Welcome to Canadian Punjabi Post
Follow us on

31

May 2020
ਨਜਰਰੀਆ

ਹੋਸਟਲ ਦੀਆਂ ਯਾਦਾਂ ਦਾ ਖਜ਼ਾਨਾ

October 04, 2018 08:48 AM

-ਅਮਰਬੀਰ ਸਿੰਘ ਚੀਮਾ
1992 ਵਿੱਚ ਘਰੋਂ ਬਹੁਤ ਦੂਰ ਪੜ੍ਹਨ ਜਾਣ ਕਾਰਨ ਹੋਸਟਲ ਵਿੱਚ ਰਹਿਣ ਦਾ ਮੌਕਾ ਮਿਲਿਆ। ਉਸ ਸਮੇਂ ਪੰਜਾਬ ਵਿੱਚ ਇੰਜੀਨੀਅਰਿੰਗ ਤੇ ਬਹੁ ਤਕਨੀਕੀ ਕਾਲਜਾਂ ਦੀ ਗਿਣਤੀ ਬੜੀ ਘੱਟ ਸੀ। ਇਸ ਕਾਰਨ ਬਹੁ ਗਿਣਤੀ ਪੰਜਾਬੀ ਲੋਕ ਤਕਨੀਕੀ ਪੜ੍ਹਾਈ ਕਰਨ ਲਈ ਦੂਜੇ ਰਾਜਾਂ ਦੇ ਸ਼ਹਿਰਾਂ ਵਿੱਚ ਜਾਂਦੇ ਸਨ। ਇਨ੍ਹਾਂ ਵਿੱਚ ਕਰਨਾਟਕ ਸੂਬੇ ਦਾ ਬਿਦਰ ਸ਼ਹਿਰ ਵੀ ਇਕ ਹੈ। ਹੋਸਟਲ ਵਿੱਚ ਰਹਿ ਕੇ ਪੜ੍ਹਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਕਿਸੇ ਵਿਦਿਆਰਥੀ ਦਾ ਹੋਸਟਲ ਵਿੱਚ ਰਹਿ ਕੇ ਪੜ੍ਹਨਾ ਉਸ ਨੂੰ ਆਤਮ ਨਿਰਭਰ ਬਣਾਉਣ ਵਿੱਚ ਬੜਾ ਸਹਾਈ ਹੁੰਦਾ ਹੈ। ਉਸ ਵੇਲੇ ਰੈਗਿੰਗ ਰੋਕਣ ਲਈ ਇੰਨੀ ਸਖਤੀ ਨਹੀਂ ਸੀ, ਪਰ ਕਾਲਜ ਦੇ ਪ੍ਰਿੰਸੀਪਲ ਰਿਟਾਇਰਡ ਫਲਾਇੰਗ ਲੈਫਟੀਲੈਂਟ ਦਾ ਕਾਲਜ ਵਿੱਚ ਪੂਰਾ ਦਬਦਬਾ ਸੀ। ਸਾਰੇ ਵਿਦਿਆਰਥੀ ਉਨ੍ਹਾਂ ਤੋਂ ਬੜਾ ਡਰਦੇ ਸਨ, ਫਿਰ ਵੀ ਰੈਗਿੰਗ ਨੂੰ ਜਾਣ ਪਛਾਣ ਦਾ ਨਾਂ ਦੇ ਕੇ ਸੀਨੀਅਰ ਵਿਦਿਆਰਥੀ ਨਵੇਂ ਵਿਦਿਆਰਥੀਆਂ ਨੂੰ ਤੰਗ ਕਰਦੇ ਰਹਿੰਦੇ ਸਨ। ਮੈਨੂੰ ਯਾਦ ਹੈ ਕਿ ਰੈਗਿੰਗ-ਨੁਮਾ ਜਾਣ ਪਛਾਣ ਤੋਂ ਅੱਕੇ ਹੋਇਆਂ ਨੇ ਅਸੀਂ ਟਾਇਲਟ ਗਏ ਸੀਨੀਅਰ ਮੁੰਡਿਆਂ ਨੂੰ ਬਾਹਰੋਂ ਕੁੰਡੀਆਂ ਲਾ ਕੇ ਉਪਰੋਂ ਪਾਣੀ ਦੀਆਂ ਬਾਲਟੀਆਂ ਸੁੱਟ ਕੇ ਭਿਉਂ ਦਿੱਤਾ ਸੀ। ਕਦੇ ਰਾਤ ਨੂੰ ਹੋਸਟਲ ਵਾਰਡਨ ਦੇ ਕਮਰੇ ਵਿੱਚ ਪਿਛਲੀ ਬਾਰੀ ਤੋਂ ਪਾਣੀ ਦੀ ਬਾਲਟੀ ਵਾਰਡਨ ਉਤੇ ਸੁੱਟ ਕੇ ਅੰਦਰ ਆ ਕੇ ਪੁੱਛਣਾ ਕਿ ਸਰ! ਆਹ ਤੁਹਾਡੇ 'ਤੇ ਪਾਣੀ ਕੀਹਨੇ ਸੁੱਟਿਆ ਹੈ। ਸਾਰੇ ਰਜਿਸਟਰ ਵੀ ਗਿੱਲੇ ਹੋ ਗਏ ਆਦਿ।
ਉਦੋਂ ਮਨੋਰੰਜਨ ਦੇ ਸਾਧਨ ਸੀਮਿਤ ਜਿਹੇ ਸਨ, ਜਿਵੇਂ ਸਿਨੇਮਾ, ਟੈਲੀਵਿਜ਼ਨ ਜਾਂ ਗੀਤ ਸੁਣਨ ਲਈ ਡੈਕ ਵਗੈਰਾ ਹੀ ਸਨ। ਉਸ ਸਮੇਂ ਮੋਬਾਈਲ ਜਾਂ ਇੰਟਰਨੈਟ ਦਾ ਕਿਸੇ ਨਾ ਨਾਂ ਨਹੀਂ ਸੀ ਸੁਣਿਆ। ਸਾਡੇ ਕਾਲਜ ਦੇ ਹੋਸਟਲ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ਬਣੀ ਹੋਈ ਸੀ। ਚੰਗੀ ਤਰ੍ਹਾਂ ਯਾਦ ਹੈ ਕਿ ਉਦੋਂ ਤੱਕ ਅਖਬਾਰਾਂ ਰੇਲ ਗੱਡੀ ਰਾਹੀਂ ਆਉਂਦੀਆਂ ਸਨ ਤੇ ਅੱਜ ਦੀ ਅਖਬਾਰ ਉਥੇ ਤੀਜੇ ਦਿਨ ਪਹੁੰਚਦੀ ਸੀ। ਤਿੰਨ ਦਿਨ ਪੁਰਾਣੀ ਅਖਬਾਰ ਪੜ੍ਹ ਕੇ ਹੀ ਪੰਜਾਬ ਦੀਆਂ ਖਬਰਾਂ ਜਾਂ ਹਾਲਾਤ ਦਾ ਪਤਾ ਲੱਗਦਾ ਸੀ। ਗੀਤ ਸੰਗੀਤ ਸੁਣਨ ਦੇ ਚਾਹਵਾਨ ਵਿਦਿਆਰਥੀਆਂ ਨੇ ਆਪਣੇ ਹੋਸਟਲ ਦੇ ਕਮਰਿਆਂ ਵਿੱਚ ਘੜਿਆਂ ਉਤੇ ਸਪੀਕਰ ਰੱਖੇ ਹੁੰਦੇ ਸੀ, ਜਿਹੜੇ ਵਾਕਮੈਨ ਨਾਲ ਐਂਪਲੀਫਾਇਰ ਰਾਹੀਂ ਕਨੈਕਟ ਕੀਤੇ ਹੁੰਦੇ ਸਨ। ਵਾਕਮੈਨ ਕਿਉਂਕਿ ਸਾਈਜ਼ ਵਿੱਚ ਬਹੁਤ ਛੋਟਾ ਹੁੰਦਾ ਸੀ, ਇਸ ਲਈ ਇਸ ਦੀ ਜ਼ਰੂਰਤ ਪੰਜਾਬ ਆਉਂਦੇ ਜਾਂਦੇ ਰੇਲਗੱਡੀ ਵਿੱਚ ਵੀ ਗਾਣੇ ਸੁਣਨ ਲਈ ਹੁੰਦੀ ਸੀ। ਉਸ ਸਮੇਂ ਉਦਾਸ ਗੀਤਾਂ ਦਾ ਜ਼ਿਆਦਾ ਬੋਲਬਾਲਾ ਸੀ। ਇਸ ਲਈ ਛੁੱਟੀ ਵਾਲੇ ਦਿਨ ਖਾਸ ਤੌਰ 'ਤੇ ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਉਦਾਸ ਗੀਤ ਗਾਉਣ ਵਾਲੇ ਗਾਇਕਾਂ ਦੇ ਗੀਤ ਸਾਰਾ-ਸਾਰਾ ਦਿਨ ਚੱਲਦੇ ਸਨ। ਕਿਸੇ ਐਤਵਾਰ ਨੂੰ ਪ੍ਰਿੰਸੀਪਲ ਸਰ ਅਚਾਨਕ ਹੋਸਟਲ ਵਿੱਚ ਛਾਪਾ ਮਾਰਦੇ। ਜਿਸ ਕਮਰੇ ਵਿੱਚ ਉਚੀ ਗਾਣੇ ਵੱਜਦੇ, ਉਹ ਸਾਰਾ ਸਟੀਰੀਓ ਸਿਸਟਮ ਚੁੱਕ ਕੇ ਆਪਣੇ ਨਾਲ ਲੈ ਜਾਂਦੇ ਸਨ। ਛੁੱਟੀਆਂ ਵਿੱਚ ਪੰਜਾਬ ਹੁੰਦਿਆਂ ਬਾਕੀ ਸਾਮਾਨ ਦੇ ਨਾਲ ਅਗਲੇ ਛੇ ਮਹੀਨੇ ਸੁਣਨ ਵਾਲੇ ਗੀਤਾਂ ਦੀਆਂ ਨਵੀਆਂ ਕੈਸੇਟਾਂ (ਰੀਲਾਂ) ਨਾਲ ਲਿਜਾਣਾ ਕਦੇ ਨਹੀਂ ਭੁੱਲਦੇ ਸੀ, ਕਿਉਂਕਿ ਬਿਦਰ ਵਿੱਚ ਪੰਜਾਬੀ ਗੀਤਾਂ ਦੀਆਂ ਰੀਲਾਂ ਬਹੁਤ ਘੱਟ ਮਿਲਦੀਆਂ ਸਨ। ਉਹ ਰੀਲਾਂ ਵੀ ਟਰੰਕਾਂ ਵਿੱਚ ਲੁਕੋ ਕੇ ਰੱਖਣੀਆਂ, ਫਿਰ ਵੀ ਕੋਈ ਮੁੰਡਾ ਕੈਸੇਟ ਮੰਗ ਕੇ ਲੈ ਜਾਂਦਾ ਤਾਂ ਉਹ ਵਾਪਸ ਮੋੜਨ ਦਾ ਨਾਂ ਨਹੀਂ ਲੈਂਦਾ ਸੀ।
ਐਤਵਾਰ ਵਾਲੇ ਦਿਨ ਜ਼ਿਆਦਾ ਮੁੰਡੇ ਹੋਸਟਲ ਦੀ ਸਿਖਰਲੀ ਮੰਜ਼ਿਲ 'ਤੇ ਪਾਣੀ ਵਾਲੀ ਵੱਡੀ ਟੈਂਕੀ 'ਤੇ ਚੜ੍ਹ ਕੇ ਹੀ ਕੱਪੜੇ ਧੋਂਦੇ ਹੁੰਦੇ ਸਨ। ਪਹਿਲਾਂ ਆਪਣੇ ਕਮਰੇ ਵਿੱਚ ਹੀ ਬਾਲਟੀ ਵਿੱਚ ਪਾਣੀ ਭਰ ਕੇ ਤੇ ਉਸ ਵਿੱਚ ਸਰਫ ਮਿਲਾ ਕੇ ਬੈਡ ਥੱਲੇ ਰੱਖੀ ਰੱਖਣੀ ਤੇ ਰੋਜ਼ ਉਸ ਵਿੱਚ ਕੱਪੜੇ ਸੁੱਟਦੇ ਰਹਿਣਾ। ਕਈ ਵਾਰ ਦਸ-ਦਸ ਦਿਨ ਲੰਘ ਜਾਂਦੇ ਸਨ। ਜਦੋਂ ਅਗਲੇ ਦਿਨ ਪਾਉਣ ਨੂੰ ਕੋਈ ਕੱਪੜਾ ਨਾ ਬਚਣਾ ਤਾਂ ਉਹ ਕੱਪੜੇ ਧੋ ਕੇ ਸੁੱਕਣੇ ਪਾਉਣੇ। ਸਾਡਾ ਹੋਸਟਲ ਬਿਦਰ ਦੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਬਿਲਕੁਲ ਨਾਲ ਸੀ। ਜਦੋਂ ਕਦੇ ਪੰਜਾਬ ਦੀ ਸੰਗਤ ਦਾ ਟਰੱਕ ਗੁਰਦੁਆਰਾ ਸਾਹਿਬ ਆਉਣਾ ਤਾਂ ਨਾਲ ਸੰਗਤ ਦੀ ਸੇਵਾ ਕਰਨ ਲਈ ਲੰਗਰ ਹਾਲ ਵਿੱਚ ਪਹੁੰਚ ਜਾਂਦੇ ਸੀ। ਦੇਰ ਰਾਤ ਤੱਕ ਪੜ੍ਹਦਿਆਂ ਜਦੋਂ ਭੁੱਖ ਲੱਗਣੀ ਤਾਂ ਫਿਰ ਰਾਤ ਨੂੰ ਲੰਗਰ ਆਪੇ ਥਾਲੀਆਂ ਵਿੱਚ ਪਾ ਕੇ ਛਕਣਾ। ਕਦੇ ਅੱਧੀ ਰਾਤ ਨੂੰ ਚਾਹ ਪੀਣ ਲਈ ਪੈਦਲ ਰੇਲਵੇ ਸਟੇਸ਼ਨ ਜਾਂਦੇ ਹੁੰਦੇ ਸੀ। ਛੁੱਟੀਆਂ ਤੋਂ ਬਾਅਦ ਕਾਲਜ ਖੁੱਲ੍ਹਣ 'ਤੇ ਜਦੋਂ ਹੋਸਟਲ ਪਹੁੰਚਣਾ ਤਾਂ ਮੰੁਡਿਆਂ ਨੇ ਬੈਗ ਫੋਲ ਕੇ ਪੰਜੀਰੀ ਜਾਂ ਪਿੰਨੀਆਂ ਦਾ ਨਾਲ ਦੀ ਨਾਲ ਹੀ ਭੋਗ ਪਾ ਦੇਣਾ ਅਤੇ ਬਾਕੀ ਆਚਾਰ ਜਾਂ ਦੇਸੀ ਘੀ ਹੌਲੀ-ਹੌਲੀ ਮੁੱਕਦਾ ਜਾਂਦਾ ਸੀ। ਮੈਸ ਵਿੱਚ ਜਾਣ ਸਮੇਂ ਅਚਾਰ ਤੇ ਘੀ ਨਾਲ ਲਿਜਾਣਾ ਨਾ ਭੁੱਲਦੇ। ਅਕਸਰ ਰਾਤ ਨੂੰ ਭੁੱਖ ਲੱਗਣ ਉਤੇ ਕਮਰੇ ਵਿੱਚ ਚੋਰੀ ਰੱਖੇ ਹੀਟਰ 'ਤੇ ਦੇਸੀ ਘੀ ਦਾ ਕੜਾਹ ਬਣਾ ਕੇ ਖਾਣਾ। ਬੇਸ਼ੱਕ ਕਮਰਿਆਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਸੀ, ਪਰ ਕੜਾਹ ਬਣਦੇ ਹੀ ਨਾਲ ਦੇ ਕਮਰਿਆਂ ਵਿੱਚ ਖੁਸ਼ਬੂ ਪੁੱਜ ਜਾਣ ਕਾਰਨ ਦੂਜੇ ਮੁੰਡਿਆਂ ਨੇ ਝੱਟ ਆ ਜਾਣਾ ਤੇ ਸਾਰਾ ਕੜਾਹ ਚਮਚਾ-ਚਮਚਾ ਹਿੱਸੇ ਆਉਂਦਾ ਸੀ। ਬਿਦਰ ਤੋਂ ਪੰਜਾਬ ਆਉਂਦਿਆਂ ਆਗਰਾ ਸਟੇਸ਼ਨ ਸਵੇਰੇ ਚਾਰ ਕੁ ਵਜੇ ਆਉਂਦਾ ਸੀ ਤੇ ਉਥੋਂ ਬਹੁਤ ਸਾਰੇ ਯਾਤਰੀ ਪੇਠਾ ਖਰੀਦਦੇ ਸਨ। ਉਨੀਂਦਰੇ ਵਿੱਚ ਯਾਤਰੀ ਪੇਠਾ ਆਪਣੇ ਸਾਮਾਨ ਦੇ ਕੋਲ ਰੱਖ ਕੇ ਸੌਂ ਜਾਂਦੇ ਤੇ ਉਨ੍ਹਾਂ ਦੇ ਸੌਦਿਆਂ ਸਾਰ ਬੈਠੇ ਮੁੰਡੇ ਸਾਰਾ ਪੇਠਾ ਖਾ ਜਾਂਦੇ।
ਇਕ ਵਾਰ ਦੀਵਾਲੀ ਵਾਲੀ ਰਾਤ ਅਸੀਂ ਉਥੇ ਸਾਂ। ਹੋਸਟਲ ਦੇ ਬਾਹਰ ਢਾਬੇ ਵਾਲਿਆਂ ਨੇ ਮਠਿਆਈਆਂ ਬਣਾਈਆਂ ਹੋਈਆਂ ਸਨ ਤੇ ਉਹ ਦੀਵਾਲੀ ਦੀ ਰਾਤ ਨੂੰ ਪੂਜਾ ਕਰਕੇ ਲਕਸ਼ਮੀ ਦੇ ਆਉਣ ਦੇ ਵਿਸ਼ਵਾਸ ਨਾਲ ਦੁਕਾਨਾਂ ਖੁੱਲ੍ਹੀਆਂ ਛੱਡ ਕੇ ਆਪਣੇ ਘਰ ਚਲੇ ਗਏ ਤੇ ਅਸੀਂ ਰਾਤ ਨੂੰ ਰਸਗੁੱਲੇ ਤੇ ਗੁਲਾਬ ਜਾਮਣਾਂ ਖਾ ਕੇ ਢਿੱਡ ਅਫਰਾ ਲਏ ਸਨ। ਸਭ ਤੋਂ ਵੱਧ ਲੁੱਟ ਅਤੇ ਭੁੱਖ ਖਾਣ ਪੀਣ ਦੇ ਸਾਮਾਨ ਦੀ ਹੁੰਦੀ ਸੀ। ਸਾਬਣ ਤੇ ਪੇਸਟ ਦੀ ਘਾਟ ਸਦਾ ਰਹਿੰਦੀ ਸੀ। ਜਿੰਨੀ ਵਾਰ ਮਰਜ਼ੀ ਨਵਾਂ ਲੈ ਲਈਏ, ਦੂਜੇ ਦਿਨ ਗਾਇਬ ਹੋ ਜਾਂਦਾ ਸੀ। ਸ਼ਾਮ ਨੂੰ ਕਾਲਜ ਤੋਂ ਬਾਅਦ ਘੰਟਿਆਂ ਬੱਧੀ ਗੁਰਦੁਆਰੇ ਦੇ ਨਾਲ ਵਾਲੇ ਢਾਬਿਆਂ 'ਚ ਬੈਠੇ ਚਾਹਾਂ ਪੀਂਦੇ ਰਹਿਣਾ। ਜਦੋਂ ਗੁਰਦੁਆਰਾ ਸਾਹਿਬ ਵਿਖੇ ਕਿਸੇ ਮੁੰਡੇ ਦੇ ਰਿਸ਼ਤੇਦਾਰ ਜਾਂ ਜਾਣੂ ਨੇ ਆਉਣਾ ਤਾਂ ਉਹਦੇ ਨਾਲ ਜ਼ਿਆਦਾ ਚਾਅ ਦੋਸਤਾਂ ਨੂੰ ਚੜ੍ਹ ਜਾਂਦਾ ਸੀ, ਕਿਉਂਕਿ ਉਸ ਰਿਸ਼ਤੇਦਾਰ ਦੀ ਸੇਵਾ ਦੇ ਨਾਲ ਦੋਸਤਾਂ ਦੀਆਂ ਵੀ ਖਾਣ ਪੀਣ ਦੀਆਂ ਪੌਂ ਬਾਰਾਂ ਹੋ ਜਾਂਦੀਆਂ। ਜੇ ਕਦੇ ਦੋ ਤਿੰਨ ਛੁੱਟੀਆਂ ਇਕੱਠੀਆਂ ਆ ਜਾਣ ਤਾਂ ਘੁੰਮਣ ਨੂੰ ਹੈਦਰਾਬਾਦ ਚਲੇ ਜਾਂਦੇ ਜਾਂ ਹਜ਼ੂਰ ਸਾਹਿਬ ਮੱਥਾ ਟੇਕਣ ਚਲੇ ਜਾਣਾ। ਉਥੋਂ ਪੜ੍ਹਾਈ ਦੇ ਪਹਿਲੇ ਸਾਲ ਦੌਰਾਨ ਅਸੀਂ ਤਿੰਨ ਚਾਰ ਦੋਸਤਾਂ ਨੇ ਪੂਰੀ ਬੰਬਈ (ਅੱਜ ਕੱਲ੍ਹ ਮੁੰਬਈ) ਘੁੰਮੀ ਸੀ, ਜੀਹਦੀਆਂ ਯਾਦਾਂ ਅੱਜ ਵੀ ਅਚੇਤ ਮਨਾਂ ਵਿੱਚ ਤਾਜ਼ਾ ਹਨ।
ਹੋਸਟਲ ਵਿੱਚ ਧੜੇਬਾਜ਼ੀ ਵੀ ਬਹੁਤ ਸੀ। ਹਰ ਤਿਉਹਾਰ 'ਤੇ ਮੁੰਡਿਆਂ ਦੀ ਘੁੱਟ ਲਾਈ ਹੋਣ ਕਾਰਨ ਕੋਈ ਨਾ ਕੋਈ ਲੜਾਈ ਹੋ ਜਾਂਦੀ ਸੀ। ਅੱਜ ਕੱਲ੍ਹ ਜਦੋਂ ਰੀਯੂਨੀਅਨਾਂ 'ਤੇ ਮਿਲਦੇ ਹਾਂ ਤਾਂ ਸਾਰੇ ਇਹ ਸਭ ਗੱਲਾਂ ਯਾਦ ਕਰਕੇ ਬਹੁਤ ਖੁਸ਼ ਹੁੰਦੇ ਹਨ। ਹੋਸਟਲ ਦੀਆਂ ਇਹ ਯਾਦਾਂ ਜੇ ਖਜ਼ਾਨਾ ਨਹੀਂ ਤਾਂ ਕਿਸੇ ਖਜ਼ਾਨੇ ਤੋਂ ਘੱਟ ਵੀ ਨਹੀਂ। ਰੱਬ ਅੱਗੇ ਦੁਆ ਹੈ ਕਿ ਇਹ ਸਾਰੇ ਯਾਰ ਅਣਮੁੱਲੇ ਸਦਾ ਹੱਸਦੇ ਖੇਡਦੇ ਤੰਦਰੁਸਤ ਰਹਿਣ।

Have something to say? Post your comment