨਾਲ ਵਧਾਏ ਲੰਬੇ-ਲੰਬੇ ਵਾਲ ਖੁੰਢੀਆਂ ਕੈਂਚੀਆਂ ਨਾਲ ਵੱਢਣੇ। ਪੁਲਸ ਟਰੇਨਿੰਗ ਅਕੈਡਮੀ ਦੇ ਨਾਈ, ਧੋਬੀ, ਮਾਲੀ ਅਤੇ ਕੁੱਕ ਵੀ ਆਪਣੇ ਆਪ ਨੂੰ ਰੱਬ ਤੋਂ ਘੱਟ ਨਹੀਂ ਮੰਨਦੇ। ਉਹ ਵੀ ਰੰਗਰੂਟਾਂ ਨੂੰ ਦਬਕੇ ਮਾਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਕਿਸੇ ਵੀ ਰੰਗਰੂਟ ਨੂੰ ਕੋਈ ਵਸਤੂ ਖਰੀਦਣ ਜਾਂ ਖਾਣ-ਪੀਣ ਲਈ ਬਿਨਾਂ ਆਗਿਆ ਫਿਲੌਰ ਸ਼ਹਿਰ ਵਿੱਚ ਜਾਣ ਦੀ ਖੁੱਲ੍ਹ ਨਹੀਂ। ਅਕੈਡਮੀ ਦੀਆਂ ਦੁਕਾਨਾਂ, ਕੰਟੀਨਾਂ ਤੋਂ ਮਾੜੀ ਚੰਗੀ ਕੁਆਲਿਟੀ ਦਾ ਸਾਮਾਨ ਖਰੀਦਣਾ ਪੈਂਦਾ ਹੈ। ਸ਼ਹਿਰ ਵਿੱਚ ਘੁੰਮਦੇ ਰੰਗਰੂਟਾਂ ਨੂੰ ਫੜਨ ਲਈ ਉਸਤਾਦਾਂ ਦੀਆਂ ਵਿਸ਼ੇਸ਼ ਡਿਊਟੀਆਂ ਲੱਗਦੀਆਂ ਹਨ। ਫੜੇ ਜਾਣ 'ਤੇ ਸਖਤ ਸਜ਼ਾਵਾਂ ਮਿਲਦੀਆਂ ਹਨ। ਸ਼ੁਰੂ-ਸ਼ੁਰੂ ਤੋਂ ਉਸਤਾਦਾਂ ਤੋਂ ਬੜਾ ਡਰ ਲੱਗਦਾ ਹੈ, ਸਾਲ-ਛੇ ਮਹੀਨਿਆਂ ਦੀ ਟਰੇਨਿੰਗ ਦੌਰਾਨ ਉਸਤਾਦ ਰੰਗਰੂਟਾਂ ਤੇ ਰੰਗਰੂਟ ਉਸਤਾਦਾਂ ਦੇ ਭੇਤੀ ਹੋ ਜਾਂਦੇ ਹਨ।
ਉਸਤਾਦ ਕਿਲੇ ਦੀ ਵਿਸ਼ੇਸ਼ ਭਾਸ਼ਾ ਬੋਲਦੇ ਹਨ, ਜੋ ਹਿੰਦੀ, ਪੰਜਾਬੀ ਤੇ ਉਰਦੂ ਦਾ ਮਿਲਗੋਭਾ ਹੁੰਦੀ ਹੈ। ਉਹ ਢੀਠ ਰੰਗਰੂਟਾਂ ਨੂੰ ਜ਼ਲੀਲ ਅਤੇ ਘਾਂਬੜ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਤ ਕਰਦੇ ਹਨ ਤੇ ਰੰਗਰੂਟ ਉਸਤਾਦਾਂ ਦੇ ਪੁੱਠੇ ਸਿੱਧੇ ਨਾਂਅ ਜਿਵੇਂ ਫਲਾਣਾ ਪੱਟਾਂ ਵਾਲਾ, ਫਲਾਣਾ ਮੁੱਛਾਂ ਵਾਲਾ, ਫਲਾਣਾ ਕਾਲਾ ਅਤੇ ਵੱਢ ਖਾਣਾ ਆਦਿ ਪਾ ਦਿੰਦੇ ਹਨ। ਕਈ ਰੰਗਰੂਟਾਂ ਨੂੰ ਪੁੱਠੇ ਪੰਗੇ ਲੈਣ ਦੀ ਆਦਤ ਹੁੰਦੀ ਹੈ ਅਤੇ ਉਹ ਬਾਕੀ ਸਾਰਿਆਂ ਨੂੰ ਮੁਸੀਬਤ ਵਿੱਚ ਪਾ ਦਿੰਦੇ ਹਨ। ਸਾਲ ਵਿੱਚ ਇੱਕ-ਦੋ ਵਾਰ ਅਕੈਡਮੀ ਦਾ ਪ੍ਰਿੰਸੀਪਲ, ਜੋ ਅੱਜ ਕੱਲ੍ਹ ਏ ਡੀ ਜੀ ਰੈਂਕ ਦਾ ਅਫਸਰ ਹੁੰਦਾ ਹੈ, ਦਰਬਾਰ ਲਾਉਂਦਾ ਹੈ। ਉਸ ਵਿੱਚ ਰੰਗਰੂਟਾਂ ਕੋਲੋਂ ਦੁੱਖ-ਤਕਲੀਫਾਂ ਬਾਰੇ ਪੁੱਛਿਆ ਜਾਂਦਾ ਹੈ। ਆਮ ਤੌਰ ਉੱਤੇ ਇਸ ਦਰਬਾਰ ਵਿੱਚ ਕੋਈ ਰੰਗਰੂਟ ਡਰਦਾ ਮਾਰਾ ਉਸਤਾਦਾਂ ਜਾਂ ਕਿਸੇ ਹੋਰ ਚੀਜ਼ ਜਿਵੇਂ ਖਾਣੇ ਆਦਿ ਦੀ ਸ਼ਿਕਾਇਤ ਕਰਨ ਦੀ ਜੁਰਅਤ ਨਹੀਂ ਕਰਦਾ, ਕਿਉਂਕਿ ਬਾਅਦ ਵਿੱਚ ਉਸੇ ਨੂੰ ਰਗੜਾ ਲੱਗਦਾ ਹੈ।
ਇੱਕ ਵਾਰ ਦੇ ਦਰਬਾਰ ਵਿੱਚ ਸਾਡੀ ਪਲਟੂਨ ਦੇ ਇੱਕ ਸਿਰਫਿਰੇ ਰੰਗਰੂਟ ਨੇ ਸ਼ਿਕਾਇਤ ਕਰ ਦਿੱਤੀ ਕਿ ਸਾਡੇ ਮੰਜਿਆਂ ਵਿੱਚ ਬਹੁਤ ਮਾਂਗਣੂ (ਖਟਮਲ) ਹਨ, ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ। ਫਿਲੌਰ ਦੇ ਮੰਜਿਆਂ ਵਿੱਚ ਵਾਕਿਆ ਹੀ ਬਹੁਤ ਖਟਮਲ ਹੁੰਦੇ ਸਨ, ਜੋ ਕਈ ਸਾਲਾਂ ਤੋਂ ਪੁਲਸ ਦਾ ਖੂਨ ਪੀ-ਪੀ ਕੇ ਮੋਟੇ ਮੁਸ਼ਟੰਡੇ ਬਣੇ ਹੋਏ ਹਨ। ਅਸੀਂ ਗਰਮੀਆਂ ਵਿੱਚ ਮੰਜੇ-ਬਿਸਤਰੇ ਧੁੱਪੇ ਰੱਖ ਰੱਖ ਕੇ ਅਤੇ ਟਿੱਕ-ਟਵੰਟੀ ਨਾਮਕ ਦਵਾਈ ਛਿੜਕ ਕੇ ਦੁਖੀ ਹੋ ਗਏ, ਪਰ ਖਟਮਲ ਹੋਰ ਸਿਹਤਮੰਦ ਹੋ ਗਏ। ਮੇਰੇ ਸਮੇਤ ਕਈ ਰੰਗਰੂਟ ਇਸ ਡਰੋਂ ਟਰੇਨਿੰਗ ਖਤਮ ਹੋਣ ਤੋਂ ਬਾਅਦ ਆਪਣੇ ਬਿਸਤਰੇ ਵੀ ਉਥੇ ਛੱਡ ਆਏ ਕਿ ਕਿਤੇ ਇਹ ਸਰਕਾਰੀ ਖਟਮਲ ਘਰ ਨਾ ਪਹੁੰਚ ਜਾਣ। ਇਹ ਸ਼ਿਕਾਇਤ ਸੁਣ ਕੇ ਪ੍ਰਿੰਸੀਪਲ ਮੁਸ਼ਕਣੀਆਂ ਵਿੱਚ ਹੱਸਿਆ ਅਤੇ ਉਸ ਨੇ ਉਥੇ ਹਾਜ਼ਰ ਉਸਤਾਦ ਅੱਗੇ ਬੁਲਾ ਲਏ। ਉਸ ਨੇ ਉਨ੍ਹਾਂ ਦੀ ਟਿਕਾ ਕੇ ਬੇਇੱਜ਼ਤੀ ਕੀਤੀ ਅਤੇ ਲਲਕਾਰ ਕੇ ਕਿਹਾ ਕਿ ਤੁਸੀਂ ਕਾਹਦੇ ਉਸਤਾਦ ਹੋ, ਜੇ ਤੁਹਾਡੇ ਹੁੰਦੇ ਜਵਾਨਾਂ ਨੂੰ ਖਟਮਲ ਹੀ ਲੜਦੇ ਰਹੇ। ਬੱਸ! ਬੇਇੱਜ਼ਤੀ ਤੋਂ ਸੜੇ ਬਲੇ ਉਸਤਾਦ ਉਸਦੇ ਗੁੱਝੇ ਇਸ਼ਾਰੇ ਨੂੰ ਸਮਝ ਕੇ ਹੱਥ ਧੋ ਕੇ ਰੰਗਰੂਟਾਂ ਮਗਰ ਪੈ ਗਏ। ਉਨ੍ਹਾਂ ਨੇ ਪੀ ਟੀ ਪਰੇਡ ਕਰਵਾ ਕੇ ਸਾਡੀ ਬੱਸ ਕਰਵਾ ਦਿੱਤੀ। ਸਾਰਾ ਦਿਨ ਗਰਮੀ ਵਿੱਚ ਮਿੱਟੀ ਨਾਲ ਮਿੱਟੀ ਹੋਏ ਅਸੀਂ ਉਸ ਕਮੀਨੇ ਰੰਗਰੂਟ ਨੂੰ ਗਾਲ੍ਹਾਂ ਕੱਢਦੇ ਰਹਿੰਦੇ, ਜਿਸ ਨੇ ਸ਼ਿਕਾਇਤ ਕੀਤੀ ਸੀ। ਸ਼ਾਮ ਤੱਕ ਉਸਤਾਦ ਸਾਡਾ ਥਕਾਵਟ ਨਾਲ ਉਹ ਹਾਲ ਕਰ ਦਿੰਦੇ ਕਿ ਰਾਤ ਨੂੰ ਸੁੱਤੇ ਪਿਆਂ ਨੂੰ ਖਟਮਲ ਛੱਡ ਕੇ ਚਾਹੇ ਸੱਪ ਲੜ ਜਾਂਦਾ, ਸਾਨੂੰ ਪਤਾ ਨਹੀਂ ਸੀ ਲੱਗਦਾ। ਸਵੇਰੇ ਕਿਤੇ ਪੀ ਟੀ ਦੇ ਟਾਈਮ ਜਾ ਕੇ ਬਹੁਤ ਮੁਸ਼ਕਲ ਨਾਲ ਅੱਖ ਖੁੱਲ੍ਹਦੀ।
ਕੁਝ ਦਿਨਾਂ ਬਾਅਦ ਪ੍ਰਿੰਸੀਪਲ ਨੇ ਫਿਰ ਦਰਬਾਰ ਖੁੱਲ੍ਹਵਾਇਆ। ਉਸ ਨੇ ਪਹਿਲਾ ਸਵਾਲ ਹੀ ਇਹ ਪੁੱਛਿਆ, ‘‘ਹਾਂ ਬਈ! ਕਿਸੇ ਨੂੰ ਖਟਮਲ ਤਾਂ ਨਹੀਂ ਲੜਦੇ ਰਾਤ ਨੂੰ?” ਸਾਰੇ ਰੰਗਰੂਟ ਇੱਕ ਆਵਾਜ਼ ਵਿੱਚ ਚੀਕੇ, ‘‘ਨਹੀਂ ਜੀ! ਬਿਲਕੁਲ ਠੀਕ ਹੈ। ਖਟਮਲ ਬਿਲਕੁਲ ਖਤਮ ਹੋ ਚੁੱਕੇ ਹਨ।”

Have something to say? Post your comment