ਮਾਸਕੋ, 18 ਮਾਰਚ (ਪੋਸਟ ਬਿਊਰੋ): ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣ ਗਏ ਹਨ। 15-17 ਮਾਰਚ ਨੂੰ ਹੋਈ ਵੋਟਿੰਗ ਵਿਚ ਪੁਤਿਨ ਨੂੰ 88% ਵੋਟਾਂ ਮਿਲੀਆਂ। ਉਸ ਦੇ ਵਿਰੋਧੀ ਨਿਕੋਲੇ ਖਾਰੀਤੋਨੋਵ ਨੂੰ 4% ਵੋਟਾਂ ਮਿਲੀਆਂ। ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਡ ਸਲੂਟਸਕੀ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ।
ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ। ਉਨ੍ਹਾਂ ਰੂਸ-ਨਾਟੋ ਵਿਵਾਦ 'ਤੇ ਵੀ ਚਰਚਾ ਕੀਤੀ। ਕਿਹਾ- ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਹਮੋ-ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆਂ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੋ ਜਾਵੇਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁਝ ਚਾਹੁੰਦਾ ਹੋਵੇਗਾ।