ਸੈਕਰਾਮੈਂਟੋ, 16 ਜਨਵਰੀ (ਪੋਸਟ ਬਿਊਰੋ)- ਇੱਕ ਫੈਡਰਲ ਅਦਾਲਤ ਨੇ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਕਰਨ ਦੀ ਥਾਂ ‘ਫਾਇਰਿੰਗ ਸਕੁਐਡ' ਵੱਲੋਂ ਗੋਲੀਆਂ ਮਾਰ ਕੇ ਮਾਰ ਦੇਣ ਦੀ ਅਪੀਲ ਰੱਦ ਕਰ ਦੇਣ ਉਪਰੰਤ ਵੱਖ-ਵੱਖ ਦੋਸ਼ਾਂ ਤਹਿਤ ਦਿੱਤੀ ਗਈ ਦੋ ਕੈਦੀਆਂ ਨੂੰ ਮੌਤ ਦੀ ਸਜ਼ਾ ਉਪਰ ਪਹਿਲੇ ਅਮਲ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਫੈਸਲੇ ਉਪਰੰਤ ਡੋਨਲਡ ਗਰਾਂਟ ਨੂੰ 26 ਜਨਵਰੀ ਤੇ ਗਿਲਬਰਟ ਪੋਸਟਲ ਨੂੰ 27 ਫਰਵਰੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਸਦਾ ਦੀ ਨੀਂਦ ਸਵਾ ਦਿੱਤਾ ਜਾਵੇਗਾ।
ਜੱਜ ਸਟੀਫਨ ਫਰੀਆਟ ਨੇ ਆਪਣੇ ਇਸ ਫੈਸਲੇ ਵਿੱਚ ਕਿਹਾ ਹੈ ਕਿ ਦੋਸ਼ੀਆਂ ਦੇ ਵਕੀਲ ਇਹ ਸਾਬਤ ਕਰਨ ਤੋਂ ਨਾਕਾਮ ਰਹੇ ਹਨ ਕਿ ਜ਼ਹਿਰੀਲਾ ਟੀਕਾ ਲਾਉਣ ਨਾਲ ਵਿਅਕਤੀ ਦਾ ਅੰਤ ਬਹੁਤ ਹੀ ਦੁੱਖਾਂ ਭਰਿਆ ਹੁੰਦਾ ਹੈ, ਹਾਲਾਂਕਿ ਓਕਲਾਹੋਮਾ ਵਿੱਚ ਬੀਤੇ ਵਿੱਚ ਵੀ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਰਹੀ ਹੈ। ਫੈਡਰਲ ਅਦਾਲਤ ਦੇ ਇਸ ਫੈਸਲੇ ਨੂੰ ਦੋਸ਼ੀਆਂ ਦੇ ਵਕੀਲਾਂ ਨੇ ‘ਟੈਂਥ ਸਰਕਟ ਕੋਰਟ ਆਫ ਅਪੀਲ' ਵਿੱਚ ਚੁਣੌਤੀ ਦਿੱਤੀ ਹੈ।ਵਕੀਲ ਜੈਨੀਫਰ ਮੋਰੈਨੋ ਨੇ ਕਿਹਾ ਕਿ ਮੌਤ ਦੀ ਸਜ਼ਾ ਉਪਰ ਇਸ ਸਮੇਂ ਅਮਲ ਕਰਨ ਦਾ ਕੋਈ ਸਿਧਾਂਤਕ ਆਧਾਰ ਮੌਜੂਦ ਨਹੀਂ ਤੇ ਮੌਤ ਦੀ ਸਜ਼ਾ ਨੂੰ ਕੁਝ ਸਮਾਂ ਰੋਕ ਦੇਣਾ ਹੀ ਦੂਰਦਰਸ਼ੀ ਵਾਲਾ ਫੈਸਲਾ ਹੋਵੇਗਾ। ਦੂਸਰੇ ਪਾਸੇ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਕਰਨ ਉੱਤੇ ਜ਼ੋਰ ਦੇ ਰਹੇ ਵਕੀਲਾਂ ਦਾ ਕਹਿਣਾ ਹੈ ਕਿ ‘ਫਾਇਰਿੰਗ ਸਕੁਐਡ' ਰਾਹੀਂ ਜਾਂ ਹੋਰ ਕਿਸੇ ਤਰ੍ਹਾਂ ਮੌਤ ਦੇਣ ਸਬੰਧੀ ਅਪੀਲ ਦਾ ਮਕਸਦ ਦੋਸ਼ੀਆਂ ਦੀ ਫਾਂਸੀ ਨੂੰ ਅੱਗੇ ਪਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ।