Welcome to Canadian Punjabi Post
Follow us on

29

March 2020
ਨਜਰਰੀਆ

ਕੀ ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਕਿਸਮਤ ਬਦਲੇਗੀ

February 04, 2019 08:01 AM

-ਹਰੀ ਜੈਸਿੰਘ
ਇਸ ਸਾਲ ਹੋ ਰਹੀਆਂ ਆਮ ਚੋਣਾਂ ਲਈ ਤੇਜ਼ੀ ਨਾਲ ਬਦਲਦੇ ਕੌਮੀ ਦਿ੍ਰਸ਼ ਦੇ ਵਿਚਾਲੇ ਪ੍ਰਿਅੰਕਾ ਗਾਂਧੀ ਨੂੰ ਪੂਰਬੀ ਉੱਤਰ ਪ੍ਰਦੇਸ਼ ਲਈ ਇੰਚਾਰਜ ਜਨਰਲ ਸਕੱਤਰ ਬਣਾਉਣ ਨਾਲ 136 ਸਾਲ ਪੁਰਾਣੀ ਪਾਰਟੀ ਕਾਂਗਰਸ ਦੀ ਕਿਸਮਤ ਵਿੱਚ ਤਬਦੀਲੀ ਆਵੇਗੀ। ਇਹ ਮੇਰਾ ਅੰਦਾਜ਼ਾ ਨਹੀਂ, ਜ਼ਮੀਨੀ ਪੱਧਰ 'ਤੇ ਮੇਰੇ ਜਾਇਜ਼ੇ ਅਤੇ ਨੱਬੇ ਦੇ ਦਹਾਕੇ ਦੇ ਅਖੀਰ 'ਚ ਰਾਏਬਰੇਲੀ ਵਿਖੇ ਉਨ੍ਹਾਂ ਦੇ ਚੋਣ ਪ੍ਰਚਾਰ ਵੇਲੇ ਉਨ੍ਹਾਂ ਨਾਲ ਕੀਤੀ ਨਿੱਜੀ ਗੱਲਬਾਤ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ। ਉਦੋਂ ਮੈਂ ਚੰਡੀਗੜ੍ਹ ਵਿੱਚ ਇੱਕ ਅੰਗਰੇਜ਼ੀ ਅਖਬਾਰ ਵਿੱਚ ਕੰਮ ਕਰਦਾ ਸੀ।
ਮੈਨੂੰ ਯਾਦ ਹੈ ਕਿ ਮੈਂ ਪ੍ਰਿਅੰਕਾ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਮੈਂ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦਾ ਇੱਕ ਮਿੱਤਰ ਹਾਂ। ਉਨ੍ਹਾਂ ਨੇ ਮੁਸਕੁਰਾ ਕੇ ਮੈਨੂੰ ਆਪਣੀ ਗੱਡੀ ਵਿੱਚ ਬੈਠਣ ਲਈ ਕਿਹਾ ਤਾਂ ਕਿ ਕੁਝ ਗੱਲਬਾਤ ਕਰ ਸਕੀਏ। ਮੈਂ ਇੱਕ ਘੰਟੇ ਤੋਂ ਵੱਧ ਸਮਾਂ ਉਨ੍ਹਾਂ ਦੇ ਨਾਲ ਸੀ ਤੇ ਨੇੜਿਓਂ ਉਨ੍ਹਾਂ ਦੀ ਨਿੱਜੀ ਖਿੱਚ, ਗਰਮਜੋਸ਼ੀ, ਮਿੱਠਾ ਰਵੱਈਆ ਅਤੇ ਆਮ ਦਿਹਾਤੀ ਲੋਕਾਂ ਨਾਲ ਗੱਲਬਾਤ ਦੀ ਉਨ੍ਹਾਂ ਦੀ ਸਮਰੱਥਾ ਨੂੰ ਦੇਖਿਆ, ਕਿਉਂਕਿ ਉਹ ਉਨ੍ਹਾਂ ਲੋਕਾਂ ਨੂੰ ਮਿਲਣ ਲਈ ਵਿੱਚ-ਵਿੱਚ ਆਪਣੀ ਗੱਡੀ ਰੋਕ ਲੈਂਦੀ ਸੀ। ਪ੍ਰਿਅੰਕਾ ਨੂੰ ਮਿਲਣ ਵਾਲਿਆਂ ਵਿੱਚ ਮੁੱਖ ਤੌਰ ਉੱਤੇ ਔਰਤਾਂ ਤੇ ਨੌਜਵਾਨ ਸਨ। ਉਹ ਉਨ੍ਹਾਂ ਨਾਲ ਹੱਥ ਮਿਲਾਉਂਦੀ ਤੇ ਉਨ੍ਹਾਂ ਦਾ ਹਾਲਚਾਲ ਤੇ ਸਮੱਸਿਆਵਾਂ ਪੁੱਛਦੀ। ਸੰਚਾਰ ਦੀ ਉਨ੍ਹਾਂ ਦੀ ਸੁਭਾਵਿਕ ਕਲਾ ਕੁਝ ਵੀ ਬਨਾਉਟੀ ਨਹੀਂ ਸੀ। ਉਹ ਲਗਾਤਾਰ ਲੋਕਾਂ ਨੂੰ ਮਿਲਦੀ ਸੀ। ਚੋਣ ਅਖਾੜੇ ਵਿੱਚ ਅਸੀਂ ਅੱਜ ਦੇ ਵੀ ਵੀ ਆਈ ਪੀਜ਼, ਜਿਨ੍ਹਾਂ ਨੂੰ ਖਾਸ ਤੌਰ ਉੱਤੇ ਜ਼ੈਡ ਪਲੱਸ ਸੁਰੱਖਿਆ ਮਿਲੀ ਹੁੰਦੀ ਹੈ, ਨਾਲ ਜੇ ਉਨ੍ਹਾਂ ਦੀ ਤੁਲਨਾ ਕਰੀਏ ਤਾਂ ਨਵੇਂ ਸਿਖਾਂਦਰੂ ਲਈ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਸੀ।
ਇਸ ਵੇਲੇ ਜਦੋਂ ਪ੍ਰਿਅੰਕਾ ਨੂੰ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ ਹੈ ਤਾਂ ਉਨ੍ਹਾਂ ਬਾਰੇ ਆਪਣੀਆਂ ਪਹਿਲੀਆਂ ਧਾਰਨਾਵਾਂ ਨੂੰ ਯਾਦ ਕਰ ਰਿਹਾ ਹਾਂ। ਮੈਂ ਦੇਖ ਸਕਦਾ ਹਾਂ ਕਿ ਉਨ੍ਹਾਂ ਨੇ ਆਪਣਾ ਉਹੀ ਦਿਲਕਸ਼ ਰਵੱਈਆ ਅਜੇ ਵੀ ਕਾਇਮ ਰੱਖਿਆ ਹੈ, ਜੋ ਦੇਸ਼ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਭਾਜਪਾ ਤੇ ਕਾਂਗਰਸ ਦੇ ਚੋਣ ਪ੍ਰਚਾਰ ਵੇਲੇ ਇੱਕ ਦੂਜੀ 'ਤੇ ਚਿੱਕੜ-ਉਛਾਲੂ ਸਿਆਸਤ ਵਿੱਚ ਦੁਰਲੱਭ ਹੈ। ਮੈਂ ਇਹ ਜ਼ਰੂਰ ਕਾਹੰਗਾ ਕਿ ਨੌਜਵਾਨ ਵੋਟਰ ਅੱਜ ਦੂਸ਼ਣਬਾਜ਼ੀ ਦੀ ਇਸ ਸਿਆਸਤ ਤੋਂ ਅੱਕ ਚੁੱਕੇ ਹਨ, ਜੋ ਆਮ ਤੌਰ 'ਤੇ ਅੱਧੇ ਝੂਠ, ਇੱਕ ਚੌਥਾਈ ਸੱਚ ਤੇ ਜੁਮਲੇਬਾਜ਼ੀ 'ਤੇ ਆਧਾਰਤ ਹੁੰਦੀ ਹੈ। ਜਿਸ ਦੇਸ਼ ਦਾ ਕੌਮੀ ਸਿਧਾਂਤ ‘ਸਤਯਮੇਵ ਜਯਤੇ’ ਹੈ, ਉਥੇ ਰੈਲੀ ਵਿੱਚ ਇਕੱਠੇ ਹੋਏ ਲੋਕਾਂ ਅੱਗੇ ਪ੍ਰਚਾਰ ਕਰਨ ਦਾ ਇਹ ਤਰੀਕਾ ਠੀਕ ਨਹੀਂ। ਯਕੀਨੀ ਤੌਰ 'ਤੇ ਦੇਰ-ਸਵੇਰ ਸੱਚ ਦੀ ਜਿੱਤ ਹੋਵੇਗੀ, ਪਰ ਗੁਜਰਾਤ ਅਤੇ ਕਰਨਾਟਕ ਦੇ ਚੋਣ ਪ੍ਰਚਾਰ ਦੌਰਾਨ ਸਾਡੇ ਨੇਤਾਵਾਂ ਵੱਲੋਂ ਜੋ ਕੁਝ ਕੀਤਾ ਜਾਂਦਾ ਨਜ਼ਰ ਆਇਆ, ਉਸ ਨੇ ਮੈਨੂੰ ਝੰਜੋੜ ਦਿੱਤਾ ਸੀ।
ਇਸ ਤੋਂ ਪਹਿਲਾਂ ਕਿ ਮੈਂ ਧਰਮ ਨਿਰਪੱਖਤਾ, ਫਿਰਕਾਪ੍ਰਸਤੀ ਅਤੇ ਫਜ਼ੂਲ ਦੇ ਮੁੱਦਿਆਂ ਦੇ ਨਾਂਅ 'ਤੇ ਅੱਜ ਹੋ ਰਹੀ ਹੁੱਲੜਬਾਜ਼ੀ ਵਾਲੀ ਸਿਆਸਤ ਵਿੱਚ ਪ੍ਰਿਅੰਕਾ ਬਾਰੇ ਅੰਦਾਜ਼ੇ ਲਾਵਾਂ, ਮੈਂ ਪਿਛਲੇ ਸਮੇਂ ਵਿੱਚ ਕਾਂਗਰਸ ਦੇ ਉਤਰਾਅ-ਚੜ੍ਹਾਅ ਬਾਰੇ ਗੱਲ ਕਰਨੀ ਚਾਹਾਂਗਾ। ਕਿਸੇ ਸਮੇਂ ਕਾਂਗਰਸ ਹਰ ਤਰ੍ਹਾਂ ਦੇ ਵਿਚਾਰਾਂ ਅਤੇ ਵਿਚਾਰਾਤਮਕ ਗਰੁੱਪਾਂ ਲਈ ‘ਸਿਆਸੀ ਛਤਰੀ' ਹੋਇਆ ਕਰਦੀ ਸੀ, ਜਿਸ ਦਾ ਸਿਹਰਾ ਪਾਰਟੀ ਦੀ ਬੁੱਧੀਜੀਵੀ ਲੀਡਰਸ਼ਿਪ ਨੂੰ ਜਾਂਦਾ ਹੈ, ਪਰ ਅੱਜ ਕੱਲ੍ਹ ਸਥਿਤੀ ਨਾਟਕੀ ਢੰਗ ਨਾਲ ਬਦਲ ਚੁੱਕੀ ਹੈ। ਅੱਜ ਕਾਂਗਰਸ ਇੱਕ ਅਵਿਵਸਥਿਤ ਛਤਰੀ ਸੰਗਠਨ ਦੇ ਰੂਪ ਵਿੱਚ ਉਭਰੀ ਹੈ, ਜਿਸ ਵਿੱਚ ਹਿੱਤਾਂ ਦਾ ਟਕਰਾਅ ਹੈ ਤੇ ਇਹ ਇੰਨਾ ਜ਼ਿਆਦਾ ਹੈ ਕਿ ਪਾਰਟੀ 'ਚ ਹਰ ਫੁੱਟ ਤੋਂ ਬਾਅਦ ਇਸ ਨੂੰ ਸਮੇਂ ਮੁਤਾਬਕ ਖੁਦ ਨੂੰ ਪੇਸ਼ ਕਰਨਾ ਪੈਂਦਾ ਹੈ। ਇਹ ਸੱਚ ਹੈ ਕਿ ਬਹੁਤਾ ਸਮਾਂ ਕਾਂਗਰਸ ਇੱਕ ਸ਼ਖਸੀਅਤ-ਵਿਹੂਣੀ ਪਾਰਟੀ ਰਹੀ ਹੈ।
ਅੱਜ ਕਾਂਗਰਸ ਇੱਕ ਛਤਰੀ ਨਹੀਂ ਰਹੀ, ਇਸ ਲਈ ਇਸ ਨੇ ਜ਼ਿਆਦਾਤਰ ਲੋਕਾਂ ਦਾ ਸਮਰਥਨ ਗੁਆ ਲਿਆ ਹੈ। ਮੌਜੂਦਾ ਹਾਲਾਤ ਲਈ ਕਾਂਗਰਸ ਨੂੰ ਖੁਦ ਨੂੰ ਦੋਸ਼ ਦੇਣਾ ਪਵੇਗਾ, ਖਾਸ ਕਰ ਕੇ ਸੋਨੀਆ ਗਾਂਧੀ ਦੀ ਅਗਵਾਈ ਹੇਠ। ਬਹੁਤਾ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਗਲੇ ਅਹਿਮ ਮਹੀਨਿਆਂ ਦੌਰਾਨ ਰਾਹੁਲ ਤੇ ਪ੍ਰਿਅੰਕਾ ਗਾਂਧੀ ਵਰਗੇ ਨੌਜਵਾਨ ਆਗੂਆਂ ਦੇ ਨਾਲ ਸੀਨੀਅਰ ਘਾਗ ਕਿਹੋ ਜਿਹਾ ਰੁਖ ਅਪਣਾਉਂਦੇ ਹਨ। ਇਸ ਪੱਖੋਂ ਅਗਲੀਆਂ ਚੋਣਾਂ ਦਿਖਾਉਣਗੀਆਂ ਕਿ ਪਾਰਟੀ ਨਵੀਂੇ ਦਿੱਲੀ ਅਤੇ ਉਸ ਤੋਂ ਅੱਗੇ ਸੱਤਾ ਦੇ ਨਵੇਂ ਚੈਸ ਬੋਰਡ ਉਤੇ ਕਿੱਥੇ ਖੜ੍ਹੀ ਹੈ।
ਮੈਨੂੰ ਨਹੀਂ ਲੱਗਦਾ ਕਿ ਪ੍ਰਿਅੰਕਾ ਦਾ ਸਿਆਸਤ ਵਿੱਚ ਆਉਣਾ ਉਸ ਦੇ ਭਰਾ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਵਜੋਂ ਮੌਕਿਆਂ ਨੂੰ ਨੁਕਸਾਨ ਪਹੁੰਚਾਏਗ। ਸਾਨੂੰ ਇਹ ਤੱਥ ਅਣਡਿੱਠ ਨਹੀਂ ਕਰਨਾ ਚਾਹੀਦਾ ਕਿ ਰਾਹੁਲ ਗਾਂਧੀ ਨੇ ਖੁਦ ਨੂੰ ਪਹਿਲਾਂ ਹੀ ਨੇਤਾ ਵਜੋਂ ਸਥਾਪਤ ਕਰ ਲਿਆ ਹੈ। ਆਪਣੀ ਪਹਿਲਾਂ ਵਾਲੀ ਘਟੀਆ ਕਾਰਗੁਜ਼ਾਰੀ ਮਗਰੋਨ ਉਨ੍ਹਾਂ ਨੇ ਪਿੱਛੇ ਜਿਹੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਆਪਣੀਆਂ ਪਹਿਲੀਆਂ ਚੋਣਾਂ ਜਿੱਤੀਆਂ ਹਨ। ਉਨ੍ਹਾਂ ਨੇ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਅਤੇ ਉਸ ਤੋਂ ਪਹਿਲਾਂ ਬਿਹਾਰ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ ਸੀ।
ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਸੰਕਟ, ਨੌਜਵਾਨਾਂ ਦੀ ਬੇਰੋਜ਼ਗਾਰੀ, ਨੋਟਬੰਦੀ ਅਤੇ ਜੀ ਐਸ ਟੀ ਕਾਰਨ ਵਪਾਰੀਆਂ ਦੀ ਤਰਸਯੋਗ ਹਾਲਤ ਵਰਗੇ ਮੁੱਦੇ ਉਠਾਏ, ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਅੱਗੋਂ ਉਨ੍ਹਾਂ ਨੇ ਗਰੀਬਾਂ ਲਈ ਘੱਟੋ ਘੱਟ ਆਮਦਨ ਦੀ ਗਾਰੰਟੀ ਦਾ ਐਲਾਨ ਕੀਤਾ ਹੈ, ਜੇ ਉਹ ਆਮ ਚੋਣਾਂ ਵਿੱਚ ਜਿੱਤ ਕੇ ਸੱਤਾ ਵਿੱਚ ਆਏ ਤਾਂ ਮੈਂ ਉਨ੍ਹਾਂ ਦੇ ਚੋਣ ਵਾਅਦੇ ਲਈ ਉਡੀਕ ਕਰਾਂਗਾ। ਯਕੀਨੀ ਤੌਰ 'ਤੇ ਮੋਦੀ ਵਾਸਤੇ ਵੱਡੀ ਚੁਣੌਤੀ ਬਣਨ ਲਈ ਉਨ੍ਹਾਂ ਨੂੰ ਅਜੇ ਲੰਮਾ ਪੈਂਡਾ ਤਹਿ ਕਰਨਾ ਪਵੇਗਾ। ਇਸ ਪੱਖੋਂ ਮੈਂ ਮਹਿਸੂਸ ਕਰਦਾ ਹਾਂ ਕਿ ਪ੍ਰਿਅੰਕਾ ਆਪਣੀ ਭਰਾ ਦੇ ਹੱਥ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ। ਕਾਫੀ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਖੁਦ ਨੂੰ ਕਿਵੇਂ ਪੇਸ਼ ਕਰਦੀ ਹੈ।
ਜਿਵੇਂ ਮੈਂ ਰਾਏਬਰੇਲੀ 'ਚ ਦੇਖਿਆ ਸੀ, ਜੇ ਉਹ ਆਪਣਾ ਇੱਕ ਸੁਭਾਵਿਕ ਰੁਖ ਬਣਾਈ ਰੱਖਦੀ ਹੈ ਤਾਂ ਸਿਆਸੀ ਤੌਰ 'ਤੇ ਇੱਕ ਤਾਕਤ ਬਣੇਗੀ। ਮੋਦੀ ਦੇ ਕਦੇ ਨਾ ਮੁੱਕਣ ਵਾਲੇ ‘ਕਾਂਗਰਸ-ਮੁਕਤ ਭਾਰਤ’ ਵਾਲੇ ਪ੍ਰਚਾਰ ਦੀ ਪ੍ਰਵਾਹ ਨਾ ਕਰਦਿਆਂ ਉਹ ਕਾਂਗਰਸ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਏ ਜੋੜੇਗੀ।

Have something to say? Post your comment