Welcome to Canadian Punjabi Post
Follow us on

26

February 2020
ਨਜਰਰੀਆ

ਭੌਤਿਕਕਾਲ ਦਾ ਪਾਗਲਪਣ ਕਿਤੇ ਤਬਾਹੀ ਵੱਲ ਨਾ ਲੈ ਜਾਵੇ

February 01, 2019 08:56 AM

-ਸ਼ਾਂਤਾ ਕੁਮਾਰ
ਕੁਝ ਖਬਰਾਂ ਕੰਬਣੀ ਛੇੜ ਦਿੰਦੀਆਂ ਹਨ, ਘੰਟਿਆਂ ਬੱਧੀ ਰੁਆਉਂਦੀਆਂ ਰਹਿੰਦੀਆਂ ਹਨ ਅਤੇ ਇਹ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਸਮਾਜ ਕਿਉਂ ਅਤੇ ਕਿਸ ਪਾਸੇ ਵਧਦਾ ਜਾ ਰਿਹਾ ਹੈ।
ਪਿਛਲੇ ਦਿਨੀਂ ਰਾਜਸਥਾਨ ਦੇ ਝੁਨਝੁਨੂ 'ਚ ਇੱਕ ਸ਼ਹੀਦ ਦੀ ਯਾਦਗਾਰ ਦਾ ਉਦਘਾਟਨ ਕਰਨ ਲਈ ਮੰਤਰੀ ਆਏ ਅਤੇ ਪਿੰਡ 'ਚ ਰੌਲਾ ਪੈ ਗਿਆ ਕਿ ਸ਼ਹੀਦ ਦੀ ਵਿਧਵਾ ਉਦਘਾਟਨ ਵਾਲੀ ਥਾਂ 'ਤੇ ਆਉਣਾ ਚਾਹੰੁਦੀ ਹੈ, ਪਰ ਉਸ ਦੇ ਬੇਟੇ ਉਸ ਨੂੰ ਆਉਣ ਨਹੀਂ ਦੇਂਦੇ। ਪਤਾ ਲੱਗਾ ਕਿ ਸ਼ਹੀਦ ਦੇ ਬੇਟਿਆਂ ਨੇ ਆਪਣੀ ਬਜ਼ੁਰਗ ਮਾਂ ਨੂੰ ਘਰੋਂ ਕੱਢ ਦਿੱਤਾ ਹੈ। ਉਹ ਦਰ-ਦਰ ਭਟਕ ਰਹੀ ਹੈ। ਆਪਣਾ ਦੁਖੜਾ ਸੁਣਾਉਣ ਲਈ ਆਉਣਾ ਚਾਹੁੰਦੀ ਹੈ। ਉਦਘਾਟਨ ਰੱਦ ਕਰ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਨੇ ਉਸੇ ਹਾਈ ਕੋਰਟ ਵਿੱਚ ਅਰਜ਼ੀ ਲਾਉਂਦਿਆਂ ਕਿਹਾ, ‘‘ਮੈਨੂੰ ਮੇਰੇ ਨੂੰਹ-ਪੁੱਤ ਤੋਂ ਬਚਾਇਆ ਜਾਵੇ।” ਖਬਰ 'ਚ ਲਿਖਿਆ ਸੀ ਕਿ ਜੱਜ ਨੇ ਆਪਣੇ ਬੇਟੇ ਲਈ ਬੁਹਤ ਪਹਿਲਾਂ ਵੱਖਰਾ ਮਕਾਨ ਬਣਾ ਦਿੱਤਾ ਸੀ ਤੇ ਉਹ ਆਪਣੀ ਪਤਨੀ ਨਾਲ ਵਖਰੇ ਮਕਾਨ 'ਚ ਰਹਿੰਦਾ ਹੈ। ਸਾਬਕਾ ਜੱਜ ਬੁੱਢੇ ਹੋ ਗਏ ਹਨ, ਬੀਮਾਰ ਹਨ। ਉਨ੍ਹਾਂ ਦੇ ਨੂੰਹ-ਪੁੱਤ ਜ਼ਬਰਦਸਤੀ ਉਨ੍ਹਾਂ ਦੇ ਘਰ 'ਤੇ ਕਬਜ਼ਾ ਕਰ ਰਹੇ ਹਨ ਤਾਂ ਕਿ ਮਰਨ ਤੋਂ ਪਹਿਲਾਂ ਉਹ ਇਸ ਮਕਾਨ ਨੂੰ ਕਿਸੇ ਹੋਰ ਨੂੰ ਨਾ ਦੇ ਦੇਣ। ਹਾਈ ਕੋਰਟ ਆਪਸੀ ਸਮਝੌਤੇ ਨਾਲ ਉਸ ਬਜ਼ੁਰਗ ਸਾਬਕਾ ਜੱਜ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਦੀ ਰਹੀ।
ਲਗਭਗ ਤਿੰਨ ਸਾਲ ਪਹਿਲਾਂ ਦਿੱਲੀ ਦੇ ਅਸ਼ੋਕਾ ਰੋਡ ਉੱਤੇ ਮੇਰੇ ਘਰ ਦੇ ਬਾਹਰ ਕੰਧ ਨਾਲ ਇੱਕ ਬਜ਼ੁਰਗ ਜੋੜਾ ਰਹਿਣ ਲੱਗ ਪਿਆ। ਦਿਨ-ਮਹੀਨੇ ਬੀਤਦੇ ਗਏ। ਸਖਤ ਸਰਦੀ 'ਚ ਜਦੋਂ ਉਨ੍ਹਾਂ ਨੂੰ ਕੰਬਦੇ ਦੇਖਿਆ ਤਾਂ ਮੇਰੇ ਸਟਾਫ ਨੇ ਅਤੇ ਮੈਂ ਉਨ੍ਹਾਂ ਨੂੰ ਸਹਾਇਤਾ ਦੇਣ ਦੀ ਗੱਲ ਕਹੀ, ਪਰ ਉਹ ਇਨਕਾਰ ਕਰਦੇ ਰਹੇ। ਉਹ ਜ਼ਿਆਦਾ ਗੱਲ ਵੀ ਨਹੀਂ ਕਰਦੇ ਸਨ। ਗੱਲਾਂ ਗੱਲਾਂ 'ਚ ਉਨ੍ਹਾਂ ਦੇ ਮੂੰਹੋਂ ਨਿਕਲਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ। ਇੱਕ ਅਮਰੀਕਾ ਵਿੱਚ ਰਹਿੰਦਾ ਹੈ, ਦੂਸਰਾ ਭਾਰਤ ਵਿੱਚ। ਕਹਿੰਦੇ ਕਹਿੰਦੇ ਰੁਕ ਜਾਂਦੇ ਸਨ। ਕਹਿੰਦੇ ਸਨ ਕਿ ਉਹ ਵਚਨਬੱਧ ਹਨ, ਕੁਝ ਨਹੀਂ ਦੱਸਣਗੇ। ਮੈਂ ਆਉਂਦੇ-ਜਾਂਦੇ ਉਨ੍ਹਾਂ ਨੂੰ ਦੇਖਦਾ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਹ ਗੱਲ ਕਰਦੇ ਚੁੱਪ ਹੋ ਜਾਂਦੇ। ਖਾਣ ਲਈ ਸਾਹਮਣੇ ਵਾਲੇ ਹੋਟਲ 'ਚੋਂ ਕੁਝ ਲੈ ਆਉਂਦੇ ਸਨ। ਚਾਹ ਉਥੇ ਬਣਾਉਂਦੇ ਸਨ। ਮੈਂ ਕਈ ਵਾਰ ਉਨ੍ਹਾਂ ਨੂੰ ਕਿਸੇ ਬਿਰਧ ਆਸ਼ਰਮ 'ਚ ਭੇਜਣ ਦੀ ਗੱਲ ਕਹੀ, ਪਰ ਉਹ ਇਨਕਾਰ ਕਰਦੇ ਰਹੇ ਅਤੇ ਮੰਨੇ ਨਹੀਂ। ਉਹ ਲਗਭਗ ਤਿੰਨ ਮਹੀਨੇ ਉਥੇ ਪਏ ਰਹੇ।
ਇੱਕ ਦਿਨ ਸਵੇਰੇ ਮੈਂ ਆਪਣੇ ਘਰ ਮੂਹਰੇ ਘੁੰਮ ਰਿਹਾ ਸੀ। ਗੇਟ ਦੇ ਬਾਹਰ ਖਟ-ਖਟ ਦੀ ਆਵਾਜ਼ ਆਈ। ਅੱਗੇ ਵਧ ਕੇ ਦੇਖਿਆ ਤਾਂ ਬਜ਼ੁਰਗ ਰੋਂਦਾ ਹੋਇਆ ਕਹਿਣ ਲੱਗਾ, ‘‘ਰਾਤ ਮੇਰੀ ਪਤਨੀ ਮਰ ਗਈ।” ਉਹ ਫੁੱਟ ਫੁੱਟ ਕੇ ਰੋਣ ਲੱਗਾ। ਮੈਂ ਗੇਟ ਖੋਲ੍ਹਿਆ ਤੇ ਦੇਖਿਆ ਕਿ ਸਾਹਣੇ ਕੰਧ ਨਾਲ ਜ਼ਮੀਨ 'ਤੇ ਉਸ ਦੀ ਪਤਨੀ ਦੀ ਲਾਸ਼ ਇੱਕ ਚਾਦਰ ਨਾਲ ਢਕੀ ਹੋਈ ਪਈ ਸੀ। ਮੇਰੀਆਂ ਅੱਖਾਂ 'ਚੋਂ ਹੰਝੂ ਨਿਕਲੇ, ਉਸ ਨਾਲ ਗੱਲ ਕੀਤੀ ਤੇ ਆਪਣੇ ਸਟਾਫ ਨੂੰ ਬੁਲਾਇਆ। ਫਿਰ ਪੁਲਸ ਨੂੰ ਸੂਚਨਾ ਦੇ ਕੇ ਉਸ ਦੀ ਪਤਨੀ ਦੇ ਅੰਤਿਮ ਸਸਕਾਰ ਦਾ ਪ੍ਰਬੰਧ ਕਰਵਾਇਆ।
ਜਦੋਂ ਇੱਕ ਗੱਡੀ 'ਚ ਉਸ ਦੀ ਪਤਨੀ ਦੀ ਲਾਸ਼ ਲਿਜਾਈ ਜਾ ਰਹੀ ਸੀ ਤਾਂ ਉਹ ਸਿਰ ਫੜ ਕੇ ਰੋਣ ਲੱਗਾ। ਮੇਰੇ ਪੁੱਛਣ 'ਤੇ ਉਸ ਨੇ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਉਸੇ ਜਗ੍ਹਾ ਆ ਕੇ ਬੈਠ ਕੇ ਰੋਣ ਲੱਗਾ। ਉਸ ਦਾ ਜੀਵਨ ਸਾਥੀ ਹਮੇਸ਼ਾ ਲਈ ਉਸ ਨੂੰ ਛੱਡ ਕੇ ਚਲਾ ਗਿਆ ਸੀ। ਮੈਂ ਥੋੜ੍ਹੀ ਦੇਰ ਉਥੇ ਖੜ੍ਹਾ ਹੋ ਕੇ ਦੇਖਦਾ ਰਿਹਾ ਤੇ ਫਿਰ ਵਾਪਸ ਆ ਗਿਆ। ਫਿਰ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਇੱਕ ਸਰਕਾਰੀ ਬਿਰਧ ਆਸ਼ਰਮ ਵਿੱਚ ਭੇਜਣ ਦਾ ਪ੍ਰਬੰਧ ਕਰਵਾ ਦਿੱਤਾ। ਅੱਜ ਵੀ ਕੰਧ ਨਾਲ ਜ਼ਮੀਨ 'ਤੇ ਪਿਆ ਰਿਹਾ ਉਹ ਬਜ਼ੁਰਗ ਜੋੜਾ ਮੇਰੀਆਂ ਅੱਖਾਂ ਸਾਹਮਣੇ ਉਸੇ ਹਾਲਤ 'ਚ ਆ ਜਾਂਦਾ ਹੈ ਤਾਂ ਮੇਰਾ ਸਿਰ ਚਕਰਾਉਣ ਲੱਗਦਾ ਹੈ।
ਇਹ ਖਬਰਾਂ ਅਖਬਾਰਾਂ 'ਚ ਨਿੱਤ ਆ ਰਹੀਆਂ ਹਨ। ਸਰਕਾਰ ਕੁਝ ਨਿਯਮ-ਕਾਨੂੰਨ ਵੀ ਬਣਾ ਰਹੀ ਹੈ। ਨੇਪਾਲ ਸਰਕਾਰ ਨੇ ਤਾਂ ਕਾਨੂੰਨ ਦੇ ਜ਼ਰੀਏ ਹਰ ਵਿਅਕਤੀ ਨੂੰ ਆਪਣੀ ਆਮਦਨ ਦਾ ਇੱਕ ਹਿੱਸਾ ਆਪਣੇ ਮਾਂ-ਪਿਓ ਦੇ ਖਾਤੇ ਵਿੱਚ ਜਮ੍ਹਾ ਕਰਨ ਲਈ ਕਿਹਾ ਹੈ। ਸਾਡੇ ਦੇਸ਼ 'ਚ ਸਮਾਜ ਇਸ ਤਰ੍ਹਾਂ ਕਿਉਂ ਬਦਲ ਰਿਹਾ ਹੈ? ਕੀ ਇਹ ਉਸੇ ਭਗਵਾਨ ਰਾਮ ਦਾ ਦੇਸ਼ ਹੈ, ਜੋ ਇੱਕ ਵਾਰ ਆਪਣੇ ਪਿਤਾ ਦੇ ਕਹਿਣ 'ਤੇ 14 ਸਾਲਾਂ ਲਈ ਬਨਵਾਸ 'ਤੇ ਨਿਕਲ ਗਏ ਸਨ? ਪੂਰੇ ਸਮਾਜ ਨੂੰ ਇਸ ਵਧ ਰਹੀ ਭਿਅੰਕਰ ਸਮੱਸਿਆ 'ਤੇ ਡੂੰਘਾਈ ਨਾਲ ਵਿਚਾਰ ਕਰਨਾ ਪਵੇਗਾ।
ਇਹ ਵਿਗਿਆਨ ਤੇ ਉਨਤ ਤਕਨੀਕ ਦਾ ਯੁੱਗ ਹੈ ਤੇ ਸਭ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਸਾਂਝੇ ਪਰਵਾਰਾਂ ਦੀ ਰਵਾਇਤ ਖਤਮ ਹੋ ਰਹੀ ਹੈ, ਰਹਿਣ ਸਹਿਣ, ਸੋਚ, ਵਿਹਾਰ ਤੇ ਜੀਵਨ ਸ਼ੈਲੀ ਵਿੱਚ ਭੌਤਿਕਵਾਦ ਦਾ ਪ੍ਰਭਾਵ ਵਧ ਰਿਹਾ ਹੈ। ਧਨ ਜਾਇਦਾਦ ਦਾ ‘ਪਾਗਲਪਣ’ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਖਤਮ ਕਰਦਾ ਜਾਂਦਾ ਹੈ। ਜਾਇਦਾਦ ਲਈ ਪਿਓ-ਪੁੱਤ, ਭਰਾ-ਭਰਾ ਵਿਚਾਲੇ ਝਗੜੇ ਹੋ ਰਹੇ ਹਨ, ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਦਾਦਾ-ਦਾਦੀ, ਨਾਨਾ-ਨਾਨੀ ਕੋਲ ਬੈਠ ਕੇ ਰਮਾਇਣ, ਮਹਾਭਾਰਤ ਦੀਆਂ ਕਹਾਣੀਆਂ ਸੁਣਨਾ ਬੱਚਿਆਂ ਲਈ ਹੁਣ ਬੀਤੇ ਦੀ ਗੱਲ ਬਣਕੇ ਰਹਿ ਗਈ ਹੈ ਕਿਉਂਕਿ ਉਨ੍ਹਾਂ ਕੋਲ ਮੋਬਾਈਲ, ਟੀ ਵੀ ਤੋਂ ਇਲਾਵਾ ਹੋਰ ਕਿਸੇ ਚੀਜ਼ ਲਈ ਸਮਾਂ ਹੀ ਨਹੀਂ। ਛੋਟੇ ਬੱਚਿਆਂ ਦਾ ਇਕੱਠੇ ਹੋ ਕੇ ਖੇਡਣਾ, ਲੜਨਾ-ਝਗੜਨਾ, ਜੀਵਨ ਦੇ ਵਿਹਾਰ ਦੀ ਸਿਖਿਆ ਹਾਸਲ ਕਰਨਾ ਖਤਮ ਹੁੰਦਾ ਜਾਂਦਾ ਹੈ। ਬੱਚਿਆਂ ਦੀਆਂ ਕਿਲਕਾਰੀਆਂ ਅਤੇ ਬਚਪਨ ਦਾ ਫੁੱਲ ਖਿੜਨ ਤੋਂ ਪਹਿਲਾਂ ਹੀ ਮੋਬਾਈਲ 'ਚ ਰੁੱਝ ਕੇ ਮੁਰਝਾ ਰਿਹਾ ਹੈ।
ਸਮਝ ਤੋਂ ਬਿਨਾਂ ਵਿਗਿਆਨ ਤੇ ਤਕਨੀਕ ਸਰਾਪ ਬਣਦੀ ਜਾ ਰਹੀ ਹੈ। ਜ਼ਿਆਦਾਤਰ ਨੌਜਵਾਨ ਪੀੜ੍ਹੀ ਮੋਬਾਈਲ ਤੇ ਡਰੱਗਜ਼ ਦੇ ਪ੍ਰਭਾਵ ਹੇਠਾਂ ਆ ਰਹੀ ਹੈ। ਹਿਮਾਚਲ ਵਿੱਚ ਵੀ ਨਸ਼ਿਆਂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇੱਕ ਪਾਸੇ ਡਰੱਗਜ਼ ਅਤੇ ਮੋਬਾਈਲ ਦਾ ਨਸ਼ਾ ਤਾਂ ਦੂਜੇ ਪਾਸੇ ਸਮਾਜ 'ਚ ਸੰਸਕਾਰ ਦੇਣ ਦੀਆਂ ਰਵਾਇਤਾਂ ਦਾ ਖਤਮ ਹੋਣਾ-ਇਸ ਸਭ ਕਾਰਨ ਇੱਕ ਚਿੰਤਾਜਨਕ ਸਥਿਤੀ ਪੈਦਾ ਹੋ ਰਹੀ ਹੈ। ਕੁਝ ਪਰਵਾਰਾਂ ਵਿੱਚ ਪੁਰਾਣੀ ਰਵਾਇਤ ਸੁਰੱਖਿਅਤ ਹੈ, ਜਿੱਥੇ ਸੰਸਕਾਰਾਂ ਤੇ ਮਰਿਆਦਾ ਦੀ ਪਾਲਣਾ ਹੁੰਦੀ ਹੈ, ਪਰ ਅਜਿਹੇ ਪਰਵਾਰ ਬਹੁਤ ਘੱਟ ਹਨ ਤੇ ਦਿਨੋ ਦਿਨ ਹੋਰ ਘਟਦੇ ਜਾ ਰਹੇ ਹਨ।
ਸਰਕਾਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਾਨੂੰਨ ਦੇ ਜ਼ਰੀਏ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਹ ਸਮੱਸਿਆ ਸਿਰਫ ਕਾਨੂੰਨ ਨਾਲ ਹੱਲ ਨਹੀਂ ਹੋਵੇਗੀ। ਕਾਨੂੰਨ ਕਿਸੇ ਕਾਤਲ ਨੂੰ ਫਾਂਸੀ ਦੀ ਸਜ਼ਾ ਤਾਂ ਦੇ ਸਕਦਾ ਹੈ, ਪਰ ਕਿਸੇ ਦੇ ਦਿਲ 'ਚ ਚੰਗਾ ਕੰਮ ਕਰਨ ਦੀ ਪ੍ਰੇਰਨਾ ਪੈਦਾ ਨਹੀਂ ਕਰ ਸਕਦਾ, ਇਹ ਕੰਮ ਸਿਰਫ ਸੰਸਕਾਰ ਦੇਣ ਨਾਲ ਹੋ ਸਕਦਾ ਹੈ।
ਨੌਜਵਾਨ ਪੀੜੀ ਨੂੰ ਸੰਸਕਾਰੀ ਬਣਾਉਣ ਲਈ ਪੂਰਾ ਸਮਾਜ ਚਿੰਤਾ ਕਰੇ, ਇਸ ਲਈ ਸਿਖਿਆ 'ਚ ਕੁਝ ਮੁੱਢਲੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਸਮਾਂ ਆ ਗਿਆ ਹੈ ਕਿ ਯੋਗਾ ਤੇ ਨੈਤਿਕ ਸਿਖਿਆ ਨੂੰ ਸ਼ੁਰੂੁ ਤੋਂ ਹੀ ਸਕੂਲਾਂ 'ਚ ਇੱਕ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਜੀਵਨ ਦਾ ਇੱਕ ਨਵਾਂ ਨਜ਼ਰੀਆ ਦਿੱਤਾ ਜਾ ਸਕਦਾ ਹੈ। ਨੈਤਿਕ ਸਿਖਿਆ 'ਚ ਭਾਰਤੀ ਸਭਿਅਤਾ ਦੇ ਮੂਲ ਅਧਿਆਤਮ ਦੀ ਉਹ ਭਾਵਨਾ ਸਿਖਾਈ ਜਾ ਸਕਦੀ ਹੈ, ਜਿਸ ਨਲ ਮਨੁੱਖ ਸਿਰਫ ਰੋਟੀ, ਕੱਪੜੇ ਤੇ ਮਕਾਨ ਲਈ ਜ਼ਿੰਦਾ ਨਹੀਂ ਰਹਿੰਦਾ। ਭਾਰਤੀ ਸੰਸਕ੍ਰਿਤੀ ਦੇ ਮੂਲ 'ਚ ਜੀਵਨ ਨੂੰ ਪੂਰਨਤਾ ਦੇ ਰੂਪ 'ਚ ਦੇਖਿਆ ਗਿਆ ਹੈ। ਭੌਤਿਕਵਾਦ ਦੇ ਅੰਨ੍ਹੇ ਪਾਗਲਪਣ ਤੋਂ ਸਮਾਜ ਨੂੰ ਮੋੜਨਾ ਪਵੇਗਾ ਤੇ ਇਹ ਗੱਲ ਅਧਿਆਤਮਿਕਤਾ 'ਤੇ ਆਧਾਰਤ ਨੈਤਿਕ ਸਿਖਿਆ ਹੀ ਕਰ ਸਕਦੀ ਹੈ। ਪੁਰਾਣੇ ਸਮੇਂ 'ਚ ਲੋਕਾਂ ਨੂੰ ਸੰਸਕਾਰੀ ਬਣਾਉਣ ਦੀ ਮੁੱਖ ਜ਼ਿੰਮੇਵਾਰੀ ਗੁਰੂਕੁਲ ਕਰਦੇ ਸਨ ਤੇ ਇਸ 'ਚ ਯੋਗਾ ਦਾ ਵੀ ਅਹਿਮ ਯੋਗਦਾਨ ਹੁੰਦਾ ਸੀ। ਇਹ ਕੰਮ ਸਿਖਿਆ ਮਹਿਕਮੇ ਨੂੰ ਕਰਨਾ ਪਵੇਗਾ, ਨੈਤਿਕ ਸਿਖਿਆ ਨੂੰ ਲਾਜ਼ਮੀ ਵਿਸ਼ਾ ਬਣਾਉਣਾ ਪਵੇਗਾ। ਸਰਕਾਰ ਸਿਖਿਆ ਜਗਤ ਦੇ ਕੁਝ ਵਿਦਵਾਨਾਂ ਦੀ ਇੱਕ ਕਮੇਟੀ ਬਣਾਵੇ, ਕਮੇਟੀ ਦੇ ਸੁਝਾਅ 'ਤੇ ਤੁਰੰਤ ਯੋਗਾ ਅਤੇ ਨੈਤਿਕ ਸਿਖਿਆ ਇੱਕ ਲਾਜ਼ਮੀ ਵਿਸ਼ਾ ਬਣੇ।

Have something to say? Post your comment