Welcome to Canadian Punjabi Post
Follow us on

29

March 2020
ਨਜਰਰੀਆ

ਵਿਰੋਧੀ ਧਿਰ ਦੀ ਏਕਤਾ ਹੋਣੀ ਮੁਸ਼ਕਲ, ਪਰ ਕੋਸ਼ਿਸ਼ ਕਰਨ ਵਿੱਚ ਕੋਈ ਨੁਕਸਾਨ ਨਹੀਂ

January 24, 2019 09:02 AM

-ਕਲਿਆਣੀ ਸ਼ੰਕਰ
ਕੀ ਵਿਰੋਧੀ ਧਿਰ ਇਕਜੁੱਟ ਹੋ ਕੇ ਆਉਣ ਵਾਲੇ ਮਹੀਨਿਆਂ ਵਿੱਚ ਭਾਜਪਾ ਲਈ ਇੱਕ ਚੁਣੌਤੀ ਪੈਦਾ ਕਰ ਸਕਦੀ ਹੈ? ਇਸ ਵਿੱਚ ਕਈ ਕਿੰਤੂ-ਪ੍ਰੰਤੂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਸ਼ਨੀਵਾਰ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਸੀ। ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੇ ਵਿਰੁੱਧ ਗਠਜੋੜ ਬਣਾਉਣ ਲਈ ਰੂਪ-ਰੇਖਾ ਤਿਆਰ ਕਰਨ ਵਾਸਤੇ ਵਿਰੋਧੀ ਪਾਰਟੀਆਂ ਦੇ ਨੇਤਾ ਇਕੱਠੇ ਹੋਏ ਤੇ ‘ਯੂਨਾਈਟਿਡ ਇੰਡੀਆ ਰੈਲੀ’ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਭਵਿੱਖਬਾਣੀ ਕੀਤੀ ਕਿ ਭਾਜਪਾ ਦੇ ਦਿਨ ਗਿਣੇ-ਚੁਣੇ ਰਹਿ ਗਏ ਹਨ ਅਤੇ ਮੋਦੀ ਸਰਕਾਰ ਦੀ ‘ਐਕਸਪਾਇਰੀ ਡੇਟ’ ਨਿਕਲ ਚੁੱਕੀ ਹੈ। ਇਹ ਰੈਲੀ ਸ਼ਾਇਦ ਭਾਜਪਾ ਦੀ ਸਰਕਾਰ ਨੂੰ ਬਾਹਰਲਾ ਰਸਤਾ ਦਿਖਾਉਣ ਲਈ ਇਸ ਸਾਲ ਦੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਯਤਨਾਂ ਦੀ ਸ਼ੁਰੂਆਤ ਸੀ। ਇਸ ਤੋਂ ਪਹਿਲਾਂ ਮਈ ਵਿੱਚ ਜਦੋਂ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਈ ਨੇਤਾਵਾਂ ਦੀ ਮੌਜੂਦਗੀ ਵਿੱਚ ਅਹੁਦੇ ਦੀ ਸਹੁੰ ਚੁੱਕੀ ਸੀ, ਉਸ ਪਿੱਛੋਂ ਕੋਈ ਗੱਲ ਅੱਗੇ ਨਹੀਂ ਵਧੀ, ਪਰ ਇਸ ਵਾਰ ਆਸ ਹੈ ਕਿ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ਵਿੱਚ ਐਨ. ਚੰਦਰਬਾਬੂ ਨਾਇਡੂ ਵੱਲੋਂ ਇੱਕ ਹੋਰ ਰੈਲੀ ਕੀਤੀ ਜਾਵੇਗੀ ਤੇ ਏਦਾਂ ਦੀ ਇੱਕ ਰੈਲੀ ‘ਆਮ ਆਦਮੀ ਪਾਰਟੀ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਵੀ ਕੀਤੀ ਜਾਵੇਗੀ।
ਕੋਲਕਾਤਾ ਦੀ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ 23 ਪਾਰਟੀਆਂ ਦੇ ਨੇਤਾ ਸ਼ਾਮਲ ਸਨ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ, ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ, ਤਿੰਨ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਅਰਵਿੰਦ ਕੇਜਰੀਵਾਲ ਅਤੇ ਕੁਮਾਰਸਵਾਮੀ, ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਫਾਰੂਖ ਅਬਦੁੱਲਾ, ਉਮਰ ਅਬਦੁੱਲਾ ਅਤੇ ਜੇਗੋਂਗ ਅਪਾਂਗ ਦੇ ਨਾਲ ਅਰੁਣ ਸ਼ੋਰੀ ਅਤੇ ਸ਼ਤਰੂਘਨ ਸਿਨਹਾ,ਸ਼ਾਮਲ ਸਨ। ਇਸ ਮੰਚ ਤੋਂ ਮਮਤਾ ਬੈਨਰਜੀ ਨੇ ਦੇਸ਼ ਨੂੰ ਅਪੀਲ ਕੀਤੀ ਕਿ ‘ਬਦਲ ਦਿਓ, ਬਦਲ ਦਿਓ, ਦਿੱਲੀ ਵਿੱਚ ਸਰਕਾਰ ਬਦਲ ਦਿਓ’। ਹੋਰ ਬੁਲਾਰਿਆਂ ਨੇ ਵੀ ਅਜਿਹੀਆਂ ਹੀ ਭਾਵਨਾਵਾਂ ਪ੍ਰਗਟਾਈਆਂ। ਪਿਛਲੇ ਮਹੀਨੇ ਤਿੰਨ ਵੱਡੇ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਵਿਰੋਧੀ ਧਿਰ ਦੀ ਏਕਤਾ ਲਈ ਇਹ ਪਹਿਲੀ ਵੱਡੀ ਕੋਸ਼ਿਸ਼ ਸੀ।
ਵਿਰੋਧੀ ਧਿਰ ਆਪਣੇ ਕੋਲ ਨੇਤਾਵਾਂ ਰੂਪੀ ਦੌਲਤ ਹੋਣ ਦਾ ਦਾਅਵਾ ਕਰਦੀ ਹੈ, ਪਰ ਜਿਵੇਂ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੇ ਸੰਕੇਤ ਦਿੱਤਾ ਹੈ, ਵੱਖ ਵੱਖ ਪਾਰਟੀ ਆਗੂਆਂ ਲਈ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣਾ ਇੱਕ ਬਹੁਤ ਵੱਡਾ ਕੰਮ ਅਤੇ ਸਮੱਸਿਆ ਹੋਵੇਗੀ। ਵੱਖ ਵੱਖ ਰੰਗਾਂ ਅਤੇ ਵਿਚਾਰਧਾਰਾਵਾਂ ਵਾਲੀਆਂ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਹਨ, ਜੋ ਵੱਖ ਵੱਖ ਦਿਸ਼ਾਵਾਂ ਵੱਲ ਭੱਜ ਰਹੀਆਂ ਹਨ। ਸੰਭਾਵਨਾ ਇੱਕ ਕੌਮੀ ਗਠਜੋੜ ਦੀ ਨਹੀਂ, ਸੂਬਾ ਆਧਾਰਤ ਗਠਜੋੜਾਂ ਦੀ ਹੈ। ਖੇਤਰੀ ਨੇਤਾਵਾਂ ਦਾ ਹੰਕਾਰ ਇਸ ਏਕਤਾ ਦੇ ਰਾਹ ਵਿੱਚ ਅੜਿੱਕਾ ਬਣਦਾ ਹੈ। ਅਸਲ ਵਿੱਚ ਕਾਂਗਰਸ ਪਾਰਟੀ ਇਸੇ ਰਣਨੀਤੀ ਉੱਤੇ ਕੰਮ ਕਰ ਰਹੀ ਹੈ ਤੇ ਬਾਕੀ ਪਾਰਟੀਆਂ ਵੀ।
ਮਿਸਾਲ ਵਜੋਂ ਯੂ ਪੀ ਵਿੱਚ ਕਾਂਗਰਸ ਨੂੰ ਬਾਹਰ ਰੱਖਦਿਆਂ ਸਮਾਜਵਾਈ ਪਾਰਟੀ ਅਤੇ ਬਸਪਾ ਨੇ ਇੱਕ ਹੋਣ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ 'ਚ ਕਾਂਗਰਸ ਮਮਤਾ ਬੈਨਰਜੀ ਦੀ ਪਾਰਟੀ ਤਿ੍ਰਣਮੂਲ ਕਾਂਗਰਸ ਪਾਰਟੀ ਵੀ ਕਾਂਗਰਸ ਦਾ ਹੱਥ ਫੜੇਗੀ ਜਾਂ ਖੱਬੇ ਪੱਖੀ ਪਾਰਟੀਆਂ ਦਾ? ਕੀ ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸ਼ਮ ਪਾਰਟੀ ਕਾਂਗਰਸ ਨਾਲ ਆਪਣੇ ਸੰਬੰਧ ਜਾਰੀ ਰੱਖੇਗੀ, ਜਿੱਥੇ ਕਾਂਗਰਸ ਦੀ ਸਥਿਤੀ ਲਗਭਗ ਜ਼ੀਰੋ ਹੈ? ਉਤਰ ਪੂਰਬ ਵਿੱਚਲੀਆਂ ਖੇਤਰੀ ਪਾਰਟੀਆਂ ਨਾਲ ਗਠਜੋੜ ਦੀ ਲੋੜ ਹੈ। ਖੱਬੀਆਂ ਪਾਰਟੀਆਂ ਇਸ ਤੋਂ ਬਾਹਰ ਹਨ, ਕਿਉਂਕਿ ਉਹ ਮਮਤਾ ਬੈਨਰਜੀ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੀਆਂ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ, ਜੋ ਕੇਂਦਰੀ ਮੋਰਚਾ ਬਣਾਉਣ ਰੁੱਝੇ ਹੋਏ ਸਨ, ਰੈਲੀ ਵਿੱਚੋਂ ਗੈਰ-ਹਾਜ਼ਰ ਸਨ, ਕਿਉਂਕਿ ਉਹ ਚੰਦਰਬਾਬੂ ਨਾਇਡੂ ਅਤੇ ਕਾਂਗਰਸ ਦੇ ਨੇਤਾਵਾਂ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੰੁਦੇ। ਇਹੋ ਚੁਣੌਤੀਆਂ ਵਿਰੋਧੀ ਧਿਰ ਦੀ ਏਕਤਾ ਵਿੱਚ ਰੁਕਾਵਟ ਬਣਦੀਆਂ ਹਨ।
ਇਸ ਮੁੱਦੇ ਦਾ ਹੱਲ ਹੋਣ ਉੱਤੇ ਇਹ ਸਵਾਲ ਆਉਂਦਾ ਹੈ ਕਿ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ? ਫਿਲਹਾਲ ਇਸ ਨੂੰ ਇਹ ਕਹਿ ਕੇ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਕਿ ਇੱਕ ਸਮੂਹਿਕ ਲੀਡਰਸ਼ਿਪ ਹੋਵੇਗੀ ਤੇ ਉਮੀਦਵਾਰ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਦੀਆਂ ਸਥਿਤੀਆਂ ਦੇ ਆਧਾਰ ਉੱਤੇ ਕੀਤਾ ਜਾਵੇਗਾ। ਮਮਤਾ ਬੈਨਰਜੀ ਕਹਿੰਦੀ ਹੈ ਕਿ ‘ਭਾਜਪਾ ਨੂੰ ਬਾਹਰ ਸੁੱਟ ਦਿਓ, ਅਸੀਂ ਤੈਅ ਕਰ ਲਵਾਂਗੇ ਕਿ ਕੌਣ ਪ੍ਰਧਾਨ ਮੰਤਰੀ ਬਣ ਸਕਦਾ ਹੈ’। ਇਥੋਂ ਤੱਕ ਕਾਂਗਰਸ ਵੀ ਸਹਿਮਤ ਹੈ ਕਿ ਇਹ ਫੈਸਲਾ ਚੋਣਾਂ ਤੋਂ ਬਾਅਦ ਦੀਆਂ ਸਥਿਤੀਆਂ ਮੁਤਾਬਕ ਲਿਆ ਜਾਣਾ ਚਾਹੀਦਾ ਹੈ। ਇਸ ਲਈ ਕਈ ਵੱਡੇ ਨੇਤਾ ਹੋਣ ਦੇ ਬਾਵਜੂਦ ਵਿਰੋਧੀ ਧਿਰ ਮੋਦੀ ਨੂੰ ਚੁਣੌਤੀ ਦੇਣ ਵਾਲੇ ਤੋਂ ਬਿਨਾਂ ਮੈਦਾਨ ਵਿੱਚ ਉਤਰੇਗੀ।
ਤੀਜੀ ਚੁਣੌਤੀ ਖੇਤਰੀ ਨੇਤਾਵਾਂ ਅੱਗੇ ਹੋਵੇਗੀ ਕਿ ਉਹ ਆਪੋ-ਆਪਣੇ ਸੂਬਿਆਂ 'ਚ ਚੋਣਾਂ ਜਿੱਤਣ ਲਈ ਅਸਾਧਾਰਨ ਦਿ੍ਰੜ੍ਹਤਾ ਦਿਖਾਉਣ। ਉਨ੍ਹਾਂ ਨੇ 2014 ਵਿੱਚ ਪ੍ਰਭਾਵਸ਼ਾਲੀ ਗਿਣਤੀ ਵਿੱਚ ਸੀਟਾਂ ਜਿੱਤ ਕੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ। ਉਸ ਕਾਰਗੁਜ਼ਾਰੀ ਨੂੰ ਦੁਹਰਾਉਣਾ ਮੋਦੀ ਨੂੰ ਚੁਣੌਤੀ ਦੇਣ ਵਾਲਾ ਇੱਕ ਚਿਰ-ਸਥਾਈ ਕਦਮ ਸਿੱਧ ਹੋਵੇਗਾ। ਚੌਥੀ ਚੁਣੌਤੀ ਭਾਜਪਾ ਦੇ ਵਿਰੁੱਧ ‘ਇੱਕ ਦੇ ਸਾਹਮਣੇ ਇੱਕ’ ਦੀ ਲੜਾਈ ਹੈ। ਇਹ ਵਿਰੋਧੀ ਧਿਰ ਦੀਆਂ ਵੋਟਾਂ ਨੂੰ ਵੰਡੀਆਂ ਜਾਣ ਤੋਂ ਬਚਾਏਗਾ, ਪਰ ਅਜਿਹਾ ਮੁਸ਼ਕਲ ਲੱਗਦਾ ਹੈ। ਇਸ ਵਾਰ ਦੀਆਂ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਮੋਦੀ ਵੰਡੀ ਹੋਈ ਵਿਰੋਧੀ ਧਿਰ 'ਤੇ ਨਿਰਭਰ ਕਰਦੇ ਹਨ।
ਪੰਜਵੀਂ ਅਤੇ ਹੋਰ ਵੀ ਅਹਿਮ ਚੁਣੌਤੀ ਇਹ ਹੈ ਕਿ ਵਿਰੋਧੀ ਧਿਰ ਕੋਲ ਕੋਈ ਨਵੀਂ ਸਕ੍ਰਿਪਟ ਨਹੀਂ। ਸਿਰਫ ਮੋਦੀ ਨੂੰ ਨਿੰਦਣ ਨਾਲ ਉਨ੍ਹਾਂ ਨੂੰ ਵੋਟਾਂ ਨਹੀਂ ਮਿਲਣੀਆਂ, ਜਦੋਂ ਤੱਕ ਵਿਰੋਧੀ ਪਾਰਟੀਆਂ ਕਿਸੇ ਕਲਪਨਾ ਨਾਲ ਅੱਗੇ ਨਾ ਆਉਣ, ਵੋਟਰਾਂ ਵਿੱਚ ਜੋਸ਼ ਨਹੀਂ ਆਵੇਗਾ। ਮੋਦੀ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ‘ਭਿ੍ਰਸ਼ਟਾਚਾਰ ਨੂੰ ਲੈ ਕੇ ਮੇਰੇ ਰਵੱਈਏ’ ਨੇ ਕੁਝ ਲੋਕਾਂ ਨੂੰ ਗੁੱਸਾ ਦਿਵਾਇਆ ਹੈ, ਕਿਉਂਕਿ ਮੈਂ ਉਨ੍ਹਾਂ ਲੋਕਾਂ ਦਾ ਪੈਸਾ ਲੁੱਟਣ ਤੋਂ ਰੋਕ ਦਿੱਤਾ ਹੈ। ਉਨ੍ਹਾਂ ਨੇ ਮਹਾਗਠਜੋੜ ਬਣਾ ਲਿਆ ਹੈ।’
ਇਸ ਗੱਲ ਵਿੱਚ ਸ਼ੱਕ ਨਹੀਂ ਕਿ ਵਿਰੋਧੀ ਧਿਰ ਦੀ ਏਕਤਾ ਹੋਣੀ ਮੁਸ਼ਕਲ ਹੈ, ਪਰ ਕੋਸ਼ਿਸ਼ ਕਰਨ ਵਿੱਚ ਕੋਈ ਨੁਕਸਾਨ ਨਹੀਂ। ਭਾਜਪਾ ਵੀ 2014 ਵਿੱਚ ਸਿਰਫ 31 ਫੀਸਦੀ ਵੋਟ ਹਿੱਸੇ ਨਾਲ ਸੱਤਾ ਵਿੱਚ ਆਈ ਸੀ। ਜਿਵੇਂ ਵਿਰੋਧੀ ਧਿਰ ਦੇ ਇੱਕ ਨੇਤਾ ਨੇ ਕਿਹਾ ਹੈ, ‘ਮੰਜ਼ਿਲ ਬਹੁਤ ਦੂਰ ਹੈ, ਰਾਸਤਾ ਬੜਾ ਕਠਿਨ ਹੈ। ਦਿਲ ਮਿਲੇ ਨਾ ਮਿਲੇ, ਹਾਥ ਮਿਲਾ ਕੇ ਚਲੋ।’ ਆਉਣ ਵਾਲੇ ਦਿਨ ਅਤੇ ਮਹੀਨੇ ਦਿਖਾਉਣਗੇ ਕਿ ਕੀ ਵਿਰੋਧੀ ਧਿਰ ਜੋ ਕਹਿੰਦੀ ਹੈ, ਉਹ ਕਰਦੀ ਵੀ ਹੈ।

 

Have something to say? Post your comment