Welcome to Canadian Punjabi Post
Follow us on

18

January 2021
ਨਜਰਰੀਆ

ਪਰਵਾਸ: ਮਨੁੱਖੀ ਹੁਨਰ ਤੇ ਆਰਥਿਕ ਸੰਕਟ ਦੀ ਚਿਤਾਵਨੀ

September 24, 2018 07:03 AM

-ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬੀਆਂ ਵੱਲੋਂ ਪਰਵਾਸ ਕੀਤੇ ਜਾਣ ਦਾ ਸਿਲਸਿਲਾ ਬੇਸ਼ੱਕ ਕਾਫ਼ੀ ਪੁਰਾਣਾ ਹੈ, ਪਰ ਇਨ੍ਹੀਂ ਦਿਨੀਂ ਇਸ ਦੇ ਵਧੇ ਰੁਝਾਨ ਵਿੱਚ ਪੁਰਾਣੇ ਸਮਿਆਂ ਦੇ ਪਰਵਾਸ ਨਾਲੋਂ ਜ਼ਮੀਨ-ਅਸਮਾਨ ਦਾ ਫ਼ਰਕ ਹੈ।
ਪਹਿਲੇ ਸਮਿਆਂ ਵਿੱਚ ਪਰਿਵਾਰ ਦੇ ਇੱਕ-ਦੋ ਜੀਅ ਵਿਦੇਸ਼ਾਂ ਵਿੱਚ ਕਮਾਈ ਕਰਨ ਦੇ ਉਦੇਸ਼ ਨਾਲ ਜਾਂਦੇ ਸਨ, ਜੋ ਬਹੁਤੇ ਪੜ੍ਹੇ-ਲਿਖੇ ਨਹੀਂ ਹੁੰਦੇ ਸਨ, ਪਰ ਮਿਹਨਤੀ ਜ਼ਰੂਰ ਹੁੰਦੇ ਸਨ। ਵਿਦੇਸ਼ੀ ਧਰਤੀ `ਤੇ ਰਹਿੰਦਿਆਂ ਉਹ ਹੱਡ-ਭੰਨਵੀਂ ਮਿਹਨਤ ਕਰਦੇ ਅਤੇ ਕਮਾਇਆ ਧਨ ਆਪਣੇ ਪਰਿਵਾਰਾਂ ਨੂੰ ਭੇਜਦੇ ਸਨ। ਬਾਹਰੋਂ ਕਮਾਏ ਡਾਲਰ ਤੇ ਪੌਂਡ ਜਦੋਂ ਦੇਸ ਦੀ ਕਰੰਸੀ ਵਿੱਚ ਤਬਦੀਲ ਹੁੰਦੇ ਤਾਂ ਪਿੱਛੇ ਪਰਿਵਾਰ ਦੀ ਕਾਇਆ-ਕਲਪ ਹੋ ਜਾਂਦੀ ਤੇ ਵਿਦੇਸ਼ ਗਏ ਮੈਂਬਰ ਦੀ ਕਮਾਈ ਬਾਰੇ ਗੱਲਾਂ ਸਾਰੇ ਪਿੰਡ-ਸ਼ਹਿਰ ਦੀ ਜ਼ੁਬਾਨ `ਤੇ ਹੁੰਦੀਆਂ ਸਨ। ਇਹ ਲੋਕ ਕਮਾਈ ਕਰਨ ਮਗਰੋਂ ਪਰਤ ਆਉਂਦੇ ਸਨ। ਵਿਦੇਸ਼ੀ ਧਰਤੀ `ਤੇ ਪੱਕੇ ਵਸਣ ਦਾ ਕਦੇ ਉਨ੍ਹਾਂ ਨੇ ਸੁਪਨਾ ਵੀ ਨਹੀਂ ਵੇਖਿਆ ਸੀ। ਉਦੋਂ ਪਰਵਾਸ ਸਾਡੇ ਦੇਸ਼ ਅਤੇ ਪੰਜਾਬ ਲਈ ਵਰਦਾਨ ਸੀ, ਕਿਉਂਕਿ ਵਿਦੇਸ਼ ਗਏ ਮੈਂਬਰ ਬਾਹਰਲੀ ਕਰੰਸੀ ਆਪਣੇ ਦੇਸ਼ ਵਿੱਚ ਭੇਜਦੇ ਸਨ।
ਅਜੋਕੇ ਪਰਵਾਸ ਦੇ ਮਾਮਲੇ ਵਿੱਚ ਉਲਟੀ ਗੰਗਾ ਵਗੀ ਹੋਈ ਹੈ। ਅੱਜ ਦੇ ਜ਼ਮਾਨੇ ਵਿੱਚ ਸਾਡੇ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਨੂੰ ਜਿਵੇਂ ਆਪਣੇ ਦੇਸ਼ ਅਤੇ ਸੂਬੇ ਤੋਂ ਨਫ਼ਰਤ ਹੋ ਗਈ ਹੈ। ਪੜ੍ਹਾਈ ਵਿੱਚ ਹੁਸ਼ਿਆਰ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਮੁਹਾਰਤ ਰੱਖਣ ਵਾਲਾ ਹਰ ਨੌਜਵਾਨ ਬਾਰ੍ਹਵੀਂ ਜਮਾਤ ਪਾਸ ਕਰਨ ਮਗਰੋਂ ਵਿਦੇਸ਼ ਜਾਣ ਨੂੰ ਉਤਾਵਲਾ ਵਿਖਾਈ ਦਿੰਦਾ ਹੈ। ਕਈ ਵਰ੍ਹੇ ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਦੀ ਥਾਂ ਇੱਥੇ ਕੋਈ ਰੁਜ਼ਗਾਰ ਭਾਲਣ ਨੂੰ ਮਜਬੂਰ ਕਰਦੇ ਸਨ, ਪਰ ਅੱਜ ਮਾਪੇ ਵੀ ਬੱਚਿਆਂ ਦੀ ਵਿਦੇਸ਼ ਜਾਣ ਦੀ ਇੱਛਾ ਨਾਲ ਇਕਸੁਰ ਹੋਣ ਲੱਗੇ ਹਨ। ਵਰਨਣ ਯੋਗ ਹੈ ਕਿ ਪਰਵਾਸ ਕਰਨ ਵਾਲੇ ਹੁਸ਼ਿਆਰ ਤੇ ਲਾਇਕ ਨੌਜਵਾਨ ਸਿਰਫ਼ ਕਮਾਈ ਕਰਨ ਦੇ ਉਦੇਸ਼ ਨਾਲ ਵਿਦੇਸ਼ ਨਹੀਂ ਜਾ ਰਹੇ, ਬਲਕਿ ਉਹ ਤਾਂ ਪੱਕੇ ਤੌਰ `ਤੇ ਆਪਣੇ ਦੇਸ਼ ਨੂੰ ਅਲਵਿਦਾ ਕਹਿ ਰਹੇ ਹਨ। ਦੇਸ਼ ਪਰਤਣ ਦੀ ਉਨ੍ਹਾਂ ਦੇ ਮਨ ਵਿੱਚ ਭੋਰਾ ਵੀ ਇੱਛਾ ਨਹੀਂ ਹੈ। ਪਰਵਾਸ ਪ੍ਰਤੀ ਆਈ ਇਸ ਮਾਨਸਿਕ ਤਬਦੀਲੀ ਨੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਮਨੁੱਖੀ ਤੇ ਮਾਲੀ ਸਰਮਾਇਆ ਲਗਾਤਾਰ ਸਾਡੇ ਹੱਥੋਂ ਖੁੱਸ ਰਿਹਾ ਹੈ। ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਨੌਜਵਾਨ ਮਹਿੰਗੀਆਂ ਫੀਸਾਂ ਨਾਲ ਵਿਦੇਸ਼ੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਖੀਸੇ ਭਰ ਰਹੇ ਹਨ। ਇੱਕ ਤਰ੍ਹਾਂ ਨਾਲ ਵਿਦੇਸ਼ੀ ਕਾਲਜਾਂ ਦੇ ਵਾਰੇ-ਨਿਆਰੇ ਹੋਏ ਪਏ ਹਨ ਤੇ ਸਾਡੇ ਕਾਲਜਾਂ ਨੂੰ ਦਾਖ਼ਲਿਆਂ ਦੇ ਲਾਲੇ ਪੈ ਗਏ ਹਨ। ਪਿਛਲੇ ਦਿਨੀਂ ਅਖ਼ਬਾਰਾਂ ਦੀਆਂ ਰਿਪੋਰਟਾਂ ਇਹ ਸਨ ਕਿ ਪੰਜਾਬ ਦੇ ਕਾਲਜਾਂ ਵਿੱਚ ਵੱਡੀ ਗਿਣਤੀ ਵਿੱਚ ਸੀਟਾਂ ਖਾਲੀ ਰਹਿੰਦੀਆਂ ਹਨ। ਸਾਡੀਆਂ ਯੂਨੀਵਰਸਿਟਆਂ ਅਤੇ ਕਾਲਜ ਲਗਾਤਾਰ ਵੀਰਾਨ ਹੋ ਰਹੇ ਹਨ।
ਪਰਵਾਸ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੇ ਕਦੇ ਵਾਪਸ ਨਹੀਂ ਮੁੜਨਾ ਅਤੇ ਇਨ੍ਹਾਂ ਨੇ ਵਿਦੇਸ਼ ਦੀ ਤਰੱਕੀ ਲਈ ਕੰਮ ਕਰਨਾ ਹੈ। ਇੱਕ ਨਾ ਇੱਕ ਦਿਨ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਵੀ ਪਰਵਾਸ ਕਰਕੇ ਆਪਣੇ ਪੁੱਤਾਂ-ਧੀਆਂ ਕੋਲ ਜਾਣ ਲਈ ਵਤਨ ਨੂੰ ਅਲਵਿਦਾ ਕਹਿ ਜਾਣਾ ਹੈ। ਜਿਹੜੇ ਮਾਪਿਆਂ ਦੇ ਬੱਚੇ ਪਰਵਾਸ ਕਰ ਰਹੇ ਹਨ, ਉਹ ਇੱਧਰ ਪੂੰਜੀ ਨਿਵੇਸ਼ ਕਰਨੋਂ ਹੀ ਹਟ ਨਹੀਂ ਰਹੇ, ਸਗੋਂ ਏਧਰਲੀਆਂ ਜਾਇਦਾਦਾਂ ਵੇਚਣ ਲੱਗੇ ਹਨ। ਕਿਸਾਨ ਪਰਿਵਾਰ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੀ ਆਰਥਿਕ ਮਦਦ ਕਰਨ ਲੱਗੇ ਹਨ।
ਪਰਵਾਸ ਦੇ ਕੰਮ ਵਿੱਚ ਆਈ ਤੇਜ਼ੀ ਤੇ ਉਲਟ ਵਰਤਾਰੇ ਦੇ ਮਾਮਲੇ ਵਿੱਚ ਸਰਕਾਰਾਂ ਨੇ ਚੁੱਪ ਵੱਟੀ ਹੋਈ ਹੈ। ਤੇਜ਼ੀ ਨਾਲ ਬਾਹਰ ਜਾ ਰਹੇ ਮਨੁੱਖੀ ਅਤੇ ਮਾਲੀ ਸਰਮਾਏ ਦਾ ਸਰਕਾਰਾਂ ਨੂੰ ਕੋਈ ਫ਼ਿਕਰ ਨਹੀਂ ਜਾਪਦਾ। ਸਾਡੇ ਮੁਲਕ ਅਤੇ ਸੂਬੇ ਵਿੱਚੋਂ ਹੁਨਰ ਬਾਹਰ ਜਾ ਰਿਹਾ ਹੈ। ਹਰ ਸਾਲ ਹੋਣ ਵਾਲੇ ਪਰਵਾਸ ਦੀ ਗਿਣਤੀ ਲੱਖਾਂ ਨੂੰ ਪੁੱਜ ਗਈ ਹੈ। ਪਰਵਾਸ ਦੇ ਇਸ ਵਰਤਾਰੇ ਨੇ ਸਾਡੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਪਰਵਾਸ ਦਾ ਰੁਝਾਨ ਠੱਲ੍ਹਣ ਲਈ ਸਰਕਾਰਾਂ ਨੂੰ ਵਿਸ਼ੇਸ਼ ਕਦਮ ਚੁੱਕਣੇ ਪੈਣਗੇ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੇਸ਼ ਕਰਨੇ ਪੈਣਗੇ। ਨੌਕਰੀ ਦਾ ਵਧੀਆ ਮਾਹੌਲ ਅਤੇ ਚੰਗੀ ਤਨਖ਼ਾਹ ਯਕੀਨੀ ਕਰਨੀ ਹੋਵੇਗੀ। ਨੌਕਰੀ ਦੌਰਾਨ ਕੀਤਾ ਜਾ ਰਿਹਾ ਆਰਥਿਕ ਸ਼ੋਸ਼ਣ ਰੋਕਣਾ ਹੋਵੇਗਾ। ਜੇ ਸਰਕਾਰਾਂ ਨੇ ਸਮੇਂ ਸਿਰ ਨੌਜਵਾਨਾਂ ਦੇ ਪਰਵਾਸ ਵੱਲ ਗੰਭੀਰਤਾ ਨਾ ਵਿਖਾਈ ਤਾਂ ਆਉਣ ਵਾਲੇ ਕੁਝ ਹੀ ਸਾਲਾਂ ਵਿੱਚ ਪੰਜਾਬ ਆਰਥਿਕ ਅਤੇ ਮਨੁੱਖੀ ਹੁਨਰ ਦੇ ਗੰਭੀਰ ਸੰਕਟ ਵਿੱਚ ਹੋਵੇਗਾ।

 

 

Have something to say? Post your comment