ਗਾਜ਼ਾ, 20 ਮਾਰਚ (ਪੋਸਟ ਬਿਊਰੋ): ਇਜ਼ਰਾਈਲ ਗਾਜ਼ਾ 'ਤੇ ਜ਼ੋਰਦਾਰ ਹਮਲੇ ਕਰ ਰਿਹਾ ਹੈ। ਜੰਗ ਨੇ ਖਤਰਨਾਕ ਮੋੜ ਲੈ ਲਿਆ ਹੈ। ਗਾਜ਼ਾ 'ਚ ਭਿਆਨਕ ਲੜਾਈ ਦੌਰਾਨ ਵੱਡੀ ਗਿਣਤੀ 'ਚ ਹਮਾਸ ਲੜਾਕਿਆਂ ਦੇ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਗਾਜ਼ਾ 'ਚ ਇਜ਼ਰਾਇਲ-ਹਮਾਸ ਜੰਗ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਭਿਆਨਕ ਲੜਾਈ ਚੱਲ ਰਹੀ ਹੈ। ਇਜ਼ਰਾਇਲੀ ਹਮਲਿਆਂ 'ਚ ਹਮਾਸ ਦੇ 50 ਲੜਾਕਿਆਂ ਦੇ ਮਾਰੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਜ਼ਰਾਈਲੀ ਫ਼ੌਜ ਮੰਗਲਵਾਰ ਨੂੰ ਦੂਜੇ ਦਿਨ ਵੀ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਦਾਖ਼ਲ ਹੋ ਗਈ ਅਤੇ ਹਸਪਤਾਲ ਅਤੇ ਆਸਪਾਸ ਦੇ ਇਲਾਕਿਆਂ ਵਿੱਚੋਂ ਧਮਾਕਿਆਂ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ।
ਹਸਪਤਾਲ ਦੇ ਨੇੜੇ ਰਹਿਣ ਵਾਲੇ ਐਮੀ ਸ਼ਾਹੀਨ ਨੇ ਦੱਸਿਆ ਕਿ ਇਸ ਸਮੇਂ ਸਥਿਤੀ ਬਹੁਤ ਖਰਾਬ ਹੈ ਅਤੇ ਸਿ਼ਫਾ ਇਲਾਕੇ 'ਚ ਭਾਰੀ ਬੰਬਾਰੀ ਹੋ ਰਹੀ ਹੈ। ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਂਕਾਂ ਅਤੇ ਤੋਪਾਂ ਤੋਂ ਗੋਲੀਬਾਰੀ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ। ਸ਼ਾਹੀਨ ਨੇ ਦੱਸਿਆ ਕਿ ਹਸਪਤਾਲ ਦੇ ਨੇੜੇ ਕੁਝ ਘੰਟਿਆਂ ਤੱਕ ਭਿਆਨਕ ਅੱਗ ਲੱਗੀ ਰਹੀ।