Welcome to Canadian Punjabi Post
Follow us on

26

May 2020
ਨਜਰਰੀਆ

ਬਾਬਿਆਂ ਦੀ ਭਾਵਨਾ ਨੂੰ ਵੀ ਸਮਝੋ

September 25, 2018 08:09 AM

-ਜੋਗਿੰਦਰ ਸਿੰਘ ਸਿਵੀਆਂ
ਸ਼ੌਕ ਨਾਲ ਬਣਾਈਆਂ ਤੇ ਰੀਝਾਂ ਨਾਲ ਸਜਾਈਆਂ ਚੀਜ਼ਾਂ ਦੀ ਜਦੋਂ ਭੰਨਤੋੜ ਹੁੰਦੀ ਹੈ ਤਾਂ ਦਿਲ 'ਤੇ ਕਹਿਰ ਢਹਿੰਦਾ ਹੈ, ਪਰ ਜੇ ਇਹ ਦੁੱਖ ਆਪਣੇ ਹੱਥੀਂ ਜੰਮੇ ਜਾਇਆ ਵੱਲੋਂ ਦਿੱਤਾ ਜਾਵੇ ਤਾਂ ਕਿਸ ਦੀ ਮਾਂ ਨੂੰ ਮਾਸੀ ਕਹੀਏ। ਖਾਸ ਤੌਰ 'ਤੇ ਬੁਢਾਪੇ ਵਿੱਚ ਜਾ ਕੇ ਜਦੋਂ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਟਕਰਾਅ ਹੁੰਦਾ ਹੈ ਤਾਂ ਕਮਜ਼ੋਰ ਤੇ ਨਿਤਾਣੇ ਸਰੀਰ ਨੂੰ ਆਪਣੀਆਂ ਭਾਵਨਾਵਾਂ ਤੇ ਜਜ਼ਬਾਤ ਨੂੰ ਅੰਦਰ ਹੀ ਰੋਕਣਾ ਪੈ ਜਾਂਦਾ ਹੈ ਤੇ ਸਮਝਿਆ ਜਾਂਦਾ ਹੈ ਕਿ ਬਾਹਲੀ ਗਈ ਤੇ ਥੋੜ੍ਹੀ ਰਹਿ ਗਈ। ਸ਼ਿਕਵੇ ਸ਼ਿਕਾਇਤਾਂ ਕਰਕੇ ਆਪਣਿਆਂ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ, ਪਰ ਅੰਦਰੋਂ-ਅੰਦਰੀ ਧੁਖਦਾ ਰਹਿੰਦਾ ਹਾਂ। ਜਿਉਂ-ਜਿਉਂ ਉਮਰ ਵਧਦੀ ਜਾਂਦੀ ਹੈ ਤਿਉਂ-ਤਿਉਂ ਘਰ ਤੋਂ ਦੂਰੀ ਵਧਣ ਲੱਗਦੀ ਹੈ। ਦੁੱਖ ਨੂੰ ਸੁਣਨ ਵਾਲਾ ਵੀ ਕੋਈ ਨਹੀਂ ਮਿਲਦਾ। ਭਾਵਨਾਵਾਂ ਦੇ ‘ਕਤਲ' ਨੂੰ ਭਾਵਨਾਵਾਂ ਦਾ ਹਾਣੀ ਸਮਝ ਸਕਦਾ ਹੈ। ਦੂਜੇ ਲਈ ਤਾਂ ਇਹ ‘ਪਾਖੰਡ' ਹੋਵੇਗਾ। ਕਸ਼ਟਾਂ ਨਾਲ ਬਣਾਇਆ ਠਰ ਪੁੱਤ ਨੂੰ ਜਦੋਂ ਪਸੰਦ ਨਹੀਂ ਆਉਂਦਾ ਤਾਂ ਬਾਪੂ ਦੀ ਜ਼ਿੰਦਗੀ ਨੂੰ ਨਰਕਾਂ ਦੀ ਤਰ੍ਹਾਂ ਜਿਊਣਾ ਆਖ ਕੇ ਕੋਠੀ ਪਾਉਣ ਲਈ ਕਹੀ ਚੁੱਕ ਲੈਂਦਾ ਤੇ ਚਾਵਾਂ ਨਾਲ ਬਣਾਈ ਬੈਠਕ ਨੂੰ ਮਲੀਆਮੇਟ ਕਰਕੇ ਬਾਪੂ ਵੱਲੋਂ ਕੱਟੀਆਂ ਔਖਿਆਈਆਂ ਨੂੰ ਅੱਖੋਂ ਪਰੋਖੇ ਕਰਕੇ ਉਸ ਦੀਆਂ ਭਾਵਨਾਵਾਂ ਦਾ ਕਤਲ ਕਰ ਦਿੰਦਾ ਹੈ।
ਬਾਪੂ ਕਿਸੇ ਕੋਲ ਜ਼ਿਕਰ ਕਰਨ ਦੀ ਥਾਂ ਅਤੀਤ ਦੀਆਂ ਹਲਚਲ ਮਚਾਉਂਦੀਆਂ ਯਾਦਾਂ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਕੱਚੀ ਕੰਧ ਵਿੱਚ ਗੱਡੇ ਕਿੱਲੇ ਯਾਦ ਆਉਂਦੇ ਹਨ, ਜਿਨ੍ਹਾਂ 'ਤੇ ਉਹ ਪਰਾਣੀ ਅਤੇ ਬਲਦਾਂ ਦੇ ਨਾੜੇ ਟੰਗਿਆ ਕਰਦਾ ਸੀ। ਤੰਗੜ ਵੀ ਜੱਟ ਦੀ ਬੈਠਕ ਦੀ ਰੌਣਕ ਸੀ। ਵਿਆਹ ਵੇਲੇ ਦਾ ਰੰਗੀਨ ਪਾਵਿਆਂ ਦਾ ਪਲੰਘ ਯਾਦ ਆਉਂਦਾ ਹੈ, ਜਿਹੜਾ ਪੁੱਤ ਨੂੰ ਪਸੰਦ ਨਹੀਂ ਆਇਆ ਤੇ ਨਵੇਂ ਨਮੂਨੇ ਦਾ ਬੈਡ ਲੈ ਆਇਆ। ਸੂਤ ਨਾਲ ਬਣਿਆ ਪਲੰਘ ਤਾਂ ਸੱਤਰ ਸਾਲ ਬੀਤਣ ਦੇ ਬਾਵਜੂਦ ਨਵਾਂ ਨਰੋਆ ਪਿਆ ਸੀ। ਆਏ ਗਏ ਮਹਿਮਾਨਾਂ, ਰਿਸ਼ਤੇਦਾਰਾਂ, ਮਿੱਤਰਾਂ, ਪ੍ਰੇਮੀਆਂ ਦੀਆਂ ਵਿਆਹ ਸ਼ਾਦੀਆਂ ਵੇਲੇ ਮਹਿਫਲਾਂ ਇਸ ਬੈਠਕ ਦਾ ਸ਼ਿੰਗਾਰ ਬਣਦੀਆਂ ਤੇ ਸ਼ੁਗਲ ਪਾਣੀ ਚਲਦਾ ਬਾਪੂ ਨੂੰ ਯਾਦ ਆ ਕੇ ਬੇਚੈਨ ਕਰ ਦਿੰਦਾ ਹੈ। ਬੈਠਕ ਦੀ ਸਾਫ ਸਫਾਈ ਪਿੱਛੋਂ ਪੁੱਤ ਸਬਾਤ ਦਾ ਕਿਰਿਆ ਕਰਮ ਕਰਨ ਲਈ ਕਮਰ ਕੱਸ ਰਿਹਾ ਹੈ ਤਾਂ ਮਾਂ ਨੂੰ ਯਾਦ ਆਇਆ ਕਿ ਨਲਕੇ ਨਹੀਂ ਹੁੰਦੇ ਸਨ ਤੇ ਛੱਪੜ ਤੋਂ ਸਿਰਾਂ 'ਤੇ ਪਾਣੀ ਢੋ ਕੇ ਗਾਰਾ ਬਣਾਉਂਦੇ ਸੀ ਤੇ ਕੱਚੇ ਗੁੰਮਿਆਂ ਨਾਲ ਸਬਾਤ ਦੀਆਂ ਕੰਧਾਂ ਕੱਢੀਆਂ ਸਨ। ਮੱਕੀਆਂ ਵਾਲੇ ਖੇਤ ਦੀ ਬੇਰੀ ਵੱਢ ਕੇ ਮਜ਼ਬੂਤ ਲਟੈਣ ਬਣਾਈ ਸੀ। ਮੈਂ ਕੱਚੀਆਂ ਕੰਧਾਂ ਦੇ ਕਦੇ ਵੀ ਲਿਉੜ ਡਿੱਗਣ ਨਹੀਂ ਸਨ ਦਿੱਤੇ। ਸਬਾਤ ਦੇ ਕੱਚਾ ਚੌਂਤਰਾ (ਫਰਸ਼) ਲਿੱਪ ਪੋਚ ਕੇ ਰੱਖਿਆ ਕਰਦੀ ਸੀ। ਪੁੱਤ ਦੀ ਕੋਠੀ ਪੈਂਦੀ ਵੇਖ ਕੇ ਮਾਂ ਭਾਵੇਂ ਬਹੁਤ ਖੁਸ਼ ਹੈ, ਪਰ ਦੋ ਬੰਦੇ ਲਾ ਕੇ ਪੁੱਤ ਜਦੋਂ ਬੇਬੇ ਦਾ ਸੰਦੂਕ ਬਾਹਰ ਕੱਢ ਰਿਹਾ ਹੈ ਤੇ ਆਖ ਰਿਹਾ ਹੈ, ‘ਮਾਂ ਉਹ ਕਿਹੋ ਜਿਹੇ ਲੋਕ ਸਨ। ਇਨ੍ਹਾਂ ਲੱਕੜ ਦੇ ਸੰਦੂਕਾਂ ਤੋਂ ਕੀ ਕਰਾਉਣਾ ਸੀ?' ਤਦ ਮਾਂ ਨੂੰ ਬਹੁਤ ਦੁੱਖ ਹੋਇਆ। ਸੰਦੂਕ ਦੀ ਤਾਂ ਮਾਂ ਨਾਲ ਸਾਰੀ ਉਮਰ ਦੀ ਭਾਈਵਾਲੀ ਹੁੰਦੀ ਹੈ। ਸਬਾਤ ਦੇ ਖੁੰਜੇ ਪਈ ਬੇਬੇ ਦੀ ਚੱਕੀ ਨੂੰ ਦੋ ਮਜ਼ਦੂਰ ਚੁੱਕ ਕੇ ਬਾਹਰ ਲਿਆ ਰਹੇ ਹਨ, ਜਿਸ 'ਤੇ ਵੇਲੇ ਕੁਵੇਲੇ ਬੇਬੇ ਦਾਲ ਦਲਿਆ ਕਰਦੀ ਸੀ। ਪੁੱਤ ਨੂੰ ਵਿਰਸੇ ਦੀਆਂ ਇਨ੍ਹਾਂ ਗੱਲਾਂ ਦਾ ਕੀ ਪਤਾ ਹੈ ਕਿ ਦਾਦੀ ਮਾਂ ਸੂਰਜ ਦੀ ਟਿੱਕੀ ਚੜ੍ਹਨੋਂ ਪਹਿਲਾਂ ਸਾਰੇ ਟੱਬਰ ਦੇ ਲਈ ਆਟਾ ਪੀਹ ਕੇ ਰੋਟੀ ਪਕਾਇਆ ਕਰਦੀ ਸੀ ਤੇ ਪਿੰਡ ਵਿੱਚ ਆਟਾ ਚੱਕੀ ਨਹੀਂ ਲੱਗੀ ਸੀ। ਸਬਾਤ ਦੇ ਬਾਹਰ ਇਕ ਪਾਸੇ ਲੱਗੀ ਹੋਈ ਉਖਲੀ ਦੀ ਵੀ ਲੋੜ ਨਹੀਂ ਸਮਝੀ ਜਾ ਰਹੀ ਤੇ ਹਾਰਿਆਂ ਦੀ ਵੀ ਹੋਣੀ ਆ ਗਈ।
ਤੋਤੇ, ਮੋਰ ਚਿੜੀਆਂ ਨਾਲ ਸਜਾਈ, ਲਿੱਪੀ ਪੋਚੀ ਕੰਧਵੀ ਵੀ ਆਖਰੀ ਸਾਹਾਂ 'ਤੇ ਹੈ। ਮਸੋਸੀ ਹੋਈ ਮਾਂ ਨੂੰ ਦੇਖ ਕੇ ਧੀਰਜ ਧਰਾਉਣ ਲਈ ਪੁੱਤ ਆਖਦਾ ਹੈ, ‘ਮਾਂ ਅੱਜ ਕੱਲ੍ਹ ਇਨ੍ਹਾਂ ਦਾ ਰਿਵਾਜ ਨਹੀਂ ਰਿਹਾ। ਆਪਾਂ ਗੈਸ ਦੀ ਵਰਤੋਂ ਕਰਿਆ ਕਰਾਂਗੇ।' ਨੀਹਾਂ ਭਰਨ ਵੇਲੇ ਬਾਬੇ ਦੇ ਹੱਥਾਂ ਦੀ ਵਿਹੜੇ 'ਚ ਲੱਗੀ ਨਿੰਮ 'ਤੇ ਕੁਹਾੜਾ ਖੜਕ ਰਿਹਾ ਹੈ, ਜਿਸ ਨਾਲ ਮਾਂ ਅਤੇ ਦਾਦੀ ਮਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਨ, ਜਿਸ ਦੀ ਗੂੜ੍ਹੀ ਛਾਂ ਥੱਲੇ ਕੁੜੀਆਂ ਚਿੜੀਆਂ ਛੋਪ ਕੱਤਿਆ ਕਰਦੀਆਂ ਹਨ। ਦਾਦੀ ਮਾਂ ਗਲੋਟੇ ਅਟੇਰਿਆ ਕਰਦੀ ਸੀ। ਦੁਪਹਿਰ ਨੂੰ ਪਸ਼ੂ ਵੀ ਠੰਢੀ ਛਾਂ ਦਾ ਆਨੰਦ ਮਾਣਦੇ ਹਨ। ਉਹ ਸਿਰਫ ਅੱਜ ਦੀ ਪ੍ਰਾਹੁਣੀ ਹੈ। ਬਾਬੇ ਨੇ ਇਹ ਨਿੰਮ ਛੱਪੜ ਤੋਂ ਪਾਣੀ ਢੋ ਕੇ ਪੁੱਤਾਂ ਵਾਂਗੂੰ ਕਸ਼ਟਾਂ ਨਾਲ ਉਡਾਰ ਕੀਤੀ ਸੀ। ਪਸ਼ੂਆਂ ਦੀਆਂ ਖੁਰਲੀਆਂ ਪੁੱਟੀਆਂ ਜਾ ਰਹੀਆਂ ਹਨ ਤੇ ਕਿੱਲੇ ਉਖਾੜੇ ਜਾ ਰਹੇ ਹਨ। ਬਾਪੂ ਆਖਦਾ ਹੈ, ‘ਬੇਟਾ ਘਰ ਦਾ ਦੁੱਧ ਚੰਗਾ ਹੁੰਦਾ ਹੈ। ਘਰ ਦੇ ਦੁੱਧ ਵਰਗੀ ਰੀਸ ਨਹੀਂ।' ‘ਪਸ਼ੂ ਸਾਂਭਣੇ ਔਖੇ ਹਨ। ਇਨ੍ਹਾਂ ਦਾ ਗੋਹਾ ਚੁੱਕਣਾ ਵੀ ਮੁਸ਼ਕਲ ਹੈ। ਆਪਾਂ ਤਾਂ ਕਿਲੋ ਮੁੱਲ ਲੈ ਲਿਆ ਕਰਾਂਗੇ।' ਮੁੰਡਾ ਬਾਪ ਦਾਦੇ ਦੀ ਕੋਈ ਵੀ ਨਿਸ਼ਾਨੀ ਘਰ ਰੱਖਣੀ ਨਹੀਂ ਚਾਹੁੰਦਾ। ਐਥੇ ਕਾਰ, ਐਥੇ ਸਕੂਟਰ ਖੜਿਆ ਕਰਨਗੇ। ਸਕੀਮਾਂ ਬਣਾ ਰਿਹਾ ਪੁੱਤ, ਘਰ ਨੂੰ ਨਵੇਂ ਨਮੂਨੇ ਦਾ ਬਣਾਉਣ ਖਾਤਰ ਵਿਰਸੇ ਨੂੰ ਸੰਭਾਲਣਾ ਜਾਂ ਯਾਦ ਰੱਖਣਾ ਬੇਲੋੜਾ ਸਮਝਦਾ ਹੈ। ਬਾਪੂ ਸੋਚਦਾ ਹੈ ਕਿ ਕੰਮ ਕਰਨ ਤੋਂ ਬਿਨਾਂ ਚਾਰ ਕਿੱਲੇ ਪੈਲੀ, ਉਹ ਵੀ ਵਿਕ ਜਾਵੇਗੀ।
ਰਾਤੀਂ ਬਾਪੂ ਬੇਬੇ ਨੂੰ ਅਤੀਤ ਦੀਆਂ ਯਾਦਾਂ ਸੁਪਨਿਆਂ ਦੇ ਰੂਪ ਵਿੱਚ ਆ ਕੇ ਬੇਚੈਨ ਕਰਦੀਆਂ ਹਨ। ਬਾਪੂ ਦੇ ਦੁੱਖਾਂ ਵਿੱਚ ਵਾਧਾ ਹੋ ਜਾਂਦਾ ਹੈ, ਜਦੋਂ ਇਕੋ-ਇਕ ਪੁੱਤ ਘਰ ਵੇਚ ਕੇ ਸ਼ਹਿਰ ਰਹਿਣ ਦੀ ਜ਼ਿੱਦ ਫੜ ਲੈਂਦਾ ਹੈ। ਬਾਪੂ ਨੂੰ ਆਪਣਾ ਗੁਆਂਢੀ ਜੰਟਾ ਯਾਦ ਆਉਂਦਾ ਹੈ ਜਿਹੜਾ ਪਿੰਡ ਦੀ ਸਾਰੀ ਜਾਇਦਾਦ ਵੇਚ ਕੇ ਸ਼ਹਿਰ ਰਹਿਣ ਲੱਗ ਜਾਂਦਾ ਹੈ। ਪਿੰਡ ਦਾ ਵਿਛੋੜਾ ਨਾ ਝੱਲਦੀ ਹੋਈ ਉਸ ਦੀ ਮਾਂ ਸਾਲ ਦੇ ਅੰਦਰ ਹੀ ਰੱਬ ਨੂੰ ਪਿਆਰੀ ਹੋ ਗਈ ਸੀ। ਸ਼ਹਿਰ ਉਸ ਦਾ ਜੀਅ ਨਹੀਂ ਲੱਗਿਆ ਸੀ। ਪਿੰਡ ਦੀ ਵਾਤ ਪਾਉਣ ਲਈ ਤਰਸਦੀ ਮਰ ਗਈ।
ਆਪਣੀ ਜਾਇਦਾਦ ਤੇ ਹਾਣੀਆਂ ਦਾ ਵਿਛੋੜਾ ਸਹਾਰਨਾ ਹੰਝੂ ਕੇਰਨ ਦੇ ਸਮਾਨ ਹੁੰਦਾ ਹੈ। ਦੁੱਖ ਸਾਂਝਾ ਕਰਨ ਵਾਲਾ ਕੋਈ ਨੇੜੇ ਤੇੜੇ ਨਹੀਂ ਹੁੰਦਾ। ਕੰਧਾਂ ਨਾਲ ਗੱਲਾਂ ਕਰਨ ਦੀ ਨੌਬਤ ਆ ਜਾਂਦੀ ਹੈ। ਦੁੱਖਾਂ ਦਾ ਕਹਿਰ ਹੋਰ ਟੁੱਟ ਪੈਂਦਾ ਹੈ। ਕੋਈ ਪੁੱਤ, ਪੋਤਾ ਵਿਦੇਸ਼ ਜਾਣ ਦੀ ਜ਼ਿੱਦ ਕਰਦਾ ਹੈ ਤਾਂ ਦਾਦੀ ਦੀ ਹਾਲਤ ਉਹੋ ਜਾਣਦੀ ਹੈ। ਬਜ਼ੁਰਗ ਆਪਣੀਆਂ ਭਾਵਨਾਵਾਂ ਅੰਦਰ ਹੀ ਦਬਾਅ ਲੈਂਦੇ ਹਨ। ਉਨ੍ਹਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਘਰ ਦੀ ਕੋਈ ਚੀਜ਼ ਨਜ਼ਰ ਨਹੀਂ ਪੈਂਦੀ। ਫਿਰ ਉਨ੍ਹਾਂ ਦੇ ਅੰਤਿਮ ਸਮੇਂ ਨੂੰ ਟਾਲਿਆ ਨਹੀਂ ਜਾ ਸਕਦਾ। ਆਖਰ ਰੱਬ ਵੀ ਬਜ਼ੁਰਗਾਂ ਨਾਲ ਘੱਟ ਨਹੀਂ ਕਰਦਾ। ਉਨ੍ਹਾਂ ਵਿੱਚੋਂ ਇਕ ਅਗੇਤਾ ਪਛੇਤਾ ਤੁਰ ਜਾਵੇ ਤਾਂ ਬਾਕੀ ਰਹਿੰਦੀ ਉਮਰ ਇਕੱਲੇ ਨੂੰ ਕੱਟਣੀ ਬਹੁਤ ਔਖੀ ਹੋ ਜਾਂਦੀ ਹੈ। ਆਸੇ ਪਾਸੇ ਧਿਆਨ ਮਾਰਦਾ ਹੈ ਤਾਂ ਸਭ ਰਾਹ ਪਏ ਨਜ਼ਰ ਆਉਂਦੇ ਹਨ। ਮੋਹ ਸਾਰਿਆਂ ਨਾਲੋਂ ਭੰਗ ਹੋਣ ਲੱਗਦਾ ਹੈ। ਬੁਢਾਪੇ 'ਚ ਆ ਕੇ ਪਤੀ ਪਤਨੀ ਵੀ ਵੰਡੇ ਜਾਂਦੇ ਹਨ। ਅੰਦਰ ਭਾਂਬੜ ਬਲ ਉਠਦੇ ਹਨ ਤੇ ਇਹ ਸੇਕ ਅਕਿਹ ਤੇ ਅਸਹਿ ਹੋ ਜਾਂਦਾ ਹੈ, ਜਿਸ ਦੀ ਬਦੌਲਤ ਉਹ ਕਾਲਜੇ 'ਚ ਮੁੱਕੀ ਦੇ ਕੇ ਅੱਗੇ ਜਾਣ ਲਈ ਰੱਬ ਨੂੰ ਸਹਿਮਤੀ ਭੇਜਦੇ ਹਨ। ਸਭ ਕੁਝ ਹੁੰਦਿਆਂ ਸੁੰਦਿਆਂ ਘਰ ਖਾਲੀ ਪ੍ਰਤੀਤ ਹੁੰਦਾ ਹੈ। ਜਦੋਂ ਭਾਵਨਾਵਾਂ ਖਤਮ ਹੋ ਗਈਆਂ ਤਾਂ ਮਨੁੱਖ ਜਿਉਂਦਾ ਵੀ ਮੋਇਆਂ ਬਰਾਬਰ ਹੁੰਦਾ ਹੈ। ਭਾਵਨਾਵਾਂ ਦਾ ਜੇ ਕੋਈ ਹਾਣੀ ਹੋਵੇ ਤਾਂ ਬਜ਼ੁਰਗਾਂ ਦਾ ਮਰਨ ਕੁਝ ਸਮੇਂ ਲਈ ਅੱਗੇ ਪਾਇਆ ਜਾ ਸਕਦਾ ਹੈ।

Have something to say? Post your comment