Welcome to Canadian Punjabi Post
Follow us on

05

June 2020
ਨਜਰਰੀਆ

ਮੇਰਾ ਪਹਿਲਾ ਤੇ ਦੂਜਾ ਅਧਿਆਪਕ

September 24, 2018 07:02 AM

-ਪ੍ਰੋ. ਹਮਦਰਦਵੀਰ ਨੌਸ਼ਹਿਰਵੀ
ਮੈਂ ਸਰਕਾਰੀ ਪ੍ਰਾਇਮਰੀ ਸਕੂਲ ਨੌਸ਼ਹਿਰਾ ਪੰਨੂਆਂ ਦੀ ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਇਹ ਪ੍ਰਾਇਮਰੀ ਸਕੂਲ, ਹਾਈ ਸਕੂਲ ਦਾ ਭਾਗ ਸੀ। ਹਰ ਸਵੇਰੇ ਪ੍ਰਾਰਥਨਾ ਹੁੰਦੀ। ਰੋਜ਼ ਇਕ ਅਧਿਆਪਕ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਗੱਲਾਂ ਦੱਸਿਆ ਕਰਦਾ ਸੀ। ਹਰ ਰੋਜ਼ ਇਕ ਵਿਦਿਆਰਥੀ ਕੋਈ ਕਵਿਤਾਂ ਜਾਂ ਕਹਾਣੀ ਪੇਸ਼ ਕਰਦਾ ਸੀ।
ਅਗਲੇ ਦਿਨ ਬੋਲਣ ਦੀ ਵਾਰੀ ਮੇਰੀ ਸੀ। ਰਾਤ ਨੂੰ ਸੋਚਦਾ ਰਿਹਾ; ਮੈਂ ਕੀ ਬੋਲਾਂ? ਕੀ ਮੈਂ ਬੋਲ ਵੀ ਲਵਾਂਗਾ? ਮੈਂ ਪਹਿਲੀ ਵਾਰ ਸਕੂਲ ਦੀ ਭਰਵੀਂ ਸਭਾ ਵਿੱਚ ਮੰਚ ਉਤੇ ਖੜਾ ਹੋ ਰਿਹਾ ਸਾਂ। ਸਾਡੇ ਘਰ ਬਾਲ ਕਾਵਿ ਕਹਾਣੀਆਂ ਦੀ ਇਕ ਪੁਸਤਕ ਸੀ। ਘਰ ਦੇ ਅਨਪੜ੍ਹ ਸਨ। ਪਤਾ ਨਹੀਂ ਉਹ ਕਿਤਾਬ ਸਾਡੇ ਘਰ ਕਿਵੇਂ ਆਈ। ਉਸ ਵਿੱਚ ਹਰੀ ਸਿੰਘ ਨਲੂਆ ਦੀ ਜਮਰੌਦ ਦੇ ਕਿਲੇ ਬਾਰੇ ਕਾਵਿ ਵਾਰਤਾ ਸੀ। ਮੈਂ ਉਸ ਨੂੰ ਕਹਾਣੀ ਬਣਾ ਕੇ ਕਾਗਜ਼ ਉਤੇ ਲਿਖ ਲਿਆ। ਅੱਧੀ ਰਾਤ ਤੱਕ ਜਾਗਦਿਆਂ ਕਹਾਣੀ ਨੂੰ ਪੂਰੀ ਤਰ੍ਹਾਂ ਯਾਦ ਕਰ ਲਿਆ। ਸਵੇਰੇ ਉਠ ਕੇ ਘਰ ਦੀ ਛੱਤ ਉਤੇ ਚੜ੍ਹ ਕੇ ਮੈਂ ਇਸ ਨੂੰ ਉਚੀ-ਉਚੀ ਬੋਲ ਕੇ ਅਭਿਆਸ ਕੀਤਾ। ਸਵੇਰੇ ਪ੍ਰਾਰਥਨਾ ਸਭਾ ਵਿੱਚ ਇਕ ਅਧਿਆਪਕ ਦਾ ਨੈਤਿਕ ਗੱਲਾਂ ਬਾਰੇ ਭਾਸ਼ਣ ਮੁੱਕਣ ਤੋਂ ਬਾਅਦ ਮੈਂ ਮੰਚ ਉਤੇ ਆਇਆ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਮੈਂ ਪਹਿਲੀ ਵਾਰ ਜਨਤਕ ਸਭਾ ਵਿੱਚ ਬੋਲਣਾ ਸੀ।
ਹੈਡਮਾਸਟਰ ਸਰਦਾਰ ਚਰਨ ਸਿੰਘ ਦੀ ਗੱਲ ਮੈਨੂੰ ਯਾਦ ਸੀ ਕਿ ਬੋਲਣ ਲੱਗੇ ਸਾਹਮਣੇ ਬੈਠੇ ਕਿਸੇ ਵਿਦਿਆਰਥੀ ਜਾਂ ਅਧਿਆਪਕ ਵੱਲ ਨਾ ਵੇਖੋ। ਨਿਗ੍ਹਾ ਥੋੜ੍ਹੀ ਉਪਰ ਰੱਖੋ। ਆਪਣੇ ਆਪ ਉਤੇ ਕਾਬੂ ਰੱਖੋ ਤੇ ਡਰੋ ਨਾ। ਮੈਂ ਕੁਝ ਦੂਰੀ ਉਤੇ ਖਿੜੇ ਗੁਲਾਬ ਦੇ ਫੁੱਲਾਂ ਵੱਲ ਵੇਖਿਆ ਤੇ ਕਹਾਣੀ ਉਚੀ ਗੜਕਵੀਂ ਆਵਾਜ਼ ਵਿੱਚ ਬੋਲ ਦਿੱਤੀ, ਨਾ ਮੈਂ ਕਿਤੇ ਭੁੱਲਿਆ, ਨਾ ਰੁਕਿਆ, ਨਾ ਘਬਰਾਇਆ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਲੰਮੀ ਤਾੜੀ ਮਾਰੀ ਤੇ ਸ਼ਾਬਾਸ਼ ਦਿੱਤੀ। ਕਲਾਸ ਇੰਚਾਰਜ ਅਧਿਆਪਕ ਸਰਦਾਰ ਸਾਧੂ ਸਿੰਘ ਨੇ ਮੈਨੂੰ ਆਪਣੇ ਮੋਢਿਆਂ ਉਤੇ ਚੁੱਕ ਲਿਆ। ਏਨੀ ਉਚੀ ਆਵਾਜ਼ ਵਿੱਚ ਮੈਨੂੰ ਸ਼ਾਬਾਸ਼ ਦਿੱਤੀ ਕਿ ਪੱਤੀ ਦਾਸ ਕੀ, ਸਾਡੇ ਘਰ ਤੱਕ ਆਵਾਜ਼ ਸੁਣੀ ਗਈ। ਸਰਦਾਰ ਸਾਧੂ ਸਿੰਘ ਮੇਰੇ ਪਹਿਲੇ ਅਧਿਆਪਕ ਸਨ, ਜਿਨ੍ਹਾਂ ਦੀ ਸ਼ਾਬਾਸ਼ ਦਾ ਨਿੱਘ ਅੱਜ ਵੀ ਬਰਕਰਾਰ ਹੈ।
ਉਸ ਮਗਰੋਂ ਅਧਿਆਪਕ ਹਰਬੰਸ ਸਿੰਘ ਅਜਿਹੀ ਸ਼ਖਸ਼ੀਅਤ ਹਨ, ਜਿਨ੍ਹਾਂ ਬਦੌਲਤ ਮੇਰੀ ਜ਼ਿੰਦਗੀ ਸੰਵਰੀ।
ਮੇਰਾ ਪਿੰਡ ਨੌਸ਼ਹਿਰਾ ਪੰਨੂਆਂ ਇਕ ਵੱਡਾ ਪਿੰਡ ਹੈ, ਅੱਜ ਕੱਲ੍ਹ ਇਹ ਪਿੰਡ ਸਬ ਤਹਿਸੀਲ ਹੈ। ਦੋ ਵੱਡੇ ਸਰਕਾਰੀ ਸਕੂਲ ਅਤੇ ਤਿੰਨ ਪ੍ਰਾਈਵੇਟ ਸਕੂਲ ਹਨ। ਅੱਠਵੀਂ ਪਾਸ ਕਰਕੇ ਮੈਂ ਅੱਠ ਕਿਲੋਮੀਟਰ ਦੀ ਦੂਰੀ ਉਤੇ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸਰਹਾਲੀ ਵਿੱਚ ਨੌਵੀਂ 'ਚ ਦਾਖਲ ਹੋ ਗਿਆ। ਏਥੇ ਅੰਗਰੇਜ਼ੀ ਅਧਿਆਪਕ ਸਰਦਾਰ ਹਰਬੰਸ ਸਿੰਘ ਬਹੁਤ ਮਿਹਨਤੀ ਤੇ ਸਮਰਪਿਤ ਅਧਿਆਪਕ ਸੀ। ਮੈਂ ਮਾਸਟਰ ਜੀ ਦੇ ਹਰ ਸਵਾਲ ਦਾ ਜਵਾਬ ਦਿੰਦਾ ਸੀ। ਇਕ ਵਾਰ ਕੁਝ ਦਿਨ ਮੈਂ ਸਕੂਲ ਵਿੱਚੋਂ ਗੈਰ ਹਾਜ਼ਰ ਰਿਹਾ। ਮਾਸਟਰ ਜੀ ਨੇ ਮੇਰੇ ਪਿੰਡ ਦੇ ਵਿਦਿਆਰਥੀਆਂ ਨੂੰ ਮੇਰੇ ਬਾਰੇ ਪੁੱਛਿਆ, ਪਰ ਠੀਕ ਉਤਰ ਨਾ ਮਿਲਿਆ। ਪੰਜਵੇਂ ਦਿਨ ਮਾਸਟਰ ਹਰਬੰਸ ਸਿੰਘ ਮੇਰੇ ਪਿੰਡ ਦੇ ਵਿਦਿਆਰਥੀ ਨੂੰ ਨਾਲ ਲੈ ਕੇ ਪੱਤੀ ਦਾਸ ਕੀ ਵਿੱਚ ਸਾਡੇ ਘਰ ਆ ਗਏ। ਮੇਰੇ ਚਾਚਾ (ਪਿਤਾ) ਮੰਜੇ ਉਤੇ ਲੇਟੇ ਹੋਏ ਸਨ, ਮੈਂ ਨੇੜੇ ਭੁੰਜੇ ਬੋਰੀ ਵਿਛਾ ਕੇ ਬੈਠਾ ਪੜ੍ਹ ਰਿਹਾ ਸਾਂ। ਮੈਂ ਹੈਰਾਨ ਜਿਹਾ ਹੋ ਕੇ ਉਠ ਕੇ ਖੜਾ ਹੋ ਗਿਆ। ਮੈਨੂੰ ਸੁਝ ਨਹੀਂ ਸੀ ਰਿਹਾ ਕਿ ਕੀ ਕਰਾਂ ਤੇ ਕੀ ਕਹਾਂ, ਕਿੱਥੇ ਬਿਠਾਵਾਂ। ਘਰ ਵਿੱਚ ਕੋਈ ਕੁਰਸੀ ਵੀ ਤਾਂ ਨਹੀਂ ਸੀ। ਮੈਂ ਇਨ੍ਹਾਂ ਹੀ ਬੋਲ ਸਕਿਆ, ਚਾਚਾ ਜੀ ਬਿਮਾਰ ਹਨ। ਏਸੇ ਕਰਕੇ ਮੈਂ ਸਕੂਲ ਨਹੀਂ ਆ ਸਕਿਆ।
ਮਾਸਟਰ ਹਰਬੰਸ ਸਿੰਘ ਮੇਰੇ ਚਾਚਾ ਜੀ ਦੇ ਮੰਜੇ ਦੀ ਬਾਹੀ ਉਤੇ ਆ ਕੇ ਬੈਠ ਗਏ। ‘ਚਾਚਾ ਜੀ ਮੈਨੂੰ ਤਾਂ ਤੁਸੀਂ ਠੀਕ ਠਾਕ ਲੱਗਦੇ ਹੋ। ਤੁਸੀਂ ਬਿਮਾਰ ਥੋੜ੍ਹਾ ਹੋ। ਜ਼ਰਾ ਉਠ ਕੇ ਬੈਠੋ ਤਾਂ ਸਹੀ।' ਮੇਰਾ ਚਾਚਾ ਜਿਹੜਾ ਬਿਨਾ ਸਹਾਰੇ ਉਠ ਕੇ ਬੈਠ ਨਹੀਂ ਸੀ ਸਕਦਾ, ਆਪ ਹੀ ਉਠ ਕੇ ਬੈਠ ਗਿਆ। ‘ਇਸ ਦੀ ਮਾਂ ਇਸ ਦੇ ਬਚਪਨ ਵਿੱਚ ਚਲਾਣਾ ਕਰ ਗਈ। ਘਰ ਦਾ ਬਹੁਤਾ ਕੰਮ ਏਸੇ ਨੂੰ ਕਰਨਾ ਪੈਂਦਾ ਹੈ। ਭਲਕ ਤੋਂ ਪੁੱਤ ਜ਼ਰੂਰ ਸਕੂਲ ਜਾਇਆ ਕਰੇਗਾ, ਮੈਂ ਠੀਕ ਹਾਂ।' ਮੇਰੇ ਚਾਚਾ ਜੀ ਨੇ ਨਿਮਰਤਾ ਸਹਿਤ ਕਿਹਾ। ਸਰਦਾਰ ਹਰਬੰਸ ਸਿੰਘ ਮੇਰੇ ਦੂਜੇ ਸਕੂਲ ਅਧਿਆਪਕ ਸਨ। ਮੈਂ ਪਹਿਲੇ ਦਰਜੇ ਵਿੱਚ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ।
ਮੇਰੇ ਚਾਚਾ ਇਕ ਛੋਟਾ ਤੇ ਥੋੜ੍ਹੀ ਜ਼ਮੀਨ ਵਾਲਾ ਕਿਸਾਨ ਸੀ। ਉਸ ਕੋਲ ਇੰਨੀ ਸਮਰੱਥਾ ਨਹੀਂ ਸੀ ਕਿ ਮੈਨੂੰ ਅੰਮ੍ਰਿਤਸਰ ਕਾਲਜ ਵਿੱਚ ਦਾਖਲਾ ਕਰਵਾ ਸਕੇ। ਮੇਰੇ ਸਾਹਮਣੇ ਹਨੇਰਾ ਸੀ, ਪਰ ਮੈਂ ਉਜਾਲਾ ਲੱਭਣਾ ਸੀ। ਮੈਂ ਅਜੇ ਪੜ੍ਹਨਾ ਸੀ ਤੇ ਪੜ੍ਹਨ ਲਈ ਰਾਹ ਮੈਨੂੰ ਆਪ ਹੀ ਲੱਭਣਾ ਪੈਣਾ ਸੀ। ਉਦੋਂ ਡਾਕ ਰਾਹੀਂ ਪੜ੍ਹਾਈ ਕਰਨ ਦਾ ਪ੍ਰਬੰਧ ਨਹੀਂ ਹੁੰਦਾ ਸੀ। ਅਧਿਆਪਕਾਂ ਦੀ ਸਮੇਂ-ਸਮੇਂ ਦਿੱਤੀ ਹੱਲਾਸ਼ੇਰੀ ਨਾਲ ਮੈਂ ਹਵਾਈ ਸੈਨਾ ਵਿੱਚ ਭਰਤੀ ਹੋ ਕੇ ਸਿਖਲਾਈ ਲਈ ਮਦਰਾਸ ਚਲਾ ਗਿਆ। ਹਵਾਈ ਸੈਨਾ ਰਾਹੀਂ ਮੈਨੂੰ ਅੱਗੇ ਪੜ੍ਹਨ ਦਾ ਰਾਹ ਲੱਭ ਗਿਆ। ਇਸ ਤਰ੍ਹਾਂ ਸਮੇਂ-ਸਮੇਂ 'ਤੇ ਅਧਿਆਪਕਾਂ ਦੇ ਕਹੇ ਬੋਲਾਂ ਨੇ ਮੈਨੂੰ ਸਫਲਤਾ ਦੇ ਰਾਹ ਪਾਇਆ।

Have something to say? Post your comment