Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਜਗਮੀਤ ਸਿੰਘ ਦੀ ਵਿਰੋਧੀ ਲਿਬਰਲ ਉਮੀਦਵਾਰ ਦਾ ਅਸਤੀਫਾ ਇੱਕ ਚੰਗਿਆੜੀ ਕਿਸਮਤ ਦੀ?

January 17, 2019 07:47 AM

ਪੰਜਾਬੀ ਪੋਸਟ ਸੰਪਾਦਕੀ

ਜਗਮੀਤ ਸਿੰਘ ਅੱਜ ਬਹੁਤ ਖੁਸ਼ ਹੋਵੇਗਾ। ਹਾਊਸ ਆਫ ਕਾਮਨਜ਼ ਵਿੱਚ ਐਮ ਪੀ ਵਜੋਂ ਕਦਮ ਰੱਖਣ ਦੀ ਉਸਦੀ ਖਵਾਹਿਸ਼ ਨੂੰ ਉਸਦੀ ਸੱਭ ਤੋਂ ਮਜ਼ਬੂਤ ਵਿਰੋਧੀ ਲਿਬਰਲ ਉਮੀਦਵਾਰ ਕੈਰਨ ਵੈਂਗ ਨੇ ਬਰਨਬੀ ਸਾਊਥ ਤੋਂ ਆਪਣਾ ਨਾਮ ਵਾਪਸ ਲੈ ਕੇ ਖੰਭ ਲਾ ਦਿੱਤੇ ਹਨ। ਕੈਰਨ ਵੈਂਗ ਨੇ ਆਪਣੇ ਪੈਰੀਂ ਉਸ ਵੇਲੇ ਕੁਹਾੜਾ ਮਾਰ ਲਿਆ ਜਦੋਂ ਉਸਨੇ ਸੋਸ਼ਲ ਮੀਡੀਆ ਉੱਤੇ ਜਗਮੀਤ ਸਿੰਘ ਦੇ ਭਾਰਤੀ ਮੂਲ ਬਾਰੇ ਜਿ਼ਕਰ ਕਰਕੇ ਚੀਨੀ ਭਾਈਚਾਰੇ ਦਾ ਸਮਰੱਥਨ ਲੈਣ ਦਾ ਯਤਨ ਕੀਤਾ। ਕੈਰਨ ਵੈਂਗ ਦੀ ਕੋਸਿ਼ਸ਼ ਨੂੰ ਆਖਣਾ ਤਾਂ ‘ਕੋਝਾ ਯਤਨ’ ਚਾਹੀਦਾ ਹੈ ਪਰ ਅੱਜ ਦੀ ਕੈਨੇਡੀਅਨ ਸਿਆਸਤ ਦਾ ਇਹ ਦੁਖਾਂਤ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਉਮੀਦਵਾਰ ‘ਐਥਨਿਕ ਕਾਰਡ’ ਖੁੱਲ ਕੇ ਖੇਡਦੇ ਹਨ। ਐਥਨਿਕ ਸਿਆਸਤ ਦੇ ਗੰਧਲੇ ਹਮਾਮ ਵਿੱਚ ਸਾਰੇ ਹੀ ਨੰਗੇ ਹਨ ਜਿਸ ਵਿੱਚ ਗੋਤੇ ਲਾਉਣ ਤੋਂ ਬਾਅਦ ‘ਏਕਤਾ, ਵਿਭਿੰਨਤਾ ਆਦਿ ਦਾ ਲਿਬਾਸ ਪਹਿਨ ਲੈਂਦੇ ਹਨ।

ਆਖਣਾ ਪਵੇਗਾ ਕਿ ਉਲਟੇ ਹਾਲਾਤਾਂ ਵਿੱਚੋਂ ਆਸ ਦੀ ਕਿਰਣ ਜਗਾਉਣ ਦੀ ਖੇਡ ਵਿੱਚ ਜਗਮੀਤ ਸਿੰਘ ਕਿਸਮਤ ਦਾ ਧਨੀ ਹੈ। ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਦੌਰਾਨ ਇੱਕ ਗੋਰੀ ਔਰਤ ਨੇ ਬਰੈਂਪਟਨ ਵਿੱਚ ਉਸਦੀ ਸਟੇਜ ਉੱਤੇ ਚੜ ਕੇ ਕੈਨੇਡਾ ਵਿੱਚ ਨਸਲ ਆਧਾਰਿਤ ਸਿਆਸਤ ਬਾਰੇ ਆਪਣਾ ਰੋਸ ਜ਼ਾਹਰ ਕਰਨ ਦੀ ਕੋਸਿ਼ਸ਼ ਕੀਤੀ ਸੀ। ਸ਼ਰੀਆ ਲਾਅ ਬਾਰੇ ਰੌਲਾ ਪਾਉਣ ਵਾਲੀ ਇਸ ਔਰਤ ਐਨਾ ਵੀ ਪਤਾ ਨਹੀਂ ਸੀ ਕਿ ਜਗਮੀਤ ਸਿੰਘ ਇੱਕ ਸਿੱਖ ਹੈ ਜਿਸਦਾ ‘ਸ਼ਰੀਆ’ ਨਾਲ ਕੋਈ ਲੈਣ ਦੇਣ ਨਹੀਂ ਹੈ। ਕੈਰਨ ਵੈਂਗ ਨੇ ਆਪਣੀ ਟਿੱਪਣੀ ਰਾਹੀਂ ਇੱਕ ਵਾਰ ਦੁਬਾਰਾ ਜਗਮੀਤ ਸਿੰਘ ਦੇ ਡੁੱਬੇ ਜਾਂਦੇ ਸਿਆਸੀ ਕੈਰੀਅਰ਼ ਨੂੰ ਇੱਕ ਕਿਸਮ ਦੀ ‘ਲਾਈਫ ਜੈਕਟ’ ਬਖਸ਼ ਦਿੱਤੀ ਹੈ।

ਕੈਰਨ ਵੈਂਗ ਨੇ ਜਗਮੀਤ ਸਿੰਘ ਨੂੰ ਆਪਣੀ ਗਲਤੀ ਦਾ ਤੋਹਫਾ ਉਸ ਵੇਲੇ ਪੇਸ਼ ਕੀਤਾ ਹੈ ਜਦੋਂ ਕੈਨੇਡਾ ਦਾ ਸਮੁੱਚਾ ਮੀਡੀਆ ਉਸਨੂੰ ਦਰਪੇਸ਼ ਚੁਣੌਤੀਆਂ ਦੇ ਕਿੱਸੇ ਵਧਾ ਚੜਾ ਕੇ ਪੇਸ਼ ਕਰ ਰਿਹਾ ਸੀ। ਐਨ ਡੀ ਪੀ ਦੇ ਅੰਦਰ ਵੀ ਉਸਦੀ ਵਿਰੋਧਤਾ ਕੋਈ ਨਵੀਂ ਗੱਲ ਨਹੀਂ ਹੈ। ਹੁਣ ਕੁਦਰਤ ਨੇ ਅਜਿਹੀ ਚਾਲ ਚੱਲ ਦਿੱਤੀ ਹੈ ਕਿ ਖੇਡ ਦਾ ਪਾਸਾ ਜਗਮੀਤ ਸਿੰਘ ਦੇ ਹੱਕ ਵਿੱਚ ਬਦਲਦਾ ਵਿਖਾਈ ਦੇਣ ਲੱਗ ਪਿਆ ਹੈ।

ਕੈਰਨ ਵੈਂਗ ਦਾ ਬਦਲ ਲਿਆਉਣ ਵੇਲੇ ਲਿਬਰਲ ਪਾਰਟੀ ਨੂੰ ਕਈ ਸੋਚਾਂ ਵਿਚਾਰਾਂ ਵਿੱਚੋਂ ਗੁਜ਼ਰਨਾ ਪਵੇਗਾ। 25 ਫਰਵਰੀ ਨੂੰ ਇਸ ਰਾਈਡਿੰਗ ਲਈ ਹੋਣ ਵਾਲੀ ਚੋਣ ਵਾਸਤੇ ਉਮੀਦਵਾਰ ਐਲਾਨਣ ਲਈ ਲਿਬਰਲ ਪਾਰਟੀ ਕੋਲ 4 ਫਰਵਰੀ ਤੱਕ ਦਾ ਸਮਾਂ ਹੈ। ਲਿਬਰਲਾਂ ਲਈ ਇਹ ਗੱਲ ਬਹੁਤ ਲੁਭਾਵਣੀ ਹੋਵੇਗੀ ਕਿ ਉਹ ਕਿਸੇ ਚੀਨੀ ਮੂਲ ਦੇ ਉਮੀਦਵਾਰ ਨੂੰ ਲੈ ਕੇ ਆਉਣ। 2016 ਦੇ ਸਟੈਟੇਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਰਾਈਡਿੰਗ ਵਿੱਚ 42 ਹਜ਼ਾਰ ਤੋਂ ਵੱਧ ਚੀਨੀ ਮੂਲ ਦੇ ਲੋਕ ਵੱਸਦੇ ਹਨ ਜੋ ਕਿ ਕਿਸੇ ਵੀ ਐਥਨਿਕ ਗਰੁੱਪ ਨਾਲੋਂ ਵੱਧ ਹਨ। ਪੰਜਾਬੀ ਬੋਲਣ ਵਾਲੇ ਸਿਰਫ਼ 455। ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਕੈਰਨ ਵੈਂਗ ਚੀਨੀ ਸਿਆਸਤ ਦਾ ਪੱਤਾ ਖੇਡਣ ਦੀ ਕੋਸਿ਼ਸ਼ ਕਿਉਂ ਕਰ ਰਹੀ ਸੀ।

ਕੈਰਨ ਵੈਂਗ ਦੇ ਅਸਤੀਫੇ ਵਿੱਚੋਂ ਜਗਮੀਤ ਸਿੰਘ ਲਈ ਉਗਮੀ ਆਸ ਦੀ ਚੰਗਿਆੜੀ ਉਸ ਖਤਰਨਾਕ ਐਥਨਿਕ ਸਿਆਸਤ ਦੇ ਰੁਝਾਨ ਦਾ ਨਤੀਜਾ ਹੈ ਜਿਸਨੂੰ ਦਹਾਕਿਆਂ ਪਹਿਲਾਂ ਲਿਬਰਲ ਪਾਰਟੀ ਨੇ ਪਾਲਿਆ, ਪੋਸਿਆ, ਵੱਡਾ ਕਰਕੇ ਉਸ ਜਿੰਨ ਜਿੱਡਾ ਬਣਾ ਦਿੱਤਾ ਜਿਸਨੂੰ ਦੁਬਾਰਾ ਬੋਤਲ ਵਿੱਚ ਬੰਦ ਕਰਨਾ ਸੰਭਵ ਨਹੀਂ ਜਾਪਦਾ। ਫੇਰ ਇਸ ਜਿੰਨ ਨੂੰ ਜੇਸਨ ਕੈਨੀ ਨੇ ਚੰਗੇ ਪੱਠੇ ਪਾਏ। ਸਿਧਾਂਤਾਂ ਆਧਾਰਿਤ ਸਿਆਸਤ ਖੇਡਣ ਦਾ ਦਾਅਵਾ ਕਰਨਾ ਵਾਲੀ ਐਨ ਡੀ ਪੀ ਨੂੰ ਬਹੁਤ ਬਾਅਦ ਵਿੱਚ ਜਾ ਕੇ ਖਿਆਲ ਆਇਆ ਕਿ ਐਥਨਿਕ ਸਿਆਸਤ ਦਾ ਸਿਧਾਂਤ ਚੰਗਾ ਹੋਵੇ ਜਾਂ ਨਾ ਪਰ ਮਜਬੂਰੀ ਜਰੂਰ ਹੈ।

ਜਗਮੀਤ ਸਿੰਘ ਖੁਦ ਐਥਨਿਕ ਸਿਆਸਤ ਦਾ ਖਿਡਾਰੀ ਰਿਹਾ ਹੈ। ਐਨ ਡੀ ਪੀ ਲੀਡਰਸਿ਼ੱਪ ਰੇਸ ਦੌਰਾਨ ਉਸਨੂੰ ਮਿਲੇ 33% ਫੰਡ ਬਰੈਂਪਟਨ ਵਿੱਚੋਂ ਆਏ ਸਨ। 10% ਮਿਸੀਸਾਗਾ ਵਿੱਚੋਂ। ਬਾਕੀ ਦਾ ਮੋਟਾ ਹਿੱਸਾ ਵੈਨਕੂਵਰ ਦੇ ਸਰੀ ਆਦਿ ਹਿੱਸਿਆਂ ਵਿੱਚੋਂ। ਮੁੱਖ ਧਾਰਾ ਦੇ ਮੀਡੀਆ ਨੇ ਉਸ ਵੇਲੇ ਕਾਫੀ ਚਰਚਾ ਕੀਤੀ ਸੀ ਕਿ ਜਗਮੀਤ ਸਿੰਘ ਦਾ ਸਮਰੱਥਨ ਸਿੱਖ ਸਮਰੱਥਕਾਂ ਨੇ ਕੀਤਾ ਹੈ ਨਾ ਕਿ ਰਿਵਾਇਤੀ ਐਨ ਡੀ ਪੀ ਸਮਰੱਥਕਾਂ ਨੇ। ਗਲੋਬ ਐਂਡ ਮੇਲ ਕੇ ਕਦੇ ਉਸਨੂੰ ਸਿੱਖ ਸਿਆਸਤ ਦਾ ‘ਕਿੰਗ’ ਕਰਾਰ ਦਿੱਤਾ ਸੀ।

ਖੈਰ, ਹਾਲ ਦੀ ਘੜੀ ਹਾਲਾਤਾਂ ਨੇ ਜਗਮੀਤ ਸਿੰਘ ਲਈ ਹਾਂ ਪੱਖੀ ‘ਟਰਨ’ ਲੈ ਲਿਆ ਜਾਪਦਾ ਹੈ। ਚੋਣਾਂ ਤੱਕ ਇਹ ਹਾਲਾਤ ਇਵੇਂ ਹੀ ਸਾਜ਼ਗਾਰ ਰਹਿਣਗੇ, ਪਲ 2 ਬਦਲਦੇ ਸਿਆਸੀ ਹਾਲਾਤਾਂ ਦੇ ਦੌਰ ਵਿੱਚ ਅਜਿਹਾ ਕਹਿਣਾ ਉੱਨਾ ਹੀ ਔਖਾ ਹੈ ਜਿੰਨੀ ਦੋ ਦਿਨ ਪਹਿਲਾਂ ਕੈਰਨ ਵੈਂਗ ਦੇ ਸਿਆਸੀ ਭੱਵਿਖ ਬਾਰੇ ਭੱਵਿਖਬਾਣੀ ਕਰਨੀ ਔਖੀ ਸੀ।

Have something to say? Post your comment