* ਪਿੱਛੋਂ ਖੁਦ ਨੂੰ ਵੀ ਗੋਲੀ ਮਾਰੀ, ਹਾਲਤ ਗੰਭੀਰ
ਨਵੀਂ ਦਿੱਲੀ, 21 ਮਾਰਚ (ਪੋਸਟ ਬਿਊਰੋ)- ਜੰਮੂ ਕਸ਼ਮੀਰ ਦੇ ਊਧਮਪੁਰ ਵਿੱਚ ਇੱਕ ਸੀ ਆਰ ਪੀ ਐਫ ਜਵਾਨ ਨੇ ਕਿਸੇ ਵਿਵਾਦ ਤੋਂ ਬਾਅਦ ਆਪਣੇ ਤਿੰਨ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਜਿਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ 187ਵੀਂ ਬਟਾਲੀਅਨ ਦੇ ਸਿਪਾਹੀ ਅਜੀਤ ਕੁਮਾਰ ਦਾ ਆਪਣੇ ਸਾਥੀਆਂ ਨਾਲ ਬੱਟਲ ਬਾਲਿਆਨ ਕੈਂਪ ਵਿੱਚ ਕੋਈ ਵਿਵਾਦ ਹੋਣ ਤੋਂ ਬਾਅਦ ਉਸ ਨੇ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਜੀਤ ਕੁਮਾਰ ਉਤਰ ਪ੍ਰਦੇਸ਼ ਦੇ ਕਾਨਪੁਰ ਦਾ ਵਸਨੀਕ ਹੈ। ਮ੍ਰਿਤਕ ਜਵਾਨਾਂ ਦੀ ਪਛਾਣ ਹੈਡ ਕਾਂਸਟੇਬਲ ਪੋਕਰਮਲ ਆਰ ਵਾਸੀ ਝੁਨਝਨ, ਰਾਜਸਥਾਨ, ਯੋਗੇਂਦਰ ਸ਼ਰਮਾ ਵਾਸੀ ਮੌਜਪੁਰ, ਦਿੱਲੀ ਅਤੇ ਹਰਿਆਣਾ ਵਿੱਚ ਰਿਵਾੜੀ ਦੇ ਰਹਿਣ ਵਾਲੇ ਉਮੇਦ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸੀਨੀਅਰ ਸੀ ਆਰ ਪੀ ਐਫ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।