Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ

February 04, 2019 10:20 PM

-ਡਾ. ਧਰਮਜੀਤ ਸਿੰਘ ਮਾਨ
ਨਿਸ਼ਾਨੇ ਦੀ ਪੂਰਤੀ ਲਈ ਯਤਨ ਹੀ ਇਕ ਸਹਾਰਾ ਹੁੰਦੇ ਹਨ। ਯਤਨਾਂ ਤੋਂ ਬਿਨਾਂ ਸਫਲਤਾ ਦੀ ਉਮੀਦ ਕਰਨਾ ਵਿਅਰਥ ਹੈ। ਇਨ੍ਹਾਂ ਯਤਨਾਂ ਜਾਂ ਕੋਸ਼ਿਸ਼ ਦਾ ਛੋਟੇ ਜਾਂ ਵੱਡੇ ਰੂਪ ਵਿੱਚ ਸਾਡੀ ਜ਼ਿੰਦਗੀ ਵਿੱਚ ਹੋਣਾ ਬੜਾ ਜ਼ਰੂਰੀ ਹੈ। ਕਮਾਈ ਕਰਨ ਨਾਲ ਪੈਸਾ ਜੁੜਦਾ ਹੈ ਅਤੇ ਸਮਝ ਕੇ ਖਰਚਣ ਨਾਲ ਇਹ ਬਚਦਾ ਹੈ। ਗੈਰ ਜ਼ਰੂਰੀ ਸ਼ੌਕ ਦਾ ਤਿਆਗ ਮਨ ਨੂੰ ਸਕੂਨ ਦਿੰਦਾ ਅਤੇ ਮਿਹਨਤ ਵਿੱਚ ਬਰਕਤ ਪਾਉਂਦਾ ਹੈ। ਇਸ ਲਈ ਮਿਹਨਤ ਲਈ ਤਿਆਗ ਦੀ ਭਾਵਨਾ ਬੇਹੱਦ ਜ਼ਰੂਰੀ ਹੈ।
ਤਿਆਗ ਕੀਤੇ ਬਿਨਾਂ ਕਿਸੇ ਚੀਜ਼ ਦੀ ਪ੍ਰਾਪਤੀ ਕਰਨਾ ਸਿਰਫ ਸੁਪਨਾ ਹੈ। ਵਿਦੇਸ਼ ਜਾ ਕੇ ਪੈਸਾ ਕਮਾਉਣ ਲਈ ਘਰ ਛੱਡਣਾ ਪਵੇਗਾ। ਪੜ੍ਹਾਈ ਕਰਨ ਲਈ ਰਾਤਾਂ ਦੀ ਆਨੰਦਮਈ ਨੀਂਦ ਦਾ ਤਿਆਗ ਜ਼ਰੂਰੀ ਹੈ। ਖੇਤ ਵਿੱਚ ਚੰਗੀ ਫਸਲ ਲਈ ਮਿਹਨਤ ਕਰਨੀ ਪੈਣੀ ਹੈ, ਅਕਸ ਤੇ ਕਿਰਦਾਰ ਚਮਕਾਉਣ ਲਈ ਖੁਦ ਨੂੰ ਲੋਭ ਲਾਲਚ ਤੋਂ ਮੁਕਤ ਰੱਖਣਾ ਪਵੇਗਾ। ਉਸ ਤੈਰਾਕ ਲਈ ਸਮੁੰਦਰ ਤੈਰਨਾ ਨਾਮੁਮਕਿਨ ਹੈ, ਜੋ ਕਿਨਾਰੇ ਛੱਡਣ ਲੱਗਿਆਂ ਝਿਜਕ ਮਹਿਸੂਸ ਕਰੇ। ਜੰਗ ਜਿੱਤਣ ਦਾ ਜੇ ਜਨੂਨ ਹੈ ਤਾਂ ਜੰਗ ਲੜਨੀ ਪਏਗੀ। ਫਸਲ 'ਤੇ ਜੇ ਬਿਮਾਰੀ ਦਾ ਹਮਲਾ ਹੋ ਜਾਵੇ ਤਾਂ ਮੋਢਿਆਂ 'ਤੇ ਦਵਾਈ ਵਾਲੀ ਢੋਲੀ ਟੰਗ ਕੇ ਖੇਤ ਵਿੱਚ ਉਤਰਨਾ ਪਵੇਗਾ, ਬਾਹਰ ਖੜੋ ਕੇ ਰੋੜੇ ਜਾਂ ਆਵਾਜ਼ਾਂ ਮਾਰਨ ਨਾਲ ਬਿਮਾਰੀ ਦਾ ਇਲਾਜ ਨਹੀਂ ਹੋਣਾ। ਕਿਸੇ ਵੀ ਕਾਰਜ ਦੀ ਸ਼ੁਰੂਆਤ ਲਈ ਕੋਸ਼ਿਸ਼ ਜ਼ਰੂਰੀ ਹੈ। ਇਸ ਸਫਰ ਦੌਰਾਨ ਹੌਸਲਾ ਅਤੇ ਹਿੰਮਤ ਬਣਾਈ ਰੱਖਣਾ ਲਾਜ਼ਮੀ ਹੈ।
ਅੰਗਰੇਜ਼ੀ ਦੀ ਇਕ ਕਵਿਤਾ ਅਨੁਸਾਰ ‘ਇਬਾਕਾ' ਸ਼ਹਿਰ ਦਾ ਰਾਜਾ ਦੁਨੀਆ ਦੀਆਂ ਨਵੀਆਂ ਥਾਵਾਂ ਦੀ ਖੋਜ ਕਰਨ ਦਾ ਸ਼ੌਕ ਰੱਖਦਾ ਸੀ। ਰਾਜ ਵਿੱਚ ਟਿਕ ਕੇ ਬੈਠਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਵੀਹ ਸਾਲਾਂ ਪਿੱਛੋਂ ਆਪਣੇ ਰਾਜ ਵਿੱਚ ਪਰਤਿਆ ਰਾਜਾ ਅਕਸਰ ਬੇਚੈਨ ਰਹਿਣ ਲੱਗਾ। ਨਵੀਂ ਖੋਜ 'ਤੇ ਜਾਣ ਲਈ ਉਸ ਦਾ ਮਨ ਉਤਾਵਲਾ ਸੀ। ਆਪਣੇ ਪੁੱਤਰ ਨੂੰ ਰਾਜ-ਭਾਗ ਦੀ ਡੋਰ ਫੜਾ ਕੇ ਉਸ ਨੇ ਫਿਰ ਯਾਤਰਾ 'ਤੇ ਜਾਣ ਦੀ ਤਿਆਰੀ ਕਰ ਲਈ, ਪਰ ਨਾਲ ਜਾਣ ਵਾਲੇ ਸਾਥੀਆਂ ਨੇ ਆਪਣੀ ਢਲਦੀ ਉਮਰ ਦਾ ਹਵਾਲਾ ਦੇ ਕੇ ਉਸ ਨਾਲ ਜਾਣ ਤੋਂ ਨਾਂਹ ਕਰ ਦਿੱਤੀ। ਰਾਜੇ ਨੇ ਆਪਣੇ ਸਾਥੀਆਂ ਦੇ ਢਹੇ ਹੌਸਲੇ ਬੁਲੰਦ ਕਰਨ ਲਈ ਬੜੀ ਵਧੀਆ ਤਕਰੀਰ ਕੀਤੀ। ਉਸ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਹੌਸਲਾ ਬੁਲੰਦ ਹੋਵੇ ਤਾਂ ਢਲਦੀ ਉਮਰ ਜਾਂ ਕੋਈ ਚੁਣੌਤੀ ਇਨਸਾਨ ਨੂੰ ਜਿੱਤ ਦਰਜ ਕਰਨ ਤੋਂ ਨਹੀਂ ਰੋਕ ਸਕਦੀ। ਉਸ ਨੇ ਕਿਹਾ ਕਿ ਢਲਦੀ ਉਮਰ ਕਾਰਨ ਬੇਸ਼ੱਕ ਅਸੀਂ ਬਾਹਰੋਂ ਕਮਜ਼ੋਰ ਦਿੱਸਣ ਲੱਗੇ ਹਾਂ, ਪਰ ਉਨ੍ਹਾਂ ਅੰਦਰ ਧੜਕਦਾ ਦਿਲ ਅਜੇ ਜਵਾਨ ਹੈ, ਜੋ ਕਿਸੇ ਵੀ ਚੁਣੌਤੀ ਨੂੰ ਸਵੀਕਾਰ ਕਰਨ ਦੇ ਯੋਗ ਹੈ। ਔਖੀ ਮੰਜ਼ਿਲ ਨੂੰ ਪਾਉਣ ਲਈ ਸਰੀਰ ਨਹੀਂ, ਤਕੜੇ ਦਿਲ ਦੀ ਲੋੜ ਹੈ ਅਤੇ ਜੇ ਉਹ ਇਹ ਨਵੀਂ ਖੋਜ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਇਤਿਹਾਸ ਦੇ ਪੰਨਿਆਂ 'ਤੇ ਉਨ੍ਹਾਂ ਦਾ ਨਾਂ ਸਦਾ ਲਈ ਉਕਰ ਜਾਵੇਗਾ। ਇਹ ਗੱਲਾਂ ਸੁਣ ਕੇ ਰਾਜੇ ਦੇ ਸਾਥੀਆਂ ਦਾ ਹੌਸਲਾ ਬੱਝਿਆ ਅਤੇ ਉਹ ਰਾਜੇ ਨਾਲ ਯਾਤਰਾ 'ਤੇ ਜਾਣ ਲਈ ਤਿਆਰ ਹੋ ਗਏ। ਕਈ ਦਿਨ ਲੰਬੀ ਯਾਤਰਾ ਪਿੱਛੋਂ ਉਹ ਆਪਣੀ ਮੰਜ਼ਿਲ 'ਤੇ ਸਫਲਤਾ ਪੂਰਵਕ ਪਹੁੰਚ ਗਏ।
ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਵਿਚਾਰਾਂ ਨੂੰ ਅਸਲੀਅਤ ਵਿੱਚ ਢਾਲਣਾ ਪੈਂਦਾ ਹੈ ਤੇ ਇਸ ਦੌਰਾਨ ਆਏ ਜੋਖਮਾਂ ਨੂੰ ਸਹਿਣਾ ਸਫਲ ਹੋਣ ਦੀ ਪ੍ਰਪੱਕਤਾ ਨੂੰ ਦਰਸਾਉਂਦਾ ਹੈ। ਉਹ ਇਨਸਾਨ ਕਦੋਂ ਸਫਲ ਹੋਵੇਗਾ ਜਿਸ ਨੇ ਅਜੇ ਇਸ ਗੱਲ ਦਾ ਹੀ ਫੈਸਲਾ ਨਹੀਂ ਕੀਤਾ ਕਿ ਉਸ ਨੇ ਕਿਸ ਟੀਚੇ 'ਤੇ ਕਿਵੇਂ ਪਹੁੰਚਣਾ ਹੈ।
ਹਾਰੀ ਬਾਜ਼ੀ ਨੂੰ ਜਿੱਤਣਾ ਉਸ ਇਨਸਾਨ ਲਈ ਸੌਖਾ ਹੁੰਦਾ ਹੈ, ਜਿਸ ਨੇ ਹਾਰ ਦੇ ਕਾਰਨ ਸਮਝ ਕੇ ਦੁਬਾਰਾ ਜਿੱਤ ਦੇ ਯਤਨ ਕੀਤੇ ਹੋਣ। ਵਿਸ਼ਵਾਸ ਨਾਲ ਲੈਸ ਤੈਰਾਕ ਪਾਣੀ ਦੀ ਡੂੰਘਾਈ ਦੀ ਪਰਵਾਹ ਨਹੀਂ ਕਰਦਾ, ਉਸ ਦਾ ਮੁੱਖ ਨਿਸ਼ਾਨਾ ਤੈਰਨਾ ਹੁੰਦਾ ਹੈ, ਪਾਣੀ ਦੀ ਡੂੰਘਾਈ ਨਾਪਣਾ ਨਹੀਂ। ਇਹੀ ਸੋਚ ਹਿੰਦੁਸਤਾਨ ਦੇ ਮਹਾਨ ਤੈਰਾਕ ਮਿਹਰ ਸੈਨ ਦੀ ਸੀ ਜਿਸ ਨੇ ਸਫਲਤਾ ਪੂਰਵਕ ਦਰਿਆ ਤੈਰਨ ਦਾ ਹੌਸਲਾ ਕੀਤਾ ਤੇ ਨੌਜਵਾਨਾਂ ਲਈ ਮਿਸਾਲ ਬਣ ਗਿਆ। ਇਹੀ ਜ਼ਿੰਦਗੀ ਦੇ ਲੰਬੇ ਪੈਂਡੇ ਨੂੰ ਤੈਅ ਕਰਨ ਦਾ ਵੀ ਮੰਤਰ ਹੈ। ਹਿੰਮਤ, ਹੌਸਲਾ ਅਤੇ ਲਗਨ ਡੂੰਘੀਆਂ ਅਤੇ ਲੰਬੀਆਂ ਵਾਟਾਂ ਨੂੰ ਚੀਰਨ ਦੀ ਤਾਕਤ ਰੱਖਦੇ ਹਨ। ਨੌਕਰੀ ਜਾਂ ਰੁਜ਼ਗਾਰ ਨਾ ਮਿਲਦਾ ਦੇਖ ਕੇ ਨੌਜਵਾਨਾਂ ਦਾ ਕੁਰਾਹੇ ਪੈ ਜਾਣਾ ਕਿੱਥੋਂ ਦੀ ਸਿਆਣਪ ਹੈ? ਹਨੇਰੇ ਵਿੱਚੋਂ ਰੌਸ਼ਨੀ ਦੇਖਣ ਦੀ ਆਸ ਰੱਖੋਗੇ ਤਾਂ ਰੌਸ਼ਨੀ ਜ਼ਰੂਰ ਨਜ਼ਰ ਆਏਗੀ ਅਤੇ ਰੌਸ਼ਨੀ ਨੂੰ ਜੇ ਹਨੇਰਾ ਸਮਝੋਗੇ ਤਾਂ ਚਾਨਣ ਵੀ ਹਨੇਰਾ ਹੀ ਲੱਗੇਗਾ। ਸੋਚ ਤੇ ਵਿਚਾਰ ਇਨਸਾਨ ਦਾ ਅਮੁੱਲ ਖਜ਼ਾਨਾ ਹਨ। ਜੇ ਵਿਚਾਰ ਨਾਕਾਰਾਤਮਕ ਹੋ ਜਾਣ ਤਾਂ ਇਹ ਵਿਚਾਰਾਂ ਰੂਪੀ ਖਜ਼ਾਨਾ ਤਨ ਤੇ ਮਨ ਦੀ ਸੁੰਦਰਤਾ ਨੂੰ ਪਲਾਂ ਵਿੱਚ ਖਤਮ ਕਰ ਦਿੰਦਾ ਹੈ। ਸਾਫ ਵਿਚਾਰਾਂ ਦੀ ਖੇਡ ਇਨਸਾਨ ਨੂੰ ਹਰ ਮੈਦਾਨ ਫਤਿਹ ਕਰਵਾਉਂਦੀ ਅਤੇ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਹ ਸਹੀ ਹੈ ਕਿ ਜ਼ਿੰਦਗੀ ਰੂਪੀ ਸਮੁੰਦਰ ਤੈਰਨਾ ਲੰਬਾ ਅਤੇ ਔਖਾ ਲੱਗਦਾ ਹੈ, ਪਰ ਮਿੱਥੀ ਮੰਜ਼ਿਲ 'ਤੇ ਅਪੜਣ ਲਈ ਕਿਨਾਰੇ ਛੱਡਣੇ ਹੀ ਪੈਣੇ ਹਨ।

 

Have something to say? Post your comment