ਨਵੀਂ ਦਿੱਲੀ, 17 ਦਸੰਬਰ (ਪੋਸਟ ਬਿਊਰੋ): ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਇੱਕ ਦਿਨਾ ਸੀਰੀਜ਼ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲਾ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਇਸ ਨਾਲ ਟੀਮ ਇੰਡੀਆ ਨੇ ਹੁਣ ਇਸ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ ਵਿਚ ਭਾਰਤੀ ਟੀਮ ਦੇ ਦੋ ਤੇਜ਼ ਗੇਂਦਬਾਜ਼ਾਂ ਦਾ ਜਾਦੂ ਦੇਖਣ ਨੂੰ ਮਿਲਿਆ, ਜਿਸ ਵਿਚ ਅਰਸ਼ਦੀਪ ਸਿੰਘ ਨੇ 5 ਵਿਕਟਾਂ ਅਤੇ ਅਵੇਸ਼ ਖਾਨ ਨੇ 4 ਵਿਕਟਾਂ ਲਈਆਂ, ਜਿਸ ਕਾਰਨ ਦੱਖਣੀ ਅਫਰੀਕਾ ਦੀ ਟੀਮ ਇਸ ਮੈਚ 'ਚ 27.3 ਓਵਰਾਂ 'ਚ ਸਿਰਫ 116 ਦੌੜਾਂ 'ਤੇ ਹੀ ਸਿਮਟ ਗਈ। ਟੀਮ ਇੰਡੀਆ ਨੇ ਇਹ ਟੀਚਾ 16.4 ਓਵਰਾਂ ਵਿੱਚ ਹਾਸਿਲ ਕਰ ਲਿਆ ਅਤੇ ਮੈਚ ਜਿੱਤ ਲਿਆ।
ਕੇ.ਐੱਲ. ਰਾਹੁਲ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਨਾ ਸਿਰਫ ਦੱਖਣੀ ਅਫਰੀਕਾ ਨੂੰ ਹਰਾਇਆ ਸਗੋਂ ਵੰਨਡੇ ਫਾਰਮੈਟ 'ਚ ਵੀ ਟੀਮ ਇੰਡੀਆ ਦੀ ਐਨੀਆਂ ਗੇਂਦਾਂ ਵਿਚ ਹੀ ਦੱਖਣੀ ਅਫਰੀਕਾ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਇਲਾਵਾ ਗੇਂਦਾਂ ਦੇ ਫਰਕ ਨਾਲ ਵਨਡੇ 'ਚ ਕਿਸੇ ਵੀ ਟੀਮ ਖਿਲਾਫ ਭਾਰਤ ਦੀ ਇਹ ਹੁਣ ਤੱਕ ਦੀ ਚੌਥੀ ਸਭ ਤੋਂ ਵੱਡੀ ਜਿੱਤ ਹੈ। ਦੱਖਣੀ ਅਫਰੀਕਾ ਦੀ ਵਨਡੇ 'ਚ ਇਸ ਫਰਕ ਨਾਲ ਇਹ ਦੂਜੀ ਸਭ ਤੋਂ ਵੱਡੀ ਹਾਰ ਹੈ। ਜੇਕਰ ਅਸੀਂ ਭਾਰਤੀ ਟੀਮ ਖਿਲਾਫ ਪਿਛਲੇ ਤਿੰਨ ਵਨਡੇ ਮੈਚਾਂ 'ਚ ਦੱਖਣੀ ਅਫਰੀਕਾ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਇਕ ਵਾਰ ਉਸ ਨੇ 99 ਦੌੜਾਂ ਬਣਾਈਆਂ, ਦੂਜੀ ਵਾਰ ਉਸ ਨੇ 83 ਦੌੜਾਂ ਬਣਾਈਆਂ ਜਦਕਿ ਇਸ ਮੈਚ 'ਚ ਉਹ 116 ਦੌੜਾਂ ਤੱਕ ਹੀ ਸੀਮਤ ਰਹੀ।
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਇਸ ਮੈਚ 'ਚ ਟੀਮ ਇੰਡੀਆ ਲਈ ਡੈਬਿਊ ਕਰਨ ਦਾ ਮੌਕਾ ਮਿਲਿਆ ਅਤੇ ਉਸ ਨੇ ਇਸ ਦਾ ਪੂਰਾ ਫਾਇਦਾ ਉਠਾਇਆ ਅਤੇ 55 ਦੌੜਾਂ ਦੀ ਸ਼ਾਨਦਾਰ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਸੁਦਰਸ਼ਨ ਵਨਡੇ ਫਾਰਮੈਟ ਵਿੱਚ ਭਾਰਤ ਲਈ ਡੈਬਿਊ ਮੈਚ ਵਿੱਚ 50 ਤੋਂ ਵੱਧ ਦੌੜਾਂ ਬਣਾਉਣ ਵਾਲਾ ਚੌਥਾ ਸਲਾਮੀ ਬੱਲੇਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਰੌਬਿਨ ਉਥੱਪਾ, ਕੇਐੱਲ ਰਾਹੁਲ ਅਤੇ ਫੈਜ਼ ਫਜ਼ਲ ਇਹ ਕਾਰਨਾਮਾ ਕਰਨ 'ਚ ਸਫਲ ਰਹੇ ਹਨ।