Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਮੱਚੜੀ ਸਰਪੰਚੀ..

February 04, 2019 07:59 AM

-ਇੰਦਰਜੀਤ ਕੌਰ
ਪਿੱਛੇ ਜਿਹੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਮੇਰੀ ਸਹੇਲੀ ਦੇ ਮਾਤਾ ਜੀ ਸਰਪੰਚ ਚੁਣੇ ਗਏ। ਸਾਫ ਹੈ ਕਿ ਸਹੇਲੀ ਬਹੁਤ ਖੁਸ਼ ਸੀ, ਸਗੋਂ ਖੁਸ਼ੀ ਵਿੱਚ ਫਾਵੀ ਹੋਈ ਪਈ ਸੀ। ਉਸ ਮੈਨੂੰ ਬੜੇ ਚਾਅ ਨਾਲ ਇਹ ਖੁਸ਼ਖਬਰੀ ਸੁਣਾਈ ਅਤੇ ਨਾਲ ਜ਼ੋਰ ਦੇ ਕੇ ਕਿਹਾ ਕਿ ਮੈਂ ਵੀ ਉਹਦੇ ਨਾਲ ਘਰ ਚੱਲਾਂ। ਆਂਟੀ ਜੀ ਨੂੰ ਵਧਾਈ ਦੇਣ ਦਾ ਦਿਲ ਤਾਂ ਮੇਰਾ ਵੀ ਸੀ, ਛੁੱਟੀ ਵਾਲੇ ਦਿਨ ਅਸੀਂ ਸੁਵਖਤੇ ਉਸ ਦੇ ਪਿੰਡ ਵਾਲੀ ਬੱਸ 'ਚ ਜਾ ਬੈਠੀਆਂ। ਸਹੇਲੀ ਪਹਿਲਾਂ ਵੀ ਪਿੰਡ ਦਾ ਘਰ ਗੇੜਾ ਮਾਰ ਆਈ ਸੀ, ਇਸੇ ਕਰ ਕੇ ਉਸ ਨੇ ਬੱਸ ਵਿੱਚ ਬੈਠਦੇ ਸਾਰ ਘਰ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਰ ਦੂਜੀ ਗੱਲ ਵਿੱਚ ਉਹ ਇਹੀ ਕਹਿ ਰਹੀ ਸੀ ਕਿ ਅੱਗੋਂ ਲਈ ਉਹਦੀ ਮਾਂ ਸਾਰੇ ਪਿੰਡ ਵਿੱਚ ਪੂਰੇ ਰੋਅਬ ਨਾਲ ਤੁਰਿਆ ਕਰੇਗੀ। ਉਸ ਦਾ ਪਿੰਡ ਬਹੁਤਾ ਦੂਰ ਨਹੀਂ ਸੀ, ਅਸੀਂ ਸਮੇਂ ਸਿਰ ਜਾ ਅੱਪੜੇ। ਘਰ ਪੁੱਜੇ ਤਾਂ ਅੱਗੇ ਵਿਆਹ ਵਾਂਗ ਮਾਹੌਲ ਬਣਿਆ ਪਿਆ ਸੀ। ਮੈਂ ਸਹੇਲੀ ਨੂੰ ਛੇੜਿਆ, ‘ਚੱਜ ਨਾਲ ਪਤਾ ਕਰ ਲੈਣਾ ਸੀ, ਕਿਤੇ ਤੇਰਾ ਵਿਆਹ ਤਾਂ ਨ੍ਹੀਂ ਧਰੀ ਬੈਠੇ।' ਉਹ ਖੁਸ਼ ਵੀ ਹੋਈ ਤੇ ਰਤਾ ਕੁ ਖਿਝ ਜਿਹੀ ਵੀ ਜ਼ਾਹਿਰ ਕੀਤੀ, ਪਰ ਪੂਰੀ ਰਫਤਾਰ ਨਾਲ ਮੈਥੋਂ ਮੂਹਰੇ ਹੋ ਕੇ ਘਰ ਜਾ ਵੜੀ।
ਘਰ ਵਿੱਚ ਚਹਿਲ ਪਹਿਲ ਇੰਨੀ ਜ਼ਿਆਦਾ ਸੀ ਕਿ ਆਪਣੀ ਗੱਲ ਸਮਝਾਉਣ ਲਈ ਉਚਾ ਬੋਲਣਾ ਪੈ ਰਿਹਾ ਸੀ। ਬਾਹਰ ਵਿਹੜੇ 'ਚ ਵੀ ਲੋਕ ਬੈਠੇ ਸਨ ਤੇ ਅੰਦਰ ਵੀ। ਬੈਠਕ 'ਚ ਸਹੇਲੀ ਦੇ ਡੈਡੀ ਅਤੇ ਭਰਾ ਬੈਠੇ ਸਨ। ਉਨ੍ਹਾਂ ਨਾਲ ਅੱਠ ਦਸ ਜਣੇ ਹੋਰ ਸਨ, ਜੋ ਸ਼ਾਇਦ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇਣ ਲਈ ਆਏ ਸਨ। ਇਨ੍ਹਾਂ 'ਚੋਂ ਇਕ ਨੇ ਬਹੁਤ ਮਾਣ ਨਾਲ ਕਿਹਾ, ‘ਬਾਈ ਤੇਰਾ ਤਾਂ ਸਾਨੂੰ ਪਹਿਲੋਂ ਈ ਪਤਾ ਸੀ, ਐਤਕੀਂ ਸਰਪੰਚੀ ਜਿੱਤਣੀ ਹੀ ਜਿੱਤਣੀ ਆ।' ਸਹੇਲੀ ਦੇ ਡੈਡੀ ਨੇ ਵੀ ਮੁੱਛਾਂ ਨੂੰ ਵੱਟ ਚਾੜ੍ਹਿਆ ਅਤੇ ਖੁਸ਼ੀ 'ਚ ਸਿਰ ਹਿਲਾਉਂਦਿਆਂ ਕਿਹਾ, ‘ਬਸ ਬਾਈ, ਸਾਰੀ ਮਿਹਨਤ ਆ ਸਾਡੇ ਇਸ ਸ਼ੇਰ ਨੇ ਕੀਤੀ ਆ।' ਉਨ੍ਹਾਂ ਆਪਣੇ ਪੁੱਤਰ ਦੇ ਮੋਢਿਆਂ 'ਤੇ ਪਿਆਰ ਵਾਲੀ ਥਾਪੜੀ ਦਿੱਤੀ। ਪੁੱਤਰ ਵੀ ਅੱਗਿਓਂ ਮਾਣ ਨਾਲ ਚੌੜਾ ਜਿਹਾ ਹੋ ਕੇ ਬੈਠ ਗਿਆ। ਓਸ ਪਹਿਲੇ ਬੰਦੇ ਨੇ ਵੀ ਆਪਣੀ ਅਹਿਮੀਅਤ ਜਤਾਉਂਦਿਆਂ ਕਿਹਾ, ‘ਬਾਈ, ਅਸੀਂ ਵੀ ਆਪਣੇ ਭਰਾਵਾਂ ਬੇਲੀਆਂ ਦੀ ਪਿੱਠ ਨ੍ਹੀਂ ਲੱਗਣ ਦਿੱਤੀ ਕਦੇ। ਘਰ-ਘਰ ਜਾ ਕੇ ਵੋਟਾਂ ਮੰਗੀਆਂ ਨੇ ਐਤਕੀਂ। ਸਾਡਾ ਬਾਈ ਸਰਪੰਚ ਬਣ ਗਿਐ, ਸੁੱਖ ਨਾਲ ਸਾਡੇ ਕੰਮ ਪੂਰੇ ਹੋਣਗੇ।' ਇੰਝ ਹੀ ਇਕ ਜਾਂਦਾ ਤਾਂ ਦਸ ਆਉਂਦੇ ਤੇ ਜਿਹੜਾ ਆਉਂਦਾ, ‘ਸਰਦਾਰ ਸਾਹਬ ਸਰਦਾਰ ਸਾਹਬ' ਕਰਦਾ ਸਹੇਲੀ ਦੇ ਡੈਡੀ ਨੂੰ ਵਧਾਈਆਂ ਦਿੰਦਾ ਤੇ ਚਾਹ ਪਾਣੀ ਛਕ ਕੇ ਤੁਰ ਜਾਂਦਾ।
ਇਸੇ ਦੌਰਾਨ ਆਂਟੀ ਆਪ ਮੁਹਾਰੇ ਰਸੋਈ 'ਚੋਂ ਆਉਂਦੇ ਅਤੇ ਭਾਂਡੇ ਚੁੱਕ ਕੇ ਲੈ ਜਾਂਦੇ। ਇਹ ਸਿਲਸਿਲਾ ਸ਼ਾਮ ਤੱਕ ਚੱਲਦਾ ਰਿਹਾ। ਸਰਪੰਚੀ ਜਿੱਤਣ ਦੀ ਖੁਸ਼ੀ ਵਿੱਚ ਸਾਥੀਆਂ ਦੀ ਮੰਗ 'ਤੇ ਅੰਕਲ ਨੇ ‘ਠੰਢੀ ਚਾਹ' ਦਾ ਵੀ ਬਾਕਾਇਦਾ ਪ੍ਰਬੰਧ ਕੀਤਾ ਹੋਇਆ ਸੀ। ਆਂਟੀ ਦੁਆਲੇ ਵਾਹਵਾ ਝੁਰਮਟ ਪਿਆ ਹੋਇਆ ਸੀ। ਗੁਆਂਢ ਤੋਂ ਆਈਆਂ ਔਰਤਾਂ ਖੁਸ਼ੀ ਨਾਲ ਉਨ੍ਹਾਂ ਨੂੰ ‘ਸਰਪਿੰਚਣੀ-ਸਰਪਿੰਚਣੀ' ਕਰਕੇ ਸੱਦ ਰਹੀਆਂ ਸਨ। ਆਂਟੀ ਦੀ ਪੂਰੀ ਟੌਹਰ ਲੱਗਦੀ ਸੀ। ਪੰਚਾਇਤ 'ਚ ਉਨ੍ਹਾਂ ਨਾਲ ਬਣੀਆਂ ਤਿੰਨ ਪੰਚਣੀਆਂ ਵੀ ਉਥੇ ਹੀ ਮੌਜੂਦ ਸਨ ਜਿਨ੍ਹਾਂ ਦੇ ਘਰਵਾਲੇ ਬਾਹਰ ਅੰਕਲ ਕੋਲ ਡਟੇ ਬੈਠੇ ਸਨ। ਇਸੇ ਦੌਰਾਨ ਬੀਬੀਆਂ ਨੇ ਖੁਸ਼ੀ ਮਨਾਉਣ ਲਈ ਅਗਲੇ ਦਿਨ ਸੁਖਮਨੀ ਸਾਹਿਬ ਦੇ ਪਾਠ ਦਾ ਪ੍ਰੋਗਰਾਮ ਬਣਾ ਲਿਆ। ਸਾਰੀਆਂ ਔਰਤਾਂ ਅੰਦਰ ਰਸੋਈ ਵਿੱਚ ਬੈਠੀਆਂ ਨਾਲੇ ਗੱਲਾਂ ਮਾਰੀ ਗਈਆਂ ਤੇ ਨਾਲੇ ਆਏ ਪ੍ਰਾਹਣਿਆਂ ਦੀ ਆਓ ਭਗਤ ਲਈ ਚਾਹ ਪਾਣੀ ਤੇ ਮਠਿਆਈ ਦੀਆਂ ਪਲੇਟਾਂ ਤਿਆਰ ਕਰ ਕਰੇ ਬਾਹਰ ਭੇਜਦੀਆਂ ਰਹੀਆਂ।
ਖੈਰ! ਆਓ ਭਗਤ 'ਚ ਉਲਝੇ ਆਂਟੀ ਜੀ ਨੂੰ ਉਨ੍ਹਾਂ ਦੀ ‘ਰਣਭੂਮੀ' ਵਿੱਚ ਜਾ ਕੇ ਮੈਂ ਆਖਿਆ, ‘ਵਾਹ ਆਂਟੀ ਜੀ, ਕਮਾਲ ਈ ਕਰ'ਤੀ ਤੁਸੀਂ ਤਾਂ, ਸਿੱਧੀ ਸਰਪੰਚੀ ਹੀ ਸੰਭਾਲ ਲੀ। ਟੌਹਰ ਆ ਸਾਡੀ ਵੀ।' ਮੇਰੀ ਗੱਲ ਸੁਣ ਕੇ ਆਂਟੀ ਨੇ ਖਿੱਝ 'ਚ ਕਿਹਾ, ‘ਚੁੱਲ੍ਹੇ 'ਚ ਪਈ ਤੇਰੀ ਟੌਹਰ ਤੇ ਸਰਪੰਚੀ, ਮੈਨੂੰ ਤਾਂ ਮੱਚੜੀ ਚਾਹ ਨੇ ਈ ਨੀ ਸਾਹ ਲੈਣ ਦਿੱਤਾ ਸਵੇਰ ਦਾ।'

Have something to say? Post your comment