Welcome to Canadian Punjabi Post
Follow us on

12

July 2025
 
ਨਜਰਰੀਆ

ਸਾਹਿਬ ਬਹੁਤ ਗੁੱਸੇ ਵਿੱਚ ਆ..

January 28, 2019 07:10 AM

ਸਾਹਿਬ ਬਹੁਤ ਗੁੱਸੇ ਵਿੱਚ ਆ..-ਪ੍ਰਕਾਸ਼ ਸਿੰਘ ਜੈਤੋ
ਬਠਿੰਡਾ ਜੇਲ੍ਹ ਵਿੱਚ ਮੈਂ ਉਸ ਵੇਲੇ ਸਿਪਾਹੀ ਦੀ ਡਿਊਟੀ ਕਰਦਾ ਸਾਂ ਕਿ ਨਾਲ ਦੇ ਮੁਲਾਜ਼ਮ ਦਾ ਵਿਆਹ ਹੋ ਗਿਆ। ਸਾਥੀ ਮੁਲਾਜ਼ਮਾਂ ਨੇ ਪਹਿਲਾਂ-ਪਹਿਲਾਂ ਛੁੱਟੀ ਮਨਜ਼ੂਰ ਕਰਵਾ ਲਈ, ਮੈਂ ਪਛੜ ਗਿਆ ਅਤੇ ਛੁੱਟੀ ਵਾਸਤੇ ਲਾਈਨ ਅਫਸਰ ਦੇ ਪੇਸ਼ ਹੋਇਆ। ਉਸ ਨੇ ਸਾਫ ਜਵਾਬ ਦਿੱਤਾ ਕਿ ਪਹਿਲਾਂ ਹੀ ਵਾਧੂ ਮੁਲਾਜ਼ਮ ਛੁੱਟੀ 'ਤੇ ਹਨ। ਆਖਰਕਾਰ ਵੱਡੇ ਸਾਹਿਬ ਦੇ ਪੇਸ਼ ਹੋਣ ਦਾ ਮਨ ਬਣਾਇਆ। ਸਾਹਿਬ ਦੇ ਅਰਦਲੀ ਨੂੰ ਦੱਸਿਆ ਕਿ ਛੁੱਟੀ ਲਈ ਪੇਸ਼ ਹੋਣਾ ਤਾਂ ਉਹ ਬੋਲਿਆ, ‘ਅੱਜ ਤਾਂ ਬਚੋ, ਸਾਹਿਬ ਬਹੁਤ ਗਰਮ ਆ।' ਖੈਰ! ਕਿਸੇ ਤਰੀਕੇ ਵਿਆਹ ਵੇਖ ਲਿਆ, ਪਰ ਇਕ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਕਿ ਹਰ ਵਾਰ ਸਾਹਿਬ ਗਰਮ ਕਿਉਂ ਹੁੰਦਾ ਹੈ? ਕੀ ਕਦੇ ਛੋਟੇ ਮੁਲਾਜ਼ਮ ਨੂੰ ਗਰਮ ਹੋਣ ਦਾ ਕੋਈ ਹੱਕ ਨਹੀਂ?
ਕਈ ਵਾਰ ਜਦ ਸਾਹਿਬ ਗਰਮ ਹੁੰਦਾ ਤਾਂ ਕਿਸੇ ਹੋਰ ਦੀ ਸਜ਼ਾ ਵੀ ਛੋਟੇ ਮੁਲਾਜ਼ਮ ਨੂੰ ਮਿਲ ਜਾਂਦੀ ਹੈ। ਇਕ ਵਾਰ ਪੰਜਾਬ ਪੁਲਸ ਦੇ ਸਿਪਾਹੀ ਨੂੰ ਉਸ ਦੇ ਇੰਚਾਰਜ ਨੇ ਵੱਡੇ ਸਾਹਿਬ ਦੇ ਅੱਗੇ ਪੇਸ਼ ਕਰਕੇ ਕਿਹਾ ਕਿ ਸਾਹਿਬ ਬਹਾਦਰ, ਇਸ ਸਿਪਾਹੀ ਨੂੰ ਸਖਤ ਸਜ਼ਾ ਦੇਵੋ, ਕਿਉਂਕਿ ਇਹ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਕਰਦਾ ਤੇ ਵਾਰ-ਵਾਰ ਡਿਊਟੀ ਤੋਂ ਗੈਰ ਹਾਜ਼ਰ ਰਹਿੰਦਾ ਹੈ। ਅੱਗੋਂ ਸਾਹਿਬ ਵੀ ਹੋਰ ਮਿਜ਼ਾਜ ਦਾ ਬੰਦਾ ਸੀ, ਕਹਿੰਦਾ; ‘ਸਭ ਤੋਂ ਵੱਡੀ ਸਜ਼ਾ ਤਾਂ ਇਸ ਨੂੰ ਉਸੇ ਦਿਨ ਮਿਲ ਗਈ, ਜਿਸ ਦਿਨ ਇਹ ਸਿਪਾਹੀ ਭਰਤੀ ਹੋ ਗਿਆ, ਇਸ ਤੋਂ ਵੱਡੀ ਸਜ਼ਾ ਇਹਨੂੰ ਮੈਂ ਕੀ ਦੇਵਾਂ।'
ਬਠਿੰਡਾ ਜੇਲ੍ਹ ਦੇ ਅਫਸਰਾਂ ਦੀਆਂ ਕੋਠੀਆਂ ਦੇ ਨਾਲ ਸਬਜ਼ੀ ਲਈ ਬਗੀਚੀਆਂ ਬਣੀਆਂ ਹੋਈਆਂ ਸਨ, ਜਿਥੇ ਕੈਦੀ ਜੇਲ੍ਹ ਦੇ ਅਫਸਰਾਂ ਤੇ ਪਰਵਾਰ ਲਈ ਅਗੇਤੀ ਪਛੇਤੀ ਸਬਜ਼ੀ ਤਿਆਰ ਕਰਦੇ ਸਨ। ਬਠਿੰਡਾ ਜੇਲ੍ਹ ਵਿੱਚ ਵੱਡੇ ਸਾਹਿਬ ਦੇ ਬਗੀਚੇ ਵਿੱਚ ਅਗੇਤੇ ਕੱਦੂਆਂ ਦੀ ਵੇਲ ਲੱਗੀ ਸੀ, ਫੁੱਲਾਂ ਪਿੱਛੋਂ ਛੋਟੇ-ਛੋਟੇ ਦੋ ਕੱਦੂ ਵੀ ਲੱਗ ਆਏ। ਸਾਹਿਬ ਬਗੀਚੇ ਕੋਲੋਂ ਲੰਘਦੇ ਇਨ੍ਹਾਂ ਕੱਦੂਆਂ ਨੂੰ ਵੇਖਦੇ ਤੇ ਕੋਠੀ ਵਿੱਚ ਡਿਊਟੀ ਕਰਦੇ ਮੁਲਾਜ਼ਮ ਨੂੰ ਕੱਦੂਆਂ ਨੂੰ ਨਿਗਰਾਨੀ ਲਈ ਤਾਕੀਦ ਕਰਦੇ ਕਿ ਵੇਖੀਂ ਕਿਤੇ, ਜੇ ਆਪਣੇ ਕੱਦੂ ਕਿਸੇ ਨੇ ਤੋੜ ਲਏ ਤਾਂ ਤੇਰੀ ਖੈਰ ਨਹੀਂ। ਕੱਦੂ ਥੋੜ੍ਹੇ ਵੱਡੇ ਹੋਏ, ਇਕ ਦਿਨ ਸਾਹਿਬ ਦੇ ਦਫਤਰ ਜਾਣ ਤੋਂ ਬਾਅਦ ‘ਮੇਮ ਸਾਹਿਬ' (ਸਾਹਿਬ ਦੀ ਪਤਨੀ) ਦੇ ਭਰਾ ਅਤੇ ਭਰਜਾਈ ਆ ਗਏ। ਭਰਜਾਈ ਦੀ ਨਿਗ੍ਹਾ ਸਿੱਧੂ ਕੱਦੂਆਂ ਉਤੇ ਗਈ ਤੇ ਉਸ ਨੇ ‘ਮੇਮ ਸਾਹਿਬ' ਨੂੰ ਕਹਿ ਕੇ ਉਹ ਕੱਦੂ ਉਸੇ ਡਿਊਟੀ ਵਾਲੇ ਮੁਲਾਜ਼ਮ ਤੋਂ ਤੁੜਵਾ ਕੇ ਗੱਡੀ ਵਿੱਚ ਰਖਵਾ ਲਏ ਤੇ ਚਲੇ ਗਏ। ਸ਼ਾਮ ਨੂੰ ਡਿਊਟੀ ਤੋਂ ਵਾਪਸ ਆਏ ਸਾਹਿਬ ਨੇ ਕੱਦੂ ਗਾਇਬ ਦੇਖੇ ਤਾਂ ਮੁਲਾਜ਼ਮ ਨੂੰ ਪੁੱਛਿਆ। ਉਹਨੇ ਸਾਰੀ ਗੱਲ ਕਹਿ ਸੁਣਾਈ। ਸਾਹਿਬ ‘ਮੇਮ ਸਾਹਿਬ' ਨੂੰ ਤਾਂ ਕੁਝ ਕਹਿ ਨਾ ਸਕੇ, ਪਰ ਆਪਣਾ ਪਾਰਾ ਉਸ ਮੁਲਾਜ਼ਮ 'ਤੇ ਕਈ ਦਿਨ ਉਤਾਰਦੇ ਰਹੇ, ਇਥੋਂ ਤੱਕ ਕਿ ਸਸਪੈਂਡ ਕਰਨ ਦੀਆਂ ਧਮਕੀਆਂ ਵੀ ਮਿਲੀਆਂ।
ਅੰਮ੍ਰਿਤਸਰ ਜੇਲ੍ਹ ਤੋਂ ਵੱਡੇ ਸਾਹਿਬ ਦੀ ਬਦਲੀ ਫਰੀਦਕੋਟ ਜੇਲ੍ਹ ਦੀ ਹੋਈ। ਉਸ ਨੇ ਸਾਰਾ ਸਮਾਨ ਲੱਦਵਾ ਲਿਆ ਤੇ ਆਪ ਸਰਕਾਰੀ ਗੱਡੀ ਵਿੱਚ ਬੈਠ ਕੇ ਫਰੀਦਕੋਟ ਚਾਲੇ ਪਾ ਦਿੱਤੇ। ਆਮ ਤੌਰ 'ਤੇ ਪੰਜਾਬ ਦੀ ਕਿਸੇ ਟਾਵੀਂ ਜੇਲ੍ਹ ਵਿੱਚ ਹੀ ਸਰਕਾਰੀ ਗੱਡੀ ਹੈ, ਨਹੀਂ ਤਾਂ ਅਫਸਰਾਂ ਦੀਆਂ ਆਪਣੀਆਂ ਪ੍ਰਾਈਵੇਟ ਗੱਡੀਆਂ ਹਨ ਜਾਂ ਸਰਦੇ ਪੁੱਜਦੇ ਕੈਦੀਆਂ ਦੀਆਂ ਗੱਡੀਆਂ ਵਗਾਰ ਵਜੋਂ ਵਰਤਦੇ ਹਨ। ਜਦ ਸਾਹਿਬ ਪਹਿਲੇ ਦਿਨ ਫਰੀਦਕੋਟ ਜੇਲ੍ਹ ਦੇ ਦਫਤਰ ਪਹੁੰਚੇ ਤਾਂ ਪਤਾ ਲੱਗਾ ਕਿ ਇਥੇ ਕੋਈ ਸਰਕਾਰੀ ਗੱਡੀ ਨਹੀਂ ਹੈ, ਉਨ੍ਹਾਂ ਨੇ ਅੰਮ੍ਰਿਤਸਰ ਜੇਲ੍ਹ ਵਾਲੀ ਗੱਡੀ ਦੀਆਂ ਚਾਬੀਆਂ ਫੜ ਕੇ ਡਰਾਈਵਰ ਨੂੰ ਵਾਪਸ ਅੰਮ੍ਰਿਤਸਰ ਭੇਜ ਦਿੱਤਾ। ਅੰਮ੍ਰਿਤਸਰ ਵਾਲੇ ਸਾਹਿਬ ਨੂੰ ਸਰਕਾਰੀ ਗੱਡੀ ਬਾਰੇ ਜਾਣਕਾਰੀ ਮਿਲੀ ਤਾਂ ਡਰਾਈਵਰ ਨੂੰ ਸਸਪੈਂਡ ਕਰ ਦਿੱਤਾ ਤੇ ਨਾਲ ਹਦਾਇਤ ਕਰ ਦਿੱਤੀ ਕਿ ਜਦੋਂ ਫਰੀਦਕੋਟ ਤੋਂ ਗੱਡੀ ਵਾਪਸ ਲੈ ਆਵੇ, ਡਿਊਟੀ 'ਤੇ ਬਹਾਲ ਕਰ ਦਿੱਤਾ ਜਾਵੇਗਾ। ਡਰਾਈਵਰ ਵਿਚਾਰਾ ਅੰਮ੍ਰਿਤਸਰੋਂ ਪਹਿਲੀ ਬੱਸ ਫੜ ਕੇ ਫਰੀਦਕੋਟ ਪਹੁੰਚ ਜਾਇਆ ਕਰੇ ਅਤੇ ਸ਼ਾਮ ਤੱਕ ਵੱਡੇ ਸਾਹਿਬ ਤੋਂ 2-3 ਵਾਰੀ ਬੇਇੱਜ਼ਤੀ ਕਰਵਾ ਕੇ ਮੁੜ ਜਾਇਆ ਕਰੇ। ਫਰੀਦਕੋਟ ਵਾਲਾ ਸਾਹਿਬ ਪੰਜਾਬ ਪੁਲਸ ਵਿੱਚੋਂ ਜੇਲ੍ਹ ਵਿੱਚ ਡੈਪੂਟੇਸ਼ਨ ਉਤੇ ਸੀ। ਸਬੱਬ ਨਾਲ ਉਸ ਦੀ ਵਾਪਸੀ ਪੰਜਾਬ ਪੁਲਸ ਵਿੱਚ ਹੋ ਗਈ ਤੇ ਉਹ ਗੱਡੀ ਵਾਪਸ ਅੰਮ੍ਰਿਤਸਰ ਜੇਲ੍ਹ ਨੂੰ ਮਿਲ ਗਈ। ਇਸ ਤੋਂ ਬਾਅਦ ਉਸ ਡਰਾਈਵਰ ਦੀ ਜਾਨ ਛੁੱਟ ਸਕੀ।
ਛੋਟੇ ਮੁਲਾਜ਼ਮਾਂ ਲਈ ਮੇਰੇ ਕੋਲ ਨਿੱਜੀ ਰਾਏ ਹੈ ਕਿ ਉਨ੍ਹਾਂ ਨੂੰ ਵੋਟਾਂ ਵੇਲੇ ਆਪਣੀ ਇਹ ਮੰਗ ਰੱਖਣੀ ਚਾਹੀਦੀ ਹੈ-ਅਸੀਂ ਤਾਂ ਉਸੇ ਪਾਰਟੀ ਨੂੰ ਚੁਣਾਂਗੇ, ਜੋ ਕਦੇ-ਕਦੇ ਛੋਟੇ ਮੁਲਾਜ਼ਮ ਨੂੰ ਵੀ ਗਰਮ ਹੋਣ ਦਾ ਮੌਕਾ ਦੇਵੇਗੀ..।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ