Welcome to Canadian Punjabi Post
Follow us on

29

March 2020
ਨਜਰਰੀਆ

ਸਕੂਲ ਲੇਟ ਆਉਣ ਵਾਲੀ ਕੁੜੀ

January 24, 2019 09:01 AM

-ਪ੍ਰਿੰ. ਵਿਜੈ ਕੁਮਾਰ
ਮੇਰੀ ਪਰਵਰਿਸ਼ ਤੇ ਪੜ੍ਹਾਈ ਦਾ ਵਿਲੱਖਣ ਪੱਖ ਇਹ ਰਿਹਾ ਕਿ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਅਨੁਸ਼ਾਸਨ ਤੇ ਅਸੂਲ ਸਫਲਤਾ ਦੀ ਪਹਿਲੀ ਪੌੜੀ ਹੁੰਦੇ ਹਨ। ਅਧਿਆਪਨ ਦੇ ਲੰਮੇ ਸਫਰ ਵਿੱਚ ਮੈਂ ਇਨ੍ਹਾਂ ਦੋਵਾਂ 'ਤੇ ਬੜੀ ਦਿ੍ਰੜ੍ਹਤਾ ਨਾਲ ਪਹਿਰਾ ਦਿੱਤਾ। ਜਮਾਤ ਇੰਚਾਰਜ ਅਤੇ ਪ੍ਰਿੰਸੀਪਲ ਵਜੋਂ ਮੈਂ ਆਪਣੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਕੂਲ ਦੇਰ ਨਾਲ ਆਉਣ ਤੋਂ ਰੋਕਦਾ ਰਿਹਾ। ਮੈਂ ਸਕੂਲ ਲੱਗਣ ਤੋਂ ਪੰਜ ਮਿੰਟ ਪਹਿਲਾਂ ਸਕੂਲ ਦੇ ਗੇਟ 'ਤੇ ਖੜ੍ਹ ਜਾਂਦਾ ਸਾਂ। ਸਕੂਲ ਦੇਰ ਨਾਲ ਆਉਣ ਵਾਲੀ ਹਰ ਵਿਦਿਆਰਥਣ ਨੂੰ ਜਾਣਦਾ ਅਤੇ ਪਛਾਣਦਾ ਵੀ ਸਾਂ। ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਭਾਵੇਂ ਮੈਨੂੰ ਕਈ ਔਕੜਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੈਂ ਇਸ ਨੂੰ ਮਿਸ਼ਨ ਮੰਨ ਕੇ ਆਪਣਾ ਸੰਘਰਸ਼ ਜਾਰੀ ਰੱਖਦਾ ਹਾਂ। ਮੇਰਾ ਲੰਮੇ ਸਮੇਂ ਦਾ ਅਨੁਭਵ ਇਹ ਆਖਦਾ ਹੈ ਕਿ ਜਿਹੜੇ ਬੱਚੇ ਮੇਰੇ ਕੋਲ ਪੜ੍ਹਦਿਆਂ ਮੇਰੇ ਅਨੁਸ਼ਾਸਨ ਤੇ ਅਸੂਲਾਂ ਦਾ ਵਿਰੋਧ ਕਰਦੇ ਰਹੇ, ਉਹ ਬੱਚੇ ਕੁਝ ਬਣ ਕੇ ਮੈਨੂੰ ਵਿਸ਼ੇਸ਼ ਤੌਰ 'ਤੇ ਮਿਲਣ ਆਉਂਦੇ ਹਨ। ਕਈ ਤਾਂ ਅਧਿਆਪਕ ਦਿਵਸ 'ਤੇ ਤੋਹਫੇ ਵੀ ਦੇ ਜਾਂਦੇ ਰਹੇ ਹਨ।
ਮੇਰੇ ਸਕੂਲ ਦੀ ਅੱਠਵੀਂ ਜਮਾਤ ਦੀ ਇਕ ਕੁੜੀ ਰੋਜ਼ ਸਕੂਲ ਦੇਰ ਨਾਲ ਆਉਂਦੀ ਸੀ। ਮੈਂ ਉਸ ਨੂੰ ਰੋਜ਼ ਗੇਟ ਉਤੇ ਖੜਾ ਕਰ ਦਿੰਦਾ ਸੀ। ਇਹ ਕੁੜੀ ਪੜ੍ਹਾਈ ਲਿਖਾਈ ਵਿੱਚ ਹੁਸ਼ਿਆਰ ਸੀ, ਇਸ ਲਈ ਮੈਂ ਚਾਹੁੰਦਾ ਸਾਂ ਕਿ ਉਸ ਦੀ ਸਕੂਲ ਦੇਰ ਆਉਣ ਦੀ ਆਦਤ ਵਿੱਚ ਸੁਧਾਰ ਆਵੇ। ਮੈਂ ਉਸ ਨੂੰ ਜਦੋਂ ਸਕੂਲ ਦੇਰੀ ਨਾਲ ਆਉਣ ਦਾ ਕਾਰਨ ਪੁੱਛਦਾ, ਉਹ ਕੁਝ ਨਾ ਬੋਲਦੀ, ਸਗੋਂ ਉਸ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਗਣ ਲੱਗ ਪੈਂਦੇ। ਮੈਂ ਬੇਵੱਸ ਜਿਹਾ ਹੋ ਕੇ ਉਸ ਨੂੰ ਉਸ ਦੀ ਜਮਾਤ ਵਿੱਚ ਭੇਜ ਦਿੰਦਾ।
ਇਕ ਦਿਨ ਇਸ ਬਾਰੇ ਉਸ ਦੀ ਜਮਾਤ ਇੰਚਾਰਜ ਨਾਲ ਗੱਲ ਕੀਤੀ, ‘ਇਸ ਬੱਚੀ ਵੱਲ ਕੁਝ ਧਿਆਨ ਦਿਓ’, ਪਰ ਅਧਿਆਪਕਾ ਨੇ ਉਸ ਬਾਰੇ ਜੋ ਦੱਸਿਆ, ਉਸ ਨੇ ਪੈਰਾਂ ਥੱਲਿਓਂ ਜਮੀਨ ਖਿਸਕਾ ਦਿੱਤੀ। ਲੜਕੀ ਦਾ ਪਿਓ ਆਟੋ ਚਲਾਉਂਦਾ ਸੀ, ਉਹ ਪਹਿਲਾਂ ਹੋਰ ਸਕੂਲਾਂ ਦੇ ਬੱਚਿਆਂ ਨੂੰ ਛੱਡ ਕੇ ਆਉਂਦਾ ਸੀ, ਫਿਰ ਇਸ ਨੂੰ ਸਕੂਲ ਛੱਡ ਕੇ ਜਾਂਦਾ ਸੀ। ਇਉਂ ਹੋਰ ਬੱਚਿਆਂ ਨੂੰ ਉਹ ਸਮੇਂ ਸਿਰ ਸਕੂਲ ਪਹੰੁਚਾ ਦਿੰਦਾ ਸੀ, ਪਰ ਇਸ ਚੱਕਰ ਵਿੱਚ ਉਸ ਦੀ ਆਪਣੀ ਕੁੜੀ ਨੂੰ ਰੋਜ਼ ਦੇਰ ਹੋ ਜਾਂਦੀ। ਅਧਿਆਪਕਾ ਨੇ ਇਹ ਵੀ ਦੱਸਿਆ ਕਿ ਕੁੜੀ ਦਾ ਪਿਓ ਸ਼ਰਾਬ ਪੀਂਦਾ ਹੈ, ਉਸ ਨਾਲ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਣਾ, ਉਸ ਬੰਦੇ ਨੂੰ ਤਾਂ ਗੱਲਬਾਤ ਕਰਨ ਦਾ ਵੀ ਚੱਜ ਨਹੀਂ ਹੈ।
ਅਧਿਆਪਕਾ ਦੀਆਂ ਗੱਲਾਂ ਸੁਣ ਕੇ ਮੇਰੀ ਪ੍ਰੇਸ਼ਾਨੀ ਵਧ ਗਈ। ਕੁਝ ਦਿਨਾਂ ਮਗਰੋਂ ਉਸ ਕੁੜੀ ਦੀ ਮਾਂ ਉਸ ਨੂੰ ਨਾਲ ਲੈ ਕੇ ਮੇਰੇ ਦਫਤਰ ਮੂਹਰੇ ਆ ਖੜੀ ਹੋਈ। ਮੈਂ ਮਾਂ ਧੀ ਨੂੰ ਦੇਖ ਕੇ ਆਪਣਾ ਮਨ ਬਣਾ ਲਿਆ, ਕੁੜੀ ਨੂੰ ਕਹਿ ਦਿਆਂਗਾ ਕਿ ਜੇ ਉਹ ਸਕੂਲ ਦੇਰ ਨਾਲ ਆਵੇਗੀ ਤਾਂ ਮੈਂ ਉਸ ਨੂੰ ਕੁਝ ਨਹੀਂ ਪੁੱਛਾਂਗਾ, ਸਗੋਂ ਗੇਟ 'ਤੇ ਡਿਊਟੀ ਦੇਣ ਵਾਲਿਆਂ ਨੂੰ ਕਹਿ ਦਿਆਂਗਾ ਕਿ ਇਸ ਬੱਚੀ ਨੂੰ ਨਹੀਂ ਰੋਕਣਾ, ਉਸ ਨੂੰ ਸਿੱਧਾ ਪ੍ਰਾਰਥਨਾ ਸਭਾ ਵਿੱਚ ਭੇਜ ਦੇਣਾ ਹੈ।
ਇੰਨੇ ਨੂੰ ਉਹ ਮਾਂ-ਧੀ ਅੰਦਰ ਆ ਗਈਆਂ। ਮੈਂ ਕੁੜੀ ਦੀ ਮਾਂ ਨੂੰ ਆਉਣ ਦਾ ਕਾਰਨ ਪੁੱਛਿਆ। ਉਸ ਨੇ ਕਿਹਾ, ‘ਮੈਂ ਅੱਜ ਕੱਲ੍ਹ ਆਪਣੀ ਧੀ ਨੂੰ ਆਪ ਛੱਡ ਕੇ ਜਾਂਦੀ ਹਾਂ। ਮੈਂ ਘਰ ਦਾ ਕੰਮ ਕਾਰ ਮੁਕਾ ਕੇ ਆਉਣਾ ਹੁੰਦਾ ਹੈ। ਇਸ ਲਈ ਇਸ ਨੂੰ ਸਕੂਲ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਜਾਂਦੀ ਹੈ। ਜੇ ਇਹ ਥੋੜ੍ਹਾ ਦੇਰੀ ਨਾਲ ਆਵੇ ਤਾਂ ਇਸ ਨੂੰ ਕੁਝ ਨਾ ਕਿਹੋ।' ਮੈਂ ਕੁੜੀ ਦੀ ਮਾਂ ਨੂੰ ਸਵਾਲ ਕੀਤਾ, ‘ਤੁਸੀਂ ਕਿੱਥੋਂ ਆਉਂਦੇ ਹੋ?' ਉਸ ਨੇ ਆਉਣ ਵਾਲੀ ਥਾਂ ਬਾਰੇ ਦੱਸਿਆ। ਉਹ ਗਲੀ ਮੇਰੇ ਘਰ ਦੇ ਪਿਛਲੇ ਪਾਸੇ ਪੈਂਦੀ ਹੈ ਅਤੇ ਉਥੋਂ ਸਕੂਲ ਬਹੁਤਾ ਦੂਰ ਨਹੀਂ। ਮੈਂ ਉਸ ਔਰਤ ਨੂੰ ਕਿਹਾ, ‘ਤੁਹਾਡਾ ਘਰ ਸਕੂਲ ਤੋਂ ਬਹੁਤੀ ਦੂਰ ਤਾਂ ਹੈ ਨਹੀਂ, ਤੁਸੀਂ ਬੱਚੀ ਨੂੰ ਆਪੇ ਪੈਦਲ ਆਉਣ ਦਿਆ ਕਰੋ।' ਉਹ ਬੋਲੀ, ‘ਧੀ ਨੂੰ ਇਕੱਲੇ ਭੇਜਣ ਤੋਂ ਡਰ ਲੱਗਦਾ, ਜ਼ਮਾਨਾ ਬੜਾ ਖਰਾਬ ਹੈ।' ਮੈਂ ਉਸ ਦੀ ਗੱਲ ਸੁਣ ਕੇ ਕਿਹਾ, ‘ਭੈਣ ਜੀ, ਬੱਚੀ ਤੁਹਾਡੀ ਸਿਆਣੀ ਹੈ, ਇਸ ਨੂੰ ਇਕੱਲਿਆਂ, ਆਪੇ ਆਉਣਾ ਜਾਣਾ ਸਿਖਾਓ।'
ਉਸ ਦਿਨ ਤੋਂ ਬਾਅਦ ਉਹ ਕੁੜੀ ਮੈਨੂੰ ਕਦੇ ਸਕੂਲ ਦੇ ਗੇਟ 'ਤੇ ਖੜੀ ਨਹੀਂ ਮਿਲੀ। ਉਸ ਦੀ ਇੰਚਾਰਜ ਟੀਚਰ ਨੇ ਮੈਨੂੰ ਦੱਸਿਆ ਕਿ ਉਸ ਬੱਚੀ ਨੇ ਘਰ ਤੋਂ ਇਕੱਲਿਆਂ ਪੈਦਲ ਆਉਣਾ ਸ਼ੁਰੂ ਕਰ ਦਿੱਤਾ ਹੈ। ਉਸ ਅਧਿਆਪਕਾ ਦੀਆਂ ਗੱਲਾਂ ਨੇ ਮੇਰੇ ਯਤਨਾਂ ਨੂੰ ਖੰਭ ਲਾ ਦਿੱਤੇ ਸਨ।
ਥੋੜ੍ਹੇ ਚਿਰ ਪਿੱਛੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲੇ ਆ ਗਏ। ਮੈਂ ਇੰਚਾਰਜ ਅਧਿਆਪਕਾ ਨੂੰ ਬੁਲਾ ਕੇ ਕਿਹਾ ਕਿ ਜੂਨੀਅਰ ਵਰਗ ਵਿੱਚ ਉਸ ਕੁੜੀ ਦੀ ਤਿਆਰੀ ਜ਼ਰੂਰ ਕਰਵਾਓ। ਉਸ ਬੱਚੀ ਨੂੰ ਭਾਸ਼ਨ ਮੁਕਾਬਲੇ ਵਿੱਚ ਤਿਆਰੀ ਕਰਵਾਈ ਗਈ। ਤਿਆਰੀ ਤੋਂ ਬਾਅਦ ਖੁਦ ਉਸ ਬੱਚੀ ਦਾ ਭਾਸ਼ਨ ਸੁਣਿਆ। ਜਿਥੇ ਕਿਤੇ ਲੱਗਿਆ, ਨੁਕਤੇ ਦੱਸੇ, ਉਸ ਦੀਆਂ ਖਾਮੀਆਂ ਦੂਰ ਕੀਤੀਆਂ। ਫਿਰ ਰਵਾਇਤ ਅਨੁਸਾਰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਉਸ ਨੂੰ ਬੋਲਣ ਦਾ ਮੌਕਾ ਦਿੱਤਾ। ਉਸ ਦੇ ਹੌਸਲੇ ਤੇ ਉਸ ਦੀ ਪੇਸ਼ਕਾਰੀ ਨੂੰ ਸੁਣ ਕੇ ਸਕੂਲ ਦੇ ਸਭ ਅਧਿਆਪਕ ਬੇਹੱਦ ਖੁਸ਼ ਹੋਏ। ਬੋਰਡ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਉਸ ਕੁੜੀ ਨੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਸਭ ਬੱਚਿਆਂ ਨੂੰ ਵੀ ਮਾਤ ਦੇ ਦਿੱਤੀ। ਉਹ ਸੋਲ੍ਹਾਂ ਸਕੂਲਾਂ ਵਿੱਚੋਂ ਪਹਿਲੇ ਸਥਾਨ 'ਤੇ ਆਈ ਸੀ।

Have something to say? Post your comment