Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਧੋਖੇਬਾਜ਼ੀ ਤੇ ਵਿਸ਼ਵਾਸਘਾਤ ਨਾਲ ‘ਖੁਸ਼ਹਾਲੀ' ਛੇਤੀ ਆਉਂਦੀ ਹੈ!

February 04, 2019 08:00 AM

-ਪੂਰਨ ਚੰਦ ਸਰੀਨ
ਇਕ ਪਾਸੇ ਧੋਖਾ ਅਤੇ ਵਿਸ਼ਵਾਸਘਾਤ ਤਾਂ ਦੂਜੇ ਪਾਸੇ ਈਮਾਨਦਾਰੀ ਅਤੇ ਭਰੋਸੇ ਵਿੱਚੋਂ ਕਿਸੇ ਇਕ ਨੂੰ ਅਪਣਾਉਣ ਦੀ ਚੁਣੌਤੀ ਸਾਹਮਣੇ ਹੋਵੇ ਤਾਂ ਆਮ ਤੌਰ 'ਤੇ ਲੋਕ ਪਹਿਲਾ ਬਦਲ ਚੁਣਦੇ ਹਨ। ਇਹ ਇਕ ਕੌੜਾ ਸੱਚ ਹੈ, ਕਿਉਂਕਿ ਇਸ ਨਾਲ ਖੁਸ਼ਹਾਲੀ ਜਲਦੀ ਆਉਂਦੀ ਹੈ, ਜਦ ਕਿ ਦੂਜੇ ਰਾਹ ਉੱਤੇ ਚੱਲਣ ਲਈ ਥੁੜ੍ਹਾਂ ਅਤੇ ਮੁਸ਼ਕਿਲਾਂ ਦੇ ਦੌਰ ਵਿੱਚੋਂ ਲੰਘਣਾ ਪੈਂਦਾ ਹੈ, ਫੇਰ ਜਾ ਕੇ ਕਿਤੇ ਖੁਸ਼ਹਾਲੀ ਦੀ ਮੰਜ਼ਿਲ ਸਾਹਮਣੇ ਦਿਖਾਈ ਦਿੰਦੀ ਹੈ। ਧੋਖਾਧੜੀ ਨੂੰ ਜ਼ਿੰਦਗੀ ਜਿਊਣ ਦਾ ਢੰਗ ਮੰਨਣ ਵਾਲਿਆਂ ਨੂੰ ਆਪਣੀ ਕਹੀ ਜਾਂ ਕੀਤੀ ਹੋਈ ਗੱਲ ਅਕਸਰ ਯਾਦ ਹੀ ਨਹੀਂ ਰਹਿੰਦੀ, ਇਸ ਲਈ ਉਹ ਇਸ ਢੰਗ ਨੂੰ ਵਾਰ-ਵਾਰ ਅਪਣਾਉਂਦੇ ਹਨ। ਇਸ ਦੇ ਉਲਟ ਈਮਾਨਦਾਰੀ ਤੇ ਸਾਦਗੀ ਨੂੰ ਜੀਵਨ ਸ਼ੈਲੀ ਵਾਂਗ ਸਵੀਕਾਰ ਕਰਨ ਵਾਲਿਆਂ ਨੂੰ ਹਰ ਗੱਲ ਯਾਦ ਰਹਿੰਦੀ ਹੈ ਅਤੇ ਉਹ ਹਮੇਸ਼ਾ ਸਹੀ ਆਚਰਣ ਨੂੰ ਪਹਿਲ ਦਿੰਦੇ ਹਨ।
ਇਕ ਮਿਸਾਲ ਹੈ; ਤੁਸੀਂ ਦੁਕਾਨਦਾਰ ਤੋਂ ਕੁਝ ਖਰੀਦਿਆ ਅਤੇ ਉਸ ਨੇ ਘੱਟ ਤੋਲ ਕੇ ਜਾਂ ਜ਼ਿਆਦਾ ਪੈਸੇ ਲੈ ਕੇ ਜਾਂ ਲੈਣ ਦੇਣ ਵਿੱਚ ਹੇਰਾਫੇਰੀ ਕਰਕੇ ਤੁਹਾਨੂੰ ਠੱਗ ਲਿਆ। ਦੁਕਾਨਦਾਰ ਬੀਮਾਰ ਹੈ ਅਤੇ ਉਹ ਹਸਪਤਾਲ ਗਿਆ ਤਾਂ ਉਸ ਨੂੰ ਉਥੇ ਇਲਾਜ ਲਈ ਬਹੁਤ ਸਾਰਾ ਗੈਰ ਜ਼ਰੂਰੀ ਭੁਗਤਾਨ ਕਰਨਾ ਪਿਆ। ਹਸਪਤਾਲ ਦੇ ਮਾਲਕ ਨੇ ਆਪਣੇ ਲੜਕੇ ਨੂੰ ਸਕੂਲ 'ਚ ਦਾਖਲ ਕਰਾਉਣਾ ਹੈ ਤਾਂ ਉਥੇ ਉਸ ਨੂੰ ਕਈ ਗੈਰ ਜ਼ਰੂਰੀ ਭੁਗਤਾਨ ਕਰਨੇ ਪਏ। ਸਕੂਲ ਮਾਲਕ ਨੇ ਅਧਿਆਪਕਾਂ ਨੂੰ ਘੱਟ ਤਨਖਾਹ ਦੇ ਕੇ ਵੱਧ ਉਤੇ ਦਸਤਖਤ ਕਰਵਾਏ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਟਿਊਸ਼ਨ ਲੈਣ ਲਈ ਮਜਬੂਰ ਕੀਤਾ ਤਾਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਠੱਗਣ ਵਾਂਗ ਲੱਗਾ। ਉਨ੍ਹਾਂ ਨੇ ਆਪਣੇ ਕੰਮ ਜਾਂ ਦਫਤਰ 'ਚ ਠੇਕੇਦਾਰ ਤੋਂ ਰਿਸ਼ਵਤ ਲੈ ਲਈ। ਠੇਕੇਦਾਰ ਸ਼ਰਾਬ ਦੇ ਠੇਕੇ ਉੱਤੇ ਗਿਆ ਤਾਂ ਉਸ ਕੋਲੋਂ ਤੈਅ ਕੀਮਤ ਤੋਂ ਜ਼ਿਆਦਾ ਰਕਮ ਲਈ ਗਈ। ਸ਼ਰਾਬ ਠੇਕੇ ਦਾ ਮਾਲਕ ਪੁਲਸ ਦੇ ਸਿਪਾਹੀ ਨੂੰ ਹਫਤਾ ਦਿੰਦਾ ਹੈ। ਸਿਪਾਹੀ ਆਪਣੇ ਬੌਸ ਨੂੰ ਉਸ ਵਿੱਚੋਂ ਹਿੱਸਾ ਦਿੰਦਾ ਹੈ। ਬੌਸ ਆਪਣੇ ਸਿਆਸੀ ਆਕੇ ਨੂੰ ਪੈਸੇ ਦਿੰਦਾ ਹੈ ਤਾਂ ਕਿ ਮਲਾਈਦਾਰ ਥਾਣੇ ਵਿੱਚ ਪੋਸਟਿੰਗ ਬਣੀ ਰਹੇ। ਸਿਆਸਦਾਨ ਚੰਦੇ ਜਾਂ ਤੁਹਾਡੀ ਸੇਵਾ ਕਰਨ ਦੇ ਨਾਂ ਉੱਤੇ ਵਸੂਲੀ ਕਰਦਾ ਹੈ। ਮੰਨ ਲਓ ਕਿ ਤੁਸੀਂ ਹਰੇਕ ਚੀਜ਼ 'ਚ ਨੁਕਤਾਚੀਨੀ ਕਰਨ ਲੱਗੋ, ਸੌਦੇਬਾਜ਼ੀ ਕਰੋਗੇ, ਗੱਲ-ਗੱਲ 'ਤੇ ਬਹਿਸ ਕਰੋਗੇ, ਭਾਵ ਬੇਇਨਸਾਫੀ ਸਹਿਣ ਲਈ ਤਿਆਰ ਨਹੀਂ ਹੋਵੋਗੇ ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ ਅਤੇ ਖਾਲੀ ਹੱਥ ਘਰ ਪਰਤ ਆਉਗੇ।
ਜਿਸ ਤਰ੍ਹਾਂ ਸਕੂਲ ਵਿੱਚ ਅਧਿਆਪਕ ਦੇ ਪਿੱਠ ਥਾਪੜਦਿਆਂ ਹੀ ਨਕਲ ਕਰਨ ਲੱਗ ਪੈਣਾ ਅਤੇ ਫਿਰ ਚੰਗੇ ਨੰਬਰਾਂ ਨਾਲ ਪਾਸ ਹੋਣ 'ਤੇ ਮਾਤਾ ਪਿਤਾ ਦੀਆਂ ਨਜ਼ਰਾਂ 'ਚ ਹੀਰੋ ਬਣਨ ਦਾ ਅਹਿਸਾਸ ਹੁੰਦਾ ਹੈ, ਉਸੇ ਤਰ੍ਹਾਂ ਵਿਅਕਤੀ ਇਸ ਰਾਹ ਉੱਤੇ ਚੱਲ ਕੇ ਸਭ ਕੁਝ ਆਸਾਨੀ ਨਾਲ ਹਾਸਲ ਕਰਨ ਨੂੰ ਆਪਣਾ ਹੱਕ ਮੰਨ ਲੈਂਦਾ ਹੈ। ਇਹੋ ਕਾਰਨ ਹੈ ਕਿ ਸਮਾਜ 'ਚ ਜ਼ਿਆਦਾਤਰ ਉਹੀ ਲੋਕ ਠੱਗੀ ਕਰਦੇ ਫੜੇ ਜਾਂਦੇ ਹਨ, ਜੋ ਧਨਾਢ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਬੜੀ ਪੜ੍ਹਾਈ ਲਿਖਾਈ ਕੀਤੀ ਹੁੰਦੀ ਹੈ ਅਤੇ ਜਿਨ੍ਹਾਂ ਦਾ ਕਰੀਅਰ ਬਹੁਤ ਸ਼ਾਨਦਾਰ ਹੁੰਦਾ ਹੈ ਜਾਂ ਉਨ੍ਹਾਂ ਨੂੰ ਵਿਰਾਸਤ ਦੇ ਨਾਂ 'ਤੇ ਸਭ ਕੁਝ ਮਿਲ ਜਾਂਦਾ ਹੈ। ਇਸ ਸਭ ਦੇ ਦੌਰਾਨ ਈਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਮੁਕਾਮ ਹਾਸਲ ਕਰਨ ਵਾਲਿਆਂ ਦੀ ਰਫਤਾਰ 32 ਦੰਦਾਂ ਵਿਚਕਾਰ ਇਕੱਲੀ ਜੀਭ ਵਾਂਗ ਹੁੰਦੀ ਹੈ।
ਇਹ ਸੱਚ ਹੈ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਵਿਹਲੇ ਸਮੇਂ 'ਚ ਧੋਖਾ ਦੇਣ ਜਾਂ ਠੱਗੀ ਮਾਰਨ ਦੇ ਮਨਸੂਬੇ ਘੜੇ ਜਾਂਦੇ ਹਨ। ਖੁਦ ਨੂੰ ਖਤਰਿਆਂ ਦਾ ਖਿਡਾਰੀ ਮੰਨਦੇ ਲੋਕ ਠੱਗੀ ਮਾਰਨ ਦੇ ਉਸਤਾਦ ਹੁੰਦੇ ਹਨ। ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਮਨੋਬਲ ਇੰਨ ਮਜ਼ਬੂਤ ਹੁੰਦਾ ਹੈ ਕਿ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਹਨ, ਹਮੇਸ਼ਾ ਵਿਸ਼ਵਾਸ ਨਾਲ ਭਰੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਲੋਕਾਂ ਦਾ ਝੰੁਡ ਬਣਾ ਲੈਂਦੇ ਹਨ, ਜੋ ਨਾ ਸਿਰਫ ਉਨ੍ਹਾਂ ਨੂੰ ਪਸੰਦ ਕਰਦੇ ਹੋਣ, ਸਗੋਂ ਉਨ੍ਹਾਂ ਦੀ ਹਰ ਗੱਲ ਨੂੰ ਪੱਥਰ 'ਤੇ ਲਕੀਰ ਮੰਨਦੇ ਹੋਣ, ਚਾਹੇ ਉਹ ਕਿੰਨੀ ਵੀ ਬੇਸੁਰੀ ਜਾਂ ਬੇਤੁਕੀ ਕਿਉਂ ਨਾ ਹੋਵੇ।
ਝੂਠ ਬੋਲਣ 'ਚ ਸੱਚ ਬੋਲਣ ਨਾਲੋਂ ਜ਼ਿਆਦਾ ਮਿਹਨਤ ਲੱਗਦੀ ਹੈ ਕਿਉਂਕਿ ਉਸ ਨਾਲ ਭਾਵਨਾਵਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਝੂਠ ਅਤੇ ਬੇਈਮਾਨੀ ਇਨਸਾਨ ਨੂੰ ਤਣਾਅ 'ਚ ਰੱਖਦੀ ਹੈ ਕਿਉਂਕਿ ਉਸ ਦੇ ਸਿਰ 'ਤੇ ਹਮੇਸ਼ਾ ਪੋਲ ਖੁੱਲ੍ਹਣ ਦਾ ਡਰ ਤਲਵਾਰ ਵਾਂਗ ਲਟਕਦਾ ਰਹਿੰਦਾ ਹੈ। ਝੂਠ ਬੋਲਦੇ ਲੋਕ ਨਜ਼ਰਾਂ ਬਚਾਅ ਕੇ ਗੱਲ ਕਰਦੇ ਹਨ, ਬੋਲਣ 'ਚ ਵਾਰ-ਵਾਰ ਗਲਤੀ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਕਹੀ ਗੱਲ ਚੇਤੇ ਨਹੀਂ ਰਹਿੰਦੀ। ਅਜਿਹੇ ਲੋਕ ਕਿਸੇ ਸਵਾਲ ਦਾ ਜਵਾਬ ਦੇਣ ਦੀ ਥਾਂ ਜਵਾਬ ਦਾ ਸਵਾਲ ਲੱਭਣ ਲੱਗਦੇ ਹਨ। ਕੁਝ ਅਜਿਹੇ ਲੋਕ ਸੋਚਣ ਜਾਂ ਕੋਈ ਕੋਸ਼ਿਸ਼ ਕੀਤੇ ਬਿਨਾਂ ਆਸਾਨੀ ਨਾਲ ਵੱਡੇ ਤੋਂ ਵੱਡਾ ਝੂਠ ਬੋਲ ਲੈਂਦੇ ਹਨ। ਅਜਿਹੇ ਝੂਠ ਦੀ ਪੜਤਾਲ ਕਰਨੀ ਮੁਸ਼ਕਿਲ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਰਾਜੀਵ ਗਾਂਧੀ ਨੇ 1985 'ਚ ਲੋੜਵੰਦਾਂ ਤੱਕ ਇਕ ਰੁਪਏ ਵਿੱਚੋਂ 15 ਪੈਸੇ ਪਹੁੰਚਣ ਦੀ ਗੱਲ ਕਹੀ ਸੀ, ਇਸ ਦੀ ਪੁਸ਼ਟੀ ਲਈ ਘਪਲਿਆਂ ਦੀ ਇਕ ਲੰਮੀ ਕੜੀ ਬਣਦੀ ਗਈ।
ਜਿਹੜੀਆਂ ਸਿਆਸੀ ਪਾਰਟੀਆਂ ਦੀ ਜੜ੍ਹ ਵਿੱਚ ਭਿ੍ਰਸ਼ਟਾਚਾਰ ਸਮਾ ਗਿਆ ਹੈ, ਉਨ੍ਹਾਂ ਦੇ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤਦੇ ਹਨ ਤਾਂ ਕੋਈ ਹੈਰਾਨੀ ਨਹੀਂ ਹੁੰਦੀ। ਭਾਰਤੀ ਸਮਾਜ 'ਤੇ ਘਪਲਿਆਂ ਜਾਂ ਭ੍ਰਿਸ਼ਟਾਚਾਰ ਦਾ ਬਹੁਤਾ ਅਸਰ ਇਸ ਲਈ ਨਹੀਂ ਹੁੰਦਾ ਕਿ ਹਰ ਕੋਈ ਇਸ 'ਚ ਆਪਣੇ ਹੱਥ ਰੰਗਣ ਦੀ ਕੋਸ਼ਿਸ਼ 'ਚ ਲੱਗਾ ਰਹਿੰਦਾ ਅਤੇ ਇਹ ਸੋਚ ਬਣ ਜਾਂਦੀ ਹੈ ਕਿ ਜੇ ਅਸੀਂ ਕਿਸੇ ਦਾ ਸ਼ੋਸ਼ਣ ਨਹੀਂ ਕਰਾਂਗੇ ਤਾਂ ਸਾਡਾ ਸ਼ੋਸ਼ਣ ਹੋਣਾ ਤੈਅ ਹੈ। ਇਹੋ ਵਜ੍ਹਾ ਹੈ ਕਿ ਘਪਲੇਬਾਜ਼ਾਂ ਨੂੰ ਸਮਾਜ ਦੇ ਦੁਸ਼ਮਣ ਨਹੀਂ, ਸਗੋਂ ਦੋਸਤ ਸਮਝਿਆ ਜਾਂਦਾ ਹੈ।
ਜਿਸ ਵਿਅਕਤੀ ਜਾਂ ਸਮਾਜ ਦੇ ਕਿਸੇ ਤਬਕੇ ਦਾ ਸੁਭਾਅ ਹੀ ਧੋਖੇ ਤੇ ਭਿ੍ਰਸ਼ਟਾਚਾਰ ਨੂੰ ਖੁਸ਼ਹਾਲੀ ਦਾ ਰਾਹ ਸਮਝਣ ਵਾਲਾ ਹੋ ਗਿਆ ਹੋਵੇ ਤਾਂ ਇਹ ਸਮੱਸਿਆ ਨਹੀਂ, ਉਸਦਾ ਲੱਛਣ ਹੈ। ਅਸੀਂ ਸਾਰੀ ਉਮਰ ਉਨ੍ਹਾਂ ਨੂੰ ਸੁਧਾਰਨ ਲੱਗੇ ਰਹੀਏ, ਉਨ੍ਹਾਂ ਦਾ ਸੁਧਰਨਾ ਅਸੰਭਵ ਹੈ। ਇਨ੍ਹਾਂ ਲੱਛਣਾਂ ਨੂੰ ਖਤਮ ਕਰ ਦੇਣ ਨਾਲ ਇਨ੍ਹਾਂ ਤੋਂ ਪੈਦਾ ਹੁੰਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਜਿਸ ਵਿਅਕਤੀ ਜਾਂ ਪਾਰਟੀ ਨੇ ਇਕ ਵਾਰ ਠੱਗੀ ਕੀਤੀ, ਵਾਅਦਾ ਖਿਲਾਫੀ ਕੀਤੀ, ਉਸ 'ਤੇ ਫਿਰ ਕਦੇ ਭਰੋਸਾ ਨਾ ਕਰੋ, ਚਾਹੇ ਉਹ ਖੁਦ ਨੂੰ ਕਿੰਨਾ ਵੀ ਦੁੱਧ ਦਾ ਧੋਤਾ ਸਿੱਧ ਕਰਨ ਦੀ ਕੋਸ਼ਿਸ਼ ਕਰੇ।
ਇਸ ਦੀ ਵਜ੍ਹਾ ਇਹ ਹੈ ਕਿ ਧੋਖਾ ਕਰਨ ਵਾਲਾ ਖੁਦ ਨੂੰ ਨਿਯਮ ਕਾਨੂੰਨ ਤੋਂ ਉਪਰ ਮੰਨਦਾ ਹੈ। ਲੋਕਾਂ ਨੂੰ ਬਹਿਕਾਈ ਰੱਖਣਾ ਤੇ ਧੋਖੇ ਨਾਲ ਉਨ੍ਹਾਂ ਦਾ ਭਰੋਸਾ ਜਿੱਤਣਾ ਉਸ ਦਾ ਸੁਭਾਅ ਹੋ ਜਾਂਦਾ ਹੈ। ਉਹ ਝੂਠ ਬੋਲਣ ਦਾ ਮਾਹਰ ਹੁੰਦਾ ਹੈ। ਅੱਜ ਭਾਰਤ ਜਿਸ ਚੁਣੌਤੀ ਭਰੇ ਮਾਹੌਲ 'ਚੋਂ ਲੰਘ ਰਿਹਾ ਹੈ, ਉਸ 'ਚ ਸਹੀ ਅਤੇ ਗਲਤ ਵਿਚਾਲੇ ਫੈਸਲਾ ਕਰਨਾ ਬੜਾ ਮੁਸ਼ਕਿਲ ਹੈ। ਸਮੱਸਿਆ ਇਹ ਨਹੀਂ ਕਿ ਅਸੀਂ ਇਨ੍ਹਾਂ ਨਾਲ ਕਿਵੇਂ ਨਜਿੱਠਾਂਗੇ, ਸਗੋਂ ਇਹ ਹੈ ਕਿ ਈਮਾਨਦਾਰ ਆਦਮੀ, ਜੋ ਆਪਣੀ ਮਿਹਨਤ ਅਤੇ ਪ੍ਰਤਿਭਾ ਸਦਕਾ ਅੱਗੇ ਵਧਣਾ ਚਾਹੁੰਦਾ ਹੈ, ਉਦੋਂ ਨਿਰਾਸ਼ ਹੋ ਜਾਂਦਾ ਹੈ, ਜਦੋਂ ਇਹ ਦੇਖਦਾ ਹੈ ਕਿ ਉਸ ਦੀ ਯੋਗਤਾ ਪਰਖਣ ਵਾਲੇ ਉਹ ਲੋਕ ਹੁੰਦੇ ਹਨ, ਜਿਨ੍ਹਾਂ 'ਚ ਨਾ ਕੋਈ ਯੋਗਤਾ ਹੁੰਦੀ ਹੈ ਅਤੇ ਨਾ ਉਨ੍ਹਾਂ ਕੋਲ ਕੋਈ ਨੀਤੀ। ਉਨ੍ਹਾਂ ਕੋਲ ਕੋਈ ਅਜਿਹੀ ਯੋਜਨਾ ਵੀ ਨਹੀਂ ਹੁੰਦੀ, ਜਿਸ ਨਾਲ ਆਮ ਆਦਮੀ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕੇ। ਇਸ ਅਵਸਥਾ 'ਚ ਉਸ ਦੇ ਲਈ ਇਹੋ ਬਦਲ ਬਚਦਾ ਹੈ ਕਿ ਉਹ ਆਪਣੇ ਰਾਹ ਖੁਦ ਬਣਾਵੇ ਅਤੇ ਆਪਣੇ ਨੁਮਾਇੰਦਿਆਂ ਦੀ ਚੋਣ ਕਰਦੇ ਸਮੇਂ ਚੌਕਸੀ ਤੋਂ ਕੰਮ ਲਵੇ। ਉਸ ਦੀ ਜ਼ਰਾ ਜਿੰਨੀ ਵੀ ਭੁੱਲ ਭਵਿੱਖ ਧੁੰਦਲਾ ਕਰ ਸਕਦੀ ਹੈ।

Have something to say? Post your comment