Welcome to Canadian Punjabi Post
Follow us on

29

March 2024
 
ਨਜਰਰੀਆ

ਭਾਜਪਾ ਨੂੰ ਹਰਾਉਣਾ ਇਸ ਗੱਲ ਉੱਤੇ ਨਿਰਭਰ ਹੈ ਕਿ ਵਿਰੋਧੀ ਧਿਰ ਪੱਤੇ ਕਿਵੇਂ ਖੇਡੇਗੀ

October 13, 2021 10:48 PM

-ਕਲਿਆਣੀ ਸ਼ੰਕਰ
ਸਿਆਸਤ ਵਿੱਚ ਕੁਝ ਵਿਸ਼ੇਸ਼ ਪਲ ਵਿਰੋਧੀ ਪਾਰਟੀਆਂ ਨੂੰ ਵਰਣਨ ਯੋਗ ਮਦਦ ਪਹੁੰਚਾਉਂਦੇ ਹਨ ਅਤੇ ਕਿਸੇ ਰਾਜ ਵਿੱਚ ਸੱਤਾਧਾਰੀ ਪਾਰਟੀ ਨੂੰ ਉਲਟ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਤਿ੍ਰਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਲਈ ਸਿੰਗਰੂ ਦਾ ਪਲ, ਤਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਵੱਲੋਂ 1995 ਵਿੱਚ ਆਪਣੇ ਗੋਦ ਲਏ ਬੇਟੇ ਦੇ ਵਿਆਹ ਵਿੱਚ ਖੁੱਲ੍ਹ ਕੇ ਕੀਤਾ ਖਰਚ, ਇੰਦਰਾ ਗਾਂਧੀ ਦੇ ਲਈ ਬੇਲਚੀ ਦਾ ਪਲ ਤੇ ਰਾਜੀਵ ਗਾਂਧੀ ਵੱਲੋਂ ਆਂਧਰਾ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਟੀ. ਅੰਜਈਆ ਦਾ ਅਪਮਾਨ ਕਰਨਾ ਇਸ ਦੀਆਂ ਕੁਝ ਮਿਸਾਲਾਂ ਹਨ। ਲਖੀਮਪੁਰ ਦੀ ਤਾਜ਼ਾ ਘਟਨਾ, ਜਿਸ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਜਣੇ ਮਾਰੇ ਗਏ ਸਨ, ਅਜਿਹਾ ਇੱਕ ਪਲ ਸੀ, ਜੋ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਵਿਧਾਨ ਸਭਾ ਦੀਆਂ ਚੋਣਾਂ ਤੋਂ ਮਸਾਂ ਪੰਜ ਮਹੀਨੇ ਪਹਿਲਾਂ ਸਭ ਤੋਂ ਵੱਧ ਅਣਸੁਖਾਵਾਂ ਪਲ ਬਣ ਗਿਆ। ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲਿਆ ਤਾਂ ਵਿਰੋਧੀ ਧਿਰ ਦੀ ਹਮਾਇਤ ਵਿੱਚ ਵਾਧਾ ਹੋ ਗਿਆ।
ਵਿਰੋਧੀ ਧਿਰ ਪਾਰਲੀਮੈਂਟ ਵੱਲੋਂ ਬੀਤੇ ਸਾਲ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਚੱਲਦੇ ਅੰਦੋਲਨ ਨੂੰ ਹਵਾ ਦੇ ਰਹੀ ਹੈ। ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੋਸ਼ੀਆਂ ਵਿਰੁੱਧ ਠੋਸ ਕਾਰਵਾਈ ਨਾ ਕਰਨ ਕਰ ਕੇ ਹਮਲਿਆਂ ਹੇਠ ਆਈ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੁੱਖ ਦੋਸ਼ੀ ਵਜੋਂ ਸ਼ਾਮਲ ਹੈ। ਚਾਰ ਕਿਸਾਨਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਉੱਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਵੱਲੋਂ ਗੋਲੀ ਮਾਰੀ ਗਈ ਅਤੇ ਹੋਰਨਾਂ ਉੱਤੇ ਉਨ੍ਹਾਂ ਦੇ ਕਾਫ਼ਲੇ ਦੀਆਂ ਮੋਟਰ ਗੱਡੀਆਂ ਚੜ੍ਹ ਗਈਆਂ ਸਨ।
ਇਸ ਤੋਂ ਵੀ ਵੱਧ ਉਤਰ ਪ੍ਰਦੇਸ਼ ਸਰਕਾਰ ਵੱਲੋਂ ਕਾਂਗਰਸ ਦੀ ਜਨਤਕ ਸੈਕਟਰੀ ਪ੍ਰਿਅੰਕਾ ਗਾਂਧੀ ਵਾਡਰਾ, ਬਸਪਾ ਦੇ ਆਗੂ ਸਤੀਸ਼ ਮਿਸ਼ਰਾ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਅਤੇ ਹੋਰਨਾਂ ਨੂੰ ਗ੍ਰਿਫਤਾਰ ਕਰਨ ਦੇ ਫੈਸਲੇ ਨੇ ਵਿਰੋਧੀ ਧਿਰ ਨੂੰ ਮੁੱਦਾ ਬਣਾਉਣ ਦਾ ਮੌਕਾ ਦੇ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਨਿਰਾਸ਼ਾ ਪ੍ਰਗਟ ਕੀਤੀ ਕਿ ਦੇਸ਼ ਦੇ ਸਭ ਅਦਾਰਿਆਂ ਨੂੰ ਆਰ ਐਸ ਐਸ-ਭਾਜਪਾ ਨੇ ਹਾਈਜੈਕ ਕਰ ਲਿਆ ਹੈ, ਜਿੱਥੇ ਗ੍ਰਹਿ ਮੰਤਰੀ ਦੇ ਪੁੱਤਰ ਵਿਰੁੱਧ ਕਾਰਵਾਈ ਨਹੀਂ ਹੋ ਰਹੀ, ਉਥੇ ਦੇਸ਼ ਵਿੱਚ ਕਿਸਾਨਾਂ ਉੱਤੇ ਗਿਣੇ-ਮਿੱਥੇ ਢੰਗ ਨਾਲ ਹਮਲੇ ਕੀਤੇ ਜਾ ਰਹੇ ਹਨ। ਵਿਰੋਧੀ ਆਗੂਆਂ ਨੂੰ ਲਖੀਮਪੁਰ ਖੀਰੀ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਸਿਰਫ ਤਾਨਾਸ਼ਾਹੀ ਰਾਜ ਵਿੱਚ ਹੀ ਏਦਾਂ ਦੀਆਂ ਗੱਲਾਂ ਹੁੰਦੀਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਮਿਲ ਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ, ਐਨ ਸੀ ਪੀ ਪਾਰਟੀ ਦੇ ਮੁਖੀ ਸ਼ਰਦ ਪਵਾਰ, ਛੱਤੀਸਗ਼ੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਈ ਹੋਰਨਾਂ ਆਗੂਆਂ ਨੇ ਵੀ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕੀਤੀ ਹੈ।
ਜੇ ਵਿਰੋਧੀ ਧਿਰਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋ ਰਹੀਆਂ ਚੋਣਾਂ ਤੱਕ ਲਖੀਮਪੁਰ ਖੀਰੀ ਦੀ ਘਟਨਾ ਦੀ ਰਫਤਾਰ ਨੂੰ ਬਣਾਈ ਰੱਖਣ ਵਿੱਚ ਸਫਲ ਹੋਣ ਤਾਂ ਭਾਜਪਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਵਿਰੋਧੀ ਪਾਰਟੀਆਂ ਤੇ ਭਾਰਤੀ ਕਿਸਾਨ ਯੂਨੀਅਨ ਲਖੀਮਪੁਰ ਖੀਰੀ ਹਿੰਸਾ ਦੇ ਦੁਆਲੇ ਮਾਹੌਲ ਬਣਾ ਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ 12 ਅਕਤੂਬਰ ਨੂੰ ਆਪਣੀ ਪਾਰਟੀ ਵੱਲੋਂ ‘ਵਿਜੇ ਰੱਥ ਯਾਤਰਾ’ ਤੋਰ ਲਈ ਹੈ। ਬਸਪਾ ਦੀ ਮੁੱਖੀ ਮਾਇਆਵਤੀ ਨੇ ਪਾਰਟੀ ਕਾਡਰ ਨੂੰ ਖੇਤੀਬਾੜੀ ਨਾਲ ਸੰਬੰਧਤ ਭਾਈਚਾਰੇ ਤੱਕ ਪਹੁੰਚ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਲਖੀਮਪੁਰ ਖੀਰੀ ਦੀ ਘਟਨਾ ਇੱਕ ਚੋਣ ਮੁੱਦੇ ਵਜੋਂ ਉਭਰੇਗੀ ਤੇ ਭਾਜਪਾ ਨੂੰ ਸੱਟ ਮਾਰੇਗੀ। ਭਾਜਪਾ ਨੂੰ 2017 ਵਿੱਚ ਵੱਡਾ ਲੋਕ ਫਤਵਾ ਮਿਲਿਆ ਸੀ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਕਿੰਨਾ ਜਲਦੀ ਡੈਮੇਜ ਕੰਟਰੋਲ ਕਰਦੀ ਹੈ।
ਉਤਰ ਪ੍ਰਦੇਸ਼ ਬਹੁਤ ਅਹਿਮ ਰਾਜ ਹੈ, ਕਿਉਂਕਿ ਭਾਜਪਾ ਨੇ 2017 ਵਿੱਚ ਬੜਾ ਵੱਡਾ ਲੋਕ ਫਤਵਾ ਇੱਥੇ ਜਿੱਤਿਆ ਸੀ। ਇਹ ਘਟਨਾ ਓਦੋਂ ਹੋਈ, ਜਦੋਂ ਯੋਗੀ ਕੁਝ ਕਿਸਾਨ ਹਿਤੈਸ਼ੀ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ ਜਿਵੇਂ ਪਰਾਲੀ ਸਾੜਣ ਦੇ ਕੇਸ ਵਾਪਸ ਲੈਣੇ ਅਤੇ ਗੰਨੇ ਦੀ ਕੀਮਤ ਵਿੱਚ ਕੁਝ ਵਾਧਾ ਕਰਨਾ। ਦਿਖਾਈ ਦਿੰਦਾ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ ਨੇ ਇਨ੍ਹਾਂ ਤੋਂ ਮਿਲਣ ਵਾਲੇ ਲਾਭ ਖਤਮ ਕਰ ਦਿੱਤੇ ਹਨ। ਉਤਰ ਪ੍ਰਦੇਸ਼ ਸਰਕਾਰ ਨੇ ਇੱਕ ਮੈਂਬਰੀ ਅਦਾਲਤੀ ਕਮਿਸ਼ਨ ਦਾ ਬਣਾਇਆ ਹੈ। ਲਖੀਮਪੁਰ ਖੀਰੀ ਉਤਰ ਪ੍ਰਦੇਸ਼ ਦੇ ਤਰਾਈ ਖੇਤਰ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ, ਜਿੱਥੇ ਸਿੱਖ ਕਿਸਾਨ ਭਾਈਚਾਰੇ ਦੀ ਬਹੁਗਿਣਤੀ ਹੈ। ਉਹ ਪਾਕਿਸਤਾਨ ਤੋਂ ਆਉਣ ਪਿੱਛੋਂ ਇੱਥੇ ਵੱਸੇ ਸਨ। ਇਹ 80 ਫੀਸਦੀ ਪੇਂਡੂ ਹਨ। ਵਧੇਰੇ ਆਬਾਦੀ ਗੰਨੇ ਦੀ ਖੇਤੀ ਉੱਤੇ ਗੁਜ਼ਾਰਾ ਕਰਦੀ ਹੈ। ਜ਼ਿਲ੍ਹੇ ਵਿੱਚ ਬ੍ਰਾਹਮਣਾਂ ਦਾ ਦਬਦਬਾ ਹੈ। ਇਸ ਤੋਂ ਬਾਅਦ ਮੁਸਲਮਾਨ ਅਤੇ ਗੈਰ ਯਾਦਵ ਓ ਬੀ ਸੀਜ਼ (ਅਦਰ ਬੈਕਵਾਰਡ ਕਲਾਸਿਜ਼) ਵਾਲੇ ਕੁਰਮੀ ਹਨ।
ਤੀਜਾ ਕਿਸਾਨਾਂ ਦੇ ਅੰਦੋਲਨ ਦੀ ਹੋਰ ਵਧੇਰੇ ਖੇਤਰਾਂ ਵਿੱਚ ਫੈਲਣ ਦੀ ਆਸ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਵਿਰੋਧੀ ਧਿਰ ਅਤੇ ਭਾਰਤੀ ਕਿਸਾਨ ਯੂਨੀਅਨ ਦੀ ਯੋਜਨਾ ਲਖੀਮਪੁਰ ਘਟਨਾ ਨੂੰ ਕੇਂਦਰ ਬਣਾ ਕੇ ਅੰਦੋਲਨ ਨੂੰ ਤੇਜ਼ ਕਰਨ ਦੀ ਹੈ। ਅਜੇ ਤੱਕ ਇਸ ਨੇ ਉਤਰ ਪ੍ਰਦੇਸ਼ ਦੀਆਂ ਹੱਦਾਂ ਨੂੰ ਪ੍ਰਭਾਵਿਤ ਕੀਤਾ ਹੈ, ਅੱਗੋਂ ਇਹ ਕੇਂਦਰੀ ਉਤਰ ਪ੍ਰਦੇਸ਼ ਤੱਕ ਪਹੁੰਚ ਗਿਆ ਹੈ। ਚੌਥਾ, ਉਤਰ ਪ੍ਰਦੇਸ਼ ਕਾਂਗਰਸ ਖੁਦ ਨੂੰ ਉਪਰ ਚੁੱਕਣ ਲਈ ਮੌਕੇ ਦੀ ਭਾਲ ਵਿੱਚ ਹੈ। ਲਖੀਮਪੁਰ ਖੀਰੀ ਅਜਿਹਾ ਹੀ ਮੌਕਾ ਹੈ, ਜੋ ਮਦਦ ਕਰ ਸਕਦਾ ਹੈ, ਪਰ ਇਸ ਲਈ ਜ਼ਰੂਰੀ ਹੈ ਕਿ ਕਾਂਗਰਸ ਆਪਣੇ ਪੱਤੇ ਸਹੀ ਖੇਡੇ। ਪਾਰਟੀ 1989 ਤੋਂ ਬਾਅਦ ਸੱਤਾ ਤੋਂ ਬਾਹਰ ਹੈ। ਉਸ ਦੀ ਰਾਜ ਵਿੱਚ ਸਥਿਤੀ ਕਮਜ਼ੋਰ ਹੈ। ਉਸ ਦਾ ਨਾਂਹਪੱਖੀ ਪੱਖ ਇਹ ਹੈ ਕਿ ਕਾਂਗਰਸ ਦਾ ਮੁੜ ਉਭਾਰ ਸਮਾਜਵਾਦੀ ਪਾਰਟੀ ਤੇ ਬਸਪਾ ਵਰਗੇ ਹੋਰ ਅਹਿਮ ਖਿਡਾਰੀਆਂ ਨੂੰ ਵਰਣਨ ਯੋਗ ਸੱਟ ਮਾਰ ਸਕਦਾ ਹੈ, ਇਸ ਕਾਰਨ ਵਿਰੋਧੀ ਪਾਰਟੀਆਂ ਵਿੱਚ ਹੋਰ ਵੰਡ ਹੋ ਸਕਦੀ ਹੈ। ਇਹ ਪ੍ਰਭਾਵ ਨਾਟਕੀ ਹੋਵੇਗਾ। ਵਿਰੋਧੀ ਧਿਰ ਇਕੱਠੀ ਹੋ ਜਾਏ ਅਤੇ ਭਾਜਪਾ ਵਿਰੁੱਧ ਸਾਂਝੀ ਕਾਰਵਾਈ ਦੀ ਯੋਜਨਾ ਬਣਾਏ ਤਾਂ ਸਥਿਤੀ ਬਦਲ ਸਕਦੀ ਹੈ। ਮੌਜੂਦਾ ਸਮੇਂ ਵਿੱਚ ਵਿਰੋਧੀ ਧਿਰ ਬਹੁਤ ਵਧੇਰੇ ਧੜਿਆਂ ਵਿੱਚ ਵੰਡੀ ਹੋਈ ਹੈ।
ਪੰਜਵਾਂ, ਗਾਂਧੀ ਭਰਾ-ਭੈਣ ਲਈ ਆਪਣੀ ਲੀਡਰਸ਼ਿਪ ਦੀ ਸਮਰਥਾ ਨੂੰ ਸਾਬਿਤ ਕਰਨ ਦਾ ਸਹੀ ਸਮਾਂ ਹੈ। ਜੇ ਉਹ ਉਤਰ ਪ੍ਰਦੇਸ਼ ਵਿੱਚ ਸੁਧਾਰ ਕਰ ਸਕਣ ਤਾਂ ਉਨ੍ਹਾਂ ਦਾ ਸਮੁੱਚਾ ਭਵਿੱਖ ਸੁਧਰ ਸਕਦਾ ਹੈ। ਲਖੀਮਪੁਰ ਖੀਰੀ ਦੀ ਘਟਨਾ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਵਿਕਸਿਤ ਹੰੁਦੀ ਕਹਾਣੀ ਬਣੀ ਰਹੇਗੀ। ਭਾਜਪਾ ਨੂੰ ਹਰਾਉਣਾ ਇਸ ਉੱਤੇ ਨਿਰਭਰ ਕਰੇਗਾ ਕਿ ਵਿਰੋਧੀ ਧਿਰ ਕਿਸ ਤਰ੍ਹਾਂ ਆਪਣੇ ਪੱਤੇ ਖੇਡਦੀ ਹੈ, ਵਰਨਾ ਇਹ ਇੱਕ ਸੈਲਫ-ਗੋਲ ਸਾਬਿਤ ਹੋਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ