-ਡਾਕਟਰ ਜਯੰਤੀ ਲਾਲ ਭੰਡਾਰੀ
ਬੀਤੀ 21 ਤੋਂ 23 ਜਨਵਰੀ ਤੱਕ ਵਾਰਾਣਸੀ ਵਿੱਚ 15ਵਾਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਆਯੋਜਤ ਕੀਤਾ ਗਿਆ। ‘ਨਵੇਂ ਭਾਰਤ ਦੇ ਨਿਰਮਾਣ 'ਚ ਪਰਵਾਸੀ ਭਾਰਤੀਆਂ ਦੀ ਭੂਮਿਕਾ’ ਵਿਸ਼ੇ ਉਤੇ ਆਯੋਜਤ ਇਸ ਸੰਮੇਲਨ ਦੇ ਮੁੱਖ ਮਹਿਮਾਨ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਸਨ। ਇਸ ਸੰਮੇਲਨ ਵਿੱਚ ਪੰਜ ਹਜ਼ਾਰ ਤੋਂ ਜ਼ਿਆਦਾ ਪਰਵਾਸੀ ਭਾਰਤੀਆਂ ਨੇ ਹਿੱਸਾ ਲਿਆ। ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਰਵਾਸੀ ਭਾਰਤੀ ਦੇਸ਼ ਦੇ ਬ੍ਰਾਂਡ ਅੰਬੈਸਡਰ ਹਨ, ਜਿਨ੍ਹਾਂ ਦੀ ਯੋਗਤਾ ਤੇ ਸਮਰੱਥਾ ਤੋਂ ਭਾਰਤ ਲਾਭ ਲੈ ਰਿਹਾ ਹੈ। ਸੰਮੇਲਨ ਵਿੱਚ ਦੇਸ਼ ਦੇ ਵਿਕਾਸ ਵਿੱਚ ਪਰਵਾਸੀ ਭਾਰਤੀਆਂ ਤੋਂ ਸਹਿਯੋਗ ਦੀਆਂ ਨਵੀਆਂ ਚਮਕੀਲੀਆਂ ਸੰਭਾਵਨਾਵਾਂ ਦਿਖਾਈ ਦਿੱਤੀਆਂ ਤੇ ਪਰਵਾਸੀ ਭਾਰਤੀਆਂ ਦੇ ਜ਼ਰੀਏ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪਰਵਾਸੀ ਭਾਰਤੀ ਨਵੇਂ ਭਾਰਤ ਦੇ ਆਰਥਿਕ, ਸਮਾਜਕ ਵਿਕਾਸ ਲਈ ਆਪਣੀ ਨਵੀਂ ਭੂਮਿਕਾ ਨਿਭਾਉਣਗੇ।
ਯਕੀਨੀ ਤੌਰ 'ਤੇ ਜਿੱਥੇ ਇੱਕ ਪਾਸੇ ਦੁਨੀਆ ਦੇ ਜ਼ਿਆਦਾਤਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਪਰਵਾਸੀ ਭਾਰਤੀਆਂ ਦੀ ਅਹਿਮੀਅਤ ਵਿਕਾਸ ਵਿੱਚ ਭਾਈਵਾਲ ਵਜੋਂ ਲਗਾਤਾਰ ਵਧਦੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਪਰਵਾਸੀ ਭਾਰਤੀਆਂ ਦਾ ਭਾਰਤ ਪ੍ਰਤੀ ਸਨੇਹ ਤੇ ਸਹਿਯੋਗ ਲਗਾਤਾਰ ਵਧਦਾ ਜਾ ਰਿਹਾ ਹੈ। ਦੁਨੀਆ ਦੇ ਲਗਭਗ 200 ਦੇਸ਼ਾਂ ਵਿੱਚ ਰਹਿ ਰਹੇ ਤਿੰਨ ਕਰੋੜ ਅੱਸੀ ਲੱਖ ਪਰਵਾਸੀ ਭਾਰਤੀ ਦੇਸ਼ ਦੀ ਆਰਥਿਕ ਤੇ ਸਮਾਜਕ ਤਸਵੀਰ ਬਦਲਣ ਵਿੱਚ ਸਹਿਯੋਗ ਵਧਾਉਂਦੇ ਦਿਖਾਈ ਦੇ ਰਹੇ ਹਨ। ਇਹ ਕੋਈ ਛੋਟੀ ਗੱਲ ਨਹੀਂ ਕਿ ਦੁਨੀਆ ਦੇ ਕੋਨੇ-ਕੋਨੇੇ ਤੋਂ ਭਾਰਤੀ ਮੂਲ ਦੇ ਰਾਜਨੇਤਾ ਭਾਰਤ ਦੀ ਸਾਖ ਵਧਾ ਰਹੇ ਹਨ। ਇਹ ਗੱਲ ਵੀ ਅਹਿਮ ਹੈ ਕਿ ਅਮਰੀਕਾ, ਕੈਨੇਡਾ, ਗੁਆਨਾ, ਪੁਰਤਗਾਲ, ਆਇਰਲੈਂਡ ਤੇ ਹੋਰਨਾਂ ਦੇਸ਼ਾਂ ਵਿੱਚ ਪਰਵਾਸੀ ਭਾਰਤੀ ਉਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਕੰਮ ਕਰ ਰਹੇ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਕਾਰੋਬਾਰੀਆਂ, ਵਿਗਿਆਨੀਆਂ, ਤਕਨੀਕੀ ਮਾਹਰਾਂ, ਖੋਜਕਾਰਾਂ ਤੇ ਉਦਯੋਗਪਤੀਆਂ ਦੀ ਪ੍ਰਭਾਵਸ਼ਾਲੀ ਭੂਮਿਕਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਅਰਥਚਾਰਿਆਂ 'ਚ ਸਲਾਹੀ ਜਾ ਰਹੀ ਹੈ। ਇਹ ਤੱਥ ਸਾਰੇ ਜਾਣਦੇ ਹਨ ਕਿ ਪੂਰੀ ਦੁਨੀਆ ਵਿੱਚ ਪਰਵਾਸੀ ਭਾਰਤੀਆਂ ਤੇ ਵਿਦੇਸ਼ਾਂ ਵਿੱਚ ਕੰਮ ਕਰ ਰਹੀ ਭਾਰਤ ਦੀ ਨਵੀਂ ਪੀੜ੍ਹੀ ਦੀ ਸ੍ਰੇਸ਼ਠਤਾ ਨੂੰ ਮਾਨਤਾ ਮਿਲੀ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਮੁਖੀਆਂ ਨੇ ਆਪਣੇ ਅਰਥਚਾਰਿਆਂ 'ਚ ਪਰਵਾਸੀ ਭਾਰਤੀਆਂ ਦੇ ਯੋਗਦਾਨ ਦਾ ਕਈ ਵਾਰ ਜ਼ਿਕਰ ਕੀਤਾ ਅਤੇ ਕਿਹਾ ਹੈ ਕਿ ਪਰਵਾਸੀ ਭਾਰਤੀ ਇਮਾਨਦਾਰ, ਮਿਹਨਤੀ ਅਤੇ ਸਮਰਪਣ ਦੀ ਭਾਵਨਾ ਰੱਖਦੇ ਹਨ। ਆਈ ਟੀ, ਕੰਪਿਊਟਰ, ਮੈਨੇਜਮੈਂਟ, ਬੈਂਕਿੰਗ, ਵਿੱਤ ਆਦਿ ਖੇਤਰ ਵਿੱਚ ਦੁਨੀਆ ਵਿੱਚ ਪਰਵਾਸੀ ਭਾਰਤੀ ਸਭ ਤੋਂ ਅੱਗੇ ਹਨ। ਇਸ ਸਮੇਂ ਦੁਨੀਆ ਵਿੱਚ ਭਾਰਤ ਦੇ ਪੇਸ਼ੇਵਰ ਪਰਵਾਸੀਆਂ ਦੀ ਅਹਿਮੀਅਤ ਵਧਦੀ ਨਜ਼ਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਤੱਕ ਭਾਰਤੀ ਪੇਸ਼ੇਵਰਾਂ ਲਈ ਦੁਨੀਆ ਦੇ ਜੋ ਦੇਸ਼ ਆਪਣੇ ਬੂਹੇ ਬੰਦ ਕਰਦੇ ਨਜ਼ਰ ਆ ਰਹੇ ਹਨ, ਉਹ ਹੁਣ ਸਵਾਗਤ ਨਾਲ ਮੁੜ ਬੂਹੇ ਖੋਲ੍ਹਦੇ ਦਿਖਾਈ ਦੇ ਰਹੇ ਹਨ।
ਬੀਤੀ 11 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ 2019 'ਚ ਛੇਤੀ ਹੀ ਅਜਿਹੀਆਂ ਤਬਦੀਲੀਆਂ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਦਾ ਭਰੋਸਾ ਮਿਲ ਜਾਵੇਗਾ ਤੇ ਉਹ ਆਸਾਨੀ ਨਾਲ ਇਥੋਂ ਦੀ ਨਾਗਰਿਕਤਾ ਹਾਸਲ ਕਰ ਸਕਣਗੇ। ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਭਾਰਤੀ ਪੇਸ਼ੇਵਰਾਂ ਲਈ ਬਹੁਤ ਅਹਿਮ ਹੈ ਤੇ ਇਹ ਵੀਜ਼ਾ ਹਾਸਲ ਕਰਨਾ ਭਾਰਤ ਦੀ ਨਵੀਂ ਪੇਸ਼ੇਵਰ ਪੀੜ੍ਹੀ ਦਾ ਸੁਫਨਾ ਵੀ ਹੈ।
ਅਮਰੀਕਾ ਦੇ ਰੁਖ਼ 'ਚ ਅਚਾਨਕ ਆਈ ਇਸ ਤਬਦੀਲੀ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕਾ ਦੇ ਇਸ ਨਵੇਂ ਰੁਖ਼ ਦੇ ਦੋ ਵੱਡੇ ਕਾਰਨ ਹਨ। ਇੱਕ, ਅਮਰੀਕਾ ਦੇ ਉਦਯੋਗ-ਕਾਰੋਬਾਰ ਪ੍ਰਤਿਭਾਵਾਂ ਦੀ ਘਾਟ ਨਾਲ ਆਰਥਿਕ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਦੂਜਾ, ਪਹਿਲੀ ਵਾਰ ਅਮਰੀਕਾ ਖੁਦ ਪ੍ਰਤਿਭਾਵਾਂ ਦੇ ਪਲਾਇਨ ਬਾਰੇ ਚਿੰਤਾ 'ਚ ਘਿਰ ਗਿਆ ਹੈ। ਅਜਿਹੀ ਸਥਿਤੀ ਵਿੱਚ ਟਰੰਪ ਦੇ ਬਦਲੇ ਹੋਏ ਰੁਖ਼ ਨੂੰ ਦੇਖਦਿਆਂ ਭਾਰਤੀ ਆਈ ਟੀ ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਬਣਨਗੀਆਂ। ਯਕੀਨੀ ਤੌਰ ਉੱਤੇ ਪਰਵਾਸੀ ਭਾਰਤੀ ਆਪਣੇ ਵਤਨ ਦੇ ਵਿਕਾਸ ਵਿੱਚ ਲਗਾਤਾਰ ਸਹਿਯੋਗ ਕਰਦੇ ਦਿਖਾਈ ਦੇ ਰਹੇ ਹਨ। ਪਿੱਛੇ ਜਿਹੇ ਵਿਸ਼ਵ ਬੈਂਕ ਵੱਲੋਂ ਪ੍ਰਕਾਸ਼ਤ ‘ਮਾਈਗ੍ਰੇਸ਼ਨ ਐਂਡ ਰੈਮਿਟੈਂਸ ਰਿਪੋਰਟ 2018’ ਮੁਤਾਬਕ ਵਿਦੇਸ਼ ਵਿੱਚ ਕਮਾਈ ਕਰ ਕੇ ਆਪਣੇ ਦੇਸ਼ ਵਿੱਚ ਵਿਦੇਸ਼ੀ ਕਰੰਸੀ ਭੇਜਣ ਦੇ ਮਾਮਲੇ ਵਿੱਚ ਪਰਵਾਸੀ ਭਾਰਤੀ ਸਭ ਤੋਂ ਅੱਗੇ ਰਹੇ ਹਨ। ਰਿਪੋਰਟ ਮੁਤਾਬਕ ਪਰਵਾਸੀ ਭਾਰਤੀਆਂ ਨੇ 2018 ਵਿੱਚ 80 ਅਰਬ ਡਾਲਰ ਭਾਰਤ ਭੇਜੇ ਹਨ।
ਭਾਰਤ ਤੋਂ ਬਾਅਦ ਚੀਨ ਦਾ ਨੰਬਰ ਹੈ। ਪਰਵਾਸੀ ਚੀਨੀਆਂ ਨੇ 67 ਅਰਬ ਡਾਲਰ ਭੇਜੇ ਹਨ। ਪਰਵਾਸੀ ਭਾਰਤੀਆਂ ਵੱਲੋਂ ਭਾਰਤ ਭੇਜੀ ਕੁੱਲ ਕਰੰਸੀ ਦਾ 75 ਫੀਸਦੀ ਤੋਂ ਵੱਧ ਹਿੱਸਾ 10 ਵੱਡੇ ਦੇਸ਼ਾਂ ਅਮਰੀਕਾ, ਸਾਊਦੀ ਅਰਬ, ਰੂਸ, ਯੂ ਏ ਈ, ਜਰਮਨੀ, ਕੁਵੈਤ, ਫਰਾਂਸ, ਕਤਰ, ਬ੍ਰਿਟੇਨ ਤੇ ਓਮਾਨ 'ਚ ਕਮਾਇਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵੱਖ-ਵੱਖ ਦੇਸ਼ਾਂ ਦੇ ਪਰਵਾਸੀਆਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਅਧਿਕਾਰਤ ਤੌਰ 'ਤੇ ਭੇਜਿਆ ਧਨ 2018 'ਚ 10.8 ਫੀਸਦੀ ਵੱਧ ਕੇ 528 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਹ ਵੀ ਕਿਹਾ ਗਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਪਰਵਾਸੀ ਭਾਰਤੀਆਂ ਵੱਲੋਂ ਭਾਰਤ ਨੂੰ ਭੇਜੀ ਗਈ ਵਿਦੇਸ਼ੀ ਕਰੰਸੀ ਵਿੱਚ ਅਹਿਮ ਵਾਧਾ ਹੋਇਆ ਹੈ।
2016 ਵਿੱਚ ਇਹ ਅੰਕੜਾ 62.7 ਅਰਬ ਡਾਲਰ ਸੀ, ਜੋ 2017 ਵਿੱਚ ਵਧ ਕੇ 65.3 ਅਰਬ ਡਾਲਰ ਹੋ ਗਿਆ। ਸੰਨ 2018 ਵਿੱਚ ਆਰਤਿਕ ਔਕੜਾਂ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਪਰਵਾਸੀਆਂ ਵੱਲੋਂ 2018 ਦੇ ਮੁਕਾਬਲੇ 15 ਅਰਬ ਡਾਲਰ ਜ਼ਿਆਦਾ ਭੇਜੇ ਜਾਣ ਨਾਲ ਭਾਰਤੀ ਅਰਥ ਵਿਵਸਥਾ 'ਚ ਇੱਕ ਨਵਾਂ ਸ਼ੁਭ ਦਿ੍ਰਸ਼ ਦਿਖਾਈ ਦਿੱਤਾ ਹੈ।
ਇਸ ਸਮੇਂ ਜਦੋਂ ਦੁਨੀਆ ਦੇ ਕੋਨੇ-ਕੋਨੇ 'ਚ ਪਰਵਾਸੀ ਭਾਰਤੀਆਂ ਅੰਦਰ ਦੇਸ਼ ਪ੍ਰਤੀ ਸਨੇਹ ਦੀ ਭਾਵਨਾ ਅਤੇ ਖਿੱਚ ਵਧੀ ਹੈ ਅਤੇ ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਦੇ ਰੂਪ ਵਿੱਚ ਭਾਰਤ ਭੇਜ ਰਹੇ ਹਨ, ਉਥੇ ਭਾਰਤ ਨੂੰ ਵੀ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਪਵੇਗਾ। ਅਸਲ ਵਿੱਚ ਦੁਨੀਆ ਦੇ ਸਾਰੇ ਪਰਵਾਸੀ ਭਾਰਤੀ ਬਹੁਤੇ ਅਮੀਰ ਨਹੀਂ ਹਨ। ਜ਼ਿਆਦਾਤਰ ਦੇਸ਼ਾਂ 'ਚ ਇਨ੍ਹਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਖਾਸ ਤੌਰ 'ਤੇ ਵੱਖ-ਵੱਖ ਖਾੜੀ ਦੇਸ਼ਾਂ ਵਿੱਚ ਲੱਖਾਂ ਹੁਨਰਮੰਦ ਤੇ ਗੈਰ-ਹੁਨਰਮੰਦ ਭਾਰਤੀ ਮਜ਼ਦੂਰ ਘੱਟ ਤਨਖਾਹ 'ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਜੀਵਨ ਲਈ ਜ਼ਰੂਰੀ ਸਹੂਲਤਾਂ ਵੀ ਪੂਰੀਆਂ ਨਹੀਂ ਮਿਲ ਰਹੀਆਂ ਹਨ।
ਵਿਸ਼ਵ ਪ੍ਰਸਿੱਧ ਐਨ ਜੀ ਓ ‘ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ' ਨੇ ਪਿੱਛੇ ਜਿਹੇ ਖਾੜੀ ਦੇਸ਼ਾਂ ਵਿੱਚ ਕੰਮ ਕਰਦੇ ਭਾਰਤੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੰਬੰਧੀ ਜੋ ਰਿਪੋਰਟ ਪੇਸ਼ ਕੀਤੀ ਹੈ, ਉਹ ਬਹੁਤ ਚਿੰਤਾਜਨਕ ਹੈ। ਰਿਪੋਰਟ ਮੁਤਾਬਕ ਖਾੜੀ ਦੇਸ਼ਾਂ 'ਚ 2012 ਤੋਂ 2018 ਤੱਕ ਬਹਿਰੀਨ, ਓਮਾਨ, ਕਤਰ, ਕੁਵੈਤ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) 'ਚ ਔਸਤਨ ਰੋਜ਼ਾਨਾ 10 ਭਾਰਤੀ ਮਜ਼ਦੂਰ ਉਲਟ ਸਥਿਤੀਆਂ 'ਚ ਕੰਮ ਕਰਨ ਕਰ ਕੇ ਮੌਤ ਦਾ ਸ਼ਿਕਾਰ ਹੋਏ। ਇਸੇ ਤਰ੍ਹਾਂ ਕਈ ਵਿਕਸਿਤ ਦੇਸ਼ਾਂ 'ਚ ਵੀ ਪਰਵਾਸੀ ਭਾਰਤੀਆਂ ਲਈ ਵੀਜ਼ਾ ਕਾਨੂੰਨਾਂ 'ਚ ਸਖਤੀ ਕਾਰਨ ਮੁਸ਼ਕਲਾਂ ਵਧ ਗਈਆਂ ਹਨ।
ਇਥੇ ਇਹ ਜ਼ਿਕਰ ਯੋਗ ਹੈ ਕਿ ਅਮਰੀਕਾ ਦੇ ਇੱਕ ਥਿੰਕ ਟੈਂਕ ‘ਸਾਊਥ ਏਸ਼ੀਆ ਸੈਂਟਰ ਆਫ ਦਿ ਅਟਲਾਂਟਿਕ ਕਾਊਂਸਿਲ’ ਦੀ ਤਾਜ਼ਾ ਰਿਪੋਰਟ ਮੁਤਾਬਕ ਐਚ-1ਬੀ ਵੀਜ਼ਾ ਧਾਰਕਾਂ ਨੂੰ ਅਕਸਰ ਖਰਾਬ ਹਾਲਾਤ 'ਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਨਾਲ ਬੁਰਾ ਸਲੂਕ ਕੀਤੇ ਜਾਣ ਦਾ ਡਰ ਬਣਿਆ ਰਹਿੰਦਾ ਹੈ। ਥਿੰਕ ਟੈਂਕ ਨੇ ਇਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਤਨਖਾਹ 'ਚ ਤਸੱਲੀ ਬਖਸ਼ ਵਾਧਾ ਕਰਨ, ਵੀਜ਼ਾ ਧਾਰਕਾਂ ਲਈ ਕੰਮ ਦੇ ਹਾਲਾਤ ਚੰਗੇ ਬਣਾਉਣ ਤੇ ਉਨ੍ਹਾਂ ਨੂੰ ਜ਼ਰੂਰੀ ਰੋਜ਼ਗਾਰ ਅਧਿਕਾਰ ਦੇਣ ਦੀ ਮੰਗ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਫੀ ਸੁਰੱਖਿਆ ਉਪਾਅ ਅਪਣਾਉਣ ਨਾਲ ਇਹ ਯਕੀਨੀ ਹੋਵੇਗਾ ਕਿ ਐਚ-1ਬੀ ਪ੍ਰੋਗਰਾਮ ਵਿਦੇਸ਼ੀ ਮਜ਼ਦੂਰਾਂ ਦੀ ਭਰਤੀ ਕਰ ਕੇ ਮਜ਼ਦੂਰਾਂ ਦੀ ਘਾਟ ਪੂਰੀ ਹੋਵੇਗੀ ਤੇ ਇਸ ਨਾਲ ਅਮਰੀਕੀ ਅਰਥ ਵਿਵਸਥਾ ਵਿੱਚ ਮਜ਼ਬੂਤੀ ਆ ਸਕੇਗੀ।
ਜੇ ਅਸੀਂ ਚਾਹੰੁਦੇ ਹਾਂ ਕਿ ਪਰਵਾਸੀ ਭਾਰਤੀ ਆਪਣੇ ਦੇਸ਼ ਦੇ ਵਿਕਾਸ ਵਿੱਚ ਪੱਕੇ ਸਹਿਯੋਗੀ ਬਣਨ ਭਾਵ ਭਰਪੂਰ ਸਹਿਯੋਗ ਦੇਣ ਤਾਂ ਸਾਨੂੰ ਪਰਵਾਸੀਆਂ ਪ੍ਰਤੀ ਸਭਿਆਚਾਰਕ ਸਹਿਯੋਗ ਤੇ ਸਨੇਹ ਵਧਾਉਣਾ ਪਵੇਗਾ। ਉਨ੍ਹਾਂ ਤੋਂ ਜ਼ਿਆਦਾ ਵਿਦੇਸ਼ੀ ਕਰੰਸੀ ਦੀਆਂ ਉਮੀਦਾਂ ਰੱਖਣ ਦੇ ਨਾਲ ਉਨ੍ਹਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਾ ਪਵੇਗੀ। ਜਿਸ ਤਰ੍ਹਾਂ ਚੀਨ ਪਰਵਾਸੀ ਚੀਨੀਆਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ, ਉਸੇ ਤਰ੍ਹਾਂ ਭਾਰਤ ਨੂੰ ਪਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਤੇ ਪਰਵਾਸੀਆਂ ਦੀਆਂ ਮੁਸ਼ਕਲਾਂ ਨਾਲ ਸੰਬੰਧਤ ਆਰਥਿਕ ਤੇ ਸਮਾਜਕ ਮੁੱਦੇ ਮਜ਼ਬੂਤੀ ਨਾਲ ਉਠਾਉਣੇ ਚਾਹੀਦੇ ਹਨ। ਵਿਕਸਿਤ ਦੇਸ਼ਾਂ ਵਿੱਚ ਪਰਵਾਸੀਆ ਦੀਆਂ ਵੀਜ਼ੇ ਸੰਬੰਧੀ ਮੁਸ਼ਕਲਾਂ ਘੱਟ ਕਰਨ ਵਿੱਚ ਵੀ ਮਦਦ ਕਰਨੀ ਪਵੇਗੀ, ਖਾਸ ਤੌਰ 'ਤੇ ਭਾਰਤ ਨੂੰ ਖਾੜੀ ਦੇਸ਼ਾਂ ਨਾਲ ਗੱਲ ਕਰ ਕੇ ਮਜ਼ਦੂਰਾਂ ਦੀ ਬਿਹਤਰੀ ਲਈ ਤੁਰੰਤ ਪਹਿਲ ਕਰਨੀ ਚਾਹੀਦੀ ਹੈ।
ਵਿਦੇਸ਼ਾਂ ਤੋਂ ਆਈ ਕਮਾਈ ਦਾ ਲਗਭਗ ਅੱਧਾ ਹਿੱਸਾ ਕੇਰਲ, ਕਰਨਾਟਕ, ਤਾਮਿਲ ਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਪਰਵਾਸੀਆਂ ਨਾਲ ਸੰਬੰਧਤ ਹੈ ਤੇ ਇਨ੍ਹਾਂ ਰਾਜਾਂ ਵਿੱਚ ਮਜ਼ਦੂਰਾਂ ਦੀ ਕੁਸ਼ਲਤਾ ਤੇ ਹੁਨਰ ਸਿਖਲਾਈ 'ਤੇ ਜਿਸ ਤਰ੍ਹਾਂ ਧਿਆਨ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਦੇਸ਼ ਦੇ ਬਾਕੀ ਸੂਬੇ ਵੀ ਜੇ ਹੁਨਰ ਸਿਖਲਾਈ 'ਤੇ ਧਿਆਨ ਦੇਣ ਤਾਂ ਇਹ ਮਜ਼ਦੂਰ ਵਿਦੇਸ਼ਾਂ ਵਿੱਚ ਜਾ ਕੇ ਜ਼ਿਆਦਾ ਕਮਾਈ ਕਰ ਸਕਣਗੇ। ਭਾਰਤ ਨੂੰ ਵਿਦੇਸ਼ਾਂ ਵਿੱਚ ਰੋਜ਼ਗਾਰ ਦੀਆਂ ਪ੍ਰਕਿਰਿਆਵਾਂ ਸਰਲ ਅਤੇ ਪਾਰਦਰਸ਼ੀ ਬਣਾਉਣ 'ਤੇ ਜ਼ੋਰ ਦੇਣਾ ਪਵੇਗਾ ਤਾਂ ਕਿ ਪਰਵਾਸੀ ਭਾਰਤੀਆਂ ਤੇ ਮਜ਼ਦੂਰਾਂ ਨੂੰ ਬੇਈਮਾਨ ਦਲਾਲਾਂ ਤੇ ਸ਼ੋਸ਼ਣ ਕਰਨ ਵਾਲਿਆਂ ਤੋਂ ਬਚਾਇਆ ਜਾ ਸਕੇ। ਪਰਵਾਸੀ ਭਾਰਤੀਆਂ ਦੀ ਬਿਹਤਰੀ ਦੀ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ।
ਅਜਿਹਾ ਕਰਨ ਨਾਲ ਵਿਦੇਸ਼ੀ ਕਰੰਸੀ ਦੀ ਘਾਟ ਦੇ ਦੌਰ 'ਚੋਂ ਲੰਘ ਰਹੇ ਭਾਰਤ ਨੂੰ ਪਰਵਾਸੀਆਂ ਤੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਵਿਦੇਸ਼ੀ ਕਰੰਸੀ ਹਾਸਲ ਹੋ ਸਕੇਗੀ ਤੇ ਨਾਲ ਹੀ ਭਾਰਤੀ ਅਰਥ ਵਿਵਸਥਾ ਨੂੰ ਗਤੀਸ਼ੀਲ ਬਣਾਉਣ ਵਿੱਚ ਪਰਵਾਸੀ ਭਾਰਤੀਆਂ ਦੀ ਭੂਮਿਕਾ ਅਹਿਮ ਹੋਵੇਗੀ।