Welcome to Canadian Punjabi Post
Follow us on

18

January 2021
ਨਜਰਰੀਆ

ਕੰਨਾਂ 'ਚੋਂ ਕੱਢੀ ਗੱਲ..

September 27, 2018 08:03 AM

-ਰਾਜਕੁਮਾਰ ਸ਼ਰਮਾ
ਕੋਈ ਜ਼ਮਾਨਾ ਸੀ ਕਿ ਆਂਢੀ ਗੁਆਂਢੀ ਤਾਂ ਛੱਡੋ, ਜੇ ਪਿੰਡ ਦਾ ਵੀ ਕੋਈ ਬੰਦਾ ਝਿੜਕ ਦਿੰਦਾ ਤਾਂ ਅਸੀਂ ਨਾ ਸਿਰਫ ਉਸ ਦੀ ਗੱਲ 'ਤੇ ਅਮਲ ਕਰਦੇ, ਸਗੋਂ ਉਹ ਗਲਤੀ ਨਾ ਦੁਹਰਾਉਣ ਦੀ ਕੋਸ਼ਿਸ਼ ਕਰਦੇ। ਅੱਜ ਉਹ ਮਾਹੌਲ ਨਹੀਂ ਰਿਹਾ। ਕਿਸੇ ਬੱਚੇ ਨੂੰ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਅੱਗਿਓਂ ਅਜਿਹਾ ਜਵਾਬ ਮਿਲੇਗਾ ਕਿ ਅਗਾਂਹ ਤੋਂ ਕੰਨਾਂ ਨੂੰ ਹੱਥ ਲੱਗ ਜਾਂਦੇ ਹਨ। ਜੇ ਬੱਚੇ ਦੀ ਗੱਲ ਮਾਂ ਬਾਪ ਨਾਲ ਕਰੀਏ ਤਾਂ ਉਹ ਇਕ ਗੱਲ ਬੜੇ ਹੀ ਅੰਦਾਜ਼ ਵਿੱਚ ਕਹਿਣਗੇ, ‘ਇਹ ਤਾਂ ਉਹਦੀ ਆਦਤ ਐ। ਉਹ ਨਹੀਂ ਕਿਸੇ ਦੀ ਗੱਲ ਬਰਦਾਸ਼ਤ ਕਰਦਾ।' ਕਈ ਮਾਪੇ ਉਲਟਾ ਤੁਹਾਡੇ ਬੱਚੇ ਦੀਆਂ ‘ਗਲਤੀਆਂ' ਗਿਣਾਉਣ ਲੱਗ ਪੈਂਦੇ ਹਨ ਤੇ ਅਗਲਾ ਚੁੱਪ ਕਰ ਜਾਂਦਾ ਹੈ। ਅੱਜ ਹਾਲ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਬਹੁਤਾ ‘ਸਮਝਾ' ਨਹੀਂ ਸਕਦੇ, ਬੱਚੇ ਸਮਝਦੇ ਹਨ ਕਿ ਉਹ ਮਾਂ ਬਾਪ ਤੋਂ ਵੱਧ ਸਮਝਦਾਰ ਹਨ।
ਬਚਪਨ ਵਿੱਚ ਇਕ ਵਾਰ ਮੈਨੂੰ ਬੀੜੀ ਪੀਂਦੇ ਨੂੰ ਸਾਡੇ ਪਿੰਡ ਦੇ ਕਿਸੇ ਬੰਦੇ ਨੇ ਵੇਖ ਲਿਆ। ਉਸ ਨੇ ਮੇਰੇ ਮੂੰਹ 'ਤੇ ਤਕੜੀ ਚਪੇੜ ਛੱਡੀ ਤੇ ਬੀੜੀ ਖੋਹ ਕੇ ਸੁੱਟ ਦਿੱਤੀ, ਨਾਲੇ ਕੰਨ ਤੋਂ ਫੜ ਕੇ ਮੈਨੂੰ ਮੇਰੇ ਮਾਪਿਆਂ ਕੋਲ ਲੈ ਗਿਆ। ਮਾਪਿਆਂ ਨੂੰ ਮੇਰੀ ਹਰਕਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਉਸ ਬੰਦੇ ਦਾ ਧੰਨਵਾਦ ਕੀਤਾ। ਉਸ ਦਿਨ ਤੋਂ ਬਾਅਦ ਮੈਂ ਬੀੜੀ ਸਿਗਰਟ ਬਾਰੇ ਸੋਚਿਆ ਵੀ ਨਹੀਂ। ਇਹ ਗੱਲ ਕੋਈ ਚਾਲੀ ਸਾਲ ਪਹਿਲਾਂ ਦੀ ਹੈ। ਗੁਆਂਢ ਵਿੱਚ ਰਹਿੰਦੇ 12 ਕੁ ਵਰ੍ਹਿਆਂ ਦੇ ਮੁੰਡੇ ਨੂੰ ਸ਼ਰਾਬ ਪੀਂਦੇ ਵੇਖਿਆ ਤਾਂ ਸੋਚਿਆ ਕਿ ਮੁੰਡੇ ਬਾਰੇ ਇਹ ਗੱਲ ਲਾਜ਼ਮੀ ਹੀ ਘਰ ਦਿਆਂ ਦੇ ਕੰਨਾਂ ਵਿੱਚੋਂ ਕੱਢ ਦਿਆਂ। ਘਰੇ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੇ ਤੁਰੰਤ ਮਨ੍ਹਾ ਕਰ ਦਿੱਤਾ, ਅਖੇ, ‘ਕੀ ਲੋੜ ਐ ਐਵੇਂ।' ਮੈਂ ਚੁੱਪ ਕਰ ਗਿਆ, ਪਰ ਰਹਿ-ਰਹਿ ਕੇ ਮੇਰੇ ਮਨ ਵਿੱਚ ਖਿਆਲ ਉਠ ਰਿਹਾ ਸੀ ਕਿ ਜੇ ਇਹ ਮੁੰਡਾ ਸ਼ਰਾਬ ਪੀਣ ਲੱਗ ਜਾਵੇ ਤਾਂ ਅੱਗੇ ਕੀ ਕਰੇਗਾ? ਇਹ ਸੋਚ ਕੇ ਮੈਂ ਆਖਿਰ ਮੁੰਡੇ ਦੇ ਘਰ ਤੱਕ ਪੁੱਜ ਗਿਆ। ਘਰ ਵਿੱਚ ਉਸ ਦੀ ਵਿਧਵਾ ਮਾਂ ਸੀ। ਖੈਰ ਸੁੱਖ ਤੋਂ ਬਾਅਦ ਮੈਂ ਕਿਹਾ, ‘ਭੈਣ ਜੀ, ਤੁਹਾਡੇ ਮੁੰਡੇ ਨੂੰ ਕੇਬਲ ਵਾਲਿਆਂ ਦੇ ਘਰ ਸ਼ਰਾਬ ਪੀਂਦੇ ਵੇਖਿਆ, ਉਸ ਨੂੰ ਮਨਾ ਕਰੋ। ਅਜੇ ਉਸ ਦੀ ਉਮਰ ਕੀ ਐ।' ਉਸ ਦੀ ਮਾਂ ਦਾ ਜਵਾਬ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ, ‘ਭਰਾ ਜੀ, ਅਸੀਂ ਖਾਂਦੇ ਪੀਂਦੇ ਘਰਾਂ ਵਾਲੇ ਹੁੰਨੇ ਆਂ, ਫਿਰ ਕੀ ਹੋਇਆ ਜੇ ਮੁੰਡੇ ਨੇ ਦੋ ਘੁੱਟ ਲਾ ਲਈ।'
ਮੈਂ ਆਪਣੀ ਝੰਡ ਜਿਹੀ ਕਰਵਾ ਕੇ ਵਾਪਸ ਘਰ ਗਿਆ। ਅੱਗੇ ਤੋਂ ਕਿੇਸ ਨੂੰ ਅਜਿਹਾ ਕੁਝ ਕਹਿਣ ਦਾ ਹੌਸਲਾ ਨਹੀਂ ਕੀਤਾ, ਪਰ ਜਿਉਂ-ਜਿਉਂ ਉਸ ਮੁੰਡੇ ਦੀ ਉਮਰ ਵਧਦੀ ਗਈ, ਤਿਉਂ-ਤਿਉਂ ਉਸ ਦੇ ਨਸ਼ੇ ਵਧਦੇ ਗਏ। ਇਕ ਵੇਲਾ ਇਸ ਤਰ੍ਹਾਂ ਦਾ ਵੀ ਆ ਗਿਆ ਕਿ ਉਹ ਮੁੰਡਾ ਹਰ ਕਿਸਮ ਦਾ ਨਸ਼ਾ ਕਰਨ ਲੱਗ ਪਿਆ।
ਇਕ ਵਾਰ ਰਾਤ ਦੀ ਡਿਊਟੀ ਕਰਕੇ ਮੈਂ ਸਵੇਰੇ ਦੇਰ ਤੱਕ ਸੁੱਤਾ ਹੋਇਆ ਸੀ ਤਾਂ ਕਿਸੇ ਦੇ ਘਰੋਂ ਲੜਾਈ ਝਗੜੇ ਦੀ ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਅੱਭੜਬਾਹੇ ਉਠਿਆ ਤਾਂ ਪਤਾ ਲੱਗਾ ਕਿ ਝਗੜੇ ਦੀਆਂ ਆਵਾਜ਼ਾਂ ਉਸੇ ਮੁੰਡੇ ਦੇ ਘਰੋਂ ਆ ਰਹੀਆਂ ਸਨ। ਉਹ ਮੁੰਡਾ ਆਪਣੀ ਛੋਟੀ ਭੈਣ ਤੇ ਮਾਂ ਨੂੰ ਕੁੱਟ ਰਿਹਾ ਸੀ। ਮੈਂ ਚੁੱਪ ਚਾਪ ਘਰ ਆ ਗਿਆ। ਥੋੜ੍ਹੀ ਦੇਰ ਬਾਅਦ ਮੁੰਡੇ ਦੀ ਮਾਂ ਸਾਡੇ ਘਰ ਆਈ ਤੇ ਕਹਿਣ ਲੱਗੀ, ‘ਭਾਅ ਜੀ, ਇਸ ਨੂੰ ਕਿਸੇ ਤਰ੍ਹਾਂ ਹਟਾਓ, ਇਹ ਆਪਣੀ ਭੈਣ ਤੇ ਮੇਰੇ ਨਾਲ ਰੋਜ਼ ਲੜਦਾ, ਕਿਉਂਕਿ ਅਸੀਂ ਇਹਨੂੰ ਨਸ਼ਾ ਕਰਨ ਤੋਂ ਰੋਕਦੀਆਂ ਹਾਂ। ਨਾ ਕੋਈ ਕੰਮ ਕਰਦਾ, ਬੱਸ ਨਸ਼ਿਆਂ ਲਈ ਪੈਸੇ ਮੰਗਦਾ ਰਹਿੰਦਾ। ਮੈਂ ਆਪਣੇ ਘਰ ਦਾ ਗੁਜ਼ਾਰਾ ਵੀ ਤੋਰਨਾ ਹੈ। ਨਸ਼ਿਆਂ ਲਈ ਰੋਜ਼ ਪੈਸੇ ਕਿੱਥੋਂ ਦੇਈਏ?'
ਮੈਂ ਉਸ ਦੀ ਗੱਲ ਸੁਣ ਕੇ ਜਦੋਂ ਉਨ੍ਹਾਂ ਦੇ ਘਰ ਗਿਆ ਤਾਂ ਵੇਖਿਆ, ਮੁੰਡੇ ਦਾ ਬਹੁਤ ਮਾੜਾ ਹਾਲ ਸੀ। ਮੈਨੂੰ ਵੇਖ ਕੇ ਉਹ ਉਚੀ-ਉਚੀ ਬੋਲਣ ਲੱਗ ਪਿਆ, ‘ਅੰਕਲ ਜੀ, ਦੇਖੋ ਮੰਮੀ ਮੈਨੂੰ ਪੈਸੇ ਨਹੀਂ ਦਿੰਦੀ। ਛੋਟੀ ਭੈਣ ਜੇ ਪੈਸੇ ਮੰਗੇ ਤਾਂ ਉਸ ਨੂੰ ਦੋ ਦਿੱਤੇ ਜਾਂਦੇ ਆ, ਮੇਰੇ ਨਾਲ ਵਿਤਕਰਾ ਕਰਦੇ ਆ।' ਕਹਿੰਦਾ-ਕਹਿੰਦਾ ਉਹ ਬੇਹੋਸ਼ ਹੋ ਗਿਆ। ਮੈਂ ਗੁਆਂਢ ਰਹਿੰਦੇ ਡਾਕਟਰ ਨੂੰ ਫੋਨ ਕੀਤਾ। ਉਸ ਨੇ ਆਉਂਦੇ ਸਾਰ ਚੈਕ ਕੀਤਾ ਤੇ ਤੁਰੰਤ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਅਸੀਂ ਉਸੇ ਵੇਲੇ ਉਸ ਨੂੰ ਗੱਡੀ ਵਿੱਚ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਮਾਂ ਤੋਂ ਮੁੰਡੇ ਦੇ ਖਾਣ ਪੀਣ ਬਾਰੇ ਕਈ ਕੁਝ ਪੁੱਛਿਆ ਤੇ ਫਿਰ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ, ਪਰ ਉਸ ਦੀ ਬੇਹੋਸ਼ੀ ਟੁੱਟ ਨਹੀਂ ਸੀ ਰਹੀ। ਫਿਰ ਉਥੇ ਹੀ ਉਸ ਦੇ ਇਸ ਜਹਾਨ ਤੋਂ ਕੂਚ ਕਰਨ ਬਾਰੇ ਸੁਣਨਾ ਪੈ ਗਿਆ।
ਮੁੰਡੇ ਦੀ ਅੰਤਿਮ ਅਰਦਾਸ ਤੋਂ ਬਾਅਦ ਉਸ ਦੀ ਮਾਂ ਨੇ ਮੇਰੇ ਨਾਲ ਗੱਲ ਕੀਤੀ; ‘ਜੇ ਉਸ ਵੇਲੇ ਤੁਹਾਡੀ ਗੱਲ ਮੰਨ ਲਈ ਹੁੰਦੀ ਤਾਂ ਇਹ ਵੇਲਾ ਵੇਖਣ ਨੂੰ ਨਾ ਮਿਲਦਾ।' ਮੇਰੇ ਮਨ ਵਿੱਚ ਵੀ ਇਹ ਕਸਕ ਅੱਜ ਤੱਕ ਹੈ ਕਿ ਮੈਂ ਹੀ ਉਸ ਦੇ ਦੋ ਥੱਪੜ ਜੜ ਦਿੰਦਾ, ਜਿਵੇਂ ਮੈਨੂੰ ਬੀੜੀ ਪੀਣ 'ਤੇ ਲੱਗੇ ਸੀ ਤਾਂ ਉਹ ਸ਼ਾਇਦ ਅੱਜ ਸਾਡੇ ਨਾਲ ਹੁੰਦਾ।

Have something to say? Post your comment