Welcome to Canadian Punjabi Post
Follow us on

13

July 2025
 
ਨਜਰਰੀਆ

ਆਂਖੋਂ ਮੇਂ ਰਹਾ, ਦਿਲ ਮੇਂ ਉਤਰ ਕਰ ਨਹੀਂ ਦੇਖਾ...

October 12, 2021 02:01 AM

-ਗੁਰਬਿੰਦਰ ਸਿੰਘ ਮਾਣਕ
ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਮਨੁੱਖ ਜ਼ਿੰਦਗੀ ਦੇ ਬਹੁਤ ਸਖਤ ਤੇ ਔਖੇ ਇਮਤਿਹਾਨਾਂ ਵਿੱਚੋਂ ਵੀ ਸਫਲਤਾ ਪੂਰਵਕ ਨਿਕਲਣ ਦਾ ਹੁਨਰ ਜਾਣਦਾ ਹੈ। ਬਹੁਤ ਵਿੱਲਖਣ ਤੇ ਹੈਰਾਨਕੁੰਨ ਪ੍ਰਾਪਤੀਆਂ ਕਰ ਕੇ ਮਨੁੱਖ ਨੇ ਆਪਣੀ ਬੁੱਧੀ ਤੇ ਵਿਵੇਕ ਦਾ ਭਰਵਾਂ ਪ੍ਰਗਟਾਵਾ ਕੀਤਾ ਹੈ। ਬਿਨਾਂ ਸ਼ੱਕ ਮਨੁੱਖ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਮੀ ਹੈ, ਪਰ ਦੁਨੀਆ ਭਰ ਦੀ ਜਾਣਕਾਰੀ ਰੱਖਣ ਵਾਲਾ ਮਨੁੱਖ ਆਪਣੇ ਆਪ ਤੋਂ ਏਦਾਂ ਬੇਮੁਖ ਹੋਇਆ ਪਿਆ ਹੈ ਕਿ ਕਈ ਵਾਰ ਉਸ ਦੀ ਸਾਰੀ ਜ਼ਿੰਦਗੀ ਬੇਖਬਰੀ ਦੇ ਆਲਮ ਵਿੱਚ ਗੁਜ਼ਰ ਜਾਂਦੀ ਹੈ। ਹਾਲਾਂਕਿ ਮਨੁੱਖ ਨੇ ਬਹੁਤ ਵਿਦਵਾਨ ਹੋਣ ਦਾ ਭਰਮ ਪਾਲਿਆ ਹੋਇਆ ਹੈ, ਪੰਜਾਬੀ ਸਭਿਆਚਾਰ ਦੀਆਂ ਲੋਕ-ਸਿਆਣਪਾਂ ਵਿੱਚ ‘ਦੀਵੇ ਥੱਲੇ ਹਨੇਰਾ' ਦਾ ਪ੍ਰਸੰਗ ਵੀ ਮਨੁੱਖ ਦੀ ਅਜਿਹੀ ਪ੍ਰਵਿਰਤੀ ਨਾਲ ਜੁੜਦਾ ਹੈ। ਦੂਜਿਆਂ ਨੂੰ ਰੋਸ਼ਨੀ ਦਿਖਾਉਣ ਵਾਲੇ ਨੂੰ ਕਈ ਵਾਰ ਇਹ ਅਨੁਭਵ ਨਹੀਂ ਹੁੰਦਾ ਕਿ ਉਹ ਆਪ ਹੀ ਹਨੇਰੇ ਰਾਹ ਤੁਰਿਆ ਹੋਇਆ ਹੈ।
ਸਿੱਖਿਆ ਅਤੇ ਗਿਆਨ ਦਾ ਮੂਲ ਮੰਤਵ ਮਨੁੱਖੀ ਆਪੇ ਦੀ ਪਛਾਣ ਕਰਨਾ ਹੈ। ਢੇਰਾਂ ਪੁਸਤਕਾਂ ਪੜ੍ਹ ਕੇ, ਡਿਗਰੀਆਂ ਹਾਸਲ ਕਰ ਕੇ ਪ੍ਰਾਪਤ ਕੀਤਾ ਰਸਮੀ ਜਿਹਾ ਗਿਆਨ ਉਦੋਂ ਤੱਕ ਬੇਅਰਥ ਹੈ, ਜਦੋਂ ਤੱਕ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸੋਝੀ ਨਹੀਂ ਆਉਂਦੀ। ਸਾਡੇ ਦੇਸ਼ ਵਿੱਚ ਧਾਰਮਿਕ ਬਿਰਤੀ ਵਾਲੇ ਬਹੁਤੇ ਲੋਕਾਂ ਦਾ ਜੀਵਨ ਬਾਹਰੀ ਭੇਖਾਂ ਅਤੇ ਕਈ ਤਰ੍ਹਾਂ ਦੀਆਂ ਫਜ਼ੂਲ ਜਿਹੀਆਂ ਰਹੁ-ਰੀਤਾਂ ਵਿੱਚ ਗੁਜ਼ਰ ਜਾਂਦਾ ਹੈ, ਪਰ ਉਹ ਧਰਮ ਦੀ ਮੂਲ ਸਿੱਖਿਆ ਤੋਂ ਸੱਖਣੇ ਹੀ ਰਹਿੰਦੇ ਹਨ। ਜੇ ਕਿਸੇ ਉਪਦੇਸ਼ਕ ਜਾਂ ਪ੍ਰਚਾਰਕ ਦਾ ਆਪਣਾ ਜੀਵਨ ਹੀ ਨਿਰਾਰਥਕ ਗੱਲਾਂ ਤੇ ਅੰਧ ਵਿਸ਼ਵਾਸਾਂ ਵਿੱਚ ਗੁਜ਼ਰ ਰਿਹਾ ਹੋਵੇ ਤਾਂ ਉਸ ਦੇ ਵਿਚਾਰਾਂ ਦਾ ਆਮ ਲੋਕਾਂ ਉੱਤੇ ਕੋਈ ਬੱਝਵਾਂ ਪ੍ਰਭਾਵ ਨਹੀਂ ਪੈ ਸਕਦਾ।
ਸਮਾਜ ਵਿੱਚ ਨਾ-ਬਰਾਬਰੀ, ਖੁਦਗਰਜ਼ੀ, ਸੰਕੀਰਨਤਾ, ਲਾਲਸਾਵਾਂ ਅਤੇ ਅਤਿ ਦੀਆਂ ਘਿਨਾਉਣੀਆਂ ਘਟਨਾਵਾਂ ਦਾ ਨਿੱਤ ਵਾਪਰਨਾ ਇਸ ਦਾ ਸੂਚਕ ਹੈ ਕਿ ਮਨੁੱਖ ਗਿਆਨ ਦੇ ਸਮੁੰਦਰ ਵਿੱਚ ਵਿਚਰ ਕੇ ਵੀ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਗੁਰਬਾਣੀ ਆਪਣੇ ਗਿਰੇਵਾਨ ਵਿੱਚ ਝਾਤੀ ਮਾਰਨ ਦਾ ਉਪਦੇਸ਼ ਦਿੰਦੀ ਹੈ ਤਾਂ ਕਿ ਮਨੁੱਖ ਆਪਣੇ ਔਗੁਣਾਂ ਦੀ ਥਾਹ ਪਾ ਸਕੇ, ਪਰ ਇਸ ਰਾਹ ਉੱਤੇ ਤੁਰਨ ਵਾਲੇ ਵਿਰਲੇ ਹਨ। ਧਰਮ ਦਾ ਬਾਣਾ ਪਹਿਨ ਕੇ ਤੇ ਬਾਹਰੀ ਅਡੰਬਰ ਵਿੱਚ ਖਪ ਕੇ ਕੁਝ ਪ੍ਰਾਪਤ ਕਰਨ ਦੀ ਆਸ ਰੱਖਣਾ ਪਾਖੰਡ ਜਾਂ ਆਪਣੇ ਆਪ ਨਾਲ ਧੋਖਾ ਹੈ। ਜਦੋਂ ਤੱਕ ਮਨੁੱਖ ਮਨ ਅੰਦਰ ਕਿਸੇ ਵਿਚਾਰ ਜਾਂ ਪ੍ਰਭਾਵ ਨੂੰ ਕਬੂਲ ਕੇ ਜ਼ਿੰਦਗੀ ਦੇ ਅਮਲ ਵਿੱਚ ਨਹੀਂ ਲਿਆਉਂਦਾ, ਉਦੋਂ ਤੱਕ ਸਭ ਕੁਝ ਵਿਅਰਥ ਹੈ।
ਦੂਜਿਆਂ ਦੇ ਨੁਕਸ ਕੱਢਣੇ ਜਾਂ ਔਗੁਣ ਛਾਂਟਣੇ ਆਸਾਨ ਹਨ, ਪਰ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਉਸ ਦੇ ਆਪਣੇ ਅੰਦਰ ਵੀ ਅਜੇ ਕਿੰਨਾ ਹਨੇਰਾ ਛਾਇਆ ਹੈ। ਦੂਜਿਆਂ ਵੱਲ ਉਂਗਲੀ ਉਠਾਉਣ ਵਾਲਾ ਇਹ ਭੁੱਲ ਜਾਂਦਾ ਹੈ ਕਿ ਉਸ ਹੱਥ ਦੀਆਂ ਤਿੰਨ ਉਂਗਲਾਂ ਉਸ ਦੇ ਆਪਣੇ ਵੱਲ ਇਸ਼ਾਰਾ ਕਰਦੀਆਂ ਹੁੰਦੀਆਂ ਹਨ। ਮਨੁੱਖ ਗਲਤੀ ਦਾ ਪੁਤਲਾ ਹੈ। ਹਰ ਮਨੁੱਖ ਤੋਂ ਕਦੇ ਨਾ ਕਦੇ ਸੁਭਾਵਿਕ ਰੂਪ ਵਿੱਚ ਕੋਈ ਗਲਤੀ ਹੋਸ ਕਦੀ ਹੈ। ਸਿਆਣੇ ਲੋਕ ਗਲਤੀ ਕਰਨ ਤੋਂ ਬਾਅਦ ਸੁਚੇਤ ਰੂਪ ਵਿੱਚ ਸੰਭਲ ਜਾਂਦੇ ਹਨ, ਪਰ ਕੁਝ ਆਪਣੇ ਸੁਭਾਅ ਜਾਂ ਸਥਿਤੀਆਂ ਕਾਰਨ ਵਾਰ ਵਾਰ ਗਲਤੀਆਂ ਦੁਹਰਾਉਂਦੇ ਹਨ। ਕੁਝ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਗਲਤੀ ਕਰਨਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ। ਦੂਜਿਆਂ ਦੀ ਗਲਤੀ ਨੂੰ ਉਛਾਲਣ ਦੀ ਪ੍ਰਵਿਰਤੀ ਉਨ੍ਹਾਂ ਵਿੱਚ ਵਧੇਰੇ ਹੁੰਦੀ ਹੈ, ਜਿਨ੍ਹਾਂ ਦਾ ਆਪਾ ਗਲਤੀਆਂ ਦੇ ਤੀਰਾਂ ਨਾਲ ਵਿੰਨ੍ਹਿਆ ਪਿਆ ਹੁੰਦਾ ਹੈ। ਜਿਹੜੇ ਆਪਾ ਪੜਚੋਲ ਕਰਦੇ ਹਨ, ਉਹ ਦੂਜਿਆਂ ਦੇ ਨੁਕਸਾਂ ਵੱਲ ਕਦੇ ਉਂਗਲ ਨਹੀਂ ਉਠਾਉਂਦੇ। ਉਹ ਦੂਜਿਆਂ ਦਾ ਕੋਈ ਔਗੂਣ ਦੇਖ ਕੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਦੇ ਹਨ ਕਿ ਉਹ ਆਪ ਇਸ ਤੋਂ ਮੁਕਤ ਹਨ। ‘ਆਪ ਨਾ ਵੱਸੀ ਸਹੁਰੇ, ਲੋਕਾਂ ਮੱਤੀਂ ਦੇਹ’ ਜਿਹੀ ਪੰਜਾਬੀ ਲੋਕ ਸਿਆਣਪ ਦੇ ਅਰਥ ਬੜੇ ਡੂੰਘੇ ਹਨ। ਅਕਸਰ ਇਸ ਤਰ੍ਹਾਂ ਕਰਨ ਵਾਲਾ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਦੂਜਾ ਕਿਸੇ ਦੀ ਗਲਤੀ ਨੂੰ ਮੁਆਫ ਕਰ ਦੇਣਾ ਉਚੀ ਸ਼ਖਸੀਅਤ ਦਾ ਪ੍ਰਮਾਣ ਹੈ।
ਜੇ ਮਨੁੱਖ ਆਪਣੇ ਅੰਦਰ ਝਾਤੀ ਮਾਰਨ ਲੱਗ ਜਾਵੇ ਤਾਂ ਮਨੁੱਖੀ ਜੀਵਨ ਵਿੱਚ ਪੱਸਰੇ ਅੰਧਕਾਰ ਨੂੰ ਦੂਰ ਭਜਾਇਆ ਜਾ ਸਕਦਾ ਹੈ। ਸਾਰਾ ਗਿਆਨ ਮਨੁੱਖ ਦੇ ਅੰਦਰ ਹੈ, ਪਰ ਉਹ ਇਸ ਦੀ ਤਲਾਸ਼ ਵਿੱਚ ਬਾਹਰ ਭਟਕਦਾ ਹੈ। ਬਾਹਰਲੇ ਗਿਆਨ ਰੂਪੀ ਸੋਮੇ ਮਨੁੱਖੀ ਮਨ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਸਾਧਨ ਮਾਤਰ ਹਨ। ਹਊਮੈ, ਈਰਖਾ, ਨਫਰਤ ਤੇ ਸਵਾਰਥ ਇਸੇ ਕਾਰਨ ਅਜੋਕੇ ਮਨੁੱਖ ਦਾ ਸਿਰਨਾਵਾਂ ਬਣ ਗਏ ਹਨ ਕਿ ਉਸ ਨੇ ਕਦੇ ਆਪਣੇ ਗਿਰੇਵਾਨ ਵਿੱਚ ਝਾਕ ਕੇ ਨਹੀਂ ਦੇਖਿਆ। ਨਿਮਰਤਾ, ਸਹਿਣਸ਼ੀਲਤਾ ਤੇ ਸਹਿਜਤਾ ਦੇ ਗੁਣ ਸਭ ਨੂੰ ਚੰਗੇ ਲੱਗਦੇ ਹਨ ਤੇ ਹਰ ਕੋਈ ਚਾਹੰੁਦਾ ਹੈ ਕਿ ਉਸ ਨਾਲ ਸਭਿਅਕ ਤੇ ਸਲੀਕੇ ਨਾਲ ਵਿਹਾਰ ਕੀਤਾ ਜਾਵੇ।
ਸਥਿਤੀ ਦਾ ਦਿਲਚਸਪ ਪਹਿਲੂ ਇਹ ਕਿ ਹਰ ਕੋਈ ਦੂਜੇ ਨਾਲ ਵਿਹਾਰ ਕਰਨ ਸਮੇਂ ਇਹ ਗੱਲ ਵਿਸਾਰ ਦਿੰਦਾ ਹੈ ਤੇ ਆਸ ਇਹ ਹੁੰਦੀ ਹੈ ਕਿ ਦੂਜਾ ਉਸ ਨਾਲ ਸੰਜੀਦਾ ਤੇ ਸਭਿਅਕ ਢੰਗ ਨਾਲ ਪੇਸ਼ ਆਵੇ। ਸਮਾਜ ਵਿੱਚ ਵਿਚਰਦਿਆਂ ਅਕਸਰ ‘ਨਹਿਲੇ ਤੇ ਦਹਿਲਾ’ ਵਾਲੀ ਸਥਿਤੀ ਦੇਖਣ ਨੂੰ ਮਿਲਦੀ ਹੈ। ਬੋਲਾਂ ਦੀ ਮਿਠਾਸ, ਨਿਰਮਾਣਤਾ, ਸਹਿਣਸ਼ੀਲਤਾ ਤੇ ਅਪਣੱਤ ਭਰਿਆ ਸਹਿਚਾਰ ਵਰਗੇ ਗਣ ਕੇਵਲ ਪੁਸਤਕਾਂ ਦਾ ਸ਼ਿੰਗਾਰ ਬਣ ਰਹਿ ਗਏ ਹਨ। ਵਿਹਾਰਕ ਰੂਪ ਵਿੱਚ ਅਜਿਹੇ ਮਾਨਵੀ ਗੁਣ ਸਾਡੇ ਜੀਵਨ ਵਿੱਚੋਂ ਤੇਜ਼ੀ ਨਾਲ ਕਿਰਦੇ ਜਾ ਰਹੇ ਹਨ। ਸਹਿਣਸ਼ੀਲਤਾ ਜੀਵਨ ਵਿੱਚੋਂ ਇਸ ਕਦਰ ਮਨਫੀ ਹੁੰਦੀ ਜਾ ਰਹੀ ਹੈ ਕਿ ਦੂਜੇ ਦੀ ਗੱਲ ਸੁਣਨ ਤੇ ਸਹਿਣ ਲਈ ਕੋਈ ਤਿਆਰ ਹੀ ਨਹੀਂ। ਵੱਡੀ ਗਿਣਤੀ ਲੋਕ ਇੱਕ ਦੂਜੇ ਨਾਲ ‘ਇੱਟ ਚੁੱਕਦੇ ਨੂੰ ਪੱਥਰ ਤਿਆਰ’ ਦੀ ਭਾਵਨਾ ਨਾਲ ਵਿਹਾਰ ਕਰਨ ਨੂੰ ਪਹਿਲ ਦਿੰਦੇ ਹਨ। ਦੂਜਿਆਂ ਨਾਲ ਕੌੜਾ ਬੋਲ ਕੇ ਨਿਮਰਤਾ ਦੀ ਆਸ ਰੱਖਣੀ ਮਹਿਜ਼ ਭਰਮ ਹੀ ਹੈ।
ਕਈ ਵਾਰ ਦੇਖਦੇ ਹਾਂ ਕਿ ਉਚੇ ਅਹੁਦਿਆਂ ਉੱਤੇ ਪਹੁੰਚੇ ਹੋਏ ਲੋਕ ਵੀ ਆਪਣੇ ਮਾਤਹਿਤ ਕਰਮਚਾਰੀਆਂ ਤੇ ਹੋਰ ਲੋਕਾਂ ਨਾਲ ਬਹੁਤ ਕੁਰੱਖਤ ਢੰਗ ਨਾਲ ਪੇਸ਼ ਆਉਂਦੇ ਹਨ। ਉੱਚ ਵਿੱਦਿਆ ਪ੍ਰਾਪਤ ਕਰ ਕੇ ਅਤੇ ਕਿਸੇ ਜ਼ਿੰਮੇਵਾਰ ਅਹੁਦੇ ਉੱਤੇ ਪਹੁੰਚ ਕੇ ਮਨੁੱਖ ਦੇ ਅੰਦਰ ਨਿਮਰਤਾ, ਮਾਨਵੀ ਵਿਹਾਰ ਤੇ ਸੇਵਾ ਭਾਵਨਾ ਡੁੱਲ੍ਹ ਡੁੱਲ੍ਹ ਪੈਣੀ ਚਾਹੀਦੀ ਹੈ ਤਾਂ ਕਿ ਉਸ ਕੋਲ ਆਇਆ ਹਰ ਵਿਅਕਤੀ ਉਸ ਦਾ ਕਾਇਲ ਹੋ ਜਾਵੇ। ਕਿਸੇ ਵਿਅਕਤੀ ਦੀ ਪਛਾਣ ਉਸ ਦੇ ਅਹੁਦੇ ਕਾਰਨ ਹੀ ਹੁੰਦੀ ਸਗੋਂ ਉਸ ਦੇ ਮਾਨਵੀ ਵਿਹਾਰ ਕਰਾਨ ਹੁੰਦੀ ਹੈ। ਉਚੇਅਹੁਦੇ ਉਤੇ ਬੈਠਾ ਮਨੁੱਖ ਜੇ ਅਜਿਹੇ ਗੁਣਾਂ ਤੋਂ ਸੱਖਣਾ ਹੋਵੇ ਤਾਂ ਉਹ ਆਪਣੇ ਅਹੁਦੇ ਦੀ ਕੁਰਸੀ ਤੋਂ ਕਿਤੇ ਨੀਵਾਂ ਹੋ ਜਾਂਦਾ ਹੈ। ਅਸਲ ਵਿੱਚ ਕਿਸੇ ਵਿਅਕਤੀ ਦਾ ਦੂਜਿਆਂ ਨਾਲ ਵਰਤੋਂ ਵਿਹਾਰ, ਉਸ ਦੀ ਭਾਸ਼ਾ, ਚਿਹਰੇ ਤੇ ਹਾਵ-ਭਾਵ, ਗੱਲ ਪ੍ਰਤੀ ਸੰਜੀਦਗੀ, ਮਨੁੱਖੀ ਹਮਦਰਦੀ ਤੇ ਦੂਜਿਆਂ ਨਾਲ ਸਤਿਕਾਰ ਨਾਲ ਪੇਸ਼ ਆਉਣ ਦੀ ਭਾਵਨਾ ਹੀ ਉੱਚੀ ਸ਼ਖਸੀਅਤ ਦੀ ਨਿਸ਼ਾਨੀ ਹੈ। ਹਰ ਇੱਕ ਨਾਲ ਦੁਰ ਵਿਹਾਰ ਕਰਨ ਵਾਲੇ ਤੇ ਤਲਖ ਬੋਲਾਂ ਦੀ ਵਰਤੋਂ ਕਰਨ ਵਾਲਾ ਆਪਣੇ ਆਪ ਨੂੰ ਜਿੰਨਾ ਮਰਜ਼ੀ ‘ਸਿਆਣਾ' ਸਮਝੀ ਜਾਵੇ, ਪਰ ਸਮਾਜ ਵਿੱਚ ਉਸ ਦੀ ਕੋਈ ਪਛਾਣ ਜਾਂ ਆਦਰ ਦੀ ਭਾਵਨਾ ਨਹੀਂ ਹੁੰਦੀ ਹੈ। ਦੂਜਿਆਂ ਨੂੰ ਹਰ ਗੱਲ ਵਿੱਚ ਨਸੀਹਤਾਂ ਦੇਣ ਵਾਲੇ, ਜੇ ਅਮਲੀ ਰੂਪ ਵਿੱਚਖੁਦ ਕੋਰੇ ਹੋਣ ਤਾਂ ਛੇਤੀ ਹੀ ਲੋਕ ਮਨਾਂ ਵਿੱਚੋਂ ਨਿਕਲ ਜਾਂਦੇ ਹਨ।
ਅਜੋਕਾ ਮਨੁੱਖ ਕੁਦਰਤ ਦੇ ਸੰਤੁਲਨ ਨੂੰ ਆਪਣੇ ਹੱਥੀਂ ਵਿਗਾੜ ਕੇ ਜਿਊਣ ਲਈ ਸੰਕਟ ਪੈਦਾ ਕਰਨ ਦੇ ਰਾਹ ਤੁਰ ਪਿਆ। ਥਾਂ-ਥਾਂ ਗੰਦਗੀ ਦੇ ਢੇਰ, ਪ੍ਰਦੂਸ਼ਤ ਵਾਤਾਵਰਣ, ਲਗਾਤਾਰ ਹੇਠਾਂ ਡਿੱਗਦਾ ਪਾਣੀ ਦਾ ਪੱਧਰ, ਰੁੱਖਾਂ ਤੋਂ ਸੱਖਣੀ ਹੁੰਦੀ ਧਰਤੀ, ਰਸਾਇਣਕ ਖਾਦਾਂ ਤੇ ਕੀੜੇਮਾਰ ਜ਼ਹਿਰਾਂ ਦੀ ਅੰਨ੍ਹੀ ਵਰਤੋਂ ਦੇ ਸਾਧਨ ਮਨੁੱਖਤਾ ਦੇ ਵਿਨਾਸ਼ ਲਈ ਮਨੁੱਖ ਨੇ ਆਪ ਹੀ ਪੈਦਾ ਕੀਤੇ ਹਨ। ਕੁਦਰਤ ਦੇ ਸੰਤੁਲਨ ਨੂੰ ਵਿਗਾੜ ਕੇ ਕੀਤੀ ਤਰੱਕੀ ਮਨੁੱਖ ਲਈ ਬਰਬਾਦੀ ਬਣਦੀ ਜਾਂਦੀ ਹੈ। ਕੋਰੋਨਾ ਵਾਇਰਸ ਵਰਗੀ ਮਹਾਮਾਰੀ ਲਈ ਵੀ ਬਹੁਤ ਹੱਦ ਤੱਕ ਮਨੁੱਖ ਆਪ ਜ਼ਿੰਮੇਵਾਰ ਹੈ। ਮਨੁੱਖ ਨੇ ਆਪਣੀ ਹੈਂਕੜ ਤੇ ਅੰਨ੍ਹੇ ਵਿਕਾਸ ਦੀ ਦੌੜ ਵਿੱਚ ਕੁਦਰਤ ਦੇ ਸੰਤੁਲਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਕੁਦਰਤ ਵੱਲੋਂ ਏਨੀ ਮਾਰ ਪੈਣ ਦੇ ਬਾਵਜੂਦ ਮਨੁੱਖ ਅਜੇ ਵੀ ਸਮਝਣ ਲਈ ਤਿਆਰ ਨਹੀਂ ਹੈ।
ਸਭਿਆਚਾਰ ਮਨੁੱਖ ਦੀਆਂ ਜੜ੍ਹਾਂ ਸਮਾਨ ਹੰੁਦੀਆਂ ਹਨ। ਅਜੋਕਾ ਮਨੁੱਖ ਕਈ ਮੁੱਲਵਾਨ ਸਭਿਆਚਾਰਕ ਮਾਨਤਾਵਾਂ ਨੂੰ ਉਲੰਘਦਾ ਜਾ ਰਿਹਾ ਹੈ। ਸਮਾਜਕ ਜੀਵਨ ਵਿੱਚ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇਣਾ ਹੀ ਹੈ। ਅਜੋਕੀ ਪੀੜ੍ਹੀ ਦੇ ਵਿਹਾਰ ਵਿੱਚ ਆਪ-ਹੁਦਰਾਪਨ, ਬੇਰੁਖੀ, ਗੁੱਸਾ, ਰਿਸ਼ਤਿਆਂ ਦਾ ਨਿਰਾਦਰ ਤੇ ਸੰਕੀਰਨਤਾ ਆਦਿ ਸਭਿਆਚਾਰ ਦੇ ਮੂਲ ਆਦਰਸ਼ਾਂ ਤੋਂ ਦੂਰ ਜਾਣ ਦਾ ਸਿੱਟਾ ਹੈ। ਸਿੱਖਿਆ, ਗਿਆਨ ਵਿਗਿਆਨ, ਅਨੇਕਾਂ ਵਿਚਾਰਧਾਰਾਵਾਂ, ਫਿਲਾਸਫੀਆਂ ਦਾ ਮੂਲ ਮਕਸਦ ਮਨੁੱਖ ਨੂੰ ਸੋਝੀ ਪ੍ਰਦਾਨ ਕਰ ਕੇ ਉੱਤਮ ਇਨਸਾਨ ਬਣਾਉਣਾ ਹੈ। ਜੇ ਗਿਆਨ ਦੇ ਸੋਮੇ ਮਨੁੱਖ ਦੇ ਅੰਦਰ ਇਨਸਾਨੀਅਤ ਦੀ ਜੋਤ ਨਹੀਂ ਜਗਾਉਂਦੇ ਤਾਂ ਇਸ ਦਾ ਭਾਵ ਇਹੀ ਹੈ ਕਿ ਮਨੁੱਖ ਨੇ ਪੇਤਲੇ ਰੂਪ ਵਿੱਚ ਪੜ੍ਹਿਆ ਸੁਣਿਆ ਹੈ, ਪਰ ਉਸ ਨੂੰ ਵਿਚਾਰਿਆ ਨਹੀਂ। ਕੋਈ ਵੀ ਪ੍ਰਾਪਤੀ ਮਨੁੱਖੀ ਮਨ ਵਿੱਚ ਹੌਸਲਾ ਤੇ ਸ਼ਕਤੀ ਪੈਦਾ ਕਰਦੀ ਹੈ ਨਾ ਕਿ ਹਊਮੈ। ਆਪਣਾ ਸਵੈ-ਮੁਲਾਂਕਣ ਕਰਦੇ ਰਹਿਣਾ ਵੀ ਕੁਝ ਨਵਾਂ ਸਿੱਕਣ ਵਾਂਗ ਹੀ ਹੈ। ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਦਾ ਇੱਕ ਸ਼ੇਅਰ ਅਜੋਕੇ ਮਨੁੱਖ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ :
ਆਂਖੋਂ ਮੈਂ ਰਹਾ, ਦਿਲ ਮੇਂ ਉਤਰ ਕਰ ਨਹੀਂ ਦੇਖਾ,
ਕਸ਼ਤੀ ਕੇ ਮੁਸਾਫਿਰ ਨੇ ਸਮੰਦਰ ਨਹੀਂ ਦੇਖਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ