Welcome to Canadian Punjabi Post
Follow us on

12

July 2025
 
ਨਜਰਰੀਆ

ਲੱਗਦਾ ਸੀ ਸੂਰਜ ਚੜ੍ਹਨ ਹੀ ਵਾਲੈ

February 08, 2019 09:14 AM

-ਅਰਤਿੰਦਰ ਸੰਧੂ
ਉਨੀ ਸੌ ਛਪੰਜਾ ਸਤਵੰਜਾ ਵਿੱਚ ਪਾਕਿਸਤਾਨ ਵਿੱਚ ਆਪਣੇ ਘਰ ਘਾਟ ਗੁਆ ਕੇ ਆਏ ਲੋਕਾਂ ਦਾ ਟਿਕ ਟਿਕਾਅ ਤਕਰੀਬਨ ਹੋ ਗਿਆ ਸੀ। ਸਰਕਾਰ ਦਾ ਧਿਆਨ ਲੋਕਾਂ ਦੀ ਜੀਵਨ ਜਾਚ ਸੁਧਾਰਨ ਵੱਲ ਕਾਫੀ ਵਧਿਆ ਹੋਇਆ ਸੀ। ਕੁਝ ਅਜਿਹੀਆਂ ਪੋਸਟਾਂ ਪੈਦਾ ਕੀਤੀਆਂ ਗਈਆਂ ਸਨ (ਹਾਲੇ ਵੀ ਹੋਣਗੀਆਂ) ਜਿਨ੍ਹਾਂ ਨਾਲ ਲੋਕਾਂ ਨੂੰ ਥੋੜ੍ਹੇ ਖਰਚ ਤੇ ਥੋੜ੍ਹੀ ਖੇਚਲ ਨਾਲ ਬਿਮਾਰੀਆਂ ਤੋਂ ਬਚਣ ਦੇ ਨਿੱਕੇ-ਨਿੱਕੇ ਗੁਰ ਸਿਖਾ ਕੇ ਸਿਹਤ ਤੇ ਸਫਾਈ ਸਬੰਧੀ ਜਾਗਰੂਕਤਾ ਪਸਾਰੀ ਜਾ ਰਹੀ ਸੀ ਤਾਂ ਕਿ ਲੋਕਾਂ ਵਿੱਚ ਸਿਹਤ ਸੰਭਾਲ ਦੀ ਭਾਵਨਾ ਵਧੇ। ਉਨ੍ਹੀਂ ਦਿਨੀਂ ਅਸੀਂ ਨੌਸ਼ਹਿਰਾ ਪੰਨੂਆਂ ਵਿੱਚ ਸਾਂ। ਟਾਈਫਾਈਡ, ਜਿਸ ਨੂੰ ਮੁਹਰਕਾ ਤਾਪ ਕਿਹਾ ਜਾਂਦਾ, ਨਾਲ ਉਦੋਂ ਵੀ ਬੜੀਆਂ ਮੌਤਾਂ ਹੁੰਦੀਆਂ ਸਨ। ਹੋਰ ਬਿਮਾਰੀਆਂ ਕਾਰਨ ਵੀ ਮੌਤ ਦਰ ਬਹੁਤ ਜ਼ਿਆਦਾ ਸੀ। ਸਰਕਾਰ ਇਸ ਮਸਲੇ ਸਬੰਧੀ ਗੰਭੀਰ ਸੀ। ਪਿੰਡ ਵਿੱਚ ਗ੍ਰਾਮ ਸੇਵਕ ਤੋਂ ਇਲਾਵਾ ਇਕ ਲੇਡੀ ਹੈਲਥ ਵਿਜ਼ਿਟਰ ਸੀ। ਉਸ ਦਾ ਨਾਂ ਸੀ ਹਰਬੰਸ ਕੌਰ ਤੇ ਇਕ ਉਸ ਦੀ ਅਸਿਸਟੈਂਟ ਵੀ ਸੀ ਰਵਿੰਦਰ ਕੌਰ, ਜੋ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਦੀਆਂ। ਉਹ ਪਿੰਡ ਵਿੱਚ ਲੋਕਾਂ ਨਾਲ ਮੇਲ ਜੋਲ ਪੈਦਾ ਕਰਕੇ ਉਨ੍ਹਾਂ ਦੀ ਮਦਦ ਕਰਨ ਤੋਂ ਇਲਾਵਾ ਸਕੂਲ ਵਿੱਚ ਵੀ ਗਾਹੇ ਬਗਾਹੇ ਫੇਰਾ ਮਾਰਦੀਆਂ ਰਹਿੰਦੀਆਂ ਸਨ।
ਪੜ੍ਹੀਆਂ ਲਿਖੀਆਂ ਔਰਤਾਂ ਬਹੁਤ ਘੱਟ ਸਨ ਤੇ ਆਮ ਲੋਕਾਂ ਦੀ ਸਾਦਗੀ ਦਾ ਇਹ ਹਾਲ ਸੀ ਕਿ ਬਹੁਤੇ ਲੋਕਾਂ ਨੂੰ ਹੈਲਥ ਵਿਜ਼ਿਟਰ ਕਹਿਣਾ ਨਹੀਂ ਸੀ ਆਉਂਦਾ। ਇਸ ਅਹੁਦੇ ਦੇ ਇਕ ਸੰਖੇਪ ਪ੍ਰਚਲਿਤ ਨਾਮ ਨਾਲ ਹਰਬੰਸ ਕੌਰ ਐਲ ਐਚ ਵੀ ਓ ਨੂੰ ਔਰਤਾਂ ਅਕਸਰ ‘ਆਹਲਾ ਸੀਓ' ਕਹਿ ਦੇਂਦੀਆਂ। ਹਰਬੰਸ ਕੌਰ ਤੇ ਉਸ ਦੀ ਅਸਿਸਟੈਂਟ ਵਾਰੀ-ਵਾਰੀ ਸਕੂਲ ਵਿੱਚ ਆਉਂਦੀਆਂ ਰਹਿੰਦੀਆਂ। ਉਹ ਕੁੜੀਆਂ ਦੇ ਹੱਥਾਂ ਪੈਰਾਂ ਦੇ ਨਹੁੰ ਚੈਕ ਕਰਦੀਆਂ ਤੇ ਸਫਾਈ ਦੀ ਮਹੱਤਤਾ ਬਾਰੇ ਛੋਟ-ਛੋਟੇ ਭਾਸ਼ਨ ਦਿੰਦੀਆਂ ਤੇ ਕੁੜੀਆਂ ਨੂੰ ਖਾਸ ਤੌਰ 'ਤੇ ਹਦਾਇਤ ਕਰਦੀਆਂ ਕਿ ਘਰੀਂ ਜਾ ਕੇ ਵੀ ਇਹ ਗੱਲਾਂ ਸਾਰੇ ਟੱਬਰ ਨੂੰ ਸਮਝਾਇਓ, ਕਿਉਂਕਿ ਉਦੋਂ ਲੋਕਾਂ ਨੂੰ ਸਿਹਤ ਬਾਰੇ ਸਫਾਈ ਦੇ ਮਹੱਤਵ ਦਾ ਗਿਆਨ ਮੁੱਢ ਤੋਂ ਸ਼ੁਰੂ ਕਰਨ ਦੀ ਲੋੜ ਸੀ।
ਜ਼ਿੰਮੇਵਾਰ ਲੀਡਰਾਂ ਵੱਲੋਂ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਵਾਸਤੇ ਉਨ੍ਹਾਂ ਨੂੰ ਸੰਭਵ ਸਹੂਲਤਾਂ ਤੇ ਜਾਣਕਾਰੀ ਪੁਚਾਉਣੀ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਉਸ ਵੇਲੇ ਘਰੇਲੂ ਜ਼ਨਾਨੀਆਂ ਦੀ ਸੋਚ ਵਿੱਚ ਬੜਾ ਭੋਲਾਪਣ ਸੀ। ਹਰਬੰਸ ਕੌਰ ਇਕ ਦਿਨ ਦੱਸ ਰਹੀ ਸੀ ਕਿ ‘ਪਿੰਡ ਦੀਆਂ ਔਰਤਾਂ ਮੈਨੂੰ ਕਹਿੰਦੀਆਂ ਕਿ ਤੂੰ ਤੇ ਬੜੀ ਸ਼ੌਕੀਨ ਹੈਂ, ਭਲਾ ਕੱਪੜੇ ਇਸਤਰੀ ਕਰ-ਕਰਕੇ ਕਿਉਂ ਪਾਉਂਦੀ ਏਂ? ਸਾਡੇ ਲੀੜੇ ਕਿਤੇ ਮਾੜੇ ਨੇ?'
ਉਹ ਦੱਸਦੀ, ‘ਫਿਰ ਮੈਂ ਉਨ੍ਹਾਂ ਨੂੰ ਸਮਝਾਉਣ ਵਾਸਤੇ ਕਹਿੰਦੀ ਹਾਂ ਕਿ ਵੇਖੋ ਇਸਤਰੀ ਕੀਤੇ ਕੱਪੜੇ ਤੋਂ ਮਿੱਟੀ ਝੱਟ ਝੜ ਜਾਂਦੀ ਹੈ ਤੇ ਮੈਂ ਥੋੜ੍ਹੀ ਮਿੱਟੀ ਆਪਣੀ ਕਮੀਜ਼ 'ਤੇ ਪਾ ਕੇ ਛੰਡ ਕੇ ਵਿਖਾਉਂਦੀ ਹਾਂ ਕਿ ਆਹ ਵੇਖੋ ਮਿੱਟੀ ਝੜ ਗਈ। ਹੋਰ ਮੈਂ ਕਿਵੇਂ ਸਮਝਾਵਾਂ!'
ਇਸ ਤੋਂ ਬਿਨਾ ਇਕ ਹੋਰ ਅਹਿਮ ਗੱਲ ਸੀ। ਇਕ ਲੰਬਾ ਜਿਹਾ ਆਦਮੀ ਹਫਤੇ ਵਿੱਚ ਤਿੰਨ ਦਿਨ ਸਕੂਲ ਆਉਂਦਾ। ਉਹ ਛੇਵੀਂ ਤੋਂ ਅਠਵੀਂ ਜਮਾਤ ਦੀਆਂ ਲੜਕੀਆਂ ਦੇ ਹਫਤੇ ਵਿੱਚ ਦੋ-ਦੋ ਪੀਰੀਅਡ ਲਾਉਂਦਾ ਤੇ ਸਾਨੂੰ ਘਰ ਵਿੱਚ ਸਾਬਣ ਬਣਾਉਣਾ ਸਿਖਾਉਂਦਾ। ਅਸਲ ਵਿੱਚ ਕਿਸਾਨੀ ਘਰਾਂ ਵਿੱਚ ਪੈਸਾ ਨਹੀਂ ਸੀ ਹੁੰਦਾ, ਸਾਬਣ ਖਰੀਦਣਾ ਵਾਧੂ ਖਰਚਾ ਜਾਪਦਾ। ਕੱਪੜੇ ਧੋਣ ਵਾਲਾ ‘ਸੋਢਾ' (ਸੋਡੀਅਮ ਕਾਰਬੋਨੇਟ) ਸਸਤਾ ਮਿਲਦਾ ਸੀ। ਉਸ ਨੂੰ ਉਬਾਲ ਕੇ ਵੱਡੇ ਕੱਪੜੇ ਧੋਤੇ ਜਾਂਦੇ ਤੇ ਬਾਜ਼ਾਰੀ ਸਾਬਣ ਅਣਸਰਦੇ ਨੂੰ ਸਰਫੇ ਨਾਲ ਵਰਤਿਆ ਜਾਂਦਾ। ਇਸੇ ਕਰਕੇ ਸ਼ਾਇਦ ਪੇਂਡੂ ਸਕੂਲਾਂ ਵਿੱਚ ਸਾਬਣ ਬਣਾਉਣ ਦੀ ਟਰੇਨਿੰਗ ਦੇਣੀ ਸ਼ੁਰੂ ਕੀਤੀ ਗਈ ਹੋਵੇਗੀ। ਉਸ ਨੇ ਕੱਪੜੇ ਧੋਣ ਵਾਲੇ ਸਾਬਣ ਤੋਂ ਸ਼ੁਰੂ ਕਰਕੇ ਨਹਾਉਣ ਵਾਲੇ ਸਾਬਣ ਤੇ ਟੈਲਕਮ ਪਾਊਡਰ ਤੱਕ ਤਿਆਰ ਕਰਨ ਦੀ ਸਮੱਗਰੀ ਦੀ ਮਿਕਦਾਰ ਤੇ ਤਿਆਰ ਕਰਨ ਦੀਆਂ ਵਿਧੀਆਂ ਸਿਖਾਈਆਂ। ਮੇਰੇ ਕੋਲ ਅਜੇ ਵੀ ਉਹ ਕਾਪੀ ਪਈ ਹੈ। ਆਸ ਕੀਤੀ ਜਾਂਦੀ ਸੀ ਕਿ ਲੜਕੀਆਂ ਘਰ ਵਿੱਚ ਵਰਤੋਂ ਵਾਸਤੇ ਸਸਤਾ ਸਾਬਣ ਤਿਆਰ ਕਰਕੇ ਸਫਾਈ ਦੀ ਆਦਤ ਪੈਦਾ ਕਰਨਗੀਆਂ ਤੇ ਆਉਂਦੇ ਸਾਲਾਂ ਤੱਕ ਇਹ ਸਹਿਜ ਸੁਭਾਅ ਹੋਣ ਲੱਗ ਪਵੇਗਾ।
ਸਰਕਾਰ ਸਚਮੁਚ ਇਹੋ ਜਿਹੀ ਹੋਣੀ ਚਾਹੀਦੀ ਹੈ, ਲੋਕ ਭਲਾਈ ਨੂੰ ਆਪਣਾ ਨਿਸ਼ਾਨਾ ਮੰਨਣ ਵਾਲੀ, ਪਰ ਇਹ ਬੀਤੇ ਦੀਆਂ ਗੱਲਾਂ ਹਨ। ਜੇ ਇਹੋ ਜਿਹੇ ਰੁਝਾਨ ਲਗਾਤਾਰ ਜਾਰੀ ਰਹਿੰਦੇ ਤਾਂ ਲੋਕਾਂ ਦੀਆਂ ਆਸਾਂ ਦਾ ਜਿਹੜਾ ਸੂਰਜ ਚੜ੍ਹਨ ਵਾਲਾ ਜਾਪਦਾ ਸੀ, ਉਹ ਚੜ੍ਹ ਚੁੱਕਾ ਹੁੰਦਾ ਅੱਜ ਤੱਕ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ