Welcome to Canadian Punjabi Post
Follow us on

26

May 2020
ਨਜਰਰੀਆ

ਸਾਈਕਲ ਵਾਲੇ ਸਰਵਣ ਦੀ ਅੜੀ

October 01, 2018 08:16 AM

-ਤਰਲੋਚਨ ਸਿੰਘ ਦੁਪਾਲਪੁਰ
ਸੰਨ ਅੱਸੀ ਦੇ ਜਨਵਰੀ ਫਰਵਰੀ ਦੀ ਗੱਲ ਹੈ। ਵੱਡੇ ਬੇਟੇ ਦਾ ਜਨਮ, ਰਵਾਇਤ ਮੁਤਾਬਕ, ਨਾਨਕੇ ਘਰ ਹੋਇਆ। ਉਨ੍ਹੀਂ ਦਿਨੀਂ ਮੇਰੇ ਸਹੁਰਾ ਸਾਹਿਬ ਨਹਿਰੀ ਵਿਭਾਗ ਵਿੱਚ ਸਨ ਤੇ ਉਨ੍ਹਾਂ ਦੀ ਰਿਹਾਇਸ਼ ਗੜ੍ਹਸ਼ੰਕਰ (ਜ਼ਿਲਾ ਹੁਸ਼ਿਆਰਪੁਰ) ਸੀ। ਨਵ ਜਨਮੇ ਬਾਲ ਦੇ ਚਾਅ ਵਿੱਚ ਮੇਰਾ ਤਾਂ ਸਹੁਰੇ ਘਰ ਕੌਡੀ ਫੇਰਾ ਰਹਿੰਦਾ ਹੀ ਸੀ, ਰਿਵਾਜ ਮੁਤਾਬਕ ਮੇਰੀ ਪਤਨੀ ਲਈ ਮਿੱਠਾ ਥਿੰਧਾ, ਕੱਪੜੇ ਲੱਤੇ ਵਗੈਰਾ ਘਰ ਦਿਆਂ ਨੇ ਲੈ ਕੇ ਜਾਣਾ ਸੀ। ਜੇਠੇ ਭਤੀਜੇ ਲਈ ਕੱਪੜੇ ਅਤੇ ਖਿਡੌਣੇ ਮੇਰੀਆਂ ਭੈਣਾਂ ਖਰੀਦ ਲਿਆਈਆਂ ਤੇ ਘਿਓ ਦੁੱਧ ਘਰ ਦਾ ਹੋਣ ਕਾਰਨ ਪੰਜੀਰੀ ਘਰੇ ਬਣਾ ਲਈ।
ਇਕ ਦਿਨ ਸੋਹਣੀ ਧੁੱਪ ਨਿਕਲੀ ਹੋਣ ਕਰਕੇ ਭਾਈਆ ਜੀ ਨੇ ਗੜ੍ਹਸ਼ੰਕਰ ਜਾਣ ਦਾ ਵਿਚਾਰ ਕੀਤਾ ਅਤੇ ਆਪਣਾ ਸਾਈਕਲ ਤਿਆਰ ਕਰ ਲਿਆ। ਇਕ ਝੋਲੇ ਵਿੱਚ ਪੰਜੀਰੀ ਵਾਲਾ ਗੜਵਾ ਅਤੇ ਦੂਜੇ ਵਿੱਚ ਸੂਟ-ਸਾਟ ਪਾ ਲਏ। ਦੋਵੇਂ ਝੋਲੇ ਹੈਂਡਲ ਦੇ ਸੱਜੇ ਖੱਬੇ ਮਜ਼ਬੂਤੀ ਨਾਲ ਬੰਨ੍ਹ ਲਏ। ਖੱਦਰ ਦੇ ਪਰਨੇ ਨੂੰ ਚੌਫਲਾ ਕਰਕੇ ਸੇਬਿਆਂ ਨਾਲ ਕੈਰੀਅਰ 'ਤੇ ਬੰਨ੍ਹ ਕੇ ਬੀਬੀ ਲਈ ‘ਆਰਮ ਦਾਇਕ ਸੀਟ' ਵੀ ਬਣਾ ਲਈ।
ਚਾਈ-ਚਾਈ ਇਹ ਦੋਵੇਂ ਪਿੰਡੋਂ ਬਾਹਰ ਨਿਕਲ ਕੇ ਉਥੇ ਜਾ ਪਹੁੰਚੇ, ਜਿਥੋਂ ਭਾਈਆ ਜੀ ਨੇ ਬੀਬੀ ਜੀ ਨੂੰ ਪਿੱਛੇ ਬਹਾ ਕੇ ਸਾਈਕਲ ਉੱਤੇ ਸਵਾਰ ਹੋਣਾ ਸੀ। ਸਾਡੇ ਪਿੰਡੋਂ ਚਾਰ ਕੁ ਮੀਲ ਦੂਰ ਜਾਡਲੇ ਜਾਣ ਲਈ ਬਿਸਤ ਦੁਆਬ ਨਹਿਰ ਤੱਕ ਮੀਲ ਕੁ ਦਾ ਰਾਹ ਚੜ੍ਹਾਈ ਵਾਲਾ ਹੈ। ਚੜ੍ਹਾਈ ਤੋਂ ਰਤਾ ਘਬਰਾਉਂਦਿਆਂ ਉਨ੍ਹਾਂ ਇਸ ਆਸ ਵਿੱਚ ਪਿੰਡੋਂ ਆਉਂਦੇ ਰਾਹ ਵੱਲ ਨਜ਼ਰ ਦੁੜਾਈ ਕਿ ਸ਼ਾਇਦ ਕੋਈ `ਕੱਲਾ ਦੁਕੱਲਾ ਸਾਈਕਲ ਵਾਲਾ ਆਉਂਦਾ ਹੋਵੇ ਤਾਂ ਨਹਿਰ ਤੱਕ ਉਹਦੇ ਪਿੱਛੇ ਆਪਣੀ ਸਵਾਰੀ ਬਹਾ ਦਿਆਂ। ਪਿੰਡ ਵੱਲੋਂ ਸਾਈਕਲ 'ਤੇ ਸ਼ੂਟ ਵੱਟੀ ਆਉਂਦੇ ਗੱਭਰੂ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਚਮਕ ਪਈਆਂ। ਪਿੰਡੋਂ ਆ ਰਿਹਾ ਇਹ ਮੁੰਡਾ ਸਾਡੇ ਪਿੰਡ ਦੇ ਬੀਬੇ ਸਾਊਆਂ ਵਿੱਚੋਂ ਇਕ ਸੀ।
‘ਕਾਕਾ ਤੈਂ ਜਾਡਲੇ ਵੱਲ ਜਾਣਾ ਹੋਣੈ?' ਸਤਿਬਚਨੀ ਸੁਭਾਅ ਵਾਲਾ ਲਛਮਣ ਸਿੰਘ ਖੌਰੇ ਨਹਿਰ ਕੋਲ ਆਪਣੇ ਖੇਤਾਂ ਵੱਲ ਗੇੜਾ ਮਾਰਨ ਚੱਲਿਆ ਸੀ, ਜਾਂ ਸੱਚਮੁੱਚ ਉਹਨੇ ਜਾਡਲੇ ਜਾਣਾ ਸੀ, ਉਹਨੇ ਝੱਟ ‘ਹਾਂ ਜੀ ਤਾਇਆ ਜੀ' ਆਖ ਦਿੱਤਾ ਤੇ ਬੀਬੀ ਨੂੰ ਆਪਣੇ ਸਾਈਕਲ ਪਿੱਛੇ ਬਿਠਾ ਲਿਆ। ਆਪਣੇ ਖੇਤਾਂ ਕੋਲੋਂ ਉਹ ਚੁੱਪ ਕਰਕੇ ਲੰਘ ਗਿਆ। ਇਹਦਾ ਮਤਲਬ ਉਸ ਨੇ ਕੋਈ ਸੌਦਾ ਪੱਤਾ ਲੈਣ ਜਾਡਲੇ ਜਾਣਾ ਹੋਵੇਗਾ, ਭਾਈਆ ਜੀ ਨੇ ਸੋਚਿਆ। ਚਾਰ ਮੀਲ ਸਾਈਕਲ ਚਲਾਉਂਦੇ ਜਦੋਂ ਇਹ ਜਾਡਲੇ ਵਾਲੀ ਨਹਿਰ ਦੇ ਪੁਲ 'ਤੇ ਪਹੁੰਚੇ ਤਾਂ ਬੀਬੀ ਨੂੰ ਸਾਈਕਲ ਤੋਂ ਉਤਾਰ ਕੇ ਜਾਡਲੇ ਸ਼ਹਿਰ ਵੱਲ ਜਾਣ ਦੀ ਥਾਂ ਲਛਮਣ ਸਿੰਘ ਨੇ ਸਾਈਕਲ ਨਹਿਰੇ, ਭਾਵ ਗੜ੍ਹਸ਼ੰਕਰ ਵੱਲ ਸਿੱਧਾ ਕਰ ਲਿਆ।
‘ਕਾਕਾ, ਤੂੰ ਭਾਵੇਂ ਜਾਹ ਜਿਥੇ ਜਾਣਾ, ਅਸੀਂ ਆਪੇ ਈ ਪਟੜੀਉ ਪਟੜੀ ਸਿੱਧੇ ਰਾਹ ਗੜ੍ਹਸ਼ੰਕਰ ਚਲੇ ਜਾਣਾ,' ਪਰ ਉਹ ‘ਕੋਈ ਨਾ ਤਾਇਆ ਜੀ.. ਆ ਜੋ ਤੁਸੀਂ' ਕਹਿੰਦਿਆਂ ਸਾਈਕਲ ਦੱਬੀ ਗਿਆ। ਭਾਈਆ ਜੀ ਨੇ ਉਹਦੇ ਨੇੜੇ ਜਿਹੇ ਹੋ ਕੇ ਫਿਰ ਕਿਹਾ, ਪਰ ਉਹ ‘ਕੋਈ ਨੀ ਕੋਈ ਨੀ' ਕਰਦਾ ਤੁਰਿਆ ਰਿਹਾ। ਬਾਪੂ ਨੇ ਕਿਆਸ ਲਾਇਆ ਕਿ ਇਥੋਂ ਸੱਤ ਕੁ ਮੀਲ ਅੱਗੇ ਜਾ ਕੇ ਨਹਿਰ ਤੋਂ ਡੇਢ ਕੁ ਮੀਲ ਹਟਵਾਂ ਪਿੰਡ ਸਿੰਬਲੀ ਹੈ, ਉਥੇ ਇਨ੍ਹਾਂ ਦੀ ਖਾਸ ਰਿਸ਼ਤੇਦਾਰੀ ਹੈ, ਹੋਵੇ ਨਾ ਤਾਂ ਇਸ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਹੋਵੇ। ਦੂਜੇ ਪਲ ਖਿਆਲ ਆਇਆ ਕਿ ਇਹਦੇ ਤਨ ਦੇ ਕੱਪੜੇ ਤਾਂ ਸਾਧਾਰਨ ਹਨ। ਜਦੋਂ ਉਹ ਸਿੰਬਲੀ ਵਾਲਾ ਪੁਲ ਵੀ ਟੱਪ ਗਿਆ ਤਾਂ ਬਜ਼ੁਰਗਾਂ ਨੂੰ ਅਚੰਭਾ ਹੋਇਆ ਕਿ ਆਖਰ ਇਸ ਨੇ ਜਾਣਾ ਕਿੱਥੇ ਹੈ?
ਪਿੰਡੋਂ ਵੀਹ ਬਾਈ ਕਿਲੋਮੀਟਰ ਸਾਈਕਲ ਚਲਾਉਂਦਾ ਉਹ ਧੁਰ ਗੜ੍ਹਸ਼ੰਕਰ ਦੇ ਪੁਲ ਉਤੇ ਜਾ ਪਹੁੰਚਿਆ, ਚੱਲਣ ਲੱਗਿਆਂ ਉਹਨੇ ਪੁੱਛ ਜੁ ਲਿਆ ਸੀ ਕਿ ਜਾ ਕਿੱਥੇ ਰਹੇ ਨੇ।
ਜਦ ਕਿਤੇ ਸਲੱਗ ਧੀਆਂ ਪੁੱਤਾਂ ਦੀ ਗੱਲ ਚੱਲਣੀ ਤਾਂ ਭਾਈਆ ਜੀ ਨੇ ਆਪਣੀ ਇਸ ਹੱਡ ਬੀਤੀ ਦੇ ਅੰਤਲੇ ਭਾਗ ਵਿੱਚ ਲਛਮਣ ਸਿੰਘ ਵੱਲੋਂ ਕੀਤੇ ਇਕ ਹੋਰ ਪਰਉਪਕਾਰ ਬਾਰੇ ਦੱਸਣਾ। ਗੜ੍ਹਸ਼ੰਕਰ ਵਾਲੇ ਪੁਲ ਦੇ ਲਹਿੰਦੇ ਪਾਸੇ ਨਾਲ ਹੀ ਨਹਿਰੀ ਕਲੋਨੀ ਹੈ, ਜਿਥੇ ਸਾਡੇ ਕੁੜਮ ਰਹਿੰਦੇ ਸਨ, ਤੇ ਚੜ੍ਹਦੇ ਪਾਸੇ ਅੱਧੇ ਕੁ ਮੀਲ 'ਤੇ ਸ਼ਹਿਰ ਦਾ ਬਾਜ਼ਾਰ। ਮੈਂ ਉਹਨੂੰ ਕਿਹਾ ‘ਕਾਕਾ ਤੂੰ ਇਥੇ ਰਤਾ ਰੁਕ, ਮੈਂ ਕੋਈ ਫਲ ਫਰੂਟ ਲੈ ਆਵਾਂ, ਅਸੀਂ ਅੱਜ ਸ਼ਗਨਾਂ ਨਾਲ ਨਵੇਂ-ਨਵੇਂ ਕੁੜਮਾਂ ਦੇ ਜਾ ਰਹੇ ਹਾਂ।' ਇਹ ਸੁਣਦਿਆਂ ਉਨੇ ਸਾਈਕਲ ਚੱਕਿਆ, ਮੇਰੇ ਮਨ੍ਹਾ ਕਰਦੇ-ਕਰਦੇ ਸ਼ਹਿਰ ਨੂੰ ਭੱਜ ਗਿਆ ਅਤੇ ਮਿੰਟਾਂ ਵਿੱਚ ਹੀ ਕੇਲਿਆਂ ਤੇ ਸੇਬਾਂ ਦੇ ਦੋ ਲਫਾਫੇ ਸਾਡੇ ਹੱਥ ਲਿਆ ਫੜਾਏ।
ਆਪਣੇ ਬੁੱਢੇ ਮਾਂ ਬਾਪ ਨੂੰ ਵਹਿੰਗੀ ਵਿੱਚ ਬਿਠਾ ਕੇ ਤੀਰਥਾਂ ਦੀ ਯਾਤਰਾ ਕਰਵਾਉਣ ਵਾਲੇ ਸਰਵਣ ਪੁੱਤ ਵਰਗੇ ਆਗਿਆਕਾਰੀ ਲਛਮਣ ਸਿੰਘ ਨੇ ਅੱਧੇ ਪੌਣੇ ਕਿਲੋਮੀਟਰ ਤੱਕ ਸਵਾਰੀ ਲਿਜਾਣ ਲਈ ਕਹਿਣ 'ਤੇ ਵੀਹ ਬਾਈ ਮੀਲ ਦਾ ਸਫਰ ਕਰ ਲਿਆ, ਪਰ ਫਰੂਟ ਦੇ ਪੈਸੇ ਫੜਾਉਣ ਵੇਲੇ ਪੈਸੇ ਨਾ ਫੜਨ ਦੀ ਅੜੀ ਫੜ ਲਈ। ਬਾਂਹੋ ਫੜ ਕੇ ਖਿੱਚਿਆ ਕਿ ਕੁੜਮਾਂ ਦੇ ਘਰੋਂ ਚਾਹ ਦਾ ਕੱਪ ਪੀ ਕੇ ਜਾਈਂ, ਇਹ ਵੀ ਨਹੀਂ ਮੰਨਿਆ। ਅਸੀਂ ਦੋਵਾਂ ਨੇ ਉਹਨੂੰ ਬੱਚਿਆਂ ਵਾਂਗ ਕਲਾਵੇ 'ਚ ਲੈਂਦਿਆਂ ਪੁੱਛਿਆ, ‘ਪੁੱਤ! ਸੱਚ-ਸੱਚ ਦੱਸ, ਤੂੰ ਅੱਜ ਪਿੰਡੋਂ ਕਿੱਥੇ ਜਾਣ ਲਈ ਕਿਲਿਆਂ ਸੈਂ?’ ਸਾਈਕਲ ਵਾਲੇ ਸਰਵਣ ਨੇ ਸਾਡੇ ਸਵਾਲ ਦੇ ਜਵਾਬ ਵਿੱਚ ਮੁਸਕਰਾਉਂਦਿਆਂ ਹੋਇਆ ਸਾਨੂੰ ਝੁਕ ਕੇ ਪ੍ਰਮਾਣ ਕੀਤਾ, ਤੇ ਅਹੁ ਗਿਆ..ਅਹੁ ਗਿਆ!

Have something to say? Post your comment