Welcome to Canadian Punjabi Post
Follow us on

02

July 2025
 
ਨਜਰਰੀਆ

ਮਹਾਨਤਾ ਵਿੱਚ ਇਜ਼ਾਫਾ

January 29, 2019 07:38 AM

-ਕੁਲਮਿੰਦਰ ਕੌਰ
ਕਹਿਰਾਂ ਦੀ ਠੰਢ ਨੇ ਕਮਰਿਆਂ ਵਿੱਚ ਬੰਦ ਕਰ ਛੱਡਿਆ ਸੀ। ਇਕ ਰੋਜ਼ ਸਵੇਰ ਦਾ ਕੰਮ ਨਿਬੇੜ ਕੇ ਡਰਾਇੰਗ ਰੂਮ ਦੀ ਖਿੜਕੀ ਦੇ ਸਾਹਮਣੇ ਰਜਾਈ ਵਿੱਚ ਬੈਠੀ ਚਾਹ ਦਾ ਲੁਤਫ ਉਠਾ ਰਹੀ ਸੀ। ਕੰਮ ਵਾਲੀ ਕੁੜੀ ਖੁੱਲ੍ਹੇ ਗੇਟ ਵਿੱਚੋਂ ਅੰਦਰ ਵੜੀ ਤਾਂ ਆਪ ਮੁਹਾਰੇ ਮੂੰਹੋਂ ਨਿਕਲਦਾ ਹੈ, ‘ਆਈਏ, ਸੁਨੀਤਾ ਦਿ ਗਰੇਟ।' ਉਹ ਅਵਾਕ ਖੜੀ ਮੈਥੋਂ ਪੁੱਛਦੀ ਹੈ, ‘ਕਿਆ ਹੈ ਆਂਟੀ, ਕਿਆ ਬੋਲ ਰਹੇ ਹੋ ਆਪ!' ਮੈਂ ਉਹਨੂੰ ਦੱਸਦੀ ਹਾਂ, ‘ਮੇਰਾ ਮਤਲਬ, ਤੂੰ ਮਹਾਨ ਹੈਂ। ਇੰਨੀ ਠੰਢ ਵਿੱਚ ਤੈਨੂੰ ਰੋਜ਼ ਠੰਡੇ ਪਾਣੀ ਨਾਲ ਘਰਾਂ ਵਿੱਚ ਪੋਚੇ ਲਾਉਣ ਅਤੇ ਭਾਂਡੇ ਮਾਂਜਣ ਵਰਗੇ ਔਖੇ ਕੰਮ ਕਰਨੇ ਪੈਂਦੇ ਆ।' ‘ਓਹ ਅੱਛਾ ਆਂਟੀ। ਐਸੇ ਈ ਚਲਤੀ ਹੈ ਜ਼ਿੰਦਗੀ। ਅਗਰ ਕਾਮ ਨਹੀਂ ਕਰੂੰਗੀ ਤੋਂ ਕੈਸੇ ਚਲੇਗਾ, ਬੱਚੋਂ ਕੋ ਭੀ ਤੋਂ ਖਿਲਾਨਾ ਹੈ।'
ਸੁਨੀਤਾ ਬੜੇ ਆਰਾਮ ਨਾਲ ਘਰ ਦੀ ਸਫਾਈ ਕਰਕੇ ਜਾਣ ਲੱਗੀ ਤਾਂ ਮੈਂ ਚਾਹ ਬਾਰੇ ਪੁੱਛਿਆ, ਪਰ ਉਹਨੇ ਜਵਾਬ ਵਿੱਚ ਕਿਹਾ, ‘ਨਹੀਂ ਆਂਟੀ, ਮੈਨੇ ਭੋ ਅਭੀ ਕਈ ਘਰੋਂ ਮੇਂ ਜਾਨਾ ਹੈ, ਲੇਟ ਹੋ ਜਾਊਂਗੀ।' ਫਿਰ ਉਹ ਦੂਸਰੇ ਘਰ ਜਾ ਵੜੀ। ਮੈਂ ਅਖਬਾਰ ਫੋਲਣ ਲੱਗੀ ਤਾਂ ਬਾਹਰੋਂ ਕੂੜੇ ਵਾਲੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸਾਹਮਣੇ ਗਲੀ ਵਿੱਚ ਰੇੜ੍ਹੀ ਉਤੇ ਕੂੜਾ ਇਕੱਠਾ ਕਰਨ ਵਾਲਾ ਆ ਰਿਹਾ ਸੀ। 10-12 ਸਾਲਾਂ ਦਾ ਲੜਕਾ ਸਹਾਇਕ ਵਜੋਂ ਉਹਦੇ ਨਾਲ ਸੀ। ਉਹ ਘਰਾਂ ਤੋਂ ਡਸਟ ਬਿਨ ਅਤੇ ਲਿਫਾਫੇ ਲਿਆ ਕੇ ਪਲਟਦਾ ਤੇ ਦੂਜਾ ਜਣਾ ਲਿਫਾਫੇ ਖੋਲ੍ਹ, ਕੂੜਾ ਕੱਢ ਕੇ, ਸਮਤਲ ਕਰਕੇ ਤਹਿ ਬਣਾ ਲੈਂਦਾ। ਦਿਲ ਬੜਾ ਪਸੀਜਦਾ ਹੈ। ਕਿਵੇਂ ਸਾਡੀ ਹੀ ਜਾਤੀ ਦੇ ਬੰਦੇ ਅਜਿਹੇ ਮੌਸਮ ਵਿੱਚ ਜੋ ਕੰਮ ਕਰ ਰਹੇ ਹਨ, ਸਾਨੂੰ ਤਾਂ ਵੇਖ ਕੇ ਵੀ ਕੁਰਹਿਤ ਹੋ ਰਹੀ ਹੈ।
ਸ਼ਾਮ ਨੂੰ ਥੋੜ੍ਹਾ ਸੂਰਜ ਚਮਕਿਆ ਤਾਂ ਮਨ ਬਣਾਇਆ ਕਿ ਗੁਰਦੁਆਰੇ ਮੱਥਾ ਟੇਕ ਆਉਂਦੀ ਹਾਂ, ਨਾਲੇ ਥੋੜ੍ਹੀ ਸੈਰ ਹੋ ਜਾਵੇਗੀ। ਉਂਝ ਵੀ ਠੰਢ ਵਿੱਚ ਉਥੇ ਜਾ ਕੇ ਚਾਹ ਦਾ ਲੰਗਰ ਛਕਣਾ ਬੜਾ ਲੁਭਾਉਂਦਾ ਹੈ। ਸੜਕ ਕਿਨਾਰੇ ਪੈਦਲ ਚੱਲਦਿਆਂ ਵੇਖਿਆ ਕਿ ਗੁਰਦੁਆਰੇ ਦੇ ਨੇੜੇ ਕੁਝ ਮਜ਼ਦੂਰ ਔਰਤਾਂ ਸਿਰਾਂ ਉਤੇ ਖਾਲੀ ਟੋਕਰੀਆਂ ਤੇ ਕਹੀਆਂ ਵਗੈਰਾ ਟਿਕਾਈ, ਕੰਮ ਤੋਂ ਵਿਹਲੀਆਂ ਹੋ ਕੇ ਆਪਣੇ ਟਿਕਾਣਿਆਂ ਵੱਲ ਆਪਣੀ ਬੋਲੀ ਵਿੱਚ ਗੱਲਾਂ ਕਰਦੀਆਂ ਪਰਤ ਰਹੀਆਂ ਸਨ। ਪਿੱਛੇ ਉਨ੍ਹਾਂ ਦੇ ਨਿਆਣਿਆਂ ਦੀ ਫੌਜ, ਜਿਨ੍ਹਾਂ ਨੇ ਕਿਸੇ ਦੇ ਦਿੱਤੇ ਹੋਏ ਬੇਢੱਬੇ ਕੋਟ ਸਵੈਟਰ ਤੇ ਖੁੱਲ੍ਹੇ ਖਲਚ-ਖਲਚ ਕਰਦੇ ਬੂਟ ਪਾਏ ਹੋਏ, ਮੂੰਹ ਲਿਬੜੇ, ਵਾਲ ਬਿਖਰੇ ਤੇ ਹੱਥ ਵਿੱਚ ਫੜੀਆਂ ਚੀਜ਼ਾਂ ਖਾ ਰਹੇ ਸਨ। ਮਨ ਵਲ੍ਹੇਟੇ ਖਾਂਦਾ ਹੈ ਕਿ ਜਿਹੜੇ ਰੱਬ ਨੂੰ ਮੱਥਾ ਟੇਕਣ ਜਾ ਰਹੀ ਹਾਂ, ਕੀ ਇਨ੍ਹਾਂ ਦਾ ਨਹੀਂ ਹੈ? ਇਹ ਅਕਸਰ ਇਥੋਂ ਲੰਘਦੇ ਹੋਣਗੇ, ਫਿਰ ਅਣਦੇਖੇ ਕਿਉਂ ਰਹਿ ਜਾਂਦੇ ਹਨ।
ਗੁਰਦੁਆਰੇ ਦੇ ਗੇਟ ਉਤੇ ਪਹੁੰਚ ਕੇ ਮੈਂ ਸ਼ਰਧਾ ਨਾਲ ਸੀਸ ਝੁਕਾ ਕੇ ਖੱਬੇ ਸੱਜੇ ਨਿਗ੍ਹਾ ਮਾਰਦੀ ਹਾਂ। ਇਕ ਪਾਸਿਓਂ ਕਾਰਾਂ ਪਾਰਕ ਕਰਕੇ ਆਪਣੇ ਗਰਮ ਕੋਟ ਸੰਵਾਰਦੇ ਸ਼ਰਧਾਲੂ ਮੁੱਖ ਹਾਲ ਵੱਲ ਜਾ ਰਹੇ ਸਨ। ਮੈਂ ਉਨ੍ਹਾਂ ਨਾਲ ਰਲ ਜਾਂਦੀ ਹਾਂ। ਮੱਥਾ ਟੇਕ ਕੇ ਪ੍ਰਸ਼ਾਦ ਲਿਆ ਤੇ ਫਿਰ ਚਾਹ ਦੇ ਲੰਗਰ ਦਾ ਆਨੰਦ ਵੀ ਮਾਣਿਆ। ਘਰ ਵਾਪਸੀ ਤੇ ਗੁਰਦੁਆਰੇ ਦੇ ਗੇਟ ਦੇ ਬਾਹਰ ਸਾਹਮਣੇ ਬਣੇ ਲੋਕਲ ਬੱਸ ਸਟੈਂਡ ਦੇ ਸ਼ੈਡ ਹੇਠਾਂ ਕਈ ਲੋਕ ਆਪਣੇ ਰੈਣ ਬਸੇਰੇ ਲਈ ਜਗ੍ਹਾ ਮੱਲ ਰਹੇ ਸਨ। ਅਸੀਂ ਇੰਨੀ ਠੰਢ ਵਿੱਚ ਰਾਤ ਨੂੰ ਰਜਾਈ ਵਿੱਚੋਂ ਹੱਥ ਬਾਹਰ ਕੱਢਣ ਤੋਂ ਡਰਦੇ ਹਾਂ। ਬੰਦ ਘਰਾਂ ਵਿੱਚ ਚੱਲਣਾ ਵੀ ਔਖਾ ਲੱਗਦਾ ਹੈ ਅਤੇ ਹੀਟਰ ਤੇ ਬਲੋਅਰ ਲੱਭਦੇ ਹਾਂ।
ਸੋਚਾਂ ਦੇ ਵਹਿਣ ਵਿੱਚ ਹਾਂ ਕਿ ਇਨਸਾਨਾਂ ਦਾ ਖੁਦਾ ਤਾਂ ਇਕੋ ਹੈ, ਫਿਰ ਇਹ ਸਮਾਜਿਕ ਅਸਮਾਨਤਾ ਕਿਉਂ? ਅਸੀਂ ਕਹਿੰਦੇ ਹਾਂ, ਦੇਸ਼ ਤਰੱਕੀ ਦੇ ਰਾਹ ਉਤੇ ਹੈ ਤਾਂ ਇਸ ਵਿੱਚ ਇਨ੍ਹਾਂ ਦਾ ਵੀ ਯੋਗਦਾਨ ਹੈ। ਵੱਡੇ-ਵੱਡੇ ਕਾਰਖਾਨੇ, ਸਕੂਲ, ਕਾਲਜ, ਹਸਪਤਾਲ, ਸੜਕਾਂ, ਪੁਲ ਤੇ ਗੁਰਦੁਆਰਿਆਂ ਦੇ ਨਕਸ਼ੇ ਬਣ ਜਾਣਗੇ, ਪਰ ਇਨ੍ਹਾਂ ਨੂੰ ਇੱਟਾਂ ਰਾਹੀਂ ਬਣਤਰ ਦੇਣਾ, ਸੰਵਾਰਨਾ, ਘੜਨਾ, ਤਰਾਸ਼ਣਾ ਆਦਿ ਮਜ਼ਦੂਰਾਂ ਦੀ ਕਲਾ ਤੇ ਹੁਨਰ ਦਾ ਕਮਾਲ ਹੈ। ਇਹ ਲੋਕ ਸਾਰਾ ਦਿਨ ਇਸ ਆਸ ਨਾਲ ਕੰਮ ਕਰਦੇ ਹਨ ਕਿ ਰਾਤ ਨੂੰ ਰੋਟੀ ਰੱਜ ਕੇ ਖਾਵਾਂਗੇ, ਪਰ ਉਹ ਠੇਕੇਦਾਰ 'ਤੇ ਨਿਰਭਰ ਹੈ ਕਿ ਪੈਸੇ ਕਦੋਂ ਦੇਵੇਗਾ।
ਲੇਬਰ ਐਕਟ ਅਨੁਸਾਰ ਹਰ ਕਿਰਤੀ ਦਾ ਕੰਮ ਤੇ ਸਮਾਂ ਨਿਸ਼ਚਤ ਹੈ। ਵੱਧ ਕੰਮ ਬਦਲੇ ਵੱਧ ਉਜਰਤ ਦਿੱਤੀ ਜਾਂਦੀ ਹੈ, ਪਰ ਢਾਬਿਆਂ, ਦੁਕਾਨਾਂ ਤੇ ਘਰਾਂ ਵਿੱਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰਾਂ ਦਾ ਕੋਈ ਸਮਾਂ ਤੈਅ ਨਹੀਂ ਹੁੰਦਾ। ਜਦ ਸਾਰਾ ਦੇਸ਼ ਦੀਵਾਲੀ, ਹੋਲੀ, ਦੁਸਹਿਰਾ ਆਦਿ ਤਿਉਹਾਰ ਮਨਾ ਰਿਹਾ ਹੁੰਦਾ ਹੈ, ਇਹ ਵਰਗ ਅੰਦਰੋਂ-ਅੰਦਰੀ ਮਾਨਸਿਕ ਸੰਤਾਪ ਭੁਗਤਦਾ ਹੈ। ਲੰਮੀ ਬਿਮਾਰੀ, ਹਾਦਸੇ ਤੇ ਹੋਰ ਜ਼ਰੂਰੀ ਕਾਰਜਾਂ ਲਈ ਛੁੱਟੀ ਦਾ ਮਤਲਬ ਕਟੌਤੀ ਹੁੰਦਾ ਹੈ। ਇਨ੍ਹਾਂ ਤੋਂ ਕੰਮ ਲੈਣ ਵਾਲੇ ਲੋਕਾਂ ਨੂੰ ਸਰਕਾਰੀ ਕਾਨੂੰਨਾਂ ਦੀ ਪਰਵਾਹ ਨਹੀਂ ਤੇ ਨਾ ਕਿਰਤ ਵਿਭਾਗ ਕੋਈ ਗੌਰ ਕਰਦਾ ਹੈ।
ਸਮੇਂ ਦੀਆਂ ਸਰਕਾਰਾਂ ਆਪਣੇ ਵੱਡੇ ਤੇ ਮਹਿੰਗੇ ਪ੍ਰਾਜੈਕਟ, ਚੰਗੇ ਭਲੇ ਚਲਦੇ ਅਦਾਰੇ, ਇਮਾਰਤਾਂ ਅਤੇ ਸ਼ਰਧਾ ਦੇ ਧਾਮਾਂ ਦਾ ਵਿਸਥਾਰ ਕਰਨ ਦੇ ਏਜੰਡਿਆਂ ਵਿੱਚ ਇਸ ਵਰਗ ਨੂੰ ਮੁੱਢਲੀਆਂ ਲੋੜਾਂ ਰੋਟੀ, ਕੱਪੜਾ, ਮਕਾਨ ਹਾਸਲ ਕਰਾਉਣਾ ਵੀ ਇਖਲਾਕੀ ਫਰਜ਼ ਸਮਝਣ। ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਅਤੇ 15 ਅਗਸਤ ਨੂੰ ਆਜ਼ਾਦੀ ਦਿਵਸ ਦੀ ਵਰ੍ਹੇਗੰਢ ਮੌਕੇ ਜਸ਼ਨ ਮਨਾਏ ਜਾਂਦੇ ਹਨ। ਉਸ ਸਮੇਂ ਬੁਲੰਦ ਆਵਾਜ਼ ਵਿੱਚ ‘ਭਾਰਤ ਦੇਸ਼ ਮਹਾਨ ਹੈ' ਦੇ ਨਾਅਰਿਆਂ ਦੀ ਗੂੰਜ ਵਿੱਚ ਵੀ ਇਹ ਮਿਹਨਤਕਸ਼ ਆਪਣੀ ਕਿਰਤ ਕਰਨ ਵਿੱਚ ਰੁੱਝਾ ਹੋਇਆ ਇਸ ਦੀ ਮਹਾਨਤਾ ਵਿੱਚ ਹੋਰ ਇਜ਼ਾਫਾ ਕਰ ਰਿਹਾ ਹੁੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!