Welcome to Canadian Punjabi Post
Follow us on

03

July 2020
ਨਜਰਰੀਆ

ਖਾਸ ਆਦਮੀ ਪਾਰਟੀ ਦਾ ਮੈਨੀਫੈਸਟੋ

April 17, 2019 10:00 AM

-ਅਜੈ ਮੂਰਖ
ਧਰਮ ਦੇ ਨਾਂਅ ਉਤੇ ਦੰਗੇ ਕਰਾਉਣ ਵਾਲੀ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਖਾਓ-ਪੀਓ ਨੈਸ਼ਨਲ ਫਰੰਟ ਨੇ ਭਾਰਤ 'ਚ ਹੋਣ ਜਾ ਰਹੀਆਂ 17ਵੀਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਦਿਨ ਪਹਿਲਾਂ ਆਪਣੀ ਸੰਸਥਾ ਦਾ ਰਾਜਨੀਤਕ ਵਿੰਗ ‘ਖਾਸ ਆਦਮੀ ਪਾਰਟੀ’ ਬਣਾ ਕੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਸੰਸਥਾ ਵੱਲੋਂ ਰਜਿੰਦਰ ਆਬਾਦੀ ਨੂੰ ਖਾਸ ਆਦਮੀ ਪਾਰਟੀ ਦਾ ਪ੍ਰਧਾਨ, ਰੇਖਾ ਵਿਹਲੀ ਨੂੰ ਜਨਰਲ ਸਕੱਤਰ, ਬਿੱਟੂ ਅਨਪੜ੍ਹ ਨੂੰ ਕੈਸ਼ੀਅਰ ਬਣਾਇਆ ਗਿਆ ਅਤੇ ਨਾਲ 11 ਲੱਖ ਕੋਰ ਕਮੇਟੀ ਦੇ ਮੈਂਬਰਾਂ ਦੀ ਲਿਸਟ ਵੀ ਮੌਕੇ 'ਤੇ ਜਾਰੀ ਕੀਤੀ ਗਈ।
ਖਾਸ ਆਦਮੀ ਪਾਰਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਅੱਧੇ ਘੰਟੇ ਪਿੱਛੋਂ ਰਜਿੰਦਰ ਆਬਾਦੀ ਨੇ ਦਿੱਲੀ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਆਪਣੀ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ। ਪਾਰਟੀ ਦੀ ਜਿੱਤ ਬਾਰੇ ਪੂਰੇ ਯਕੀਨ ਨਾਲ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਜਿਹਾ ਮੈਨੀਫੈਸਟੋ ਤਿਆਰ ਕੀਤਾ ਹੈ, ਜਿਸ 'ਚ ਹਰ ਵਰਗ ਦਾ ਪੂਰੀ ਈਮਾਨਦਾਰੀ ਨਾਲ ਖਿਆਲ ਰੱਖਿਆ ਗਿਆ ਹੈ। ਉਨ੍ਹਾਂ ਨੇ ਮੈਨੀਫੈਸਟੋ ਦੀਆਂ ਵਿਸ਼ੇਸ਼ਤਾਈਆਂ ਗਿਣਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਸਰਕਾਰ ਆਉਣ ਉਤੇ ਸਰਕਾਰੀ ਨੌਕਰੀਆਂ 'ਤੇ ਪੱਕੇ ਤੌਰ 'ਤੇ ਬੈਨ ਲਗਾਇਆ ਜਾਵੇਗਾ, ਦੇਸ਼ 'ਚ ਮੌਜੂਦ 14 ਕਰੋੜ ਬੇਰੋਜ਼ਗਾਰ ਨੌਜਵਾਨਾਂ ਨੂੰ ਉਮਰ ਕੈਦ ਦਿੱਤੀ ਜਾਵੇਗੀ, ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਵਾਰਾਂ 'ਤੇ ਸਖਤ ਧਾਰਾਵਾਂ ਲਾ ਕੇ ਦੂਸਰੇ ਪ੍ਰਦੇਸ਼ਾਂ 'ਚ ਕੇਸ ਦਰਜ ਕੀਤੇ ਜਾਣਗੇ, ਤਾਂ ਜੋ ਤਰੀਕਾਂ ਭੁਗਤਣ ਵੇਲੇ ਕਿਸਾਨਾਂ ਦੇ ਪਰਵਾਰਾਂ ਦੀ ਅਕਲ ਟਿਕਾਣੇ ਆ ਸਕੇ, ਬਜ਼ੁਰਗਾਂ ਦੀ ਪੈਨਸ਼ਨ ਬੰਦ ਕੀਤੀ ਜਾਵੇਗੀ, ਦਿਹਾੜੀਦਾਰ, ਖੇਤ ਮਜ਼ਦੂਰ, ਰਿਕਸ਼ਾ ਚਲਾਉਣ ਵਾਲੇ, ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਵਾਲੇ, ਸਾਫ-ਸਫਾਈ ਕਰਨ ਵਾਲੇ, ਰੋਟੀ ਬਣਾਉਣ ਵਾਲੇ ਅਤੇ ਠੇਲਾ ਆਦਿ ਲਾ ਕੇ ਦਾਲ-ਫੁਲਕਾ ਕਮਾਉਣ ਵਾਲੇ ਲੋਕਾਂ 'ਤੇ ਭਾਰੀ ਟੈਕਸ ਲਾਇਆ ਜਾਵੇਗਾ। ਬੈਂਕਾਂ ਤੋਂ ਮੋਟਾ ਕਰਜ਼ਾ ਲੈ ਕੇ ਦੇਸ਼ ਛੱਡ ਕੇ ਭੱਜਣ ਵਾਲੇ ਹਰਫਨ ਮੌਲਾ ਠੱਗਾਂ ਨੂੰ ਫੜਨ ਦੇ ਕਿਸੇ ਪ੍ਰਕਾਰ ਦੇ ਉਪਰਾਲੇ ਨਹੀਂ ਕੀਤੇ ਜਾਣਗੇ, ਊਚ-ਨੀਚ, ਭੇਦਭਾਵ ਫੈਲਾ ਰਹੇ ਘਟੀਆ ਮਹਾਪੁਰਸ਼ਾਂ ਅਤੇ ਸੰਸਥਾਵਾਂ ਨੂੰ ਸਰਕਾਰੀ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਣਗੇ। ਰਾਫੇਲ, ਬੋਫੋਰਸ ਅਤੇ ਹੋਰ ਇਸ ਤਰ੍ਹਾਂ ਦੇ ਜਿੰਨੇ ਵੀ ਘਪਲੇ-ਘੋਟਾਲਿਆਂ ਦੇ ਕੇਸ ਕਿਸੇ ਵੀ ਕੋਰਟ ਜਾਂ ਕਿਸੇ ਏਜੰਸੀ 'ਚ ਚੱਲ ਰਹੇ ਹਨ, ਉਨ੍ਹਾਂ ਨੂੰ ਫੌਰੀ ਤੌਰ 'ਤੇ ਬੰਦ ਕਰ ਕੇ ਸਾਰੀਆਂ ਫਾਈਲਾਂ ਸਾੜ ਦਿੱਤੀਆਂ ਜਾਣਗੀਆਂ। ਇਹੀ ਨਹੀਂ ਅਜਿਹੇ ਘੋਟਾਲੇ ਫੜਨ ਵਾਲੇ ਕਰਮਚਾਰੀਆਂ, ਮੀਡੀਆ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਨਰਲ ਸਕੱਤਰ ਰੇਖਾ ਵਿਹਲੀ ਨੇ ਚੋਣ ਮੈਨੀਫੈਸਟੋ ਦੀਆਂ ਬਹੁਤ ਸਾਰੀਆਂ ਖੂਬੀਆਂ ਗਿਣਾਉਂਦੇ ਹੋਏ ਖਾਸ ਗੱਲ ਪੱਤਰਕਾਰਾਂ ਨਾਲ ਸਾਂਝੀ ਕੀਤੀ ਕਿ ਸਾਡੀ ਸਰਕਾਰ ਆਉਣ ਉਤੇ 100 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ ਮੁਫਤ ਸਾਈਕਲਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਸਖਤ ਹਦਾਇਤ ਦਿੱਤੀ ਜਾਵੇਗੀ ਕਿ ਇਹ ਸਾਈਕਲਾਂ ਉਹ ਸਿਰਫ ਹਾਈਵੇ 'ਤੇ ਚਲਾ ਸਕਦੇ ਹਨ। ਰੋਟੀ, ਕੱਪੜਾ, ਮਕਾਨ, ਸਿਹਤ, ਸਿਖਿਆ ਸਿਰਫ ਅਰਬਪਤੀ, ਖਰਬਪਤੀ, ਕਰੋੜਪਤੀ ਅਤੇ ਖਾਸ ਆਦਮੀਆਂ ਦਾ ਜਨਮ ਸਿੱਧ ਅਧਿਕਾਰ ਹੋਵੇਗਾ। ਪ੍ਰੈਸ ਵਾਰਤਾ ਦੌਰਾਨ ਰੇਖਾ ਵਿਹਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜ ਸੈਕਿੰਡ ਪਹਿਲਾਂ ਵਿਦੇਸ਼ੀ ਮੀਡੀਆ ਜਿਨ੍ਹਾਂ ਵਿੱਚ ਖਾਸ ਕਰ ਕੇ ਸ੍ਰੀਲੰਕਾ, ਪਾਕਿਸਤਾਨ, ਭੁੱਖਮਰੀ ਦੇ ਸ਼ਿਕਾਰ ਅਫਰੀਕਾ ਦੇ 28 ਦੇਸ਼ਾਂ ਦੀ ਸਰਵੇ ਟੀਮ ਨੇ ਭਾਰਤ ਦੇ ਵੋਟਰਾਂ ਤੋਂ ਸਰਵੇ ਕਰ ਕੇ ਚੋਣ ਵਿਸ਼ਲੇਸ਼ਣ ਕਰਦਿਆਂ ਦੱਸਿਆ ਹੈ ਕਿ ਅਗਲੀਆਂ ਚੋਣਾਂ ਵਿੱਚ ਭਾਰਤ ਵਿੱਚ ਖਾਸ ਆਦਮੀ ਪਾਰਟੀ ਦੀ ਸਾਰੀਆਂ ਸੀਟਾਂ ਉੱਤੇ ਹੂੰਝਾ-ਫੇਰ ਜਿੱਤ ਹੋਵੇਗੀ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਜਾਵੇਗੀ।
ਇਥੇ ਜ਼ਿਕਰਯੋਗ ਹੈ ਕਿ ਖਾਸ ਆਦਮੀ ਪਾਰਟੀ ਦਾ ਚੋਣ ਨਿਸ਼ਾਨ ‘ਜੁੱਤੀ' ਹੈ ਤੇ ਕੌਮੀ ਨਾਅਰਾ ਰੱਜ ਕੇ ਲੁੱਟਣਾ ਤੇ ਖੁੱਲ੍ਹ ਕੇ ਕੁੱਟਣਾ ਹੈ। ਉਨ੍ਹਾਂ ਦੱਸਿਆ ਕਿ ਭਾਰਤ 'ਚ ਆਉਣ ਵਾਲੀ ਸਰਕਾਰ ਖਾਸ ਆਦਮੀ ਪਾਰਟੀ ਦੀ ਹੀ ਹੋਵੇਗੀ।
ਖੁਸ਼ੀ ਵਿੱਚ ਝੂਮਦੇ ਹੋਏ ਰੇਖਾ ਵਿਹਲੀ ਨੇ ਪਾਰਟੀ ਦੀ ਕੋਰ ਕਮੇਟੀ ਦੇ 11 ਲੱਖ ਮੈਂਬਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬੰਟੀ ਜ਼ਾਲਮ, ਰਜਨੀ ਕਠੋਰ, ਸੰਨੀ ਸ਼ਾਂਤ, ਰਾਜਨ ਠੀਕ-ਠਾਕ, ਵਿਜੇ ਦਲੇਰ, ਸੋਨੂੰ ਪ੍ਰੇਮੀ, ਸੁਰਜੀਤ ਠੰਡਾ, ਬਲਵਿੰਦਰ ਨਰਮ, ਹਰਜਿੰਦਰ ਗਰਮ, ਸ਼ਸ਼ੀ ਬਲੈਕਮੇਲਰ, ਵਿੱਕੀ ਸਦਾਬਹਾਰ, ਬੇਬੀ ਸਿੱਧੀ, ਵੀਨਾ ਕਮਲੀ ਅਤੇ ਅਜੈ ਮੂਰਖ ਆਦਿ ਸ਼ਾਮਲ ਸਨ।
(ਖਾਸ ਨੋਟ-ਵਿਅੰਗ 'ਚ ਲਿਖੇ ਸਾਰੇ ਨਾਮ ਕਾਲਪਨਿਕ ਹਨ।)

Have something to say? Post your comment