ਚੰਡੀਗੜ੍ਹ, 18 ਮਾਰਚ (ਪੋਸਟ ਬਿਊਰੋ)- ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੈਂਬਰ ਵਿਨੈ ਕਪੂਰ ਮਹਿਰਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਸੋਨੀਪਤ ਵਿਚਲੀ ਖੇਡ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾ ਦਿੱਤਾ ਹੈ। ਇਹ ਸਾਰਾ ਘਟਨਾਕ੍ਰਮ ਇਕ ਦੋ ਦਿਨਾਂ ਵਿੱਚ ਵਾਪਰਿਆ ਹੈ। ਵਿਨੈ ਕਪੂਰ ਮਹਿਰਾ ਨੇ ਸੋਨੀਪਤ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਦੀ ਪੁਸ਼ਟੀ ਕੀਤੀ ਹੈ।
ਵਰਨਣ ਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਵਿਨੈ ਕਪੂਰ ਮਹਿਰਾ ਨੂੰ ਸੂਚਨਾ ਕਮਿਸ਼ਨਰ ਬਣਾਇਆ ਸੀ ਤੇ ਅੱਠ ਸਤੰਬਰ 2016 ਨੂੰ ਉਨ੍ਹਾਂ ਕਮਿਸ਼ਨਰ ਵਜੋਂ ਸਹੁੰ ਚੁੱਕੀ ਸੀ। ਅਕਾਲੀ ਭਾਜਪਾ ਸਰਕਾਰ ਨੇ ਸੂਚਨਾ ਅਧਿਕਾਰ ਐਕਟ ਦੇ ਨਿਯਮ ਅਣਗੌਲੇ ਕੀਤੇ ਸਨ ਅਤੇ ਵਿਵਾਦ ਬਣਿਆ ਸੀ। ਪੰਜਾਬ ਵਿੱਚ ਸਰਕਾਰ ਬਦਲਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੰਬਰ 2017 ਵਿੱਚ ਸ਼ਿਕਾਇਤ ਨਿਵਾਰਨ, ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਿਰਮਲ ਸਿੰਘ ਕਲਸੀ ਨੂੰ ਵਿਨੈ ਕਪੂਰ ਮਹਿਰਾ ਨੂੰ ਅਹੁਦੇ ਤੋਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਵਿਨੈ ਕਪੂਰ ਮਹਿਰਾ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਵਿਨੈ ਕਪੂਰ ਮਹਿਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਸਨ। ਉਨ੍ਹਾਂ 'ਤੇ ਦੋਸ਼ ਸੀ ਕਿ ਪ੍ਰੋਫੈਸਰ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਬਿਨਾਂ ਸੂਚਨਾ ਕਮਿਸ਼ਨਰ ਬਣਨ ਲਈ ਬਿਨੈ ਪੱਤਰ ਦੇ ਦਿੱਤਾ ਸੀ। ਜਦੋਂ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਆਇਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸ਼ਿਕਾਇਤ ਨਿਵਾਰਨ, ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਵਿਨੈ ਕਪੂਰ ਮਹਿਰਾ ਨੂੰ ਅਹੁਦੇ ਤੋਂ ਹਟਾਉਣ ਬਾਰੇ ਹਰੀ ਝੰਡੀ ਦੇ ਦਿੱਤੀ ਸੀ। ਸੂਚਨਾ ਅਧਿਕਾਰ ਐਕਟ ਦੀ ਧਾਰਾ 13 (6) ਅਨੁਸਾਰ ਮੁੱਖ ਸੂਚਨਾ ਕਮਿਸ਼ਨਰ, ਪੰਜਾਬ ਰਾਜ ਸੂਚਨਾ ਕਮਿਸ਼ਨਰ ਦੀ ਆਸਾਮੀ 'ਤੇ ਪਾਰਲੀਮੈਂਟ ਮੈਂਬਰ, ਵਿਧਾਨ ਸਭਾ ਮੈਂਬਰ, ਸਿਆਸੀ ਆਗੂ, ਕਾਰੋਬਾਰੀ ਜਾਂ ਕੋਈ ਹੋਰ ਪੇਸ਼ਾ ਕਰਨ ਵਾਲੇ ਵਿਅਕਤੀ ਦੀ ਕਮਿਸ਼ਨਰ ਵਜੋਂ ਨਿਯੁਕਤੀ ਨਹੀਂ ਕੀਤੀ ਜਾ ਸਕਦੀ।