Welcome to Canadian Punjabi Post
Follow us on

19

September 2019
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1

May 08, 2019 10:04 AM

ਕੈਨੇਡਾ ਵੱਸਦੇ ਸਿੱਖ ਇੱਕ ਸਮਰਿੱਧ ਕਮਿਉਨਿਟੀ ਹਨ ਜਿਹਨਾਂ ਨੇ ਪਿਛਲੇ 100 ਸਾਲਾਂ ਤੋਂ ਵੱਧ ਅਰਸੇ ਦੇ ਸੰਘਰਸ਼ ਪੂਰਣ ਜਦੋ ਜਹਿਦ ਤੋਂ ਬਾਅਦ ਅੱਜ ਇੱਕ ਸਫ਼ਲਤਾ ਵਾਲਾ ਮੁਕਾਮ ਹਾਸਲ ਕੀਤਾ ਹੋਇਆ ਹੈ ਜਿਸ ਵਿੱਚ ਆਰਥਕ, ਸਮਾਜਕ ਅਤੇ ਸਿਆਸੀ ਸਫ਼ਲਤਾ ਸ਼ਾਮਲ ਹੈ। ਕਿਉਂਕਿ ਸਿੱਖ ਧਰਮ ਵਿੱਚ ‘ਪੰਚ ਪ੍ਰਧਾਨ’ ਦਾ ਸਿਧਾਂਤ ਹੋਰ ਕੌਮਾਂ ਨਾਲੋਂ ਵਧੇਰੇ ਦ੍ਰਿੜਤਾ ਨਾਲ ਸ਼ਾਮਲ ਹੈ, ਸੁਭਾਵਿਕ ਸੀ ਕਿ ਭਾਰਤ ਤੋਂ ਆ ਕੇ ਇੱਥੇ ਵੱਸਣ ਦੀ ਪ੍ਰਕਿਰਿਆ ਵਿੱਚ ਹੌਲੀ 2 ਸਿਆਸੀ ਭਾਵ ਲੋਕਤਾਂਤਰਿਕ ਪ੍ਰਣਾਲੀ ਵਿੱਚ ਸਿੱਖਾਂ ਦਾ ਯੋਗਦਾਨ ਵੱਧ ਪ੍ਰਭਾਵੀ ਅਤੇ ਦ੍ਰਿਸ਼ਟੀਗੋਚਰ ਹੋਇਆ। 2015 ਦੀਆਂ ਚੋਣਾਂ ਤੋਂ ਬਾਅਦ 4 ਸਿੱਖ ਮੰਤਰੀਆਂ ਅਤੇ ਦਰਜਨ ਤੋਂ ਵੱਧ ਪਾਰਲੀਮੈਂਟ ਮੈਂਬਰਾਂ ਦਾ ਫੈਡਰਲ ਸਿਆਸਤ ਵਿੱਚ ਸ਼ੁਸ਼ੋਭਿਤ ਹੋਣਾ ਸਿੱਖ ਸਿਆਸੀ ਚੜਤ ਦੀ ਟੀਸੀ ਆਖਿਆ ਜਾ ਸਕਦਾ ਹੈ। ਆ ਰਹੀਆਂ 2019 ਦੀਆਂ ਚੋਣਾਂ ਸੁਆਲ ਖੜਾ ਕਰਦੀਆਂ ਹਨ ਕਿ ਕੀ ਇਸਤੋਂ ਅਗਾਂਹ ਹਾਸਲ ਕਰਨ ਯੋਗ ਕੋਈ ਮੁਕਾਮ ਹੈ ਜਾਂ ਫੇਰ ਇਸਤੋਂ ਬਾਅਦ ਨਿਵਾਣ ਵੱਲ ਚੱਲਣ ਦਾ ਰਾਹ ਖੁੱਲਦਾ ਹੈ?

 ਇਸ ਸੁਆਲ ਦੇ ਜਵਾਬ ਦੀ ਪੁਣਛਾਣ ਕਰਨ ਲਈ ਪੰਜਾਬੀ ਪੋਸਟ ਵੱਲੋਂ 2 ਜਾਂ 3 ਆਰਟੀਕਲਾਂ ਦੀ ਇੱਕ ਲੜੀ ਲਿਖੀ ਜਾ ਰਹੀ ਹੈ ਜਿਸਦਾ ਮਕਸਦ ਚਰਚਾ ਨੂੰ ਜਨਮ ਦੇਣਾ ਹੈ ਨਾ ਕਿ ਕਿਸੇ ਧਿਰ ਜਾਂ ਸੰਸਥਾ ਜਾਂ ਕਿਸੇ ਸਿਆਸੀ ਜਮਾਤ ਦੀ ਪਹੁੰਚ ਨੂੰ ਗਲਤ ਜਾਂ ਸਹੀ ਸਿੱਧ ਕਰਨਾ ਹੈ। ਗਲਤ ਸਹੀ ਦਾ ਫੈਸਲਾ ਸਬੰਧਿਤ ਧਿਰਾਂ ਨੇ ਖੁਦ ਕਰਨਾ ਹੁੰਦਾ ਹੈ ਜਾਂ ਫੇਰ ਕਮਿਉਨਿਟੀ ਦੇ ਹਰ ਮੈਂਬਰ ਨੇ ਆਪਣਾ ਚੰਗਾ-ਬੁਰਾ ਸਿਆਣ ਕੇ ਕਦਮ ਚੁੱਕਣੇ ਹੁੰਦੇ ਹਨ। ਲਿਖੇ ਜਾਣ ਵਾਲੇ ਇਹ ਆਰਟੀਕਲ ਕੋਈ ਇਤਿਹਾਸਕ ਦਸਤਾਵੇਜ਼ ਵੀ ਨਹੀਂ ਹਨ ਸਗੋਂ ਇੱਕ ਸੁਚਾਰੂ ਚਰਚਾ ਦਾ ਆਰੰਭ ਕਰਨ ਦਾ ਨਿਗੂਣਾ ਜਿਹਾ ਯਤਨ ਹਨ।

 ਸਿੱਖੀ ਸਿਆਸਤ ਦੀ ਗੱਲ ਨੂੰ ਅਸੀਂ ਸਿੱਖ ਭਾਈਚਾਰੇ ਦੀ ਹਰ ਸਾਲ ਆਯੋਜਿਤ ਹੋਣ ਵਾਲੇ ਨਗਰ ਕੀਰਤਨਾਂ ਵਿੱਚ ਸ਼ਮੂਲੀਅਤ ਤੋਂ ਕਰਦੇ ਹਾਂ। ਇਹ ਨਗਰ ਕੀਰਤਨ ਭਾਈਚਾਰੇ ਦੀ ਆਪਣੇ ਧਰਮ ਪ੍ਰਤੀ ਅਕੀਦੇ ਵਿੱਚ ਦ੍ਰਿੜ ਯਕੀਨ ਦੀ ਨਿਸ਼ਾਨੀ ਹਨ ਜੋ ਕੈਨੇਡਾ ਭਰ ਹੁੰਦੇ 4-5 ਵੱਡੇ ਹਰ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਾਜ਼ਰੀ ਭਰਦੇ ਹਨ। ਕੈਨੇਡਾ ਦੇ ਕੁੱਲ ਜਨਸੰਖਿਆ 3 ਕਰੋੜ 74 ਲੱਖ ਦੇ ਕਰੀਬ ਹੈ ਜਿਸ ਵਿੱਚੋਂ ਸਿੱਖਾਂ ਦੀ ਕੈਨੇਡਾ ਵਿੱਚ ਗਿਣਤੀ 5 ਲੱਖ ਦੇ ਕਰੀਬ ਹੈ ਜੋ ਕੈਨੇਡਾ ਦੀ ਜਨਸੰਖਿਆ ਦਾ ਸਿਰਫ਼ 1.4% ਦੇ ਕਰੀਬ ਬਣਦੀ ਹੈ। ਇਸ ਨਿੱਕੀ ਜਿਹੀ ਕਮਿਉਨਿਟੀ ਦੇ ਧਾਰਮਿਕ ਇੱਕਠ ਦੀ ਬਰਾਬਰੀ ਹਾਲੇ ਤੱਕ ਕੋਈ ਭਾਈਚਾਰਾ ਸ਼ਾਇਦ ਨਹੀਂ ਕਰ ਸਕਿਆ।

 ਜੇ ਟੋਰਾਂਟੋ ਵਿੱਚ ਹੁੰਦੇ ਦੋਵੇਂ ਵੱਡੇ ਨਗਰ ਕੀਰਤਨਾਂ, ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਡੇਲ ਤੱਕ ਉਂਟੇਰੀਓ ਗੁਰਦੁਆਰਾ ਕਮੇਟੀ ਅਤੇ ਡਾਊਨ ਟਾਊਨ ਟੋਰਾਂਟੋ ਵਿੱਚ ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾ ਕਾਉਂਸਲ, ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਕੁੱਲ ਮਿਲਾ ਕੇ 3 ਲੱਖ ਦੇ ਕਰੀਬ ਸਿੱਖਾਂ ਨੇ ਹਿੱਸਾ ਲਿਆ ਹਾਲਾਂਕਿ ਸੱਮੁਚੇ ਉਂਟੇਰੀਓ ਵਿੱਚ ਸਿੱਖਾਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਹੀ ਹੈ। ਭਾਵ ਅਜਿਹੇ ਸ਼ਰਧਾਲੂਆਂ ਵੱਡੀ ਗਿਣਤੀ ਵਿੱਚ ਹਨ ਜੋ ਦੋਵਾਂ ਨਗਰ ਕੀਰਤਨਾਂ ਵਿੱਚ ਹਿੱਸਾ ਲੈਂਦੇ ਹਨ। ਇਹ ਵੱਖਰੀ ਗੱਲ ਹੈ ਕਿ ਆਯੋਜਤ ਕਰਨ ਵਾਲੀਆਂ ਜੱਥੇਬੰਦੀਆਂ ਅਤੇ ਉਹਨਾਂ ਨਾਲ ਸਬੰਧਿਤ ਗੁਰੁਦਆਰਿਆਂ ਦੀਆਂ ਮੈਨੇਜਮੈਂਟਾਂ ਵਿੱਚ ਵਿਚਾਰਧਾਰਕ ਮੱਤਭੇਦ ਹਨ। ਅਰਥ ਇਹ ਕਿ ਆਮ ਸਿੱਖ ਸਿਰਫ਼ ਗੁਰੂ ਦੇ ਆਸ਼ੇ, ਕਮਿਉਨਿਟੀ ਦੀ ਹੋਂਦ ਅਤੇ ਆਪਣੇ ਅਕੀਦੇ ਨੂੰ ਪ੍ਰਣਾਇਆ ਸ਼ਮੂਲੀਅਤ ਕਰਦਾ ਹੈ ਨਾ ਕਿ ਕਿਸੇ ਵਿਚਾਰਧਾਰਕ ਸੋਚ ਨੂੰ ਫੁੱਲ ਚੜਾਉਣ ਜਾਂਦਾ ਹੈ।

 ਇਹੀ ਤੱਥ ਵੈਨਕੂਵਰ ਅਤੇ ਹੋਰ ਥਾਵਾਂ ਉੱਤੇ ਆਯੋਜਿਤ ਨਗਰ ਕੀਰਤਨਾਂ ਵਿੱਚ ਹੁੰਦੇ ਇੱਕਠਾਂ ਉੱਤੇ ਸੱਚ ਢੁੱਕਦਾ ਹੈ। ਬਹੁ-ਗਿਣਤੀ ਸਿੱਖਾਂ ਦੀ ਇਹ ਨਿਰਛਲਤਾ ਹੀ ਸਿੱਖ ਭਾਈਚਾਰੇ ਦੀ ਸ਼ਕਤੀ ਹੈ ਜਿਸ ਬਾਰੇ ਗੱਲ ਕੀਤੀ ਜਾਣੀ ਬਣਦੀ ਹੈ। ਕੀ ਆਮ ਸਿੱਖ ਨੂੰ ਲੀਡਰਸਿ਼ੱਪ ਦੇ ਆਸਿ਼ਆਂ ਅਤੇ ਕਾਰਵਾਈਆਂ ਤੋਂ ਕੁੱਝ ਲਾਭ ਵੀ ਹੁੰਦਾ ਹੈ ਜਾਂ ਆਮ ਸਿੱਖ ਮਹਿਜ਼ ਇੱਕ ਨੰਬਰ ਹੈ ਜਿਸਦਾ ਨਿਰਛਲਤਾ ਨਾਲ ਇੱਕਠ ਵਿੱਚ ਸ਼ਾਮਲ ਹੋਣਾ ਜੱਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਉਹਨਾਂ ਮੰਤਵਾਂ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ? ਇਹ ਗੰਭੀਰ ਸੁਆਲ ਹੈ ਜਿਸ ਬਾਰੇ ਚਰਚਾ ਕਰਨਾ ਸਮਾਂਉਚਿਤ ਜਾਪਦਾ ਹੈ।

ਗੁਰਦੁਆਰਿਆਂ ਅਤੇ ਨਗਰ ਕੀਰਤਨਾਂ ਵਿੱਚ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਬਾਰੇ ਇੱਕ ਗੱਲ ਸਾਫ਼ ਹੈ ਕਿ ਉਹ ਮਹਿਜ਼ ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਹਾਜ਼ਰੀਆਂ ਭਰਦੇ ਹਨ। ਅਜਿਹਾ ਕੀਤਾ ਥੋੜਾ ਜਿਹਾ ਕੀਤਾ ਯਤਨ ਉਹਨਾਂ ਦੇ ਵੱਡੇ ਹਿੱਤ ਪੂਰਦਾ ਹੈ ਅਤੇ ਪਿਛਲੇ ਸਾਲਾਂ ਦੀ ਕਹਾਣੀ ਦੱਸਦੀ ਹੈ ਕਿ ਆਪਣੇ ਇਸ ਮੰਤਵ ਦੀ ਪੂਰਤੀ ਲਈ ਉਹ ਅੰਮ੍ਰਤਸਰ ਤੱਕ ਦੀ ਯਾਤਰਾ ਵੀ ਕਰ ਆਉਂਦੇ ਹਨ। ਪਰ ਇਸ ਸੱਭ ਕੁੱਝ ਦੇ ਬਾਵਜੂਦ ਐਸਾ ਕੁੱਝ ਹਾਸਲ ਹੋਇਆ ਨਹੀਂ ਜਾਪਦਾ ਜਿਸ ਨਾਲ ਆਮ ਸਿੱਖ ਨੂੰ ਲਾਭ ਹੋਇਆ ਹੋਵੇ। ਹਾਂ ਇੱਕ ਗੱਲ ਜਰੂਰ ਹੋਈ ਕਿ ਕੈਨੇਡਾ ਵਿੱਚ ਆਮ ਸਿੱਖ ਦਾ ਅਕਸ ਇੱਕ ਸਿਆਸੀ ਉਲਾਰ ਨਾਲ ਸਬੰਧਿਤ ਕਮਿਉਨਿਟੀ ਦਾ ਮੈਂਬਰ ਹੋਣ ਵਾਲਾ ਬਣ ਚੁੱਕਾ ਹੈ। ਦੂਜੇ ਪਾਸੇ ਜਿਹਨਾਂ ਨੇ ਅਹੁਦੇ ਹਾਸਲ ਕੀਤੇ, ਉਹਨਾਂ ਜਦੋਂ ਚਾਹਿਆ, ਕਮਿਉਨਿਟੀ ਦੇ ਪ੍ਰਭਾਵ ਨੂੰ ਵਰਤਿਆ ਅਤੇ ਅੱਗੇ ਤੁਰਦੇ ਗਏ।

ਜੇ ਮਿਸਾਲ ਦੇ ਕੇ ਗੱਲ ਕਰਨੀ ਹੋਵੇ ਤਾਂ ਸੱਭ ਤੋਂ ਪਹਿਲਾਂ ਭਾਰਤ ਦੀ ਅਜ਼ਾਦੀ ਤੋਂ ਦੋ ਸਾਲ ਬਾਅਦ ਪੈਦਾ ਹੋਏ ਜੁਝਾਰੂ ਸਿਆਸਤਦਾਨ ਗੁਰਬਖਸ਼ ਸਿੰਘ ਮੱਲ੍ਹੀ ਦਾ ਨਾਮ ਜਿ਼ਹਨ ਵਿੱਚ ਆਉਂਦਾ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ ਪਹਿਲੇ ਦਸਤਾਰਧਾਰੀ ਇਸ ਸਿੱਖ ਨੇ ਜਿੰਨਾ ਬਣ ਸਕਿਆ, ਸਿੱਖ ਮਸਲਿਆਂ ਬਾਰੇ ਪਾਰਲੀਮੈਂਟ ਅਤੇ ਇਸਤੋਂ ਬਾਹਰ ਕੰਮ ਕੀਤਾ। ਉਹ ਸਾਲਾਂ ਬੱਧੀ 1984 ਦੇ ਕਤਲੇਆਮ ਅਤੇ ਹੋਰ ਮਸਲਿਆਂ ਬਾਰੇ ਓਟਾਵਾ ਵਿੱਚ ਪ੍ਰਦਰਸ਼ਨੀ ਲਾਉਣ ਦੀ ਹੀਆ ਕਰਦਾ ਰਿਹਾ। ਆਪਣੀ ਤੀਖਣਬੁੱਧੀ ਅਤੇ ਸਾਧਾਰਨ ਵਤੀਰੇ ਦੇ ਸਹਾਰੇ ਊਹ ਲੰਬਾ ਸਮਾਂ ਸਿੱਖ ਭਾਈਚਾਰੇ ਦਾ ਹੀਰੋ ਬਣ ਕੇ ਉਭੱਰਿਆ। ਉਸ ਕੋਲ ਬਣਦੀ ਹਲੀਮੀ ਸੀ ਜਿਸ ਬਦੌਲਤ ਉਹ 18 ਸਾਲ ਮੈਂਬਰ ਪਾਰਲੀਮੈਂਟ ਰਹਿ ਕੇ ਸਿੱਖ ਭਾਈਚਾਰੇ ਦੀ ਵੱਖਰੀ ਪਹਿਚਾਣ ਨੂੰ ਸਥਾਪਤ ਕਰਨ ਵਿੱਚ ਸਫ਼ਲ ਰਿਹਾ। ਫੇਰ ਇੱਕ ਸਮਾਂ ਆ ਗਿਆ ਜਦੋਂ ਸਾਡੇ ਧਾਰਮਿਕ ਅਦਾਰਿਆਂ ਅਤੇ ਸੰਸਥਾਵਾਂ ਵੱਲੋਂ ਸਰਦਾਰ ਮੱਲ੍ਹੀ ਦੇ ਵਜੂਦ ਨੂੰ ਇੱਕ ਜਾਂ ਦੂਜੇ ਕਾਰਣਾਂ ਕਰਕੇ ਬਣਦਾ ਸਥਾਨ ਦੇਣਾ ਘੱਟ ਕਰ ਦਿੱਤਾ ਗਿਆ। ਸਰਦਾਰ ਮੱਲ੍ਹੀ ਦੀ ਚੜਤ, ਉਸਦੇ ਸਹਾਰੇ ਵਹੀਰਾਂ ਘੱਤ ਕੇ ਆਉਣ ਵਾਲੇ ਸਿਆਸਤਦਾਨਾਂ ਦੀ ਆਮਦ ਅਤੇ ਫੇਰ ਸਿਆਸੀ ਦਰਜ਼ਾਬੰਦੀਆਂ ਕਾਰਣ ਉਸਦੇ ਪ੍ਰਭਾਵ ਨੂੰ ਖੋਰਾ ਲਾਉਣ ਦੇ ਕਰਮ ਨੇ ਇੱਕ ਅਜਿਹੇ ਜ਼ਮਾਨੇ ਦੀ ਆਦਮ ਨੂੰ ਦਸਤਕ ਦਿੱਤੀ ਜੋ ਭਾਈਚਾਰੇ ਦੀ ਤਾਦਾਦ ਵਿੱਚ ਭਾਰੀ ਵਾਧੇ ਦੇ ਬਾਵਜੂਦ ਪ੍ਰਭਾਵ ਦੀ ਨਿਰਬਲਤਾ ਦਾ ਸੂਚਕ ਬਣੀ। ਇੱਕ ਅਜਿਹੇ ਸਮੇਂ ਦੀ ਆਮਦ ਜਿਸ ਵਿੱਚ ਗੱਲਾਂ ਦੇ ਗੜਕੇ ਮਜ਼ਬੂਤ ਹੋਏ ਪਰ ਗੁਣਵੱਤਾ ਕਮਜ਼ੋਰ ਹੋਈ। .......ਬਾਕੀ ਕੱਲ

Have something to say? Post your comment
ਹੋਰ ਸੰਪਾਦਕੀ ਖ਼ਬਰਾਂ