Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਬੇਤੁਕੇ ਕਲਾਕਾਰਾਂ ਦਾ ਗੁੱਭ ਗੁਭਾਟ

January 30, 2019 08:34 AM

-ਬਲਰਾਜ ਸਿੰਘ
ਬੇਤੁਕੇ ਗਾਇਕ ਤੇ ਗੀਤਕਾਰ ਸਰਕਾਰ ਦੇ ਆਪਹੁਦਰੇ ਫੈਸਲੇ ਤੋਂ ਅੰਤਾਂ ਦੇ ਦੁਖੀ ਸਨ। ਇਕਪਾਸੜ ਫੈਸਲੇ ਕਾਰਨ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਸੀ। ਸੰਵਿਧਾਨ ਵੱਲੋਂ ਮਿਲੇ ਆਜ਼ਾਦੀ ਦੇ ਅਧਿਕਾਰ ਨੂੰ ਖੋਹਿਆ ਜਾ ਰਿਹਾ ਸੀ। ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਊਲ ਜਲੂਲ ਭੰਡੀ ਪ੍ਰਚਾਰ ਕਾਰਨ ਉਨ੍ਹਾਂ ਦਾ ਨਾਂ ਬੱਦੂ ਹੋ ਰਿਹਾ ਸੀ ਤੇ ਉਨ੍ਹਾਂ ਦੀ ਰੋਜ਼ੀ ਰੋਟੀ 'ਤੇ ਲੱਤ ਮਾਰੀ ਜਾ ਰਹੀ ਸੀ। ਅਖੇ; ਇਹੋ ਜਿਹੇ ਲੋਕ ਸੱਭਿਆਚਾਰ ਅਤੇ ਸਮਾਜ ਦੇ ਦੋਖੀ ਹਨ। ਇਨ੍ਹਾਂ ਨੂੰ ਨਸ਼ੇ, ਹਥਿਆਰਾਂ, ਸ਼ਰਾਬ ਦੀ ਵਡਿਆਈ ਤੇ ਔਰਤਾਂ ਦਾ ਅਪਮਾਨ ਕਰਨ ਤੋਂ ਬਿਨਾਂ ਹੋਰ ਕੁਝ ਸੁੱਝਦਾ ਨਹੀਂ। ਸੱਭਿਆਚਾਰਕ ਖੇਤਰ 'ਚ ਵੀ ਫਸਲਾਂ ਵਰਗੀ ਕਾਂਗਿਆਰੀ ਬਥੇਰੀ ਹੋ ਗਈ ਹੈ। ਇਨ੍ਹਾਂ ਨਦੀਨਾਂ 'ਤੇ ਵੀ ਨਦੀਨ ਨਾਸ਼ਕ ਛਿੜਕਣ ਦੀ ਲੋੜ ਹੈ। ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਵਿਰੁੱਧ ਕੌਮੀ ਪੱਧਰ 'ਤੇ ਜੱਦੋ ਜਹਿਦ ਦੀ ਲੋੜ ਹੈ। ਇਨ੍ਹਾਂ 'ਤੇ ਪਾਬੰਦੀ ਲਾਉਣੀ ਸਮੇਂ ਦੀ ਲੋੜ ਹੈ। ਇਹ ਘਤਿੱਤੀ ਲੋਕ ਸਾਡੇ ਸੱਭਿਆਚਾਰ ਦੀ ਗਲਤ ਨੁਮਾਇੰਦਗੀ ਕਰਦੇ ਤੇ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਹਨ। ਇਹ ਸਾਡੇ ਰਹਿਤਲ ਦੀ ਸਹੀ ਤਸਵੀਰ ਪੇਸ਼ ਨਹੀਂ ਕਰਦੇ। ਅਸੀਂ ਇਨ੍ਹਾਂ ਮੂੜਮੱਤ ਲੋਕਾਂ ਵਿਰੁੱਧ ਬੇਹਿਸਾਬਾ ਸ਼ੋਰ ਪਾਉਂਦੇ ਹਾਂ, ਹਜ਼ਾਰਾਂ ਮਤੇ ਪਾਸ ਕਰਦੇ ਹਾਂ, ਪਰ ਇਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਇਹ ਆਪਣਾ ਊਟ ਪਟਾਂਗ ਅਲਾਪ ਜਾਰੀ ਰੱਖਦੇ ਹਨ। ਇਨ੍ਹਾਂ ਨੇ ਸਭ ਸੰਗ ਸ਼ਰਮ ਵੇਚ ਖਾਧੀ ਹੈ। ਸਾਡੇ ਸਬਰ ਦੀ ਇੰਤਹਾ ਹੋ ਗਈ ਹੈ। ਅਸੀਂ ਇਨ੍ਹਾਂ ਦੀ ਤਰਕਹੀਣ ਕਾਂਵਾਂਰੌਲੀ ਹੋਰ ਬਰਦਾਸ਼ਤ ਨਹੀਂ ਕਰਾਂਗੇ। ਜੰਗਲ ਦੀ ਅੱਗ ਵਾਂਗ ਫੈਲ ਰਹੀ ਲੱਚਰਤਾ ਖਤਮ ਕਰਕੇ ਸਾਹ ਲਵਾਂਗੇ। ਅਸੀਂ ਇਕ ਸੱਭਿਆਚਾਰ ਕਮਿਸ਼ਨ ਦਾ ਗਠਨ ਕਰਾਂਗੇ। ਲੱਚਰਤਾ ਤੇ ਹਿੰਸਾਤਮਕ ਰੁਝਾਨਾਂ ਨੂੰ ਉਤਸ਼ਾਹਿਤ ਕਰਦੇ ਇਨ੍ਹਾਂ ਲੋਕਾਂ ਨੂੰ ‘ਕਾਰਨ ਦੱਸੋ ਨੋਟਿਸ' ਜਾਰੀ ਕਰਾਂਗੇ, ਸੱਦ ਕੇ ਵੀ ਸਮਝਾਵਾਂਗੇ। ਜੇ ਇਨ੍ਹਾਂ ਨੇ ਫਿਰ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਗੁਰੇਜ਼ ਨਾ ਕੀਤਾ ਤਾਂ ਇਨ੍ਹਾਂ ਨਾਮਾਕੂਲਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਫਲਾਣੀ-ਫਲਾਣੀ ਧਾਰਾ ਦਾ ਕੇਸ ਦਰਜ ਕਰਾਵਾਂਗੇ। ਜੇ ਫਿਰ ਵੀ ਨਾ ਹਟੇ ਤਾਂ..
ਬੇਤੁਕੇ ਕਲਾਕਾਰ ਸਰਕਾਰ ਦੇ ਇਹੋ ਜਿਹੇ ਭੰਡੀ ਪ੍ਰਚਾਰ ਅਤੇ ਧਮਕੀਆਂ ਕਾਰਨ ਦੰਦ ਪੀਹ ਰਹੇ ਸਨ। ਉਹ ਰਹਿ-ਰਹਿ ਕੇ ਆਪਣੇ ਦੋਖੀਆਂ ਵਿਰੁੱਧ ਅਵਾ ਤਵਾ ਬੋਲ ਕੇ ਭੜਾਸ ਕੱਢਦੇ ਸਨ। ਅਖੇ-ਏਦਾਂ ਦੇ ਕਲਾਕਾਰ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਹ ਸਿਰਫਿਰੇ ਬਿਮਾਰ ਮਾਨਸਿਕਤਾ ਤੋਂ ਪੀੜਤ ਹਨ। ਇਹ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਹਨ। ਲਓ ਕਰ ਗੱਲ! ਅਖੇ- ਇਹ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਨ੍ਹਾਂ ਨੂੰ ਨਸ਼ੇ, ਹਥਿਆਰਾਂ, ਸ਼ਰਾਬ ਤੇ ਔਰਤਾਂ ਦਾ ਅਪਮਾਨ ਕਰਨ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ। ਬੱਲੇ ਓਏ ਬਹੁਤੇ ਸਿਆਣਿਓ! ਸਦਕੇ ਜਾਈਏ ਤੁਹਾਡੀ ਸੋਚ ਦੇ। ਤੁਸੀਂ ਕੋਈ ਜੁਆਕ ਤਾਂ ਨਹੀਂ ਬਈ ਰੋਟੀ ਨੂੰ ਚੋਚੀ ਕਹਿੰਦੇ ਓ। ਤੁਹਾਨੂੰ ਪਤਾ ਹੋਣੈ ਕਿ ਸਾਡੇ ਸੰਵਿਧਾਨ 'ਚ ਆਜ਼ਾਦੀ ਦੇ ਅਧਿਕਾਰ ਬਾਰੇ ਲਿਖਿਐ। ਸਾਨੂੰ ਦੇਸ਼ ਵਾਸੀਆਂ ਨੂੰ ਆਪਾ ਪ੍ਰਗਟਾਉਣ ਦੀ ਆਜ਼ਾਦੀ ਹੈ। ਅਸੀਂ ਭਾਸ਼ਣਾਂ ਅਤੇ ਗੀਤਾਂ ਨਾਲ ਦਿਲ ਦੇ ਵਲਵਲੇ ਬਾਹਰ ਕੱਢ ਸਕਦੇ ਹਾਂ। ਇਹ ਸਾਡਾ ਹੱਕ ਹੈ। ਇਸ ਅਧਿਕਾਰ 'ਤੇ ਰੋਕ ਲਾਉਣੀ ਤਾਂ ਦੇਸ਼ ਦੇ ਜਮਹੂਰੀ ਢਾਂਚੇ 'ਤੇ ਰੋਕ ਲਾਉਣ ਵਾਲੀ ਗੱਲ ਹੈ। ਅਸੀਂ ਇਹ ਹਨੇਰਗਰਦੀ ਉਕਾ ਹੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ। ਅਸੀਂ ਇਨ੍ਹਾਂ ਬੰਦਿਸ਼ਾਂ ਦੇ ਖਿਲਾਫ ਯੂਨੀਅਨ ਬਣਾਵਾਂਗੇ। ਲੋੜ ਪਈ ਤਾਂ ਅਦਾਲਤ ਦਾ ਦਰ ਖੜਕਾਵਾਂਗੇ। ਅਸੀਂ ਆਪਣੇ ਆਜ਼ਾਦੀ ਦੇ ਹੱਕ 'ਤੇ ਡਾਕਾ ਨਹੀਂ ਪੈਣ ਦਿਆਂਗੇ। ਅਸੀਂ ਕੋਈ ਜੱਗੋ ਤੇਰ੍ਹਵੀਂ ਨਹੀਂ ਕਰ ਰਹੇ। ਸਿਰਫ ਆਪਣਾ ਆਜ਼ਾਦੀ ਦਾ ਅਧਿਕਾਰ ਵਰਤ ਰਹੇ ਹਾਂ।
ਰਹੀ ਗੱਲ ਨਸ਼ਿਆਂ, ਹਥਿਆਰਾਂ, ਸ਼ਰਾਬ ਅਤੇ ਔਰਤਾਂ ਬਾਰੇ ਲਿਖਣ, ਗਾਉਣ ਦੀ। ਭਾਈ, ਐਵੇਂ ਨਾ ਖੁੱਦੋ ਵਾਂਗ ਬੁੜ੍ਹਕੀ ਜਾਓ। ਅਸੀਂ ਸਿਰਫ ਸਮਾਜ ਦੀ ਅਜੋਕੀ ਤਸਵੀਰ ਪੇਸ਼ ਕਰਦੇ ਹਾਂ। ਸਹੁੰ ਖਾ ਕੇ ਕਹੋ ਕਿ ਸਾਡੇ ਵੱਲੋਂ ਪੇਸ਼ ਕੀਤੇ ਜਾ ਰਹੇ ਹਾਲਾਤ ਵੀ ਅਜੋਕੇ ਸਮਾਜ ਦੀ ਤਸਵੀਰ ਨਹੀਂ ਪੇਸ਼ ਕਰਦੇ? ਕੀ ਇਹ ਸਭ ਕੁਝ ਵੀ ਸਮਾਜ ਦਾ ਹਿੱਸਾ ਨਹੀਂ? ਕੀ ਸਮਾਜ ਦਾ ਸਹੀ ਅਕਸ ਪੇਸ਼ ਕਰਨਾ ਲੇਖਕਾਂ, ਬੁੱਧੀਜੀਵੀਆਂ, ਗਾਇਕਾਂ ਤੇ ਗੀਤਕਾਰਾਂ ਦਾ ਪਰਮ ਕਰਤਵ ਨਹੀਂ? ਫਿਰ ਰੌਲਾ ਕਾਹਦਾ? ਸਮਾਜ ਵਿੱਚ ਫੈਲ ਰਹੇ ਹਥਿਆਰਾਂ ਦੇ ਮਾਰੂ ਪ੍ਰਭਾਵਾਂ, ਵਹਿਸ਼ਤ ਤੇ ਨੈਤਿਕ ਗਿਰਾਵਟ ਬਾਰੇ ਦੱਸ ਕੇ ਤਾਂ ਅਸਂ ਸਗੋਂ ਜਨਤਾ ਨੂੰ ਇਨ੍ਹਾਂ ਬਾਰੇ ਚੇਤੰਨ ਕਰ ਰਹੇ ਹਾਂ। ਆਪ ਹੀ ਦੱਸੋ ਕੀ ਮਾੜਾ ਕਰ ਰਹੇ ਹਾਂ?
ਤੁਹਾਨੂੰ ਯਾਦ ਹੋਣੈ ਅੱਜ ਤੋਂ ਅੱਧੀ ਸਦੀ ਪਹਿਲਾਂ ਬੰਦੂਕਾਂ, ਰਾਈਫਲਾਂ ਤੇ ਨਾਜਾਇਜ਼ ਕਬਜ਼ਿਆਂ ਦੀਆਂ ਕਿਧਰੇ ਗੱਲਾਂ ਨਹੀਂ ਸੀ ਹੁੰਦੀਆਂ। ਉਦੋਂ ਲੋਕਾਂ ਦਾ ਮਨ ਨਿਰਮਲ ਤੇ ਨਿਰਛਲ ਹੁੰਦਾ ਸੀ। ਹਰ ਕੋਈ ਆਪਣਾ ਜਾਇਜ਼ ਹੱਕ ਚਾਹੁੰਦਾ ਸੀ। ਖੇਤਾਂ ਦੀਆਂ ਵੱਟਾਂ ਪਿੱਛੇ ਲੜਾਈਆਂ ਤੇ ਨਾਜਾਇਜ਼ ਕਬਜ਼ੇ ਨਹੀਂ ਸੀ ਹੁੰਦੇ। ਉਦੋਂ ਭਾਈ ਡਾਂਗ ਹੀ ਜੱਟ ਦਾ ਹਥਿਆਰ ਹੁੰਦਾ ਸੀ। ਉਨ੍ਹਾਂ ਦਿਨਾਂ 'ਚ ਜੱਟ ਜਵਾਂ ਈ ਬੀਬਾ ਰਾਣਾ ਸੀ। ਗਊ ਵਰਗਾ ਅਸੀਲ, ਸ਼ਰਮਾਕਲ, ਹਮੇਸ਼ਾ ਨਜ਼ਰਾਂ ਝੁਕਾਈ ਰੱਖਣ ਵਾਲਾ। ਹੋਰ ਤਾਂ ਹੋਰ ਕੁੜੀਆਂ ਦੇ ਡਰ ਕਾਰਨ ਵੀ ਮੋਢੇ 'ਤੇ ਡਾਂਗ ਰੱਖਦਾ ਸੀ। ਉਦੋਂ ਜੱਟ ਦਾ ਭੋਲੇ ਭਾਲੇ ਇਨਸਾਨ ਵਾਲਾ ਅਕਸ ਸੀ। ਉਦੋਂ ਸਾਡੇ ਜਿਹੇ ਗੀਤਕਾਰਾਂ ਨੇ ਸਮੇਂ ਦੀ ਨਬਜ਼ ਪਛਾਣ ਕੇ ਉਹੋ ਜਿਹੇ ਗੀਤ ਲਿਖ ਦਿੱਤੇ ਤੇ ਗਾਇਕਾਂ ਨੇ ਓਹੀ ਗੀਤ ਗਾ ਦਿੱਤੇ। ਉਦੋਂ ਡਾਂਗ ਪ੍ਰਮੁੱਖ ਹਥਿਆਰ ਸੀ, ਗੀਤਕਾਰਾਂ ਨੇ ਡਾਂਗ 'ਤੇ ਗੀਤ ਲਿਖ ਦਿੱਤੇ। ਅੱਜ ਸਾਇੰਸ ਦੀਆਂ ਖੋਜਾਂ ਕਾਰਨ ਬੰਦੂਕਾਂ, ਰਫਲਾਂ ਤੇ ਸਟੇਨਗੰਨਾਂ ਆ ਗਈਆਂ ਤਾਂ ਅਸੀਂ ਇਨ੍ਹਾਂ ਹਥਿਆਰਾਂ 'ਤੇ ਗੀਤ ਸ਼ੁਰੂ ਕਰ ਦਿੱਤੇ। ਇਹਦੇ 'ਚ ਮਾੜਾ ਕੀ ਹੈ? ਕੀ ਇਕ ਕਵੀ, ਗੀਤਕਾਰ ਜਾਂ ਲੇਖਕ ਸਮਾਜ 'ਚ ਵਿਚਰਦਾ ਹੋਇਆ, ਉਸ ਦੀ ਵਰਤਮਾਨ ਤਸਵੀਰ ਪੇਸ਼ ਕਰਨ ਤੋਂ ਪਾਸਾ ਵੱਟ ਲਵੇ ਤੇ ਸਮਾਜ ਨੂੰ ਨਿਰੰਤਰ ਬਦਲ ਰਹੀਆਂ ਪ੍ਰਸਥਿਤੀਆਂ ਤੇ ਖਤਰਿਆਂ ਤੋਂ ਆਗਾਹ ਨਾ ਕਰੇ? ਕੀ ਇਹ ਸਮਾਜ ਪ੍ਰਤੀ ਕੋਤਾਹੀ ਨਹੀਂ ਹੋਵੇਗੀ? ਆਪਣੇ ਫਰਜ਼ਾਂ ਤੋਂ ਮੁੱਖ ਮੋੜਨ ਵਾਲੀ ਗੱਲ ਨਹੀਂ ਹੋਵੇਗੀ?
ਗੱਲ ਬਦਲਦੇ ਹਾਲਾਤ ਦੀ ਹੈ। ਇਹ ਸੰਦਰਭ 'ਚ ਸਮਾਜ ਤੇ ਕੌਮ ਨੂੰ ਖਤਰਿਆਂ ਤੋਂ ਸੁਚੇਤ ਕਰਨਾ ਤਾਂ ਸੂਰਬੀਰਤਾ ਹੈ। ਸਾਡੇ 'ਤੇ ਦੋਸ਼ ਮੜ੍ਹਨ ਵਾਲੇ ਲੋਕੋ, ਆਪਣੀ ਸੌੜੀ ਸੋਚ ਨੂੰ ਬਦਲੋ, ਇਸ ਦਾ ਨਵੀਨੀਕਰਨ ਕਰਾਓ। ਜੇ ਸਾਡੀ ਨਹੀਂ ਤਾਂ ਮਹਾਨ ਲੇਖਕ ਸ਼ੇਕਸਪੀਅਰ ਦੀ ਸੁਣ ਲਓ, ਜਿਸ ਨੇ ਕਿਹਾ ਸੀ, ‘ਦੁਨੀਆ ਵਿੱਚ ਕੁਝ ਵੀ ਚੰਗਾ ਜਾਂ ਮਾੜਾ ਨਹੀਂ, ਸਾਡੀ ਸੋਚਣੀ ਇਸ ਨੂੰ ਚੰਗਾ ਮਾੜਾ ਬਣਾ ਦਿੰਦੀ ਹੈ।' ਵੱਡੇ ਸੁਧਾਰਵਾਦੀਓ! ਆਪਣੀ ਸੋਚ ਨੂੰ ਨੱਥ ਪਾਓ। ਆਪਣੇ ਸੌੜੇ ਵਿਚਾਰਾਂ ਨੂੰ ਤਿਆਗੋ। ਆਪਣੀ ਸਹਿਣ ਸ਼ਕਤੀ ਨੂੰ ਸਮੇਂ ਦੇ ਹਾਣ ਦੀ ਕਰੋ। ਥੋਡੀ ਸੋਚ ਸਮੇਂ ਦੇ ਹਾਣ ਦੀ ਹੋ ਜਾਊ ਤਾਂ ਤੁਹਾਨੂੰ ਆਪੇ ਹੀ ਸਭ ਕੁਝ ਚੰਗਾ ਲੱਗਣ ਲੱਗ ਜਾਊ।
ਤੁਸੀਂ ਦੋਸ਼ ਲਾਉਂਦੇ ਓ ਕਿ ਅਸੀਂ ਬੇਤੁਕੇ ਗੀਤ ਲਿਖਦੇ ਤੇ ਬੇਤੁਕੇ ਗੀਤ ਗਾਉਂਦੇ ਹਾਂ। ਬਹੁਤੀ ਮੀਣ ਮੇਖ ਕੱਢਣ ਵਾਲਿਓ! ਜ਼ਰਾ ਕੰਨ ਕਰਿਓ ਸਾਡੇ ਵੱਲ। ਜਦੋਂ ਮਾਨਵਤਾ ਨਾਲ ਸਰਸ਼ਾਰ ਦਿਲਾਂ 'ਚੋਂ ਸੱਚੇ ਵਲਵਲੇ ਆਪਮੁਹਾਰੇ ਬਾਹਰ ਆਉਂਦੇ ਆ ਤਾਂ ਉਦੋਂ ਸਾਨੂੰ ਤੁਹਾਡੀਆਂ ਇਹ ਪਿੰਗਲ, ਅਰੂਜ਼ ਵਾਲੀਆਂ ਬੰਦਿਸ਼ਾਂ ਨਹੀਂ ਚੇਤੇ ਰਹਿੰਦੀਆਂ। ਜਿਵੇਂ ਧਰਤੀ ਮਾਂ ਦੀ ਗੋਦ 'ਚ ਆਪਮੁਹਾਰੇ ਹੀ ਚਸ਼ਮਾ ਫੁੱਟ ਨਿਕਲਦਾ ਹੈ, ਉਵੇਂ ਹੀ ਸਾਡੇ ਗੀਤ ਆਪਮੁਹਾਰੇ ਫੁਟਦੇ ਹਨ। ਇਹ ਲੋਕਾਈ ਦੇ ਦਰਦਾਂ ਨਾਲ ਓਤ ਪੋਤ ਗੀਤ ਸਭ ਬੰਦਿਸ਼ਾਂ ਤੋੜ ਦਿੰਦੇ ਹਨ। ਆਪਣੇ ਮਨ 'ਚ ਲਬਾਲਬ ਭਰੇ ਕਰੁਣਾਰਸ ਦੇ ਪ੍ਰਗਟਾਵੇ ਲਈ ਅਸੀਂ ਤੁਹਾਡੇ ਦੱਸੇ ਫਾਰਮੂਲਿਆਂ 'ਤੇ ਚੱਲਣ ਲਈ ਮਜਬੂਰ ਨਹੀਂ। ਜਨਤਾ ਦੇ ਦੁੱਖਾਂ ਦਾ ਪ੍ਰਗਟਾਵਾ ਕਰਨਾ ਹੀ ਸਾਡਾ ਨੈਤਿਕ ਫਰਜ਼ ਹੈ। ਇਹੀ ਸਾਡਾ ਮਿਸ਼ਨ ਹੈ। ਇਹੀ ਸਾਡੀ ਪ੍ਰਤੀਬੱਧਤਾ ਹੈ।
ਅਸੀਂ ਨਹੀਂ ਆਪਣੇ ਪਵਿੱਤਰ ਫਰੜ ਤੋਂ ਕੋਤਾਹੀ ਕਰਨੀ। ਤੂੰ ਕੌਣ? ਮੈਂ ਖਾਹਮਖਾਹ। ਅਖੇ- ਅਸੀਂ ਸੱਭਿਆਚਾਰ ਕਮਿਸ਼ਨ ਦਾ ਗਠਨ ਕਰਾਂਗੇ। ਇਨ੍ਹਾਂ ਵਿਰੁੱਧ ਕੇਸ ਦਰਜ ਕਰਾਵਾਂਗੇ। ਇਸ ਕਾਂਗਿਆਰੀ 'ਤੇ ਨਦੀਨ ਨਾਸ਼ਕ ਛਿੜਕਾਂਗੇ। ਅਸੀਂ ਕਹਿਨੇ ਆਂ ਨਦੀਨ ਨਾਸ਼ਕ ਕਾਹਨੂੰ ਛਿੜਕਣੈ ਸਿੱਧਾ ਫਾਂਸੀ ਟੰਗ ਦਿਓ। ਸਾਨੂੰ ਮਨਜ਼ੂਰ ਹੈ। ਏਦਾਂ ਕਰਕੇ ਤੁਸੀਂ ਕੋਈ ਨਵੀਂ ਪਿਰਤ ਨਹੀਂ ਪਾਉਣੀ। ਸੱਚ ਦਾ ਪੱਲਾ ਫੜਨ ਵਾਲਿਆਂ 'ਤੇ ਤਾਂ ਸ਼ੁਰੂ ਤੋਂ ਹੀ ਜ਼ੁਲਮੋ ਸਿਤਮ ਹੁੰਦੇ ਆਏ ਐ। ਤੁਹਾਡੇ ਵਰਗਿਆਂ ਦੀ ਸਿਤਮ ਜ਼ਰੀਫੀ ਕਾਰਨ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ ਤੇ ਈਸਾ ਮਸੀਹ ਨੂੰ ਸੂਲੀ 'ਤੇ ਲਟਕਾ ਦਿੱਤਾ ਗਿਆ ਸੀ। ਸੋ ਭਾਈ, ਇਹ ਵੀ ਸ਼ੌਕ ਪੂਰਾ ਕਰਕੇ ਦੇਖ ਲਓ। ਲਾਹ ਲਓ ਇਹ ਵੀ ਰੀਝਾਂ।
ਅਖੇ- ਇਹ ਬੇਤੁਕੇ ਲੋਕ ਸਮਾਜ ਦੇ ਦੋਖੀ ਨੇ। ਇਹ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਨੇ। ਔਰਤਾਂ ਦਾ ਅਪਮਾਨ ਕਰਦੇ ਨੇ। ਲਓ ਕਰ ਲਓ ਗੱਲ! ਪੁੱਛਣ ਆਲਾ ਹੋਵੇ ਬਈ ਤੁਹਾਡੇ ਸ਼੍ਰੋਮਣੀ ਗੀਤਕਾਰ ਨਹੀਂ ਔਰਤਾਂ 'ਤੇ ਗੀਤ ਲਿਖਦੇ? ਤੁਹਾਡੇ ਇਹੀ ਗੀਤ ਸ਼੍ਰੇਸ਼ਟ ਤੇ ਸਾਡੇ ਗੀਤ ਤੁਕਬੰਦੀ। ਤੁਹਾਡਾ ਕੁੱਤਾ ਟੌਮੀ ਤੇ ਸਾਡਾ ਕੁੱਤਾ ਕੁਤੀੜ? ਸਮਝ ਨਹੀਂ ਆਉਂਦੇ ਥੋਡੇ ਮਾਪਦੰਡ। ਸਾਨੂੰ ਵੀ ਆਪਣਾ ਇਹ ਪੈਮਾਨਾ ਹਾਸਲ ਕਰਾ ਦਿਓ ਤਾਂ ਕਿ ਅਸੀਂ ਵੀ ਤੁਕਬੰਦੀ ਛੱਡ ਕੇ ਤੁਹਾਡੇ ਵਰਗੇ ਆਲ੍ਹਾ ਤੇ ਲਾਸਾਨੀ ਗੀਤ ਲਿਖ ਜਾਂ ਫਿਰ ਗਾ ਸਕੀਏ। ਸੁੰਦਰਤਾ, ਹਥਿਆਰਾਂ ਜਾਂ ਨਸ਼ੇ ਦੀਆਂ ਵਹਿਬਤਾਂ ਦਾ ਸਵੀਕਾਰਨਯੋਗ ਜ਼ਿਕਰ ਕਰਨ ਲਈ ਸਾਨੂੰ ਵੀ ਕੋਈ ਕੋਸ਼ ਉਪਲਬਧ ਕਰਵਾ ਦਿਓ, ਵਰਜਿਤ ਅੱਖਰਾਂ ਦੀ ਡਿਕਸ਼ਨਰੀ ਛਪਵਾ ਦਿਓ, ਸੁੰਦਰਤਾ ਬਿਆਨ ਕਰਨ ਦੀਆਂ ਸੀਮਾਂਵਾਂ ਦੱਸ ਦਿਓ, ਵਲਵਲਿਆਂ ਨੂੰ ਪ੍ਰਗਟਾਉਣ ਦੀ ਹੱਦ 'ਤੇ ਚਾਨਣਾ ਪਾ ਦਿਓ, ਆਪਣੇ ਵੱਲੋਂ ਮਨਜ਼ੂਰਸ਼ੁਦਾ ਸਮਾਨਅਰਥੀ ਸ਼ਬਦਾਂ ਦੀ ਸੂਚੀ ਘੱਲ ਦਿਓ, ਕਿਸੇ ਦੀ ਸਿਫਤ ਕਰਨ ਦੀਆਂ ਹੱਦਾਂ ਮਿੱਥ ਦਿਓ।
ਜਦੋਂ ਤੱਕ ਤੁਹਾਡਾ ਇਹ ਵਿਸ਼ਵਕੋਸ਼, ਹਦਾਇਤਨਾਮਾ ਲਿਖਾਰੀ ਨਹੀਂ ਛਪ ਜਾਂਦਾ। ਉਦੋਂ ਤੱਕ ਤਾਂ ਸਾਥੋਂ ਨਸ਼ਿਆਂ ਨੂੰ ਬਤਾਊਂ ਤੇ ਹਥਿਆਰਾਂ ਨੂੰ ਖਰਬੂਜ਼ਾ ਕਹਿ ਨਹੀਂ ਹੋਣਾ। ਇਹੋ ਜਿਹਾ ਕੁਫਰ ਸਾਡੇ ਤੋਂ ਨਹੀਂ ਤੋਲ ਹੋਣਾ।

Have something to say? Post your comment