Welcome to Canadian Punjabi Post
Follow us on

18

January 2021
ਨਜਰਰੀਆ

ਰਸੋਈ ਯੁੱਧ ਦੀ ਜਿੱਤ ਹਾਰ

October 04, 2018 08:48 AM

-ਹਰਦੀਪ ਸਿੰਘ ਜਟਾਣਾ
ਸਕੂਲ ਦੀਆਂ ਵਿਦਿਆਰਥਣਾਂ ਦਾ ਵਿੱਦਿਅਕ ਟੂਰ ਲੈ ਕੇ ਜਾਣ ਕਰਕੇ ‘ਰਸੋਈ ਦੀ ਮਾਲਕਣ' ਦੀ ਪੂਰੇ ਪੰਜ ਦਿਨ ਰਸੋਈ 'ਚੋਂ ਗੈਰ ਹਾਜ਼ਰੀ ਰਹੀ। ਮੈਂ ਤੇ ਮੇਰੇ ਪੁੱਤਰ ਨੇ ਇਕ ਦਿਨ ਤਾਂ ਹੋਟਲ ਤੋਂ ਲਿਆ ਕੇ ਰੋਟੀ ਛਕੀ, ਪਰ ਦੂਸਰੇ ਦਿਨ ਘਰ ਦੀ ਰੋਟੀ ਖਾਣ ਨੂੰ ਜੀਅ ਕਰ ਆਇਆ। ਆਹਰ ਵਜੋਂ ਖਾਣ ਪੀਣ ਦਾ ਸਾਰਾ ਸਮਾਨ ਬਣਾਉਣ ਦੀ ਡਿਊਟੀ ਮੈਂ ਸੰਭਾਲ ਲਈ। ਪਹਿਲੀ ਨਜ਼ਰੇ ਲੱਗਿਆ, ਆਹ ਦਾਲ ਸਬਜ਼ੀ ਤੇ ਰੋਟੀ ਵਾਲਾ ਕੰਮ ਖੱਬੇ ਹੱਥ ਦਾ ਹੈ। ਚਾਕੂ, ਕੌਲੀਆਂ ਤੇ ਹੋਰ ਭਾਂਡੇ ਟੀਂਡੇ ਇਕੱਠੇ ਕਰਦਿਆਂ ਸੋਚ ਰਿਹਾ ਸੀ ਕਿ ਨਿੱਕਾ ਜਿਹਾ ਕੰਮ ਕਰਕੇ ਪਤਨੀ ਐਵੇਂ ਰੋਜ਼ ਥਕੇਵੇਂ ਦੀ ਗੱਲ ਕਹਿ ਕੇ ਫੁੰਕਾਰੇ ਮਾਰਦੀ ਰਹਿੰਦੀ ਹੈ। ਲੋੜ ਅਨੁਸਾਰ ਆਲੂ, ਗੰਢੇ, ਲਸਣ ਆਦਿ ਟੋਕਰੀਆਂ 'ਚੋਂ ਚੁੱਕਦਿਆਂ ਲੱਗ ਰਿਹਾ ਸੀ, ਭਲਾ ਆਹ ਵੀ ਕੋਈ ਕੰਮ ਨੇ, ਚਾਰ ਕੱਟ ਇੱਧਰ ਮਾਰੇ, ਚਾਰ ਉਧਰ ਤੇ ਸਮਾਨ ਤਿਆਰ।
ਸਭ ਤੋਂ ਪਹਿਲਾਂ ਮੱਥਾ ਗੰਢੇ ਨਾਲ ਲੱਗ ਗਿਆ। ਅਜੇ ਦੋ ਕੁ ਕੱਟ ਮਾਰੇ ਸਨ ਕਿ ਅੱਖਾਂ ਵਰਸਣ ਲੱਗ ਪਈਆਂ। ਗੰਢੇ ਦੀ ਕੁੜੱਤਣ ਕਾਰਨ ਮੇਰੀਆਂ ਅੱਖਾਂ ਵਿੱਚ ਦਰਲ-ਦਰਲ ਨਿਕਲ ਰਹੇ ਹੰਝੂ ਇੰਝ ਲੱਗਦੇ ਸਨ, ਜਿਵੇਂ ਦੁਨੀਆ ਦਾ ਸਭ ਤੋਂ ਜ਼ਿਆਦਾ ਰੋਣ ਧੋਣ ਵਾਲਾ ਬੰਦਾ ਮੈਂ ਹੀ ਹੋਵਾਂ। ਫਿਰ ਪੋਲੇ ਜਿਹੇ ਸਮਝ ਕੇ ਟਮਾਟਰਾਂ ਉੱਤੇ ਦੀ ਅਜ਼ਮਾਈ ਕੀਤੀ, ਪਰ ਉਹ ਗੱਲ ਨਾ ਬਣੀ। ਲਸਣ ਦੀਆਂ ਅੜਬ ਗੰਢੀਆਂ ਨੇ ਛਿੱਲਣ ਵਕਤ ਮੇਰੇ ਨਹੁੰ ਮੱਚਣ ਲਾ ਦਿੱਤੇ। ਫਿਰ ਮਸਾਲੇ ਦਾ ਸਮਾਨ ਹੋਰ ਸਵਾਦੀ ਬਣਾਉਣ ਲਈ ਚਾਰ ਪੰਜ ਹਰੀਆਂ ਮਿਰਚਾਂ ਚੀਰ ਲਈਆਂ। ਇੰਨੇ ਨੂੰ ਫੋਨ ਦੀ ਘੰਟੀ ਵੱਜ ਗਈ। ਫੋਨ ਸੁਣਦਿਆਂ ਅਚਾਨਕ ਖੱਬਾ ਹੱਥ ਅੱਖਾਂ ਨੂੰ ਲੱਗ ਗਿਆ। ਫਿਰ ਕੀ ਸੀ, ਅੱਖਾਂ ਮੱਚਣ ਕਰਕੇ ਫੋਨ ਅੱਧ ਵਾਟੇ ਕੱਟਣਾ ਪਿਆ। ਮਿਰਚਾਂ ਦਾ ਅਸਰ ਘੱਟ ਕਰਨ ਲਈ ਅੱਖਾਂ ਦੁਆਲੇ ਦੇਸੀ ਘਿਓ ਮਲਿਆ। ਫਿਰ ਜਦੋਂ ਸਾਰੇ ਮਸਾਲੇ ਭੁੰਨ ਕੇ ਕੁੱਕਰ ਵਿੱਚ ਥੋੜ੍ਹਾ ਪਾਣੀ ਪਾਇਆ ਤਾਂ ਮਸਾਲੇ ਦੀ ਧੁਆਂਸ ਨੇ ਛਿੱਕਾਂ ਅਤੇ ਨਲੀਆਂ ਦੀ ਰੌਣਕ ਲਾ ਦਿੱਤੀ।
ਕਾਫੀ ਜਦੋ ਜਹਿਦ ਬਾਅਦ ਸਬਜ਼ੀ ਬਣਾਉਣ ਵਿੱਚ ਸਫਲ ਹੋ ਗਿਆ ਤਾਂ ਆਟਾ ਗੁੰਨ੍ਹਣ ਦੀ ਵਾਰੀ ਆ ਗਈ। ਆਟੇ ਵਾਲੀ ਟੈਂਕੀ 'ਚੋਂ ਆਟਾ ਛਾਨਣ ਤੱਕ ਸਭ ਠੀਕ ਠਾਕ ਰਿਹਾ। ਛਾਨਣੀ 'ਚੋਂ ਪਲ-ਪਲ ਕਰ ਰਿਹਾ ਆਟਾ ਸੋਹਣਾ ਦਿ੍ਰਸ਼ ਪੇਸ਼ ਕਰ ਰਿਹਾ ਸੀ, ਪਰ ਜਦੋਂ ਪਾਣੀ ਪਾਉਣ ਲੱਗਾ ਤਾਂ ਆਟਾ ਪਰਾਤ 'ਚ ਇਵੇਂ ਫਿਰੇ, ਜਿਵੇਂ ਤਲਾਅ 'ਚ ਮੱਛੀਆਂ। ਅਸਲ 'ਚ ਮੈਥੋਂ ਪਾਣੀ ਵਾਲਾ ਜੱਗ ਪਰਾਤ 'ਚ ਕੁਝ ਜ਼ਿਆਦਾ ਟੇਢਾ ਹੋ ਗਿਆ ਸੀ। ਪਰਾਤ ਦੀ ਹਾਲਤ ਸੁਧਰਦੀ ਨਾ ਵੇਖ ਉਹ ਆਟਾ ਪੰਛੀਆਂ ਨੂੰ ਦਾਨ ਪੁੰਨ ਕਰ ਕੇ ਪਰਾਤ ਵਿਹਲੀ ਕੀਤੀ। ਜਦੋਂ ਪੇੜੇ ਬਣਾਉਣ ਤੱਕ ਪੁੱਜ ਗਿਆ ਤਾਂ ਵੇਲਣ ਦੀ ਸਮੱਸਿਆ ਆਣ ਖੜੀ ਹੋਈ। ਵੇਲਣੇ 'ਤੇ ਜ਼ਿਆਦਾ ਦਬਾਅ ਪਾ ਬੈਠਾ ਤਾਂ ਪੇੜੇ ਨੇ ਚਕਲੇ ਨੂੰ ਜੱਫੀ ਮਾਰ ਲਈ। ਰੇਲ ਗੱਡੀ ਦੀ ਲਾਇਨ 'ਤੇ ਰੱਖੀ ਦਸੀ (ਦਸ ਪੈਸੇ) ਵਾਂਗ ਹੋਈ ਰੋਟੀ ਮੈਂ ਚਾਕੂ ਨਾਲ ਖੁਰਚ ਕੇ ਉਤਾਰੀ।
ਦੂਸਰੇ ਓਵਰ 'ਚ ਕੁਝ ਸਫਲਤਾ ਮਿਲੀ ਤਾਂ ਰੋਟੀ ਦਾ ਤਵੇ ਨਾਲ ਰੌਲਾ ਹੋ ਗਿਆ। ਆਪਸੀ ਲੜਾਈ 'ਚ ਰੋਟੀ ਹੇਠੋਂ ਤਵੇ ਨੇ ਧੂੰਏਂ ਵਾਲਾ ਇੰਜਣ ਚਲਾ ਦਿੱਤਾ। ਕਾਹਲੀ ਨਾਲ ਖਾਲੀ ਹੱਥ ਹੀ ਤਵੇ ਤੋਂ ਰੋਟੀ ਚੁੱਕਣੀ ਚਾਹੀ ਤਾਂ ਕਾਲੇ ਤਵੇ ਦਾ ਗੁੱਸਾ ਉਂਗਲਾਂ ਦੇ ਪੋਟੇ ਲਾਲ ਕਰ ਗਿਆ। ਕੱਚੀਆਂ ਪਿੱਲੀਆਂ ਰੋਟੀਆਂ ਪਿੱਛੋਂ ਜਦੋਂ ਦੁੱਧ ਉਬਾਲਣ ਦੀ ਤਿਆਰੀ ਕੀਤੀ ਤਾਂ ਕਿੰਨਾ ਸਮਾਂ ਦੁੱਧ ਵਾਲੇ ਟੋਪੀਏ ਨੇ ਟੱਸ ਤੋਂ ਮੱਸ ਨਾ ਕੀਤੀ। ਮੈਂ ਥੋੜ੍ਹਾ ਸਹਿਜ ਹੋ ਗਿਆ। ਇਸੇ ਦੌਰਾਨ ਫੋਨ ਦੀ ਘੰਟੀ ਵੱਜ ਗਈ। ਗੱਲਾਂ-ਗੱਲਾਂ ਵਿੱਚ ਰਸੋਈ ਤੋਂ ਬਾਹਰ ਚਲਾ ਗਿਆ ਅਤੇ ਭੁੱਲ ਗਿਆ ਕਿ ਗੈਸ 'ਤੇ ਦੁੱਧ ਉਬਾਲਣਾ ਰੱਖਿਆ ਹੈ। ਥੋੜ੍ਹੇ ਸਮੇਂ ਬਾਅਦ ਯਾਦ ਆਇਆ ਤਾਂ ਰਸੋਈ ਦੀ ਸੈਲਫ ਦਾ ਕਾਫੀ ਹਿੱਸਾ ਦੁੱਧ ਨਾਲ ਇਸ਼ਨਾਨ ਕਰ ਚੁੱਕਾ ਸੀ।
ਖੈਰ! ਆਪ ਬਣਾਏ ਭੋਜਨ ਦਾ ਆਨੰਦ ਤਾਂ ਆਇਆ, ਪਰ ਜਦੋਂ ਖਾਲੀ ਭਾਂਡੇ ਰੱਖਣ ਸਿੰਕ ਕੋਲ ਗਿਆ ਤਾਂ ਵਿੱਚ ਪਈਆਂ ਕੌਲੀਆਂ, ਬਾਟੀਆਂ, ਚਮਚੇ ਤੇ ਕੜਛੀਆਂ ਛੇੜਨ ਵਾਲੇ ਅੰਦਾਜ਼ 'ਚ ਕਹਿੰਦੇ ਜਾਪੇ, ਕਿਵੇਂ, ਥੱਕ ਗਿਆ ਲੱਗਦੈ? ਪਾਸਾ ਜਿਹਾ ਵੱਟ ਕੇ ਮੁੜਨ ਲੱਗਾ ਤਾਂ ਛਾਲ ਮਾਰ ਕੇ ਥਾਲ ਅੱਗੇ ਆ ਗਿਆ। ਕਹਿੰਦਾ, ਉਦੋਂ ਤਾਂ ਬੜੇ ਨਘੋਚ ਕੱਢਦਾ ਹੁੰਨੈ, ਅਖੇ, ਆਹ ਸਾਫ ਨਹੀਂ, ਅਹੁ ਸਾਫ ਨਹੀਂ! ਅੱਜ ਮੈਦਾਨ ਛੱਡ ਕੇ ਭੱਜ ਚੱਲਿਐ। ਥਾਲ ਨੂੰ ਬੋਲਦਾ ਵੇਖ ਚਿੱਬੀ ਜਿਹੀ ਕੌਲੀ 'ਚ ਵੀ ਹਿੰਮਤ ਆ ਗਈ। ਕੁਦਾੜਾ ਜਿਹਾ ਮਾਰ ਕੇ ਆਂਹਦੀ, ਉਦੋਂ ਭੋਰਾ ਲੂਣ ਘੱਟ ਵੱਧ ਬਦਲੇ ਮੈਨੂੰ ਚਲਾ-ਚਲਾ ਮਾਰਦਾ ਹੁੰਨੈ। ਬਹਾਨਾ ਜਿਹਾ ਬਣਾ ਕੇ ਮੈਂ ਪਖਾਨੇ ਵੱਲ ਤੁਰ ਪਿਆ। ਫਿਰ ਠੰਢੇ ਮਨ ਨਾਲ ਸੋਚਿਆ, ਗੱਲ ਤਾਂ ਪਲੇਟਾਂ ਚਮਚਿਆਂ ਦੀ ਸੋਲਾਂ ਆਨੇ ਸੱਚ ਹੈ। ਮੈਂ ਚੁੱਪ ਚੁਪੀਤਾ ਜਿਹਾ ਸੜਕ ਵੱਲ ਚਲਾ ਗਿਆ। ਉਸ ਵਕਤ ਮੇਰੀ ਤੋਰ 'ਚ ਇਸ ਤਰ੍ਹਾਂ ਦੀ ਸੁਸਤੀ ਸੀ, ਜਿਵੇਂ ਮੈਂ ਰਸੋਈ ਵਾਲਾ ਯੁੱਧ ਹਾਰ ਕੇ ਮੁੜ ਰਿਹਾ ਹੋਵਾਂ।

Have something to say? Post your comment