Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਚੋਣ ਡਿਊਟੀ ਬਨਾਮ ਹਵਾਲਾਤ ਯਾਤਰਾ

January 28, 2019 07:11 AM

-ਕ੍ਰਿਸ਼ਨ ਪ੍ਰਤਾਪ
ਹਰ ਮੁਲਾਜ਼ਮ ਨੂੰ ਆਪਣੀ ਡਿਊਟੀ ਕਰਨ ਦੇ ਨਾਲ ਚੋਣ ਡਿਊਟੀ ਵੀ ਦੇਣੀ ਪੈਂਦੀ ਹੈ। ਅੱਜ ਤੱਕ ਮੈਂ ਵੀਹ ਕੁ ਚੋਣ ਡਿਊਟੀਆਂ ਨਿਭਾ ਚੁੱਕਾ ਹਾਂ। ਹਰ ਵਾਰ ਕੋਈ ਨਾ ਕੋਈ ਨਵਾਂ ਤਜਰਬਾ ਹੋਇਆ ਹੈ। ਪਿੱਛੇ ਜਿਹੇ ਹੋਈਆਂ ਪੰਚਾਇਤੀ ਚੋਣਾਂ ਦਾ ਤਜਰਬਾ ਸਭ ਤੋਂ ਅਹਿਮ ਹੋ ਨਿੱਬੜਿਆ ਹੈ। ਤੌੜੀ ਵਿੱਚੋਂ ਦਾਲ ਦਾ ਸਵਾਦ ਚਮਚੇ ਨਾਲ ਹੀ ਵੇਖ ਕੇ ਲਿਆ ਜਾਂਦਾ ਹੈ। ਇਸੇ ਤਰ੍ਹਾਂ ਮੈਂ ਪਹਿਲੀ ਰਿਹਰਸਲ ਵਾਲੇ ਦਿਨ ਹੀ ਹੋਣ ਵਾਲੇ ਅੰਜਾਮ ਦਾ ਅੰਦਾਜ਼ਾ ਲਾ ਲਿਆ। ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀਆਂ ਰਿਹਰਸਲਾਂ ਕਰਾ ਕੇ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਪਹਿਲੀ ਕੀ, ਦੂਜੀ ਰਿਹਰਸਲ ਵੇਲੇ ਵੀ ‘ਚੱਲਵਾਂ' ਪ੍ਰਬੰਧ ਵੇਖ ਕੇ ਇਨ੍ਹਾਂ ਚੋਣਾਂ ਵਿੱਚ ਹੋਣ ਵਾਲੀ ਖੱਜਲ ਖੁਆਰੀ ਬਾਰੇ ਮੈਂ ਆਪਣੇ ਵਿਚਾਰ ਸਾਥੀਆਂ ਨਾਲ ਸਾਂਝੇ ਕਰ ਲਏ। ਵੋਟਾਂ ਲਈ ਮੁਲਾਜ਼ਮਾਂ ਨੂੰ ਸਾਮਾਨ ਸੌਂਪਣ ਅਤੇ ਪਾਰਟੀਆਂ ਤੋਰਨ ਦਾ ਦਿਨ ਆ ਗਿਆ ਸੀ। ਸਟੇਜ ਤੋਂ ਸੂਚਨਾ ਦਿੱਤੀ ਗਈ ਕਿ ਸਾਰੀਆਂ ਪਾਰਟੀਆਂ ਭੰਗ ਕਰਕੇ ਮੌਕੇ ਉੱਤੇ ਨਵੇਂ ਸਿਰਿਓਂ ਪਾਰਟੀਆਂ ਬਣਾਈਆਂ ਜਾਣਗੀਆਂ।
ਜਦ ਪਹਿਲੀ ਪਾਰਟੀ ਤਿਆਰ ਕਰਨ ਵਿੱਚ ਪੰਦਰਾਂ ਮਿੰਟ ਲੱਗ ਗਏ ਤਾਂ ਮੈਂ ਨਾਲ ਦੇ ਸਾਥੀਆਂ ਨੂੰ ਦੱਸ ਦਿੱਤਾ ਕਿ ਸ਼ਾਮ ਦੇ ਅੱਠ ਵਜੇ ਤੱਕ ਵੀ ਆਪਾਂ ਨੂੰ ਸਾਮਾਨ ਨਹੀਂ ਮਿਲਣਾ। ਕੁਦਰਤੀ ਉਹੀ ਗੱਲ ਹੋਈ। ਸ਼ਾਮ ਸੱਤ ਵਜੇ ਤੱਕ ਸਾਮਾਨ ਵੰਡਣਾ ਤਾਂ ਦੂਰ, ਪਾਰਟੀਆਂ ਵੀ ਪੂਰੀਆਂ ਨਾ ਹੋਈਆਂ। ਹਨੇਰਾ ਹੋ ਚੁੱਕਾ ਸੀ, ਪਰ ਸਟੇਜ 'ਤੇ ਰੌਸ਼ਨੀ ਦਾ ਪ੍ਰਬੰਧ ਵੀ ਨਹੀਂ ਸੀ। ਡਿਊਟੀਆਂ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਲਾਉਣੀਆਂ ਸ਼ੁਰੂ ਕੀਤੀਆਂ ਗਈਆਂ। ਸਭ ਮੁਲਾਜ਼ਮਾਂ ਨੂੰ ਪਤਾ ਸੀ ਕਿ ਬੂਥ ਸਹੀ ਢੰਗ ਨਾਲ ਚਲਾਉਣ ਲਈ ਘੱਟੋ-ਘੱਟ ਸੱਤ ਅੱਠ ਘੰਟੇ ਦੀ ਅਗੇਤੀ ਤਿਆਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਉਹ ਕੀਮਤੀ ਸਮਾਂ ਖਰਾਬ ਕਰ ਦਿੱਤਾ ਗਿਆ ਸੀ।
ਇਸ ਲਈ ਵੱਡਾ ਮੁਲਾਜ਼ਮ ਤਬਕਾ ਸਾਮਾਨ ਚੁੱਕਣ ਤੋਂ ਘਬਰਾ ਰਿਹਾ ਸੀ। ਜੇ ਕੋਈ ਹੋਰ ਚੋਣਾਂ ਹੁੰਦੀਆਂ ਤਾਂ ਕਿਸੇ ਨੂੰ ਕੋਈ ਖਾਸ ਸਮੱਸਿਆ ਨਹੀਂ ਆਉਣੀ ਸੀ, ਪਰ ਇਹ ਪੰਚਾਇਤੀ ਚੋਣਾਂ ਸਨ, ਜਿਨ੍ਹਾਂ ਨੂੰ ਸਭ ਤੋਂ ਔਖੀਆਂ ਤੇ ਖਤਰਨਾਕ ਮੰਨਿਆ ਜਾਂਦਾ ਹੈ। ਫੋਕੀਆਂ ਪੰਚੀਆਂ ਸਰਪੰਚੀਆਂ ਦੇ ਚੱਕਰ ਵਿੱਚ ਉਲਝੇ ਹੋਏ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਚੋਣ ਕਰਵਾਉਣ ਆਇਆ ਅਮਲਾ ਕਿੰਨੀਆਂ ਮੁਸ਼ਕਲਾਂ ਹੰਢਾ ਕੇ ਆਇਆ ਹੈ? ਉਨ੍ਹਾਂ ਨੂੰ ਸਿਰਫ ਆਪਣੀ ਚੌਧਰ ਦਿਸਦੀ ਹੁੰਦੀ ਹੈ ਤੇ ਇਸ ਨੂੰ ਕਾਇਮ ਰੱਖਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸਾਰਾ ਕੁਝ ਅਸਤ ਵਿਅਸਤ ਹੋ ਗਿਆ ਸੀ। ਘਬਰਾਇਆ ਹੋਇਆ ਐਸ ਡੀ ਐਮ ਖੁਦ ਭਾਰੀ ਪੁਲਸ ਫੋਰਸ ਲੈ ਕੇ ਆ ਗਿਆ। ਉਸ ਨੇ ਆਪਣੀਆਂ ਗਲਤੀਆਂ ਛੁਪਾਉਣ ਲਈ ਆਉਂਦੇ ਸਾਰ ਮੁਲਾਜ਼ਮਾਂ ਨੂੰ ਪੁਲਸ ਵਾਲਿਆਂ ਤੋਂ ਬੇਇੱਜ਼ਤ ਕਰਵਾਉਣਾ ਸ਼ੁਰੂ ਕਰ ਦਿੱਤਾ। ਪੂਰੀ ਧੱਕੇਸ਼ਾਹੀ ਕਰਕੇ ਟੀਮਾਂ ਰਾਤ ਡੇਢ ਵਜੇ ਤੱਕ ਤੋਰਿਆ ਜਾਂਦਾ ਰਿਹਾ। ਮੈਨੂੰ ਆਪਣੀ ਪਤਨੀ ਸਮੇਤ ਬਾਕੀ ਮੁਲਾਜ਼ਮਾਂ ਨਾਲ ਇਕ ਪਿੰਡ ਵਿੱਚ ਵੋਟਾਂ ਪੁਆਉਣ ਭੇਜ ਦਿੱਤਾ ਗਿਆ। ਸਿਰਫ ਘੰਟਾ ਕੁ ਸੌਂ ਕੇ ਸਵੇਰੇ ਤਿੰਨ ਵਜੇ ਅਸੀਂ ਬੂਥ ਦੀ ਲੋੜੀਂਦੀ ਤਿਆਰੀ ਕੀਤੀ। ਬੇਹੱਦ ਠੰਢ ਅਤੇ ਔਖੇ ਹਾਲਾਤ ਦੇ ਬਾਵਜੂਦ ਅਸੀਂ ਅੱਠ ਵੱਜਦੇ ਨੂੰ ਵੋਟਾਂ ਪੁਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੰਮ ਦਾ ਭਾਰੀ ਬੋਝ ਹੋਣ ਕਾਰਨ ਸਾਡਾ ਸਟਾਫ ਸ਼ਾਮ ਦੇ ਸਾਢੇ ਸੱਤ ਵਜੇ ਤੱਕ ਰੋਟੀ ਦੀ ਬੁਰਕੀ ਤੱਕ ਨਾ ਖਾ ਸਕਿਆ।
ਪ੍ਰਸ਼ਾਸ਼ਨ ਦੀ ਪ੍ਰਬੰਧਕੀ ਅਕੁਸ਼ਲਤਾ ਕਾਰਨ ਭਾਰੀ ਮਾਨਸਿਕ ਦਬਾਅ ਸਭ ਦੇ ਚਿਹਰਿਆਂ ਉੱਤੇ ਸਾਫ ਵਿਖਾਈ ਦੇ ਰਿਹਾ ਸੀ। ਰਾਤ ਦੇ ਦੋ ਕੁ ਵਜੇ ਤੱਕ ਅਸੀਂ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨ ਜਰ ਦਿੱਤੇ। ਫਿਰ ਸਾਮਾਨ ਜਮ੍ਹਾਂ ਕਰਵਾਉਣ ਦੀ ਵਾਰੀ ਆਈ। ਮੌਕੇ 'ਤੇ ਨਵੀਆਂ ਹਦਾਇਤਾਂ ਜਾਰੀ ਕਰ ਦੇਣ ਕਾਰਨ ਸਭ ਨੂੰ ਪਰੇਸ਼ਾਨ ਆਉਣੀ ਸੀ। ਕਤਾਰ ਵਿੱਚ ਖੜੇ ਨੇ ਮੈਂ ਉਥੇ ਹੋ ਰਹੀ ਤੇ ਬੀਤੇ ਦਿਨ ਹੋਈ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਈ। ਸੱਚ ਸੁਣ ਕੇ ਕਈ ਜਣੇ ਭੜਕ ਪਏ। ਉਥੋਂ ਦੇ ਮੁਲਾਜ਼ਮ ਕੀ, ਪੁਲਸ ਵਾਲੇ ਵੀ ਮੈਨੂੰ ਝਈਆਂ ਲੈ-ਲੈ ਪੈਣ ਲੱਗੇ। ਮੈਂ ਆਪਣੀ ਗੱਲ 'ਤੇ ਅੜਿਆ ਰਿਹਾ ਤਾਂ ਉਹ ਆਖਣ ਲੱਗੇ ਕਿ ਜਾ ਕੇ ‘ਸਾਬ੍ਹ' ਨਾਲ ਗੱਲ ਕਰ। ਜਦੋਂ ਮੈਂ ਸਾਬ੍ਹ ਕੋਲ ਜਾ ਕੇ ਸੱਚਾਈ ਦੱਸੀ ਤਾਂ ਉਹ ਅੱਗ ਬਗੂਲਾ ਹੋ ਗਿਆ ਤੇ ਮੈਨੂੰ ‘ਬਕਵਾਸ' ਬੰਦ ਕਰਨ ਲਈ ਆਖਣ ਲੱਗ ਪਿਆ। ਜਦ ਉਸ ਨੂੰ ਮੇਰੀ ਕਿਸੇ ਗੱਲ ਦਾ ਜਵਾਬ ਨਾ ਆਇਆ ਤਾਂ ਉਸ ਨੇ ਪੁਲਸ ਵਾਲਿਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਹਵਾਲਾਤ ਵਿੱਚ ਸੁੱਟ ਕੇ ਪਟੇ ਮਾਰੇ ਜਾਣ। ਮੈਂ ਇਸ ਤੋਂ ਨਹੀਂ ਡਰਿਆ ਤਾਂ ਮੈਨੂੰ ਹਵਾਲਾਤ ਬੰਦ ਕਰ ਦਿੱਤਾ ਗਿਆ। ਹਵਾਲਾਤ ਦੇ ਕੰਬਲ ਮੈਨੂੰ ਬੀਤੀ ਰਾਤ ਨਾਲੋਂ ਜ਼ਿਆਦਾ ਨਿੱਘ ਦੇ ਰਹੇ ਸਨ। ਅੰਧੇ ਕੁ ਘੰਟੇ ਬਾਅਦ ਜਦ ਉਨ੍ਹਾਂ ਨੂੰ ਲੱਗਾ ਕਿ ਮੈਂ ਨਾ ਹਵਾਲਾਤ 'ਚੋਂ ਭੱਜਣ ਦਾ ਯਤਨ ਕਰ ਰਿਹਾ ਹਾਂ ਤੇ ਨਾ ਖੁਦ ਨੂੰ ਛੱਡ ਦੇਣ ਦੀਆਂ ਮਿੰਨਤਾਂ ਕਰ ਰਿਹਾ ਹਾਂ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁਝ ਸਮੇਂ ਬਾਅਦ ਐਸ ਡੀ ਐਮ ਦਾ ਉਹੀ ਗੰਨਮੈਨ ਆਇਆ, ਜੋ ਮੈਨੂੰ ਹਵਾਲਾਤ ਵਿੱਚ ਡੱਕ ਕੇ ਗਿਆ ਸੀ। ਉਹ ਮੈਨੂੰ ਬਾਹਰ ਆ ਜਾਣ ਲਈ ਮਿੰਨਤਾਂ ਕਰ ਰਿਹਾ ਸੀ, ਪਰ ਮੈਨੂੰ ਹਵਾਲਾਤ ਵਿੱਚ ਰਹਿਣਾ ਜ਼ਿਆਦਾ ਚੰਗਾ ਅਤੇ ਸੁਖਮਈ ਲੱਗ ਰਿਹਾ ਸੀ। ਇੰਨੇ ਨੂੰ ਮੇਰੇ ਪੁਰਾਣੇ ਸਕੂਲ ਦੇ ਸਾਥੀ ਆ ਗਏ ਤੇ ਮੈਨੂੰ ਉਥੋਂ ਜਾਣ ਲਈ ਆਖਣ ਲੱਗ ਪਏ।
ਮੈਨੂੰ ਪਤਾ ਸੀ ਕਿ ਗੂੜ੍ਹੀ ਧੁੰਦ ਅਤੇ ਰਾਤ ਦੇ ਤਿੰਨ ਵਜੇ ਤੱਕ ਮੇਰੀ ਪਤਨੀ ਇਕੱਲੀ ਸੀ। ਇਸ ਲਈ ਹਵਾਲਾਤ 'ਚੋਂ ਬਾਹਰ ਆਉਣਾ ਮੇਰੀ ਮਜਬੂਰੀ ਬਣ ਗਈ। ਸੱਚ ਲਈ ਲੜਨ ਦਾ ਆਨੰਦ ਕਿੰਨਾ ਸੁਖਾਵਾਂ ਹੁੰਦਾ ਹੈ, ਇਸ ਗੱਲ ਦਾ ਅਸਲ ਅਹਿਸਾਸ ਮੈਨੂੰ ਉਸ ਦਿਨ ਹੋਇਆ ਸੀ। ਵੱਡੇ ਅਫਸਰਾਂ ਦੇ ਅੱਗੇ ਬੋਲਦੇ ਸਮੇਂ ਨਾ ਤਾਂ ਮੇਰੀ ਜ਼ੁਬਾਨ ਥਥਲਾਈ ਤੇ ਨਾ ਲੱਤਾਂ ਕੰਬਣ ਲੱਗੀਆਂ ਸਨ। ਹਵਾਲਾਤ ਤੋਂ ਬਾਹਰ ਆ ਕੇ ਮੇਰੇ ਮਨ ਵਿੱਚ ਕਈ ਸਵਾਲ ਉਠਦੇ ਰਹੇ। ਵੱਡੇ ਅਫਸਰ ਸੱਚ ਸੁਣ ਕੇ ਰਾਜ਼ੀ ਕਿਉਂ ਨਹੀਂ? ਜਿਹੜੇ ਮੁਲਾਜ਼ਮ ਮੂੜ੍ਹ ਮੱਤ ਪ੍ਰਸ਼ਾਸਨ ਦੀਆਂ ਆਪ ਹੁਦਰੀਆਂ ਵਿੱਚ ਵੀ ਸਫਲ ਚੋਣਾਂ ਕਰਵਾ ਸਕਦੇ ਹਨ, ਕੀ ਉਹ ਇੰਜ ਹੀ ਜ਼ਲੀਲ ਹੁੰਦੇ ਰਹਿਣਗੇ? ਸਾਡੇ ਨੌਜਵਾਨ ਅਧਿਕਾਰੀ, ਜੋ ਆਪਣੇ ਆਪ ਨੂੰ ਸਭ ਤੋਂ ਵੱਧ ਪੜ੍ਹੇ ਲਿਖੇ ਤੇ ਸਿਆਣੇ ਸਮਝਦੇ ਹਨ, ਕੀ ਉਨ੍ਹਾਂ ਕੋਲ ਇਸ ਗਲੇ ਸੜੇ ਚੋਣ ਪ੍ਰਬੰਧ ਨੂੰ ਸੁਧਾਰਨ ਲਈ ਕੋਈ ਠੋਸ ਯੋਜਨਾ ਨਹੀਂ? ਕੀ ਉਹ ਆਪਣੀ ਹੈਂਕੜ ਕਾਰਨ ਸੱਚ ਬੋਲਣ ਵਾਲੇ ਲੋਕਾਂ ਤੇ ਮੁਲਾਜ਼ਮਾਂ ਨੂੰ ਏਦਾਂ ਹੀ ਹਵਾਲਾਤ ਵਿੱਚ ਸੁੱਟਦੇ ਰਹਿਣਗੇ? ਭਾਵੇਂ ਕੁਝ ਵੀ ਹੋਇਆ, ਹਵਾਲਾਤ 'ਚ ਬੰਦ ਰਹਿਣ ਦਾ ਮੈਨੂੰ ਬਹੁਤ ਲਾਭ ਹੋਇਆ ਹੈ। ਜੇਲ੍ਹ ਜਾਂ ਹਵਾਲਾਤ ਦੇ ਡਰ ਕਾਰਨ ਮੈਂ ਬਹੁਤ ਵਾਰ ਅਨਿਆਂ ਹੁੰਦਾ ਵੇਖ ਕੇ ਚੁੱਪ ਧਾਰ ਜਾਂਦਾ ਹੁੰਦਾ ਸਾਂ, ਪਰ ਇਸ ਹਵਾਲਾਤ ਯਾਤਰਾ ਨੇ ਮੇਰਾ ਉਹ ਵੱਡਾ ਡਰ ਦੂਰ ਕਰ ਦਿੱਤਾ ਹੈ।

Have something to say? Post your comment