Welcome to Canadian Punjabi Post
Follow us on

05

June 2020
ਨਜਰਰੀਆ

ਪੰਜਾਬੀ ਗਾਇਕੀ ਦੇ ਬਨੇਰੇ ਦੀ ਬੱਤੀ

September 26, 2018 07:47 AM

-ਦਰਦੀ ਸਰਬਜੀਤ
ਸ਼ਮਸ਼ਾਦ ਬੇਗਮ ਉਹ ਗਾਇਕਾ ਹੈ, ਜਿਸ ਨੇ ਆਪਣੇ ਗੀਤਾਂ ਨਾਲ ਪੰਜਾਬੀਅਤ ਦੀ ਖੁਸ਼ਬੋ ਦੂਰ ਤੱਕ ਪੁਚਾਈ। ਅੱਜ ਵੀ ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਪਹਿਲਾਂ ਵਾਂਗ ਸੁਣਿਆ ਜਾਂਦਾ ਹੈ। ਭਾਵੇਂ ਅੱਜ ਉਹ ਸਾਡੇ ਵਿਚਕਾਰ ਨਹੀਂ, ਪਰ ਉਨ੍ਹਾਂ ਦੀ ਸੁਰੀਲੀ ਆਵਾਜ਼ ਹਮੇਸ਼ਾ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ। ਸ਼ਮਸ਼ਾਦ ਬੇਗਮ ਨੇ 14 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਪਹਿਲੀ ਕਿਲਕਾਰੀ ਮਾਰੀ। ਜਨਮ ਤੋਂ 18 ਸਾਲ ਬਾਅਦ ਉਨ੍ਹਾਂ ਨੇ ਆਪਣੀ ਗਾਇਕੀ ਦਾ ਆਗਾਜ਼ 16 ਦਸੰਬਰ 1937 ਨੂੰ ਆਲ ਇੰਡੀਆ ਰੇਡੀਓ ਲਾਹੌਰ ਤੋਂ ਸ਼ੁਰੂ ਕੀਤਾ। ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਗਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਸ਼ਮਸ਼ਾਦ ਬੇਗਮ ਨੇ ਆਪਣੇ ਪਿਤਾ ਨੂੰ ਇਹ ਬਚਨ ਦਿੱਤਾ ਕਿ ਉਹ ਕੈਮਰੇ ਦੀਆਂ ਨਜ਼ਰਾਂ ਤੋਂ ਦੂਰ ਰਹੇਗੀ। 1970 ਤੱਕ ਇਹ ਗਾਇਕਾ ਵੱਡੇ ਪਰਦੇ ਜਾਂ ਕੈਮਰੇ ਦੇ ਸਾਹਮਣੇ ਨਹੀਂ ਆਈ। ਉਨ੍ਹਾਂ ਨੇ ਜਿਉਂਦੇ ਜੀਅ ਕਿਸੇ ਅਖਬਾਰ ਜਾਂ ਮੈਗਜ਼ੀਨ ਵਿੱਚ ਕਦੇ ਆਪਣੀ ਤਸਵੀਰ ਨਾ ਛਪਵਾਈ। ਉਨ੍ਹਾਂ ਨੇ ਆਪਣੀ ਪਛਾਣ ਚਿਹਰੇ ਨਹੀਂ, ਆਪਣੀ ਸੁਰੀਲੀ ਆਵਾਜ਼ ਨਾਲ ਬਣਾਈ, ਜੋ ਸੰਗੀਤ ਪ੍ਰੇਮੀਆਂ ਦੇ ਧੁਰ ਤੱਕ ਉਤਰ ਗਈ। ਉਨ੍ਹਾਂ ਨੇ ਆਪਣੇ ਪੂਰੇ ਜੀਵਨ ਵਿੱਚ ਸਿਰਫ ਦੋ ਇੰਟਰਵਿਊ ਦਿੱਤੇ। ਪਹਿਲੀ 1980 ਤੇ ਦੂਜੀ 2012 ਵਿੱਚ। ਹੌਲੀ-ਹੌਲੀ ਗਾਇਕੀ ਦੇ ਖੇਤਰ ਵਿੱਚ ਅੱਗੇ ਵਧਦੀ ਇਸ ਗਾਇਕਾ ਦੀ ਕਸਕ ਤੇ ਜਾਦੂਭਰੀ ਆਵਾਜ਼ ਦਾ ਪ੍ਰਭਾਵ ਉਘੇ ਸੰਗੀਤਕਾਰ ਮਾਸਟਰ ਗੁਲਾਮ ਹੈਦਰ 'ਤੇ ਪਿਆ। ਇਸ ਸੰਗੀਤਕਾਰ ਨੇ ਉਸ ਨੂੰ ਸਹਾਇਕ ਗਾਇਕਾ ਵੱਜੋਂ ਫਿਲਮ ‘ਜੱਟ' ਵਿੱਚ ਗੀਤ ਗਾਉਣ ਦਾ ਮੌਕਾ ਦੇ ਦਿੱਤਾ। ‘ਪੰਚੋਲੀ ਆਰਟ ਬੈਨਰ' ਦੀ ਰਹਿਨੁਮਾਈ ਵਿੱਚ ਤਿਆਰ ਹੋਈ ਫਿਲਮ ‘ਹੀਰੋ' ਦੇ ਵਲੀ ਸਾਹਿਬ ਵੱਲੋਂ ਲਿਖੇ ਗੀਤ ‘ਕਣਕਾਂ ਦੀਆਂ ਫਸਲਾਂ ਪੱਕੀਆਂ ਨੇ', ‘ਸੁਪਨੇ ਵਿੱਚ ਸੁਪਨਾ ਤੱਕਿਆ', ‘ਆ ਦੁੱਖੜੇ ਫੋਲ', ‘ਤੁਸੀਂ ਅੱਖੀਆਂ ਦਾ ਮੇਲ ਕਰਲੋ' ਆਦਿ ਬਹੁਤ ਪਸੰਦ ਕੀਤੇ ਗਏ। ਜਦੋਂ ਉਨ੍ਹਾਂ ਦੀ ਗਾਇਕੀ ਤਰੱਕੀ ਦੇ ਰਾਹ ਸਵਾਰ ਹੋਈ ਤਾਂ ਉਨ੍ਹਾਂ ਦਾ ਸੰਗੀਤਕਾਰ ਗੁਲਾਮ ਹੈਦਰ ਦੇ ਸੰਗੀਤ ਨਾਲ ਨਹੁੰ ਮਾਸ ਦਾ ਰਿਸ਼ਤਾ ਬਣਿਆ। ਸਾਲ 1941 ਵਿੱਚ ਸ਼ਮਸ਼ਾਦ ਬੇਗਮ ਨੇ ‘ਚੌਧਰੀ' ਫਿਲਮ ਵਿੱਚ ਉਨ੍ਹਾਂ ਵੱਲੋਂ ਤਿਆਰ ਕੀਤੇ ਸੰਗੀਤ 'ਚ ਗੀਤਕਾਰ ਐਫ ਡੀ ਸਰਫ ਦੇ ਲਿਖੇ ਦੋ ਖੂਬਸੂਰਤ ਨਗਮੇ ਗਏ, ਜੋ ਬੇਹੱਦ ਪਸੰਦ ਕੀਤੇ ਗਏ। ਉਨ੍ਹਾਂ ਨੇ ਫਿਰ ਇਸੇ ਸੰਗੀਤਕਾਰ ਦੇ ਸੰਗੀਤ 'ਚ ਵਲੀ ਸਾਹਿਬ ਦੇ ਸਿਰਜੇ ਗੀਤ ‘ਮੋਹੇ ਭਾਬੀ ਲਾ ਦੋ ਭਈਆ', ‘ਸਾਵਨ ਕੇ ਨਜ਼ਾਰੇ ਹੈ', ‘ਤੇਰੀ ਆਂਖੇ ਹੈਂ ਮਦ ਕੀ ਪਿਆਲੀ', ‘ਏਕ ਕਲੀ ਨਾਜ਼ੋ ਸੇ ਪਲੀ', ‘ਨੈਨੋ ਕੇ ਬਾਨ ਕੀ ਪ੍ਰੀਤ ਅਨੋਖੀ' ਆਦਿ ਨਗਮੇ ਗਏ ਜੋ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤੇ ਗਏ।
1942 ਅਤੇ 1943 ਵਿੱਚ ਪੰਜਾਬ ਦੀ ਇਸ ਧੀ ਨੇ ‘ਦੁਨੀਆਂ ਮੇਂ ਗਰੀਬੋਂ ਕੋ ਅਰਾਮ ਨਹੀਂ ਮਿਲਤਾ' (ਫਿਲਮ ਜ਼ਿਮੀਂਦਾਰ), ‘ਮੇਰੀ ਹਾਲ ਪਰ ਬੇਬਸੀ ਹੋ ਰਹੀ ਹੈ' (ਪੂੰਜੀ), ‘ਗਾੜੀ ਵਾਲੇ ਦੁਪੱਟਾ ਉੜਾ ਜਾਏ ਰੇ' ਗੀਤਾਂ ਨਾਲ ਵੀ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਮਾਸਟਰ ਗੁਲਾਮ ਹੈਦਰ ਦੇ ਸੰਗੀਤ ਤੋਂ ਬਿਨਾ ਸ਼ਮਸ਼ਾਦ ਬੇਗਮ ਨੇ ਆਪਣੀ ਆਵਾਜ਼ ਦਾ ਜਾਦੂ ਸੰਗੀਤਕਾਰਾਂ ਸ਼ਿਆਮ ਸੁੰਦਰ, ਨੌਸ਼ਾਦ ਅਲੀ, ਐਸ ਡੀ ਬਰਮਨ, ਵਿਨੋਦ ਹੰਸ ਰਾਜ ਬਹਿਲ, ਸਜਾਦ ਹੁਸੈਨ, ਗੁਲਾਮ ਮੁਹੰਮਦ, ਸ੍ਰੀ ਰਾਮ ਚੰਦਰ, ਭਗਤ ਰਾਮ, ਓ ਪੀ ਨਈਅਰ, ਪੰਡਿਤ ਹੁਸਨ ਲਾਲ, ਪੰਡਿਤ ਖੇਮ ਚੰਦ ਪ੍ਰਕਾਸ਼, ਅਨਿਲ ਬਿਸਵਾਸ, ਸਰਦੂਲ ਕਵਾਤੜਾ, ਐਸ ਮੋਹਿੰਦਰ, ਅੱਲਾ ਰੱਖਾ ਕੁਰੈਸ਼ੀ ਆਦਿ ਦੇ ਸੰਗੀਤ ਵਿੱਚ ਵੀ ਭਰਿਆ ਹੈ।
ਸਰੋਤਿਆਂ ਅੱਗੇ ਸਦਾ ਚੰਗੇ ਗੀਤ ਪੇਸ਼ ਕਰਨ ਵਾਲੀ ਅਤੇ ਤਾਮਿਲ, ਰਾਜਸਥਾਨੀ, ਭੋਜਪੁਰੀ, ਹਿੰਦੀ, ਪੰਜਾਬੀ ਅਤੇ ਹੋਰ ਵੀ ਭਾਸ਼ਾਵਾਂ ਵਿੱਚ ਗੀਤ ਗਾਉਣ ਵਾਲੀ ਸ਼ਮਸ਼ਾਦ ਬੇਗਮ 1955 ਵਿੱਚ ਆਪਣੇ ਜੀਵਨ ਸਾਥੀ ਦੇ ਗੁਜ਼ਰ ਜਾਣ 'ਤੇ ਕਾਫੀ ਉਦਾਸ ਰਹਿਣ ਲੱਗੀ। ਇਸ ਨਾਲ ਉਸ ਦੀ ਜ਼ਿੰਦਗੀ 'ਚ ਕਾਫੀ ਉਤਰਾਅ ਚੜ੍ਹਾਅ ਆਏ। ਅਜਿਹੇ ਵਿੱਚ ਉਨ੍ਹਾਂ ਗੀਤ ਗਾਉਣੇ ਘੱਟ ਕਰ ਦਿੱਤੇ। 1960 ਦੇ ਆਸ ਪਾਸ ਉਨ੍ਹਾਂ ਨੇ ਸੰਗੀਤਕ ਖੇਤਰ ਤੋਂ ਕਿਨਾਰਾ ਕਰ ਲਿਆ ਸੀ, ਪਰ ਸੰਗੀਤਕਾਰ ਓ ਪੀ ਨਈਅਰ ਨੇ 1966 ਵਿੱਚ ਸ਼ਮਸ਼ਾਦ ਬੇਗਮ ਨੂੰ ਫਿਲਮ ‘ਕਿਸਮਤ' ਵਿੱਚ ਆਸ਼ਾ ਭੋਸਲੇ ਨਾਲ ‘ਕਜ਼ਰਾ ਮੁਹੱਬਤ ਵਾਲਾ' ਗੀਤ ਗਾਉਣ ਲਈ ਜ਼ੋਰ ਪਾ ਕੇ ਹਾਂ ਕਰਵਾਈ। ਇਹ ਗੀਤ ਐਨਾ ਹਿੱਟ ਹੋਇਆ ਕਿ ਇਹ ਸਭ ਸੰਗੀਤ ਪ੍ਰੇਮੀਆਂ ਤੇ ਕਲਾ ਪ੍ਰੇਮੀਆਂ ਦੀ ਜ਼ੁਬਾਨ ਦਾ ਸ਼ਿੰਗਾਰ ਬਣਿਆ। ਇਸ ਨੇ ਸ਼ਮਸ਼ਾਦ ਬੇਗਮ ਦੀ ਸੁੰਨੀ ਜ਼ਿੰਦਗੀ ਵਿੱਚ ਰੌਣਕ ਭਰ ਦਿੱਤੀ।
ਉਨ੍ਹਾਂ ਵੱਲੋਂ ਗਾਇਕੀ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ 26 ਜਨਵਰੀ 2009 ਨੂੰ ਰਾਸ਼ਟਰਪਤੀ ਭਵਨ ਵਿਖੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ‘ਪਦਮ ਭੂਸ਼ਨ' ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। 1998 ਵਿੱਚ ਉਨ੍ਹਾਂ ਦਾ ਦੇਹਾਂਤ ਹੋਣ ਦੀ ਖਬਰ ਜੰਗਲ 'ਚ ਲੱਗੀ ਅੱਗ ਵਾਂਗ ਫੈਲ ਗਈ, ਜਦੋਂ ਕਿ ਉਹ ਬਿਲਕੁਲ ਤੰਦਰੁਸਤ ਸਨ। ਅਖਬਾਰਾਂ ਵਿੱਚ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਛਪ ਗਈਆਂ। ਉਦੋਂ ਮੌਤ ਅਦਾਕਾਰਾ ਸ਼ਾਇਰਾ ਬਾਨੋ ਦੀ ਨਾਨੀ ਦੀ ਹੋਈ ਸੀ, ਜਿਸ ਦਾ ਨਾਂ ‘ਸ਼ਮਸ਼ਾਦ ਵਾਹਿਦ ਖਾਨ' ਸੀ। ਮਿਲਦੇ ਜੁਲਦੇ ਨਾਂ ਹੋਣ ਕਾਰਨ ਵੱਡਾ ਭੁਲੇਖਾ ਪੈ ਗਿਆ ਸੀ। ਪੁਸ਼ਟੀ ਹੋਣ 'ਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਨੇ ਸੁੱਖ ਦਾ ਸਾਹ ਲਿਆ। ਪੂਰੀ ਜ਼ਿੰਦਗੀ ਸੰਗੀਤ ਸੇਵਾ ਕਰਨ ਬਦਲੇ ਉਨ੍ਹਾਂ ਨੂੰ ਓ ਪੀ ਨਈਅਰ ਫਾਊਂਡੇਸ਼ਨ ਨੇ ਐਵਾਰਡ ਨਾਲ ਸਨਮਾਨਤ ਕੀਤਾ ਤਾਂ ਉਨ੍ਹਾਂ ਨੇ ਇਸ ਪੁਰਸਕਾਰ ਨੂੰ ਸਵੀਕਾਰ ਕਰ ਲਿਆ, ਪਰ ਇਸ ਨਾਲ ਮਿਲੀ ਰਕਮ ਲੈਣ ਤੋਂ ਇਨਕਾਰ ਕਰਦਿਆਂ ਇਹ ਰਾਸ਼ੀ ਲੋੜਵੰਦਾਂ ਅਤੇ ਗਰੀਬਾਂ ਨੂੰ ਦਾਨ ਕਰਨ ਲਈ ਦੇ ਦਿੱਤੀ।
ਸ਼ਮਸ਼ਾਦ ਬੇਗਮ ਵੱਲੋਂ ਗਾਏ ਹਰ ਗੀਤ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ। ਉਨ੍ਹਾਂ ਵੱਲੋਂ ਗਾਏ ਪੰਜਾਬੀ ਦੇ ਪ੍ਰਸਿੱਧ ਗੀਤਾਂ ਵਿੱਚ ਸ਼ਾਮਲ ਹਨ:
ਤੁਣਕਾ-ਤੁਣਕਾ ਮਾਰ ਕੇ
ਦੋ ਨੈਣਾਂ ਦਾ ਤੀਰ ਸਾਡਾ ਕਲੇਜਾ ਗਿਆ ਚੀਰ
...........
ਬੱਤੀ ਬਾਲ ਕੇ ਬਨੇਰੇ ਉਤੇ ਰੱਖਦੀ ਆਂ
............
ਛੱਡ ਦੇ ਤੂੰ ਮੇਰਾ ਦੁਪੱਟਾ ਸੁਣ ਮਾਝੇ ਦਿਆ ਜੱਟਾ
............
ਮੈਂ ਤੇ ਸਾਂ ਮਲੂਕ ਜਿਹੀ ਜੱਟ ਪੱਲੇ ਪੈ ਗਿਆ
............
ਨੀ ਟੁੱਟ ਜਾਏ ਰੇਲ ਗੱਡੀਏ
.............
ਆਇਆ ਨਾ ਚੰਨ ਬੀਤੀ ਏ ਬਹਾਰ
..............
ਕੱਚੀ ਟੁੱਟੀ ਗਈ ਜਿਨ੍ਹਾਂ ਦੀ ਯਾਰੀ
.................
ਗੁੜ ਖਾਂਦੀ ਤੇ ਨਾਲੇ ਗੰਨੇ ਚੂਪਦੀ
..............
ਰੁੱਤ ਭੰਗੜਾ ਪਾਉਣ ਦੀ ਆਈ
...............
ਚਿੱਟੇ-ਚਿੱਟੇ ਬੱਦਲਾਂ ਦੀ ਛਾਂ ਡੋਲਦੀ
..............
ਮੈਂ ਜੱਟੀ ਪੰਜਾਬ ਦੀ ਮੇਰਾ ਰੇਸ਼ਮ ਵਰਗਾ ਲੱਕ
ਸ਼ਮਸ਼ਾਦ ਬੇਗਮ ਨੇ ਪੰਜਾਬੀ ਗੀਤਾਂ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਵਿੱਚ ਵੀ ਅਨੇਕਾਂ ਗੀਤ ਗਾਏ, ਜੋ ਬਹੁਤ ਮਕਬੂਲ ਹੋਏ। ਉਨ੍ਹਾਂ ਵਿੱਚ ਹਨ:
ਆਨਾ ਮੇਰੀ ਜਾਨ ਸੰਡੇ ਕੇ ਸੰਡੇ (ਸ਼ਹਿਨਾਈ)
ਮੇਰੇ ਪੀਆ ਗਏ ਰੰਗੂਨ (ਪਤੰਗਾ)
ਸਈਆਂ ਦਿਲ ਮੇਂ ਆਨਾ ਰੇ (ਬਹਾਰ)
ਕਭੀ ਆਰ ਕਭੀ ਪਾਰ ਲਾਗਾ ਤੀਰ-ਏ-ਨਜ਼ਰ (ਆਰ ਪਾਰ)
ਬੂਝ ਮੇਰਾ ਕਿਆ ਨਾਓ ਰੇ (ਸੀ ਆਈ ਡੀ)
ਗਾੜੀ ਵਾਲੇ ਗਾੜੀ ਧੀਰੇ ਹਾਂਕ ਰੇ (ਮਦਰ ਇੰਡੀਆ)
ਕਜ਼ਰਾ ਮੁਹੱਬਤ ਵਾਲਾ (ਕਿਸਮਤ)
ਆਪਣੇ ਗੀਤਾਂ ਨਾਲ ਅਮਰ ਹੋਣ ਵਾਲੀ ਇਸ ਗਾਇਕਾ ਨੇ 23 ਅਪ੍ਰੈਲ 2013 ਨੂੰ ਭੌਤਿਕ ਸੰਸਾਰ ਨੂੰ ਤਿਆਗ ਦਿੱਤਾ। ਪਰ ਉਨ੍ਹਾਂ ਦੀ ਆਵਾਜ਼ ਦਾ ਜਾਦੂ ਰਹਿੰਦੀ ਦੁਨੀਆ ਤੱਕ ਚੱਲਦਾ ਰਹੇਗਾ।

Have something to say? Post your comment