Welcome to Canadian Punjabi Post
Follow us on

05

June 2020
ਨਜਰਰੀਆ

ਏਨਾ ਹੁਸਨ ਪੇ ਗ਼ਰੂਰ ਨਾ ਹਜ਼ੂਰ ਕੀਜੀਏ

September 26, 2018 07:46 AM

-ਰਮੇਸ਼ ਕੁਮਾਰ ਸ਼ਰਮਾ
ਸੋਹਣੀ ਇਸਤਰੀ ਜੰਗਲ ਦੀ ਅੱਗ ਵਾਂਗ ਹੁੰਦੀ ਹੈ, ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਕਈ ਔਰਤਾਂ ਨੂੰ ਆਪਣੇ ਹੁਸਨ ਤੇ ਏਨਾ ਗ਼ਰੂਰ ਤੇ ਆਕੜ ਹੁੰਦੀ ਹੈ ਕਿ ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਗੈਰ ਮਰਦ ਨਾਲ ਬੋਲਣ ਸਮੇਂ ਬੜੇ ਨਾਜ਼ ਨਖਰੇ ਨਾਲ ਬੜਾ ਥੋੜ੍ਹਾ ਜਿਹਾ ਮੂੰਹ ਖੋਲ੍ਹਣਗੀਆਂ, ਜਿਵੇਂ ਸਾਹਮਣੇ ਵਾਲਾ ਉਨ੍ਹਾਂ ਦਾ ਕੁਝ ਲਾਹ ਲਵੇਗਾ। ਅਜਿਹੀ ਇੱਕ ਹਸੀਨਾ ਮੇਰੇ ਨਾਲ ਦੇ ਕੁਆਰਟਰ ਵਿੱਚ ਆਪਣੇ ਪਤੀ ਤੇ ਇੱਕ ਤਿੰਨ ਸਾਲਾ ਬੱਚੇ ਨਾਲ ਰਹਿੰਦੀ ਸੀ। ਬੱਸ ਉਸ ਦੀ ਆਪਣੀ ਹੀ ਦੁਨੀਆ ਸੀ। ਮੈਂ, ਮੇਰਾ ਪਤੀ ਤੇ ਮੇਰਾ ਬੱਚਾ। ਉਸ ਦਾ ਪਤੀ ਵੀ ਆਪਣੇ ਆਪ ਨੂੰ ਤਾਜ ਮਹਿਲ ਦਾ ਚੌਕੀਦਾਰ ਸਮਝਦਾ ਸੀ। ਸਾਰਾ ਦਿਨ ਉਸੇ ਦੇ ਪਿੱਛੇ ਘੁੰਮਦਾ ਰਹਿੰਦਾ ਸੀ। ਉਹ ਪਠਾਨਕੋਟ ਨੇੜੇ ਕਿਸੇ ਸਕੂਲ ਦਾ ਅਧਿਆਪਕ ਸੀ।
ਸਾਡਾ ਦਫਤਰ ਜੰਮੂ-ਪਠਾਨਕੋਟ ਰੋਡ ਉੱਤੇ ਸੀ। ਉਹ ਲੜਕੀ ਵੀ ਸਾਡੇ ਦਫਤਰ ਵਿੱਚ ਨੌਕਰੀ ਕਰਦੀ ਸੀ। ਮੇਰੇ ਨਾਲ ਕੁਆਰਟਰ ਵਿੱਚ ਮੇਰਾ ਇੱਕ ਦੋਸਤ ਰਹਿੰਦਾ ਸੀ। ਮੇਰੇ ਦੋਸਤ ਦੀਆਂ ਅੱਖਾਂ ਵਿੱਚ ਕੁਦਰਤ ਵੱਲੋਂ ਹਰ ਸਮੇਂ ਥੋੜ੍ਹੀ-ਥੋੜ੍ਹੀ ਜਿਹੀ ਲਾਲੀ ਰਹਿੰਦੀ ਸੀ, ਜਿਸ ਕਰ ਕੇ ਕਈਆਂ ਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਨਸ਼ਾ ਕਰਦਾ ਹੋਵੇ। ਮੇਰੇ ਬਾਰੇ ਤਾਂ ਪਤਾ ਨਹੀਂ ਉਹ ਕੀ ਸੋਚਦੀ ਹੋਵੇ, ਪ੍ਰੰਤੂ ਉਸ ਬਾਰੇ ਉਸ ਦੀ ਧਾਰਨਾ ਸੀ ਕਿ ਸ਼ਾਇਦ ਕੋਈ ਨਸ਼ੇੜੀ ਜਿਹਾ ਵਿਗੜਿਆ ਲੜਕਾ ਹੈ, ਜਦੋਂ ਕਿ ਉਹ ਬਹੁਤ ਹੀ ਵਧੀਆ ਤੇ ਮਿਲਣਸਾਰ ਇਨਸਾਨ ਸੀ।
ਜਵਾਨੀ ਆਦਮੀ ਕੀ ਮਾਯਾ ਏ ਇਲਜ਼ਾਮ ਹੋਤੀ ਹੈ,
ਨਿਗਾਹੇਂ ਨੇਕ ਭੀ ਇਸ ਉਮਰ ਮੇਂ ਬਦਨਾਮ ਹੋਤੀ ਹੈਂ।
ਸੁਣਿਆ ਹੈ, ਜਿਨ੍ਹਾਂ ਕੁੜੀਆਂ ਨੂੰ ਜ਼ਿਆਦਾ ਸੁਹੱਪਣ ਮਿਲਦਾ ਹੈ, ਉਨ੍ਹਾਂ ਨੂੰ ਪ੍ਰਮਾਤਮਾ ਤੋਂ ਜ਼ਿਆਦਾ ਸਿਆਣਪ ਦੀ ਦਾਤ ਨਹੀਂ ਮਿਲਦੀ। ਵੈਸੇ ਉਹ ਸਾਡੇ ਮੱਥੇ ਲੱਗਣਾ ਪਸੰਦ ਨਹੀਂ ਕਰਦੀ ਸੀ, ਫਿਰ ਵੀ ਗੁਆਂਢੀ ਹੋਣ ਨਾਤੇ ਵਿਹੜੇ ਵਿੱਚ ਖੜੀ ਨੂੰ ਨਮਸਤੇ ਕਰ ਦਿੰਦੇ ਤਾਂ ਉਹ ਮੂੰਹ ਦੂਜੇ ਪਾਸੇ ਕਰ ਲੈਂਦੀ ਸੀ।
ਇੱਕ ਦਿਨ ਉਹ ਸਟੂਲ ਉਤੇ ਖੜੋ ਕੇ ਖਿੜਕੀ ਦਾ ਸ਼ੀਸ਼ਾ ਸਾਫ ਕਰ ਰਹੀ ਸੀ ਕਿ ਅਚਾਨਕ ਸ਼ੀਸ਼ਾ ਟੁੱਟਣ ਨਾਲ ਉਸ ਦੀ ਬਾਂਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੇ ਚੀਕ ਮਾਰੀ। ਮੈਂ ਆਪਣੇ ਦੋਸਤ ਨੂੰ ਕਿਹਾ, ‘‘ਲੱਗਦੈ ਕੋਈ ਹਾਦਸਾ ਹੋਇਐ।” ਅਸੀਂ ਦੋਵਾਂ ਨੇ ਘੰਟੀ ਵਜਾਈ, ਉਸ ਦੀ ਕੰਮ ਵਾਲੀ ਨੇ ਬੂਹਾ ਖੋਲ੍ਹਿਆ। ਅਸੀਂ ਵੇਖਿਆ ਕਿ ਉਹ ਦਰਦ ਨਾਲ ਕਰਾਹ ਰਹੀ ਸੀ। ਅਸੀਂ ਉਸ ਨੂੰ ਡਾਕਟਰ ਕੋਲ ਚੱਲਣ ਲਈ ਕਿਹਾ, ਪਰ ਉਹ ਸਾਡੇ ਨਾਲ ਜਾਣ ਲਈ ਤਿਆਰ ਨਹੀਂ ਸੀ। ਅਸੀਂ ਉਸ ਨੂੰ ਕਿਹਾ ਸਾਡੇ ਪ੍ਰਤੀ ਜੋ ਤੁਹਾਡੇ ਮਨ ਦਾ ਗੁੱਸਾ ਗਿਲਾ ਹੈ, ਉਹ ਬਾਅਦ ਵਿੱਚ ਸਮਝ ਲੈਣਾ। ਉਨ੍ਹਾਂ ਦਿਨਾਂ ਵਿੱਚ ਸਕੂਟਰ ਬਹੁਤ ਘੱਟ ਲੋਕਾਂ ਕੋਲ ਹੁੰਦੇ ਸਨ। ਸਾਰੀ ਕਲੋਨੀ ਵਿੱਚ ਸਿਰਫ ਚਾਰ ਸਕੂਟਰ ਸਨ। ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਸਕੂਟਰ ਉਤੇ ਬਿਠਾਇਆ, ਮੈਂ ਪਿੱਛੇ ਬੈਠ ਕੇ ਉਸ ਦੀ ਬਾਂਹ ਨੂੰ ਸਹਾਰਾ ਦਿੱਤਾ। ਅਸੀਂ ਉਸ ਨੂੰ ਸੁਜਾਨਪੁਰ ਇੱਕ ਡਾਕਟਰ ਕੋਲ ਲੈ ਗਏ। ਓਦੋਂ ਤੱਕ ਖੂਨ ਬਹੁਤ ਨਿਕਲ ਚੁੱਕਾ ਸੀ। ਬਾਂਹ ਦੀ ਨਸ ਵੱਢੀ ਗਈ ਸੀ। ਡਾਕਟਰ ਨੇ ਟਾਂਕੇ ਲਾਏ ਤੇ ਖੂਨ ਦੇਣ ਲਈ ਕਿਹਾ। ਅਸੀਂ ਦੋਵਾਂ ਨੇ ਆਪਣਾ ਖੂਨ ਦਿੱਤਾ। ਕੁਝ ਦਿਨਾਂ ਵਿੱਚ ਉਸ ਦੇ ਜ਼ਖਮ ਭਰ ਗਏ।
ਇਸ ਹਾਦਸੇ ਨਾਲ ਵੀ ਉਸ ਦੇ ਸੁਭਾਅ ਵਿੱਚ ਕੋਈ ਤਬਦੀਲੀ ਨਾ ਆਈ। ਆਕੜ ਤੇ ਹੰਕਾਰ ਉਸੇ ਤਰ੍ਹਾਂ ਕਾਇਮ ਰਿਹਾ, ਸਗੋਂ ਉਸ ਨੇ ਆਪਣੀ ਇੱਕ ਸਹੇਲੀ ਨੂੰ ਕਿਹਾ, ‘‘ਜਿਨ੍ਹਾਂ ਦਾ ਮੈਂ ਮੂੰਹ ਵੇਖਣਾ ਪਸੰਦ ਨਹੀਂ ਸੀ ਕਰਦੀ, ਮੈਨੂੰ ਉਨ੍ਹਾਂ ਵਿਚਕਾਰ ਬੈਠਣਾ ਪਿਆ। ਪਤਾ ਨਹੀਂ ਉਨ੍ਹਾਂ ਦਾ ਖੂਨ ਵੀ ਕਿਵੇਂ ਦਾ ਹੋਵੇਗਾ?”
ਪ੍ਰਮਾਤਮਾ ਸ਼ਾਇਦ ਉਸ ਦਾ ਹੰਕਾਰ ਤੋੜਨਾ ਚਾਹੁੰਦਾ ਸੀ। ਇੱਕ ਦਿਨ ਉਸ ਦੀ ਕੰਮ ਵਾਲੀ ਨੇ ਸਾਨੂੰ ਦੱਸਿਆ ਕਿ ‘‘ਮੇਰੀ ਮਾਲਕਣ ਦੇ ਬੱਚੇ ਨੂੰ ਤੇਜ਼ ਬੁਖਾਰ ਹੋ ਗਿਐ।” ਅਸੀਂ ਇੱਕ ਵਾਰ ਫਿਰ ਉਸ ਦੀ ਮਦਦ ਦਾ ਮਨ ਬਣਾ ਲਿਆ। ਮੈਂ ਤਾਂ ਸ਼ਾਇਦ ਢਿੱਲ ਕਰ ਦਿੰਦਾ, ਪਰ ਮੇਰੇ ਦੋਸਤ ਨੇ ਕਿਹਾ, ‘‘ਫਿਰ ਆਪਣੇ ਅਤੇ ਉਸ ਵਿੱਚ ਕੀ ਫਰਕ ਰਹਿ ਜਾਵੇਗਾ।”
ਬੱਚਾ ਬੁਖਾਰ ਨਾਲ ਤਪ ਰਿਹਾ ਸੀ। ਅਸੀਂ ਉਸ ਨੂੰ ਨਾਲ ਜਾਣ ਲਈ ਕਿਹਾ, ਪਰ ਉਹ ਨਾ ਮੰਨੀ। ਕਲੋਨੀ ਸ਼ਹਿਰ ਤੋਂ ਦੂਰ ਸੀ। ਸਾਥੋਂ ਬੱਚੇ ਦੀ ਹਾਲਤ ਵੇਖੀ ਨਾ ਗਈ। ਅਸੀਂ ਉਸ ਦੇ ਕੰਮ ਵਾਲੀ ਨੂੰ ਬੱਚਾ ਫੜ ਕੇ ਸਕੂਟਰ ਉੱਤੇ ਬੈਠਣ ਲਈ ਕਿਹਾ, ਉਹ ਮੰਨ ਗਈ। ਅਸੀਂ ਬੱਚੇ ਨੂੰ ਸੁਜਾਨਪੁਰ ਦੇ ਇੱਕ ਡਾਕਟਰ ਦੇ ਘਰ ਲੈ ਗਏ। ਉਸ ਨੇ ਬੱਚੇ ਨੂੰ ਲਿਟਾ ਕੇ ਉਸ ਦੇ ਸਿਰ ਉਤੇ ਠੰਢੇ ਪਾਣੀ ਦੀਆਂ ਪੱਟੀਆਂ ਧਰਨੀਆਂ ਸ਼ੁਰੂ ਕਰ ਦਿੱਤੀਆਂ। ਬੱਚਾ ਆਪਣੀਆਂ ਅੱਖਾਂ ਖੋਲ੍ਹ-ਖੋਲ੍ਹ ਕੇ ਵੇਖ ਰਿਹਾ ਸੀ। ਅਸੀਂ ਸਾਰੇ ਘਬਰਾਏ ਖੜੇ ਸਾਂ ਕਿਉਂਕਿ ਬੱਚੇ ਕੋਲ ਘਰ ਦਾ ਕੋਈ ਮੈਂਬਰ ਜ਼ਰੂਰ ਹੋਣਾ ਚਾਹੀਦਾ ਸੀ। ਅਸੀਂ ਉਸ ਦੀ ਸਲਾਮਤੀ ਦੀ ਦੁਆ ਕਰ ਰਹੇ ਸਾਂ। ਏਨੇ ਨੂੰ ਬੱਚੇ ਦੇ ਮਾਤਾ-ਪਿਤਾ (ਮਾਸਟਰ ਅਤੇ ਮੈਡਮ) ਵੀ ਆ ਗਏ। ਬੱਚੇ ਦਾ ਬੁਖਾਰ ਥੋੜ੍ਹਾ ਘਟਣ ਤੇ ਡਾਕਟਰ ਨੇ ਉਸ ਨੂੰ ਇੰਜੈਕਸ਼ਨ ਦਿੱਤਾ।
ਅਸੀਂ ਡਾਕਟਰ ਨੂੰ ਦੱਸਿਆ ਕਿ ‘‘ਇਹ ਬੱਚੇ ਦੇ ਮਾਤਾ ਪਿਤਾ ਨੇ।'' ਡਾਕਟਰ ਨੇ ਕਿਹਾ, ‘‘ਕਿਸ ਤਰ੍ਹਾਂ ਦੇ ਮਾਂ-ਬਾਪ ਹੋ ਤੁਸੀਂ? ਬੱਚੇ ਦੇ ਮਾਮਲੇ ਵਿੱਚ ਏਨੀ ਲਾਪਰਵਾਹੀ? ਧੰਨਵਾਦ ਇਨ੍ਹਾਂ ਮੁੰਡਿਆਂ ਦਾ, ਜਿਨ੍ਹਾਂ ਨੇ ਸਮੇਂ ਸਿਰ ਬੱਚੇ ਨੂੰ ਏਥੇ ਲਿਆਂਦਾ, ਨਹੀਂ ਤਾਂ ਕੁਝ ਵੀ ਅਣਹੋਣੀ ਹੋ ਸਕਦੀ ਸੀ। ਬੱਚੇ ਨੂੰ 106 ਡਿਗਰੀ ਬੁਖਾਰ ਸੀ।”
ਮੈਡਮ ਨੇ ਕਿਹਾ, ‘‘ਭਰਾ ਜੀ, ਮੁਆਫ ਕਰਨਾ ਮੈਂ ਬਹੁਤ ਸ਼ਰਮਿੰਦਾ ਹਾਂ, ਮੈਂ ਪਤਾ ਨਹੀਂ ਤੁਹਾਡੇ ਬਾਰੇ ਕੀ ਗਲਤ ਸੋਚਦੀ ਰਹੀ, ਤੁਸੀਂ ਤਾਂ ਸਾਡੇ ਲਈ ਫਰਿਸ਼ਤੇ ਬਣੇ ਆਏ ਹੋ। ਸਾਡਾ ਬੱਚਾ ਤੁਹਾਡੀ ਮਿਹਰਬਾਨੀ ਸਦਕਾ ਠੀਕ ਹੋਇਆ ਹੈ, ਸਾਨੂੰ ਦੋਵਾਂ ਨੂੰ ਮੁਆਫ ਕਰ ਦਿਓ।'' ਉਹ ਦੋਵੇਂ ਸਾਡੇ ਪੈਰਾਂ ਨੂੰ ਹੱਥ ਲਾਉਣ ਲੱਗੇ, ਪਰ ਮੇਰੇ ਦੋਸਤ ਨੇ ਫੜ ਲਿਆ। ਮੈਂ ਕਿਹਾ, ‘‘ਮੈਡਮ ਜੀ, ਤੁਸੀਂ ਸਾਥੋਂ ਮੁਆਫੀ ਮੰਗ ਕੇ ਸ਼ਰਮਿੰਦਾ ਨਾ ਕਰੋ। ਅਸੀਂ ਤਾਂ ਬੱਸ ਚੰਗੇ ਗੁਆਂਢੀ ਹੋਣ ਦਾ ਫਰਜ਼ ਨਿਭਾਇਆ ਹੈ। ਬੱਚੇ ਤਾਂ ਰੱਬ ਦਾ ਰੂਪ ਹੰੁਦੇ ਹਨ।”
ਉਸ ਦਿਨ ਤੋਂ ਬਾਅਦ ਸਾਡੇ ਅਜਿਹੇ ਪਰਵਾਰਕ ਸੰਬੰਧ ਬਣੇ, ਜੋ ਸਾਡੇ ਸੇਵਾਮੁਕਤ ਹੋਣ ਉੱਤੇ ਵੀ ਕਾਇਮ ਹਨ। ਜੇ ਦਿਲ ਵਿੱਚ ਸ਼ਰਧਾ ਅਤੇ ਭਾਵਨਾ ਹੋਵੇ ਤਾਂ ਤੁਸੀਂ ਕਿਸੇ ਦਾ ਵੀ ਹਿਰਦਾ ਪਰਿਵਰਤਨ ਕਰ ਸਕਦੇ ਹੋ।

Have something to say? Post your comment