Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਮਿਉਂਸਪੈਲਟੀਆਂ ਦਾ ਰਿਵਿਊ : ਮਿਸੀਸਾਗਾ ਅਤੇ ਬਰੈਂਪਟਨ ਲਈ ਵੱਖੋ ਵੱਖਰੇ ਮਾਅਨੇ

January 16, 2019 07:27 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੀ ਕੰਜ਼ਰਵੇਟਿਵ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੀ ਪੱਤਝੜ ਰੁੱਤ ਤੋਂ ਪਹਿਲਾਂ ਪੀਲ, ਹਾਲਟਨ, ਡੁਰਹਮ ਅਤੇ ਯੌਰਕ ਸਮੇਤ 8 ਰੀਜਨਲ ਸਰਕਾਰਾਂ ਅਤੇ 74 ਮਿਉਂਸੀਪਲਟੀਆਂ ਦੇ ਕੰਮ ਕਾਜ ਦਾ ਰੀਵਿਊ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਕੱਲ ਜਾਰੀ ਕੀਤੇ ਗਏ ਇੱਕ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਰੀਜਨਲ ਸਰਕਾਰ ਮਾਡਲ ਲਗਭੱਗ 50 ਸਾਲ ਪਹਿਲਾਂ ਹੋਂਦ ਵਿੱਚ ਲਿਆਂਦਾ ਗਿਆ ਸੀ ਜਿਸਨੂੰ ਚੁਸਤ ਦਰੁਸਤ ਬਣਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਮਿਉਂਸੀਪਲ ਅਤੇ ਰੀਜਨਲ ਸਰਕਾਰਾਂ ਦੇ ਕੰਮ ਕਾਜ ਦਾ ਪੜਚੋਲ ਕਰਵਾਉਣ ਦਾ ਡੱਗ ਫੋਰਡ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ।

 

ਰੀਵਿਊ ਵਿੱਚ ਟੋਰਾਂਟੋ ਮਿਉਂਸੀਪਲ ਵੀ ਸ਼ਾਮਲ ਹੈ ਜਿਸ ਦੀਆਂ ਕਾਉਂਸਲ ਸੀਟਾਂ ਨੂੰ ਜੂਨ 2018 ਵਿੱਚ ਇੱਕ ਸਪੈਸ਼ਲ ਐਕਟ ਪਾਸ ਕਰਕੇ 47 ਤੋਂ ਘਟਾ ਕੇ 25 ਕੀਤਾ ਜਾ ਚੁੱਕਾ ਹੈ। ਰੀਵਿਊ ਦੇ ਸਕੋਪ ਵਿੱਚ ਰੀਜਨਲ ਅਤੇ ਮਿਉਂਸੀਪਲ ਸਰਕਾਰਾਂ ਦੇ ਤਾਲਮੇਲ ਦਾ ਮੁਲਾਂਕਣ ਕਰਨਾ, ਮਿਉਂਸਪੈਲਟੀਆਂ ਵੱਲੋਂ ਫੈਸਲੇ ਕਰਨ ਦੀ ਪ੍ਰਕਿਰਿਆ ਦੀ ਪੜਚੋਲ ਕਰਨਾ ਅਤੇ ਇਹ ਵੇਖਣਾ ਸ਼ਾਮਲ ਹੈ ਕਿ ਕੀ ਰੀਜਨ ਅਤੇ ਮਿਉਂਸਪਲ ਵਾਲਾ ਦੋ ਪੱਧਰੀ ਸਿਸਟਮ (ਜਿਵੇਂ ਕਿ ਪੀਲ ਰੀਜਨ ਵਿੱਚ ਹੈ) ਸਾਰੀਆਂ ਮਿਉਂਸਪੈਲਟੀਆਂ ਲਈ ਢੁੱਕਵਾਂ ਵੀ ਹੈ ਜਾਂ ਨਹੀਂ।

ਇਸ ਰੀਵਿਊ ਦਾ ਐਲਾਨ ਇਸ ਲਈ ਵੀ ਦਿਲਚਸਪ ਹੈ ਕਿ ਮਿਉਂਸੀਪਲ ਚੋਣਾਂ ਤੋਂ ਯਕਦਮ ਪਹਿਲਾਂ ਸਰਕਾਰ ਨੇ ਪੀਲ ਰੀਜਨ ਸਮੇਤ ਕਈ ਰੀਜਨਲ ਸਰਕਾਰਾਂ ਦੇ ਚੇਅਰ ਦੀ ਕੁਰਸੀ ਲਈ ਪਹਿਲੀ ਵਾਰ ਕਰਵਾਈਆਂ ਜਾਣ ਵਾਲੀਆਂ ਚੋਣਾਂ ਨੂੰ ਅਚਾਨਕ ਰੱਦ ਕਰ ਦਿੱਤਾ ਸੀ। ਉਸ ਸਮੇਂ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਨੂੰ ਰਾਤੋ ਰਾਤ ਆਪਣੀ ਰਿਹਾਇਸ਼ ਬਦਲ ਕੇ ਬਰੈਂਪਟਨ ਮੇਅਰ ਲਈ ਉਮੀਦਵਾਰੀ ਦਾਖ਼ਲ ਕਰਨੀ ਪਈ ਸੀ।

 ਇਸਨੂੰ ਕੁਦਰਤ ਦੀ ਖੇਡ ਜਾਂ ਸੋਚਿਆ ਸਮਝਿਆ ਸਿਆਸੀ ਕਦਮ ਹੀ ਆਖਿਆ ਜਾ ਸਕਦਾ ਹੈ ਕਿ ਕੱਲ ਜਿਸ ਵੇਲੇ ਸਰਕਾਰ ਨੇ ਮਿਉਂਸਪੈਲਟੀਆਂ ਦੇ ਰੀਵਿਊ ਦਾ ਕੁਈਨ ਪਾਰਕ ਤੋਂ ਐਲਾਨ ਕੀਤਾ, ਉਸ ਵੇਲੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਵੱਲੋਂ ਮਿਸੀਸਾਗਾ, ਬਰੈਂਪਟਨ, ਬਰਲਿੰਗਟਨ ਸਮੇਤ ਇਲਾਕੇ ਦੇ ਕਈ ਮੇਅਰਾਂ ਨਾਲ ਆਪਣੇ ਦਫ਼ਤਰ ਵਿੱਚ ਇੱਕ ਰਸਮੀ ਮੁਲਾਕਾਤ ਕੀਤੀ ਜਾ ਰਹੀ ਸੀ। ਸੁਭਾਵਿਕ ਹੈ ਕਿ ਇਸ ਖ਼ਬਰ ਨੇ ਇਕੱਤਰ ਹੋਏ ਮੇਅਰਾਂ ਵਿੱਚ ਖਲਬਲੀ ਭਰਿਆ ਪ੍ਰਤੀਕਰਮ ਪੈਦਾ ਕੀਤਾ। ਇਹ ਖ਼ਬਰ ਸੱਭ ਤੋਂ ਵੱਡਾ ਧਮਾਕਾ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਲਈ ਸੀ। ਖਬਰਾਂ ਮੁਤਾਬਕ ਬਰੈਂਪਟਨ ਮੇਅਰ ਵਾਸਤੇ ਆਪਣੇ ਇਸ ਤੌਖਲੇ ਨੂੰ ਲੁਕਾ ਪਾਉਣਾ ਔਖਾ ਹੋ ਰਿਹਾ ਸੀ ਕਿ ਇਸ ਰੀਵਿਊ ਦਾ ਅਰਥ ਡੱਗ ਫੋਰਡ ਵੱਲੋਂ ਉਸਦੀ ਕੁਰਸੀ ਨੂੰ ਖੋਰਾ ਲਾਉਣਾ ਹੋ ਸਕਦਾ ਹੈ।

 ਵਰਨਣਯੋਗ ਹੈ ਕਿ ਰੀਵਿਊ ਦਾ ਮਕਸਦ ਸਰਕਾਰ ਦੇ ਆਪਣੇ ਸ਼ਬਦਾਂ ਵਿੱਚ, “ਰੀਜਨ ਅਤੇ ਮਿਉਂਸਪੈਲਟੀਆਂ ਦੇ ਕੰਮ ਕਾਰਜ ਨੂੰ ਸੁਧਾਰਨਾ ਅਤੇ ਟੈਕਸ ਅਦਾ ਕਰਤਾਵਾਂ ਦੇ ਡਾਲਰਾਂ ਦਾ ਮੁੱਲ ਮੋੜਨਾ ਹੈ”। ਜੇ ਟੋਰਾਂਟੋ ਸਿਟੀ ਵਿੱਚ ਕਾਉਂਸਲਰਾਂ ਦੀਆਂ ਘੱਟ ਕੀਤੀਆਂ ਸੀਟਾਂ ਕੋਈ ਸੰਕੇਤ ਹਨ ਤਾਂ ਪੈਟਰਿਕ ਬਰਾਊਨ ਦਾ ਚਿੰਤਤ ਹੋਣਾ ਸੁਭਾਵਕ ਹੈ।

 ਇਸਦੇ ਨਾਲ ਹੀ ਰੀਵਿਊ ਨੇ ਲਗਭੱਗ ਮਰ ਚੁੱਕੀ ਉਸ ਪੁਰਾਣੀ ਚਰਚਾ ਨੂੰ ਵੀ ਦੁਬਾਰਾ ‘ਆਕਸੀਜਨ’ ਪ੍ਰਦਾਨ ਕਰ ਦਿੱਤੀ ਹੈ ਜਿਸਦਾ ਜਨਮ ਮਿਸੀਸਾਗਾ ਦੀ ਸਾਬਕਾ ਮੇਅਰ ਦੀ ਇੱਛਾ ਵਿੱਚੋਂ ਹੋਇਆ ਸੀ। ਇਹ ਚਰਚਾ ਹੈ ਮਿਸੀਸਾਗਾ ਦੀ ਪੀਲ ਰੀਜਨਲ ਸਰਕਾਰ ਨਾਲੋਂ ਨਾਤਾ ਤੋੜ ਕੇ ਵੱਖ ਹੋ ਜਾਣ ਦੀ ਖਵਾਹਿਸ਼। ਸੋ ਸੁਭਾਵਿਕ ਹੈ ਕਿ ਮੇਅਰ ਬੌਨੀ ਕਰੌਂਬੀ ਲਈ ਇਹ ਰੀਵਿਊ ਮਿਸੀਸਾਗਾ ਸਿਟੀ ਦੀ ਖੁਦਮੁਖਤਾਰੀ ਨੂੰ ਹੋਰ ਮਜ਼ਬੂਤ ਕਰਨ ਦਾ ਚੰਗਾ ਸਬੱਬ ਬਣ ਸਕਦਾ ਹੈ। ਸੋ ਕੋਈ ਦੋ ਰਾਵਾਂ ਨਹੀਂ ਹਨ ਕਿ ਪ੍ਰੋਵਿੰਸ਼ੀਅਲ ਟੋਰੀ ਸਰਕਾਰ ਦੀ ਆਲੋਚਕ ਹੋਣ ਦੇ ਬਾਵਜੂਦ ਬੌਨੀ ਕਰੌਂਬੀ ਨੇ ਕੱਲ ਕੀਤੇ ਗਏ ਦੇ ਐਲਾਨ ਦਾ ਖੁੱਲੀਆਂ ਬਾਹਵਾਂ ਨਾਲ ਸੁਆਗਤ ਕੀਤਾ ਹੈ। ਬਰੈਂਪਨ ਅਤੇ ਮਿਸੀਸਾਗਾ ਦੇ ਮੇਅਰਾਂ ਦਾ ਵੱਖੋ ਵੱਖਰਾ ਪ੍ਰਤੀਕਰਮ ਇਹ ਵੀ ਸਾਬਤ ਕਰਦਾ ਹੈ ਕਿ ਸਿਆਸੀ ਚਾਵਲ ਕਿਵੇਂ ‘ਕਿਸੇ ਲਈ ਵਾਦੀ ਅਤੇ ਕਿਸੇ ਲਈ ਸੁਆਦੀ’ ਹੋ ਸਕਦੇ ਹਨ।

 ਸਾਬਕਾ ਡਿਪਟੀ ਮੰਤਰੀ ਅਤੇ ਮੈਟਰੋਲਿੰਕਸ ਦੇ ਰਹਿ ਚੁੱਕੇ ਚੀਫ਼ ਐਗਜੈਕਟਿਵ ਅਫ਼ਸਰ ਮਾਈਕਲ ਫੈਨ ਅਤੇ ਵਾਟਰਲੂ ਰੀਜਨ ਦੇ ਰਿਟਾਇਰ ਹੋ ਚੁੱਕੇ ਚੇਅਰ ਕੈਨ ਸੀਲਿੰਗ ਇਸ ਰੀਵਿਊ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤੇ ਗਏ ਹਨ। ਸਿਆਸੀ ਮਾਹਰ ਇਸ ਗੱਲ ਬਾਰੇ ਚਿੰਤਤ ਹਨ ਕਿ ਮਹਿਜ਼ 6-7 ਮਹੀਨਿਆਂ ਦੀ ਸਮਾਂ ਸੀਮਾ ਦੌਰਾਨ ਦੋ ਵਿਅਕਤੀ ਵੱਲੋਂ 82 ਮਿਉਂਸਪੈਲਟੀਆਂ ਦਾ ਕੀਤਾ ਗਿਆ ਰੀਵਿਊ ਕਿੰਨਾ ਕੁ ਮੋਕਲਾ ਅਤੇ ਪ੍ਰਭਾਵਕਾਰੀ ਹੋ ਸਕਦਾ ਹੈ। ਖਾਸ ਕਰਕੇ ਉਸ ਹਾਲਤ ਵਿੱਚ ਜਦੋਂ ਇਸ ਰੀਵਿਊ ਬਾਰੇ ਜਿੰਨਾ ਹਾਂ ਪੱਖੀ ਪ੍ਰਤੀਕਰਮ ਹੋਣ ਜਾ ਰਿਹਾ ਹੈ, ਤਕਰੀਬਨ ਉੱਨੇ ਖਦਸ਼ੇ ਵੀ ਜਾਹਰ ਕੀਤੇ ਜਾ ਰਹੇ ਹਨ।

Have something to say? Post your comment