ਹੈਲੀਕਾਪਟਰ ਵਿੱਚ ਸਵਾਰ ਬੱਚੇ ਸਮੇਤ ਚਾਰਾਂ ਦੀ ਬਚੀ ਜਾਨ
ਅੱਪਰ ਡਾਰਬੀ, ਫਿਲਾਡੈਲਫੀਆ, 11 ਜਨਵਰੀ (ਪੋਸਟ ਬਿਊਰੋ) : ਸਬਅਰਬਨ ਫਿਲਾਡੈਲਫੀਆ ਦੇ ਰਿਹਾਇਸ਼ੀ ਇਲਾਕੇ ਵਿੱਚ ਪਾਇਲਟ ਵੱਲੋਂ ਮੰਗਲਵਾਰ ਨੂੰ ਇੱਕ ਮੈਡੀਕਲ ਹੈਲੀਕਾਪਟਰ ਨੂੰ ਕਰੈਸ਼ ਲੈਂਡ ਕਰਵਾਇਆ ਗਿਆ।ਪਾਇਲਟ ਕਿਸੇ ਤਰ੍ਹਾਂ ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਵੀ ਹੈਲੀਕਾਪਟਰ ਨੂੰ ਪਰ੍ਹਾਂ ਲਿਜਾ ਸਕਿਆ ਤੇ ਹੈਲੀਕਾਪਟਰ ਇਮਾਰਤਾਂ ਤੋਂ ਥੋੜ੍ਹਾ ਜਿਹਾ ਹਟਕੇ ਸੜਕ ਉੱਤੇ ਤੇ ਚਰਚ ਦੇ ਬਾਹਰ ਵਾਲੀਆਂ ਝਾੜੀਆਂ ਉੱਤੇ ਜਾ ਡਿੱਗਿਆ।ਇਹ ਜਾਣਕਾਰੀ ਅਧਿਕਾਰੀਆਂ ਤੇ ਚਸ਼ਮਦੀਦਾਂ ਵੱਲੋਂ ਦਿੱਤੀ ਗਈ।
ਅੱਪਰ ਡਾਰਬੀ ਪੁਲਿਸ ਸੁਪਰਡੈਂਟ ਟਿਮੋਥੀ ਐਮ ਬਰਨਹਾਰਡਟ ਨੇ ਆਖਿਆ ਕਿ ਇਸ ਨੂੰ ਚਮਤਕਾਰ ਹੀ ਆਖਿਆ ਜਾ ਸਕਦਾ ਹੈ ਕਿ ਜਿਸ ਮਰੀਜ਼ ਬੱਚੇ ਨੂੰ ਇਹ ਹੈਲੀਕਾਪਟਰ ਲਿਜਾ ਰਿਹਾ ਸੀ ਉਸ ਸਮੇਤ ਹੈਲੀਕਾਪਟਰ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਕੋਈ ਖਾਸ ਸੱਟਾਂ ਨਹੀਂ ਲੱਗੀਆਂ।ਰੈਸਕਿਊ ਕ੍ਰਿਊ ਦੁਪਹਿਰੇ 1:00 ਵਜੇ ਅੱਪਰ ਡਾਰਬੀ ਸਥਿਤ ਡਰੈਕਸਲ ਹਿੱਲ ਯੂਨਾਈਟਿਡ ਮੈਥੌਡਿਸਟ ਚਰਚ ਪਹੁੰਚਿਆ ਤੇ ਉਨ੍ਹਾਂ ਨੇ ਪਾਇਲਟ, ਦੋ ਕ੍ਰਿਊ ਮੈਂਬਰਾਂ ਤੇ ਬੱਚੇ ਨੂੰ ਬਾਹਰ ਕੱਢਿਆ।
ਫਿਰ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤੇ ਅਧਿਕਾਰੀਆਂ ਵੱਲੋਂ ਇਸ ਘਟਨਾ ਬਾਰੇ ਬੱਚੇ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ।ਪੈਨਿਨਸਿਲਵੇਨੀਆ ਐਮਰਜੰਸੀ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਉਡਾਨ ਦੌਰਾਨ ਹੈਲੀਕਾਪਟਰ ਵਿੱਚ ਕੋਈ ਮਕੈਨੀਕਲ ਨੁਕਸ ਪਿਆ ਹੋ ਸਕਦਾ ਹੈ ਜਿਸ ਕਾਰਨ ਇਹ ਹਾਦਸਾ ਹੋਇਆ ਹੋਵੇਗਾ।