ਪੋਰਟ-ਓ-ਪ੍ਰਿੰਸ, 19 ਮਾਰਚ (ਪੋਸਟ ਬਿਊਰੋ): ਕੈਰੇਬੀਅਨ ਸਾਗਰ 'ਚ ਸਥਿਤ ਦੇਸ਼ ਹੈਤੀ ਦੀ ਸਥਿਤੀ ਇਨ੍ਹੀਂ ਦਿਨੀਂ ਬੇਹੱਦ ਖਰਾਬ ਹੋ ਗਈ ਹੈ। ਜਾਣਕਾਰੀ ਮੁਤਾਬਕ ਸੋਮਵਾਰ ਤੜਕੇ ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਆਸ-ਪਾਸ ਦੇ ਇਲਾਕਿਆਂ 'ਚ ਹਥਿਆਰਬੰਦ ਗੈਂਗ ਨੇ ਹਮਲੇ ਕੀਤੇ, ਜਿਸ 'ਚ ਘੱਟੋ-ਘੱਟ ਇਕ ਦਰਜਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਵਿਅਕਤੀਆਂ ਨੇ ਲੇਬੂਲੇ ਅਤੇ ਥੋਮਾਸਿਨ ਖੇਤਰਾਂ ਵਿੱਚ ਘਰਾਂ ਵਿੱਚ ਲੁੱਟਮਾਰ ਕੀਤੀ, ਜਿਸ ਨਾਲ ਲੋਕਾਂ ਨੂੰ ਭੱਜਣ ਲਈ ਮਜ਼ਬੂਰ ਕੀਤਾ ਗਿਆ ਜਦੋਂ ਕਿ ਕੁਝ ਨੇ ਰੇਡੀਓ ਸਟੇਸ਼ਨਾਂ ਰਾਹੀਂ ਪੁਲਿਸ ਨੂੰ ਮਦਦ ਲਈ ਅਪੀਲ ਕੀਤੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹੈਤੀ 'ਚ ਵਿਗੜਦੀ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਆਪਣੇ 90 ਨਾਗਰਿਕਾਂ ਨੂੰ ਕੱਢਣ 'ਤੇ ਵਿਚਾਰ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਹੈਤੀ 'ਚ 75 ਤੋਂ 90 ਭਾਰਤੀ ਮੌਜੂਦ ਹਨ, ਜਿਨ੍ਹਾਂ 'ਚੋਂ 60 ਨੇ 'ਲੋੜ ਪੈਣ' 'ਤੇ ਭਾਰਤ ਵਾਪਸ ਆਉਣ ਲਈ ਭਾਰਤੀ ਅਧਿਕਾਰੀਆਂ ਕੋਲ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ, ‘ਅਸੀਂ ਉਥੋਂ ਸਾਰਿਆਂ ਨੂੰ ਕੱਢਣ ਲਈ ਤਿਆਰ ਹਾਂ।’ ਤੁਹਾਨੂੰ ਦੱਸ ਦੇਈਏ ਕਿ ਹੈਤੀ `ਚ ਭਾਰਤ ਦਾ ਦੂਤਾਵਾਸ ਨਹੀਂ ਹੈ ਅਤੇ ਡੋਮਿਨਿਕਨ ਦੀ ਰਾਜਧਾਨੀ ਸੈਂਟੋ ਡੋਮਿੰਗੋ `ਚ ਸਥਿਤ ਭਾਰਤੀ ਮਿਸ਼ਨ ਰਾਹੀਂ ਦੇਸ਼ ਦੀ ਸਥਿਤੀ `ਤੇ ਨਜ਼ਰ ਰੱਖੀ ਜਾ ਰਹੀ ਹੈ।