Welcome to Canadian Punjabi Post
Follow us on

26

February 2020
ਨਜਰਰੀਆ

ਮਰਦਾਂ ਦੇ ‘ਮਨੁੱਖੀ ਅਧਿਕਾਰ' ਦੀ ਗੱਲ ਕਿਉਂ ਨਹੀਂ ਹੁੰਦੀ

May 14, 2019 09:11 AM

-ਕਸ਼ਮਾ ਸ਼ਰਮਾ
ਪਿੱਛੇ ਜਿਹੇ ਫਿਲਮ ਅਭਿਨੇਤਰੀ ਤੇ ਕਾਲਮ ਨਵੀਸ ਪੂਜਾ ਬੇਦੀ ਨੇ ਇਕ ਮਸ਼ਹੂਰ ਅੰਗਰੇਜ਼ੀ ਅਖਬਾਰ 'ਚ ਲਿਖਿਆ ਕਿ ਅੱਜ ਸਮਾਂ ਆ ਗਿਆ ਹੈ ਕਿ ਮਰਦਾਂ ਦੇ ਵੀ ਮਨੁੱਖੀ ਅਧਿਕਾਰ ਦੀ ਗੱਲ ਕੀਤੀ ਜਾਵੇ, ਕਿਉਂਕਿ ਔਰਤਾਂ ਬਾਰੇ ਕਾਨੂੰਨ ਇਕ-ਪੱਖੀ ਹਨ, ਜੋ ਵੱਡੀ ਗਿਣਤੀ 'ਚ ਬੇਕਸੂਰ ਮਰਦਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਵੀ ਕਿਸੇ ਮਰਦ 'ਤੇ ਕੋਈ ਦੋਸ਼ ਲੱਗਦਾ ਹੈ ਤਾਂ ਮੀਡੀਆ 'ਚ ਉਸ ਦੀ ਫੋਟੋ ਲਗਾਤਾਰ ਦਿਖਾਈ ਜਾਂਦੀ ਹੈ, ਬਦਨਾਮੀ ਕੀਤੀ ਜਾਂਦੀ ਹੈ, ਕਈ ਵਾਰ ਉਸ ਦੀ ਨੌਕਰੀ ਵੀ ਖੁੱਸ ਜਾਂਦੀ ਹੈ। ਇਸ ਨਾਲ ਸੋਚੋ ਕਿ ਉਸ ਦੇ ਪਰਵਾਰ 'ਤੇ ਕੀ ਬੀਤਦੀ ਹੈ? ਸਮਾਜ 'ਚ ਬਿਨਾਂ ਕੋਈ ਦੋਸ਼ ਸਿੱਧ ਹੋਇਆਂ ਉਸ ਮਰਦ ਨੂੰ ਅਪਰਾਧੀ ਬਣਾ ਦਿੱਤਾ ਜਾਂਦਾ ਹੈ ਅਤੇ ਇਹ ਦਾਗ ਕਦੇ ਨਹੀਂ ਮਿਟਦਾ।
ਪੂਜਾ ਨੇ ਕਿਹਾ ਕਿ ਉਹ ਹਮੇਸ਼ਾ ਔਰਤਾਂ ਦੇ ਹਿੱਤਾਂ ਦੀ ਸਮਰਥਕ ਰਹੀ ਹੈ, ਪਰ ਔਰਤਾਂ ਦੇ ਨਾਂ 'ਤੇ ਅਜਿਹੇ ਕਾਨੂੰਨ ਬਣਾ ਦਿੱਤੇ ਗਏ ਕਿ ਮਰਦਾਂ ਨੂੰ ਆਪਣੀ ਗੱਲ ਵੀ ਕਹਿਣ ਦਾ ਹੱਕ ਨਹੀਂ। ਅਜਿਹੇ ਕਾਨੂੰਨ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਲਈ ‘ਮੈਨ ਟੂ ਮੂਵਮੈਂਟ' ਸ਼ੁਰੂ ਹੋਣੀ ਚਾਹੀਦੀ ਹੈ। ਉਸ ਨੇ ਇਹ ਵੀ ਕਿਹਾ ਕਿ ਜੋ ਔਰਤਾਂ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਰਦੀਆਂ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਅੰਦਰ ਵੀ ਡਰ ਪੈਦਾ ਹੋਵੇ।
ਉਸ ਦੀਆਂ ਗੱਲਾਂ 'ਚ ਦਮ ਹੈ। ਇੱਕ ਅਰਸੇ ਤੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਮਰਦਾਂ 'ਤੇ ਦਿਨ ਰਾਤ ਉਨ੍ਹਾਂ ਕਾਨੂੰਨਾਂ ਦੀ ਤਲਵਾਰ ਲਟਕਦੀ ਰਹਿੰਦੀ ਹੈ, ਜੋ ਔਰਤਾਂ ਨੂੰ ਇਨਸਾਫ ਦੇਣ ਦੇ ਨਾਂ 'ਤੇ ਬਣਾਏ ਹਨ, ਪਰ ਉਹ ਬੇਇਨਸਾਫੀ ਹੁੰਦੀ ਹੈ, ਜਿਵੇਂ ਘਰੇਲੂ ਹਿੰਸਾ ਐਕਟ, ਦਾਜ ਵਿਰੋਧੀ ਕਾਨੂੰਨ, ਬਲਾਤਕਾਰ ਕਾਨੂੰਨ, ਜਿਨਸੀ ਸ਼ੋਸ਼ਣ ਕਾਨੂੰਨ। ਅਜਿਹੇ ਕੇਸ ਇਨ੍ਹੀਂ ਦਿਨੀਂ ਵੱਡੀ ਗਿਣਤੀ 'ਚ ਸਾਹਮਣੇ ਆਏ ਹਨ, ਜਿਥੇ ਔਰਤਾਂ ਕਿਸੇ ਹੋਰ ਗੱਲ ਦਾ ਬਦਲਾ ਲੈਣ ਲਈ ਇਨ੍ਹਾਂ ਕਾਨੂੰਨਾਂ ਦੀ ਵਰਤੋਂ ਕਰਦੀਆਂ ਹਨ, ਜਿਵੇਂ ਜੇ ਕਿਸੇ ਮਹਿਲਾ ਮੁਲਾਜ਼ਮ ਦਾ ਕੰਮ ਚੰਗਾ ਨਹੀਂ ਹੈ ਤੇ ਬੌਸ ਨੇ ਉਸ ਨੂੰ ਟੋਕ ਦਿੱਤਾ ਜਾਂ ਉਸ ਨੂੰ ਚੰਗੀ ਇਨਕ੍ਰੀਮੈਂਟ ਨਾ ਦਿੱਤੀ ਜਾਂ ਉਸ ਨੂੰ ਜਾਣ ਲਈ ਕਿਹਾ ਤਾਂ ਅਜਿਹੀਆਂ ਔਰਤਾਂ ਅਕਸਰ ਜਿਨਸੀ ਸ਼ੋਸ਼ਣ ਕਾਨੂੰਨ ਦਾ ਸਹਾਰਾ ਲੈਂਦੀਆਂ ਹਨ। ਫਿਰ ਕੀ, ਇਕ ਵਾਰ ਦੋਸ਼ ਲੱਗਾ ਤਾਂ ਬੌਸ ਦੀ ਸ਼ਾਮਤ ਆ ਜਾਂਦੀ ਹੈ ਤੇ ਕੰਪਨੀ ਉਸ ਤੋਂ ਛੇਤੀ ਪਿੱਛ ਛੁਡਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਲਿਵ ਇਨ ਰਿਲੇਸ਼ਨ 'ਚ ਰਹੇ, ਗੱਲ ਨਹੀਂ ਬਣੀ, ਦੋਵੇਂ ਆਪੋ ਆਪਣੇ ਰਾਹ ਜਾਣ ਲੱਗੇ। ਲੜਕੀ ਨੂੰ ਲੱਗਾ ਕਿ ਲੜਕੇ ਨੂੰ ਸਬਕ ਸਿਖਾਉਣਾ ਹੈ ਤਾਂ ਬਲਾਤਕਾਰ ਦਾ ਦੋਸ਼ ਲਾਉਣਾ ਇਨ੍ਹੀਂ ਦਿਨੀਂ ਆਮ ਗੱਲ ਹੋ ਗਈ ਹੈ। ਬਲਾਤਕਾਰ ਵਰਗੇ ਗੰਭੀਰ ਦੋਸ਼ ਦਾ ਅਜਿਹਾ ਸਰਲੀਕਰਨ ਚਿੰਤਾਜਨਕ ਹੈ।
ਅਦਾਲਤਾਂ ਕਈ ਵਾਰ ਔਰਤਾਂ ਨੂੰ ਇਸ ਬਾਰੇ ਚਿਤਾਵਨੀ ਦੇ ਚੁੱਕੀਆਂ ਹਨ। ਇਹੋ ਵਜ੍ਹਾ ਹੈ ਕਿ ਕਈ ਕੰਪਨੀਆਂ ਔਰਤਾਂ ਨੂੰ ਨੌਕਰੀ ਨਹੀਂ ਦੇਣਾ ਚਾਹੁੰਦੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕੇਸਾਂ ਕਾਰਨ ਉਨ੍ਹਾਂ ਦੀ ਕੰਪਨੀ ਦੀ ਬੇਵਜ੍ਹਾ ਬਦਨਾਮੀ ਹੁੰਦੀ ਹੈ। ਜ਼ਿਆਦਾਤਰ ਕੇਸਾਂ 'ਚ ਦੋਸ਼ ਸਿੱਧ ਨਹੀਂ ਹੁੰਦਾ ਪਰ ਕੰਪਨੀ ਦੀ ਰੇਟਿੰਗ ਡਿਗ ਜਾਂਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਕਈ ਜੱਜਾਂ ਨੇ ਵੀ ਆਪਣੇ ਲਈ ਮਰਦ ਸਟਾਫ ਦੀ ਮੰਗ ਕੀਤੀ ਸੀ।
ਇਹੋ ਹਾਲ ਦਾਜ ਵਿਰੋਧੀ ਧਾਰਾ-498ਏ ਦਾ ਹੈ। ਔਰਤ ਆਪਣੇ ਪਤੀ ਨੂੰ ਪਸੰਦ ਨਹੀਂ ਕਰਦੀ ਜਾਂ ਕਿਸੇ ਹੋਰ ਨਾਲ ਅਫੇਅਰ ਹੈ ਜਾਂ ਉਹ ਪਤੀ ਦੇ ਪਰਵਾਰ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਬੜੀ ਆਸਾਨੀ ਨਾਲ ਦਾਜ ਲਈ ਤੰਗ ਕਰਨ ਦਾ ਕੇਸ ਦਰਜ ਕਰ ਦਿੰਦੀ ਹੈ। ਪੁਲਸ ਵੱਲੋਂ ਸਿਰਫ ਪਤੀ ਹੀ ਨਹੀਂ, ਉਸ ਦੇ ਰਿਸ਼ਤੇਦਾਰਾਂ ਨੂੰ ਵੀ ਬਿਨਾਂ ਜਾਂਚ ਦੇ ਫੜ ਲਿਆ ਜਾਂਦਾ ਹੈ। ਬਹੁਤ ਸਾਰੇ ਕੇਸਾਂ 'ਚ ਅਜਿਹਾ ਵੀ ਹੋਇਆ ਹੈ ਕਿ ਪਤੀ ਦੇ ਵਿਦੇਸ਼ 'ਚ ਰਹਿਣ ਵਾਲੇ ਰਿਸ਼ਤੇਦਾਰਾਂ ਤੱਕ ਦੇ ਨਾਂ ਰਿਪੋਰਟ 'ਚ ਲਿਖਵਾਏ ਗਏ। ਪੂਜਾ ਬੇਦੀ ਨੇ ਇਹ ਵੀ ਕਿਹਾ ਕਿ ਕਈ ਕੇਸਾਂ 'ਚ ਪੁਲਸ ਨੂੰ ਪਤਾ ਹੁੰਦਾ ਹੈ ਕਿ ਔਰਤ ਝੂਠ ਬੋਲ ਰਹੀ ਹੈ, ਪਰ ਕਾਨੂੰਨ ਅਜਿਹਾ ਹੈ ਕਿ ਔਰਤ ਦੇ ਕਹਿਣ 'ਤੇ ਉਸ ਨੂੰ ਸ਼ਿਕਾਇਤ ਲਿਖਣੀ ਪੈਂਦੀ ਹੈ। ਬਲਾਤਕਾਰ ਦੇ ਮਾਮਲਿਆਂ 'ਚ ਔਰਤਾਂ ਅਕਸਰ ਦੋ ਗੱਲਾਂ ਕਹਿੰਦੀਆਂ ਹਨ ਇਕ, ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਅਤੇ ਦੂਜੀ, ਕਿਸੇ ਡ੍ਰਿੰਕ 'ਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਪਿਲਾਉਣਾ।
ਦਿਲਚਸਪ ਗੱਲ ਇਹ ਹੈ ਕਿ ਅਜਿਹੇ ਦੋਸ਼ ਬਹੁਤ ਸਾਰੀਆਂ ਉਹ ਔਰਤਾਂ ਲਾ ਰਹੀਆਂ ਹਨ, ਜੋ ਪੜ੍ਹੀਆਂ ਲਿਖੀਆਂ ਅਤੇ ਖੁਦ ਨੂੰ ਐਂਪਾਵਰਡ ਕਹਿੰਦੀਆਂ ਹਨ। ਉਹ ਮਾਸੂਮ ਬੱਚੀਆਂ ਨਹੀਂ ਕਿ ਇਨ੍ਹਾਂ ਗੰਭੀਰ ਜੁਰਮਾਂ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਜਿਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ। ਦੋਵਾਂ ਤਰ੍ਹਾਂ ਦੀਆਂ ਘਟਨਾਵਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਇਕ ਪਾਸੇ ਦਰਿੰਦਿਆਂ ਦਾ ਸ਼ਿਕਾਰ ਬੱਚੀਆਂ ਹੋ ਰਹੀਆਂ ਤਾਂ ਦੂਜੇ ਪਾਸੇ ਬਹੁਤੀਆਂ ਉਹ ਔਰਤਾਂ, ਜੋ ਹਰ ਤਰ੍ਹਾਂ ਦੀ ਆਜ਼ਾਦੀ ਚਾਹੁੰਦੀਆਂ ਹਨ ਅਤੇ ਗੱਲ ਨਾ ਬਣਨ 'ਤੇ ਕਾਨੂੰਨ ਨੂੰ ਆਪਣੇ ਵੱਲ ਮੋੜਨ 'ਚ ਮਾਹਰ ਹਨ। ਇਕ ਪਾਸੇ ਤਾਂ ਔਰਤਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਕਿਸੇ ਤੋਂ ਕਮਜ਼ੋਰ ਨਾ ਮੰਨਣ 'ਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਜਦੋਂ ਕੋਈ ਔਰਤ ਕਿਸੇ ਮਰਦ 'ਤੇ ਜ਼ਬਰਦਸਤੀ ਦਾ ਦੋਸ਼ ਲਾਉਂਦੀ ਹੈ ਤਾਂ ਉਸ ਨੂੰ ਬੇਚਾਰੀ ਕਿਹਾ ਜਾਂਦਾ ਹੈ। ਉਸ ਨੂੰ ਸੱਚ ਦੀ ਦੇਵੀ ਸਿੱਧ ਕੀਤਾ ਜਾਂਦਾ ਹੈ ਕਿ ਔਰਤਾਂ ਕਦੇ ਅਜਿਹੇ ਝੂਠੇ ਦੋਸ਼ ਲਾ ਨਹੀਂ ਸਕਦੀਆਂ? ਪੁਲਸ ਨੂੰ ਹੀ ਪੁੱਛ ਲਏ ਕਿ ਅੁਿਜਹੇ ਕਿੰਨੇ ਝੂਠੇ ਕੇਸ ਹੁੰਦੇ ਹਨ। ਜਿਵੇਂ ਅਸੀਂ ਪਿਛਲੇ ਦਿਨੀਂ ‘ਮੀ ਟੂ' ਮੁਹਿੰਮ ਦੌਰਾਨ ਵੀ ਦੇਖਿਆ ਕਿ ਜਿਸ ਮਰਦ 'ਤੇ ਸਿਰਫ ਦੋਸ਼ ਲੱਗਾ, ਉਸ ਨੂੰ ਨੌਕਰੀ ਤੋਂ ਹਟਾਏ ਜਾਣ ਦੀ ਮੰਗ ਕੀਤੀ ਗਈ ਅਤੇ ਬਹੁਤੇ ਮਾਮਲਿਆਂ 'ਚ ਹਟਾ ਵੀ ਦਿੱਤਾ ਗਿਆ।
ਪੂਜਾ ਬੇਦੀ ਨੇ ਸਹੀ ਕਿਹਾ ਹੈ ਕਿ ਕਾਨੂੰਨ ਨੂੰ ਸਭ ਨੂੰ ਇਨਸਾਫ ਦੇਣਾ ਚਾਹੀਦਾ ਹੈ। ਉਹ ਕਿਸੇ ਇਕ ਪਾਸੇ ਇੰਨਾ ਨਹੀਂ ਝੁਕਿਆ ਚਾਹੀਦਾ ਕਿ ਬੇਕਸੂਰ ਨੂੰ ਸਤਾਉਣ ਦਾ ਸਭ ਤੋਂ ਵੱਡਾ ਹਥਿਆਰ ਬਣ ਜਾਵੇ। ਔਰਤ ਮਰਦ ਦੇ ਮਾਮਲੇ 'ਚ ਕਾਨੂੰਨ ਨਿਰਪੱਖ ਹੋਣਾ ਚਾਹੀਦਾ ਹੈ ਤਾਂ ਕਿ ਅਪਰਾਧੀ ਨੂੰ ਸਜ਼ਾ ਮਿਲੇ। ਪਿਛਲੇ ਦਿਨੀਂ ਬਹੁਤ ਸਾਰੇ ਅਜਿਹੇ ਗਰੋਹ ਵੀ ਫੜੇ ਗਏ ਹਨ, ਜੋ ਮਹਿਲਾ ਕਾਨੂੰਨਾਂ ਦਾ ਇਸਤੇਮਾਲ ਬਲੈਕਮੇਲਿੰਗ ਤੇ ਲੱਖਾਂ ਰੁਪਏ ਦੀ ਵਸੂਲੀ ਕਰ ਰਹੇ ਸਨ।

Have something to say? Post your comment