Welcome to Canadian Punjabi Post
Follow us on

26

February 2020
ਨਜਰਰੀਆ

ਇੱਕ ਸੋਚਣੀ ਇਹ ਵੀ ਟਰੰਪ ਦੀ: ਗੋਰੀ ਕੰਧ ਨੂੰ ਲੈ ਕੇ ਹਾਹਾਕਾਰ

February 01, 2019 08:53 AM

-ਵਿਸ਼ਨੂੰ ਗੁਪਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਗੋਰੀ ਕੰਧ’ (ਮੈਕਸੀਕੋ ਦੀ ਕੰਧ) ਦੀ ਯੋਜਨਾ ਨੇ ਦੁਨੀਆ ਦੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਨਾਜਾਇਜ਼ ਸ਼ਰਨਾਰਥੀਆਂ ਦੇ ਸਮਰਥਕ ਸਮੂਹਾਂ ਵਿੱਚ ਤਰਥੱਲੀ ਮਚਾਈ ਹੋਈ ਹੈ। ਲੈਟਿਨ ਅਮਰੀਕਾ ਦੇ ਅਸਫਲ ਰਾਸ਼ਟਰ ਵੀ ਭੜਕੇ ਹੋਏ ਹਨ। ਟਰੰਪ ਦੀ ਖਾਸੀਅਤ ਹੈ ਕਿ ਉਹ ਆਪਣੀਆਂ ਨੀਤੀਆਂ ਤੇ ਆਪਣੇ ਐਲਾਨੇ ਪ੍ਰੋਗਰਾਮਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਉਂਦੇ। ਦੁਨੀਆ ਚਾਹੇ ਉਨ੍ਹਾਂ ਨੂੰ ਮੂਰਖ ਕਹੇ, ਫਾਸਿਸਟ ਕਹੇ, ਹਿੰਸਕ ਕਹੇ, ਅਨੈਤਿਕ ਕਹੇ, ਪਰ ਦੁਨੀਆ ਦੇ ਵਿਚਾਰਾਂ ਦੀ ਟਰੰਪ ਪ੍ਰਵਾਹ ਨਹੀਂ ਕਰਦੇ। ਇਥੋਂ ਤੱਕ ਕਿ ਮੀਡੀਆ ਦੀ ਆਲੋਚਨਾ ਨੂੰ ਵੀ ਕੋਈ ਅਹਿਮੀਅਤ ਨਹੀਂ ਦਿੰਦੇ।
ਜਦੋਂ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਲੜ ਰਹੇ ਸਨ, ਉਦੋਂ ਉਨ੍ਹਾਂ 'ਤੇ ਸੈਕਸ ਸ਼ੋਸ਼ਣ ਦੇ ਵੀ ਦੋਸ਼ ਲੱਗੇ ਸਨ, ਉਨ੍ਹਾਂ ਨੂੰ ਅਸਥਿਰ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਗਿਆ, ਪਰ ਟਰੰਪ ਨੇ ਆਪਣੀ ਜਿੱਤ ਨਾਲ ਦੁਨੀਆ ਤੇ ਮੀਡੀਆ ਨੂੰ ਇਕ ਸਬਕ ਦਿੱਤਾ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਦਿਖਾ ਦਿੱਤਾ ਕਿ ਉਨ੍ਹਾਂ ਦਾ ਪਿਛਲਾ ਅਕਸ ਕਿਹੋ ਜਿਹਾ ਵੀ ਹੋਵੇ, ਪਰ ਇੱਕ ਅਮਰੀਕੀ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਅਕਸ ਅਮਰੀਕਾ ਦੇ ਹਿੱਤਾਂ ਦੇ ਰੱਖਿਅਕ ਵਾਲਾ ਹੋਵੇਗਾ, ਅਮਰੀਕੀ ਗੋਰੀ ਅਣਖ ਦੇ ਸਰਪ੍ਰਸਤ ਵਜੋਂ ਹੋਵੇਗਾ ਅਤੇ ਅਜਿਹੇ ਸ਼ਾਸਕ ਵਾਲਾ ਹੋਵੇਗਾ, ਜੋ ਅਮਰੀਕੀ ਹਿੱਤਾਂ ਅੱਗੇ ਡਟ ਕੇ ਖੜ੍ਹਾ ਹੋਣ ਵਾਲਾ ਹੋਵੇਗਾ।
ਜੇ ਅਸੀਂ ਟਰੰਪ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਦੇਖਾਂਗੇ ਕਿ ਉਹ ਦੁਨੀਆ ਵਿੱਚ ਇੱਕ ਅਜਿਹੇ ਸ਼ਾਸਕ ਵਜੋਂ ਆਪਣੀ ਛਾਪ ਛੱਡ ਰਹੇ ਹਨ, ਜਿਸ ਨੇ ਚੋਣ ਵਾਅਦੇ ਪੂਰੇ ਕਰਨ ਲਈ ਪੂਰੀ ਵਾਹ ਲਾਈ ਹੈ। ਮੁਸਲਿਮ ਆਬਾਦੀ ਹਮਲੇ 'ਤੇ ਉਨ੍ਹਾਂ ਨੇ ਪਾਬੰਦੀ ਲਾਈ, ਈਰਾਨ ਨਾਲ ਪਰਮਾਣੂ ਸੌਦੇ ਤੋੜੇ, ਚੌਗਿਰਦਾ ਸੰਤੁਲਨ ਨੂੰ ਲੈ ਕੇ ਯੂਰਪੀਅਨ ਯੂਨੀਅਨ ਤੱਕ ਅੰਗੂਠਾ ਦਿਖਾਇਆ, ਪਾਕਿਸਤਾਨ ਦੀ ਨੀਂਦ ਉਡਾਈ ਤੇ ਸ਼ਰੇਆਮ ਕਿਹਾ ਕਿ ਪਾਕਿਸਤਾਨ ਹੁਣ ਅਮਰੀਕਾ ਲਈ ਕਿਸੇ ਕੰਮ ਦਾ ਨਹੀਂ ਹੈ।
ਫਿਲਹਾਲ ਟਰੰਪ ਆਪਣੀ ਇੱਕ ‘ਗੋਰੀ ਕੰਧ' (ਵ੍ਹਾਈਟ ਵਾਲ) ਬਾਰੇ ਚਰਚਾ 'ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਮੈਕਸੀਕੋ ਦੇ ਬਾਰਡਰ 'ਤੇ ਕੰਧ ਬਣ ਕੇ ਰਹੇਗੀ, ਇਸ ਨੂੰ ਬਣਨ ਤੋਂ ਰੋਕਣ ਦੀ ਤਾਕਤ ਕਿਸੇ 'ਚ ਨਹੀਂ ਹੈ। ਆਪਣੀ ਬਹਾਦਰੀ ਤੇ ਮਿਹਨਤ ਨਾਲ ਅਸੀਂ ਆਪਣੀ ਕਿਸਮਤ ਲਿਖੀ ਹੈ, ਦੁਨੀਆ ਭਰ 'ਚ ਆਪਣਾ ਸਿੱਕਾ ਜਮਾਇਆ ਹੈ। ਇਸ ਨੂੰ ਕਿਸੇ ਵੀ ਹਾਲਤ ਵਿੱਚ ਨਸ਼ਟ ਨਹੀਂ ਹੋਣ ਦਿਆਂਗੇ।” ਸਵਾਲ ਉਠਦਾ ਹੈ ਕਿ ਗੋਰੀ ਕੰਧ ਕਿਸ ਨੂੰ ਕਹਿੰਦੇ ਹਨ ਅਤੇ ਇਸ ਦਾ ਇਹ ਨਾਂਅ ਕਿਵੇਂ ਪਿਆ? ਕੀ ਗੋਰੀ ਕੰਧ ਸ਼ਰਨਾਰਥੀਆਂ ਪ੍ਰਤੀ ‘ਨਫਰਤ ਦੀ ਕੰਧ’ ਮੰਨੀ ਜਾਵੇਗੀ? ਗੋਰੀ ਕੰਧ ਬਣਨ ਵਿਰੁੱਧ ਅਮਰੀਕਾ ਦੇ ਡੈਮੋਕ੍ਰੇਟਸ ਹੀ ਕਿਉਂ ਖੜ੍ਹੇ ਹਨ? ਕੀ ਗੋਰੀ ਕੰਧ ਮੈਕਸੀਕਨਾਂ ਦੀ ਪ੍ਰਭੂਸੱਤਾ ਨੂੰ ਢਾਹ ਲਾਉਂਦੀ ਹੈ? ਜੇ ਗੋਰੀ ਕੰਧ ਬਣ ਵੀ ਗਈ ਤਾਂ ਕੀ ਅਮਰੀਕਾ 'ਚ ਸ਼ਰਨਾਰਥੀਆਂ ਦੀ ਘੁਸਪੈਠ ਪੂਰੀ ਤਰ੍ਹਾਂ ਰੁਕ ਜਾਵੇਗੀ? ਲੈਟਿਨ ਅਮਰੀਕੀ ਦੇਸ਼ ਅਤੇ ਇਸਲਾਮੀ ਦੁਨੀਆ ਗੋਰੀ ਕੰਧ ਨੂੰ ਲੈ ਕੇ ਕਿਉਂ ਭੜਕੇ ਹੋਏ ਹਨ? ਕੀ ਅਮਰੀਕਾ 'ਤੇ ਸੱਚਮੁੱਚ ਆਬਾਦੀ ਹਮਲਾ ਭਾਰੀ ਪੈ ਰਿਹਾ ਹੈ ਅਤੇ ਸ਼ਰਨਾਰਥੀਆਂ ਦੇ ਹਮਲੇ ਨਾਲ ਅਮਰੀਕਾ ਦੀ ਗੋਰੀ ਅਣਖ ਸੱਚਮੁੱਚ ਖਤਰੇ 'ਚ ਹੈ ਜਾਂ ਫਿਰ ਗੋਰੀ ਅਣਖ ਸਾਹਮਣੇੇ ਘੱਟਗਿਣਤੀ ਬਣ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ?
ਅਮਰੀਕਾ-ਮੈਕਸੀਕੋ ਬਾਰਡਰ 'ਤੇ ਲਗਭਗ 3000 ਕਿਲੋਮੀਟਰ ਲੰਮੀ ਕੰਧ ਬਣਾਉਣ ਦਾ ਐਲਾਨ ਟਰੰਪ ਨੇ ਚੋਣਾਂ ਦੌਰਾਨ ਕੀਤਾ ਸੀ। ਇਸ ਕੰਧ 'ਤੇ 57 ਅਰਬ ਅਮਰੀਕੀ ਡਾਲਰ ਖਰਚ ਹੋਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ। ਇੰਨੀ ਵੱਡੀ ਰਕਮ ਖਰਚ ਹੋਣ ਦਾ ਅਰਥ ਇਹ ਕੱਢਿਆ ਜਾਂਦਾ ਹੈ ਕਿ ਇਸ ਨਾਲ ਅਮਰੀਕੀ ਅਰਥਚਾਰਾ ਡਾਵਾਂਡੋਲ ਹੋ ਸਕਦਾ ਹੈ ਅਤੇ ਅਮਰੀਕੀਆਂ ਨੂੰ ਆਰਥਿਕ ਸੰਕਟ ਦੇ ਦੌਰ 'ਚੋਂ ਲੰਘਣਾ ਪਵੇਗਾ, ਜਦ ਕਿ ਟਰੰਪ ਦਾ ਕਹਿਣਾ ਹੈ ਕਿ ਨਾਜਾਇਜ਼ ਸ਼ਰਨਾਰਥੀ ਕੋਈ ਅਹਿੰਸਾ ਦੇ ਪੁਜਾਰੀ ਨਹੀਂ ਹਨ, ਸਗੋਂ ਇਹ ਅਮਰੀਕੀ ਸਮਾਜ ਵਿੱਚ ਹਿੰਸਾ ਫੈਲਾਉਂਦੇ ਹਨ, ਅਮਰੀਕੀ ਅਰਥ ਵਿਵਸਥਾ 'ਤੇ ਬੋਝ ਬਣਦੇ ਹਨ। ਟਰੰਪ ਨੇ ਐਲਾਨ ਕੀਤਾ ਹੋਇਆ ਹੈ ਕਿ ਕੰਧ ਬਣਾਉਣ 'ਤੇ ਖਰਚ ਹੋਣ ਵਾਲੀ ਰਕਮ ਮੈਕਸੀਕੋ ਤੋਂ ਵਸੂਲੀ ਜਾਵੇਗੀ ਕਿਉਂਕਿ ਮੈਕਸੀਕੋ ਦੀ ਸਾਜ਼ਿਸ਼ ਕਾਰਨ ਹੀ ਨਾਜਾਇਜ਼ ਸ਼ਰਨਾਰਥੀ ਅਮਰੀਕਾ ਵਿੱਚ ਦਾਖਲ ਹੁੰਦੇ ਹਨ। ਸੱਚ ਇਹ ਹੈ ਕਿ ਮੈਕਸੀਕੋ ਵੱਲੋਂ ਦੁਨੀਆ ਦੀ ਮੁਸਲਿਮ ਆਬਾਦੀ ਤੇ ਲੈਟਿਨ ਅਮਰੀਕਾ ਦੇ ਅਸਫਲ ਦੇਸ਼ਾਂ ਦੇ ਨਾਗਰਿਕ ਨਾਜਾਇਜ਼ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹਨ। ਇਸ ਤੋਂ ਇਲਾਵਾ ਮੈਕਸੀਕੋ ਦੇ ਬਾਰਡਰ ਰਾਹੀਂ ਡਰੱਗਜ਼ ਦੀ ਸਮੱਗਲਿੰਗ ਵੀ ਖੂਬ ਹੁੰਦੀ ਹੈ।
ਟਰੰਪ ਦੇ ਵਿਰੋਧੀਆਂ ਹੀ ਨਹੀਂ, ਸਗੋਂ ਲੈਟਿਨ ਅਮਰੀਕਾ ਦੇ ਅਸਫਲ ਦੇਸ਼ਾਂ ਤੇ ਮੁਸਲਿਮ ਦੁਨੀਆ ਨੇ ਵੀ ਮੈਕਸੀਕੋ ਦੇ ਬਾਰਡਰ 'ਤੇ ਬਣਨ ਵਾਲੀ ਕੰਧ ਨੂੰ ‘ਗੋਰੀ ਕੰਧ' ਦਾ ਨਾਂਅ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਗੋਰੀ ਆਬਾਦੀ ਦੀ ਸਰਵਉਚਤਾ ਯਕੀਨੀ ਬਣਾਉਣ ਲਈ ਇਹ ਕੰਧ ਖੜ੍ਹੀ ਕਰਨ ਦੀ ਯੋਜਨਾ ਬਣਾਈ ਗਈ ਹੈ। ਸਵਾਲ ਇਹ ਹੈ ਕਿ ਮੈਕਸੀਕੋ ਦੇ ਬਾਰਡਰ 'ਤੇ ਬਣਨ ਵਾਲੀ ਇਸ ਕੰਧ ਨੂੰ ‘ਗੋਰੀ ਕੰਧ’ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ? ਇਹ ਸਹੀ ਹੈ ਕਿ ਟਰੰਪ ਅਮਰੀਕੀ ਚੌਧਰ ਦੇ ਪ੍ਰਤੀਕ ਹਨ, ਘੋਰ ਸੱਜੇ ਪੱਖੀ ਹਨ, ਜਿਨ੍ਹਾਂ ਨੂੰ ਰਾਸ਼ਟਰਵਾਦੀ ਕਿਹਾ ਜਾ ਸਕਦਾ ਹੈ। ਟਰੰਪ ਦੀ ਜਿੱਤ ਪਿੱਛੇ ਸੱਜੇ ਪੱਖੀ ਗਰੁੱਪ ਦੀ ਤਾਕਤ ਸੀ। ‘ਵਰਲਡ ਟ੍ਰੇਡ ਸੈਂਟਰ’ ਉੱਤੇ ਅੱਤਵਾਦੀ ਹਮਲੇ ਵਿੱਚ 5000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸੱਜੇ ਪੱਖੀਆਂ ਦਾ ਉਭਾਰਤ ਹੋਇਆ ਸੀ ਅਤੇ ਉਹ ਇਥੇ ਸ਼ਰਨਾਰਥੀਆਂ ਨੂੰ ਲੈ ਕੇ ਇੱਕ ਵੱਖਰੇ ਢੰਗ ਨਾਲ ਮੁਹਿੰਮ ਚਲਾਉਂਦੇ ਰਹੇ ਹਨ। ਉਨ੍ਹਾਂ ਦੀ ਚਿੰਤਾ ਦੇ ਕਾਰਨ ਵੀ ਹਨ। ਅਮਰੀਕਾ ਵਿੱਚ ਸੈਂਕੜੇ ਅੱਤਵਾਦੀ ਤੇ ਹਿੰਸਕ ਘਟਨਾਵਾਂ ਹੋਈਆਂ ਹਨ, ਜਿਨ੍ਹਾਂ 'ਚ ਮੁਸਲਿਮ ਅੱਤਵਾਦੀਆਂੇ ਦੇ ਸ਼ਾਮਲ ਹੋਣ ਦੀ ਗੱਲ ਜ਼ਾਹਿਰ ਹੋਈ ਹੈ। ਇਸੇ ਕਾਰਨ ਅਮਰੀਕਾ ਨੇ ਕਈ ਦੇਸ਼ਾਂ ਦੀ ਮੁਸਲਿਮ ਆਬਾਦੀ ਦੇ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ ਲਾਈ ਹੈ।
ਦੁਨੀਆ ਨੂੰ ਦੋ ਤਰ੍ਹਾਂ ਦੇ ਸ਼ਰਨਾਰਥੀਆਂ, ਇੱਕ ਹਿੰਸਕ ਅਤੇ ਦੂਜੇ ਵਿਗੜੀ ਮਾਨਸਿਕਤਾ ਵਾਲੇ, ਨੇ ਸੰਕਟ ਵਿੱਚ ਪਾਇਆ ਹੋਇਆ ਹੈ। ਇੱਕ ਮੁਸਲਿਮ ਸ਼ਰਨਾਰਥੀ ਹਨ, ਜੋ ਆਪਣੇ ਦੇਸ਼ 'ਚ ਅੱਤਵਾਦ ਦੀ ਸਮੱਸਿਆ ਤੋਂ ਤੰਗ ਆ ਕੇ ਅਮਰੀਕਾ ਤੇ ਯੂਰਪ ਵਿੱਚ ਘੁਸਪੈਠ ਕਰ ਰਹੇ ਹਨ, ਦੂਜੀ ਕਿਸਮ ਦੇ ਸ਼ਰਨਾਰਥੀ ਕਮਿਊਨਿਸਟ ਮਾਨਸਿਕਤਾ ਵਾਲੇ ਹਨ। ਲੈਟਿਨ ਅਮਰੀਕਾ ਦੇ ਵੈਨੇਜ਼ੁਏਲਾ ਅਤੇ ਕਿਊਬਾ ਕਈ ਸਾਲਾਂ ਤੱਕ ਕਮਿਊਨਿਸਟ ਰਾਜ ਹੇਠ ਰਹੇ ਹਨ। ਵੈਨੇਜ਼ੁਏਲਾ 'ਚ ਵਧਦੀ ਮਹਿੰਗਾਈ ਤੇ ਚੀਜ਼ਾਂ ਦੀ ਕਿੱਲਤ ਕਾਰਨ ਹਾਹਾਕਾਰ ਮਚੀ ਹੋਈ ਹੈ। ਉਥੋਂ ਦੀ ਇੱਕ ਤਿਹਾਈ ਆਬਾਦੀ ਪਲਾਇਨ ਕਰਨ ਲਈ ਮਜਬੂਰ ਹੋਈ ਹੈ। ਇਹੋ ਸਥਿਤੀ ਕਿਊਬਾ ਤੇ ਹੋਰ ਅਸਫਲ ਦੇਸ਼ਾਂ ਦੀ ਹੈ।
ਇਹ ਸਹੀ ਹੈ ਕਿ ਅਮਰੀਕਾ ਦੀ ਗੋਰੀ ਪ੍ਰਭੂਸੱਤਾ ਨੂੰ ਘੱਟਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਨਾਜਾਇਜ਼ ਸ਼ਰਨਾਰਥੀ ਜ਼ਿਆਦਾ ਬੱਚੇ ਪੈਦਾ ਕਰ ਕੇ ਆਪਣੀ ਆਬਾਦੀ ਵਧਾਉਂਦੇ ਹਨ। ਜੇ ਟਰੰਪ ਮੈਕਸੀਕੋ ਦੇ ਬਾਰਡਰ 'ਤੇ ਕੰਧ ਬਣਾ ਕੇ ਨਾਜਾਇਜ਼ ਸ਼ਰਨਾਰਥੀਆਂ ਦਾ ਹੜ੍ਹ ਰੋਕਣ 'ਚ ਸਫਲ ਹੋ ਗਏ, ਤਾਂ ਫਿਰ ਅਮਰੀਕਾ ਦੀ ਪ੍ਰਭੂਸੱਤਾ ਸਰਵਸ੍ਰੇਸ਼ਠ ਤੌਰ 'ਤੇ ਕਾਇਮ ਰਹੇਗੀ ਤੇ ਟਰੰਪ ਅਮਰੀਕਾ ਦੇ ‘ਮਹਾਨ ਰਾਸ਼ਟਰਪਤੀ’ ਬਣ ਜਾਣਗੇ।

 

 

Have something to say? Post your comment