Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਨਜਰਰੀਆ

ਬਦਲ ਰਿਹਾ ਪੰਜਾਬ ਦਾ ਸਿਆਸੀ ਮਾਹੌਲ

October 05, 2021 02:31 AM

-ਤਲਵਿੰਦਰ ਸਿੰਘ ਬੁੱਟਰ
‘ਜਿਨ ਕੀ ਜਾਤ ਬਰਨ ਕੁਲ ਮਾਹੀ। ਸਰਦਾਰੀ ਨਾ ਭਈ ਕਦਾਹੀਂ। ਤਿਨ ਹੀ ਕੋ ਸਰਦਾਰ ਬਨਾਊਂ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ’। ਇਹ ਸੋਚ ਖਾਲਸਾ ਪੰਥ ਦੀ ਸੋਚ ਹੈ, ਇਹ ਗੁਰੁੂ ਨਾਨਕ ਦੀ ਸੋਚ ਹੈ, ਇਹ ਸੋਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਇਸੇ ਸੋਚ ਨੇ ਅੱਜ ਮੈਨੂੰ ਇੱਕ ਗਰੀਬ ਦੇ ਪੁੱਤ ਨੂੰ ਏਨਾ ਵੱਡਾ ਰੁਤਬਾ ਦਿੱਤਾ ਹੈ। ਇਹ ਵਖਿਆਨ ਕਿਸੇ ਧਾਰਮਕ ਪ੍ਰਚਾਰਕ ਜਾਂ ਵਿਦਵਾਨ ਦੇ ਨਹੀਂ, ਇਹ ਬੋਲ ਹਨ ਪੰਜਾਬ ਦੇ ਨਵੇਂ ਮੁੱਖ ਮਤੰਰੀ ਚਰਨਜੀਤ ਸਿੰਘ ਚੰਨੀ ਦੇ ਹਨ। ਸ਼ਾਇਦ ਅਜਿਹਾ ਮੁੱਦਤਾਂ ਪਿੱਛੋਂ ਹੋਇਆ ਹੈ ਕਿ ਕਿਸੇ ਮੱਖ ਮੰਤਰੀ ਨੇ ਅਹੁਦਾ ਸੰਭਾਲਣ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੀ ਸਿਆਸੀ ਦੁਸ਼ਵਾਰੀਆਂ ਦੀ ਬਜਾਏ ਸਮਾਜਕ ਨਿਆਂ ਤੇ ਉਥਾਨ ਦੇ ਪ੍ਰਵਚਨ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ ਹੈ। ਜਦੋਂ ਪਲੇਠੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਜ਼ਬਾਤੀ ਹੁੰਦਿਆਂ ਕਹਿੰਦੇ ਹਨ, ‘ਮੇਰੇ ਵਰਗਾ ਆਦਮੀ, ਜਿਸ ਦੇ ਪੱਲੇ ਕੁਝ ਨਹੀਂ ਸੀ, ਘਰ ਉੱਤੇ ਛੱਤ ਨਹੀਂ ਸੀ। ਮੇਰੀ ਮਾਂ ਟੋਭੇ ਵਿੱਚੋਂ ਗਾਰਾ ਲੈ ਕੇ ਆਉਂਦੀ ਅਤੇ ਤੂੜੀ ਵਿੱਚ ਮਿਲਾ ਕੇ ਘਰ ਦੀਆਂ ਕੰਧਾਂ ਨੂੰ ਲਿੱਪਦੀ ਸੀ, ਉਸ ਦਾ ਪੁੱਤ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਮੈਂ ਹਰ ਗਰੀਬ ਆਦਮੀ, ਉਹ ਮਜ਼ਦੂਰ, ਕਿਸਾਨ, ਦੁਕਾਨਦਾਰ ਤੇ ਭਾਵੇਂ ਰਿਕਸ਼ੇ ਵਾਲਾ ਹੋਵੇ, ਦਾ ਨੁਮਾਇੰਦਾ ਹਾਂ’ ਤਾਂ ਇਨ੍ਹਾਂ ਬੋਲਾਂ ਵਿੱਚੋਂ ਹਰ ਆਮ ਆਦਮੀ ਨੂੰ ਸਮਾਜੀ ਨਿਆਂ ਦਾ ਇੱਕ ਨਵਾਂ ਸਿਆਸੀ ਬਿਰਤਾਂਤ ਸਿਰਜ ਹੁੰਦਾ ਪ੍ਰਤੀਤ ਹੁੰਦਾ ਹੈ। ਅਮਲੀ ਰੂਪ ਵਿੱਚ ਸਰਕਾਰ ਭਾਵੇਂ ਕੁਝ ਕਰੇ ਜਾਂ ਨਾ, ਪਰ ਜਦੋਂ ਸੰਵਾਦ ਰਾਹੀਂ ਸਰਕਾਰ ਜਨਤਾ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਰਾਜਨੀਤਕ ਪ੍ਰਬੰਧਾਂ ਦੀ ਕਲਾਕਾਰੀ ਹੁੰਦੀ ਹੈ।
ਭਾਵੇਂ ਨਵੇਂ ਮੁੱਖ ਮੰਤਰੀ ਦੇ ਬੋਲਾਂ ਵਿੱਚੋਂ ਅਮਲਾਂ ਦਾ ਦੌਰ ਅਜੇ ਸ਼ੁਰੂ ਹੋਣਾ ਹੈ, ਪਰ ਉਨ੍ਹਾਂ ਵੱਲੋਂ ਅੱਜ ਤੱਕ ਕੀਤੀਆਂ ਤਕਰੀਰਾਂ ਪੰਜਾਬ ਦੇ ਲੋਕਾਂ ਨੂੰ ਨਵਾਂ ਉਤਸ਼ਾਹ, ਪ੍ਰੇਰਨਾ ਅਤੇ ਆਸ ਜ਼ਰੂਰ ਦੇ ਰਹੀਆਂ ਹਨ। ਸ਼ਾਇਦ ਇਹ ਆਸ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਬਿਰਤਾਂਤ ਤੋਂ ਮਰ-ਮੁੱਕ ਚੁੱਕੀ ਸੀ। ਪੰਜਾਬ ਦੀ ਸਿਆਸਤ ਦੇ ਇਤਿਹਾਸ ਵਿੱਚ ਚਰਨਜੀਤ ਸਿੰਘ ਚੰਨੀ ਇੱਕ ਕ੍ਰਿਸ਼ਮੇ ਵਾਂਗ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਹਨ। ਉਨ੍ਹਾਂ ਪੱਲੇ ਨਾ ਰਜਵਾੜਾਸ਼ਾਹੀ ਵਿਰਾਸਤ ਹੈ, ਨਾ ਹੀ ਸਰਮਾਏਦਾਰੀ ਪਿਛੋਕੜ ਅਤੇ ਨਾ ਆਪਣੀ ਸਿਆਸੀ ਪਾਰਟੀ ਅੰਦਰ ਉਨ੍ਹਾਂ ਦੀ ਕੋਈ ਵੱਡੀ ਥਾਂ ਸੀ। ਪੰਜਾਬ ਦੇ ਇਤਿਹਾਸ ਵਿੱਚ ਉਹ ਅਨੁਸੂਚਿਤ ਜਾਤੀਆਂ ਵਿੱਚੋਂ ਪਹਿਲੇ ਅਤੇ ਪੰਜਾਬੀ ਸੂਬਾ ਬਣਨ ਤੋਂ ਬਾਅਦ (ਗਿਆਨੀ ਜ਼ੈਲ ਸਿੰਘ ਤੋਂ ਬਾਅਦ) ਦੂਜੇ ਗੈਰ-ਜੱਟ ਮੁੱਖ ਮੰਤਰੀ ਹਨ। ਪੰਜਾਬ ਦੇ ਅਣਗੌਲੇ ਤੇ ਪੱਛੜੇ ਪੁਆਧ ਖੇਤਰ ਵਿੱਚੋਂ ਉਹ ਪਹਿਲੇ ਮੁੱਖ ਮੰਤਰੀ ਹਨ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਸਮਾਜੀ ਨਿਆਂ ਦਾ ਸੰਵਾਦ ਉਭਰਿਆ ਹੈ। ਜਦੋਂ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਉੱਤੇ ਪੰਜਾਬ ਤੋਂ ਬਾਹਰ ਦੇ ਲੋਕ ਹੈਰਾਨ ਹੁੰਦਿਆਂ ਸੋਸ਼ਲ ਮੀਡੀਆ ਉੱਤੇ ਇਹ ਟਿੱਪਣੀਆਂ ਕਰਦੇ ਹਨ ਕਿ ‘ਪਹਿਲੀ ਵਾਰ ਦਸਤਾਰ ਵਾਲਾ ਦਲਿਤ ਵੇਖਿਆ ਹੈ’ ਤਾਂ ਇਸ ਵਿੱਚੋਂ ਦਸ ਗੁਰੂ ਸਾਹਿਬਾਨ ਵੱਲੋਂ ਹਿੰਦੁਸਤਾਨ ਨੂੰ ਸਮਾਜਕ ਉੱਥਾਨ ਲਈ ਦਿੱਤੀ ਅਦੁੱਤੀ ਦੇਣ ਦੀਆਂ ਨਵੀਆਂ ਅੰਤਰ-ਦਿ੍ਰਸ਼ਟੀਆਂ ਦਾ ਸਹਿਜ ਪ੍ਰਗਟਾਵਾ ਵੀ ਹੁੰਦਾ ਹੈ।
ਹਾਲਾਂਕਿ ਸਿਆਸਤ ਖੇਡ ਹੀ ਲੋਕਾਂ ਨੂੰ ਸੁਫਨੇ ਦਿਖਾਉਣ ਅਤੇ ਵਾਅਦੇ ਕਰਨ ਦੀ ਬਣ ਚੁੱਕੀ ਹੈ, ਪਰ ਜਿਸ ਕਦਰ ਪਿਛਲੇ ਦਹਾਕਿਆਂ ਤੋਂ ਪੰਜਾਬ ਵਿੱਚ ਮਹਿਜ਼ ਵੋਟਾਂ ਲੈਣ ਦੀ ਸਿਆਸਤ ਨੇ ਲੋਕਾਂ ਨੂੰ ਖ਼ੈਰਾਤਾਂ ਅਤੇ ਸਬਸਿਡੀਆਂ ਦੇ ਮੁਥਾਜ ਬਣਾ ਦਿੱਤਾ ਹੈ, ਉਸ ਤੋਂ ਸਮਾਜ ਦਾ ਜਾਗਰੂਕ ਵਰਗ ਅੱਕ ਚੁੱਕਾ ਹੈ। ਪਿਛਲੇ ਦਿਨੀਂ ਕਪੂਰਥਲਾ ਵਿਖੇ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਮੁਫਤ ਦੀ ਆਟਾ-ਦਾਲ ਨੇ ਗਰੀਬਾਂ ਨੂੰ ਉਪਰ ਨਹੀਂ ਚੁੱਕਣਾ, ਗਰੀਬਾਂ ਦੇ ਬੱਚਿਆਂ ਨੂੰ ਵਿਦਿਆ ਦੇਣ ਦੀ ਲੋੜ ਹੈ, ਜਿਸ ਸਹਾਰੇ ਉਹ ਆਪਣੀ ਤੇ ਆਪਣੇ ਮਾਪਿਆਂ ਦੀ ਗਰੀਬੀ ਦੂਰ ਕਰ ਸਕਣ, ਤਾਂ ਇਹ ਪੰਜਾਬ ਵਿੱਚ ਮੁੱਦਿਆਂ ਉੱਤੇ ਆਧਾਰਤ ਰਾਜਨੀਤੀ ਦੇ ਸੰਵਾਦ ਦਾ ਆਗਾਜ਼ ਆਖਿਆ ਜਾ ਸਕਦਾ ਹੈ। ਵਿਦਿਆ ਤੇ ਸਿਹਤ ਸਹੂਲਤਾਂ ਦੇ ਨਾਲ ਲੋਕ ਸਵੈ ਨਿਰਭਰ ਹੋ ਸਕਦੇ ਹਨ। ਪਿਛਲੇ ਸਮੇਂ ਤੋਂ ਵਿਸ਼ਵੀਕਰਨ ਦੇ ਵਰਤਾਰੇ ਨੇ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਖਤਮ ਕਰ ਦਿੱਤੀਆਂ ਹਨ। ਭਾਰਤ ਵਿੱਚ ਲਾਲਫੀਤਾਸ਼ਾਹੀ ਵੱਲੋਂ ਨੌਕਰੀਆਂ ਦੇ ਨਿੱਜੀਕਰਨ ਦੌਰਾਨ ਆਪਣੀ ਜਮਾਤ ਨੂੰ ਸੁਰੱਖਿਅਤ ਰੱਖ ਕੇ ਹੇਠਲੇ ਪੱਧਰ ਦੀਆਂ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਨੂੰ ਨਿੱਜੀਕਰਨ ਦੀ ਭੇਟ ਚੜ੍ਹਾ ਦਿੱਤਾ ਗਿਆ। ਨਵੇਂ ਮੁੱਖ ਮੰਤਰੀ ਵੱਲੋਂ ਲੋਕਾਂ ਦੀ ਨਬਜ਼ ਫੜਦਿਆਂ ਦਰਜਾ ਤਿੰਨ ਤੇ ਦਰਜਾ ਚਾਰ ਦੀਆਂ ਨੌਕਰੀਆਂ ਨੂੰ ਨਿੱਜੀਕਰਨ ਦੀ ਭੇਟ ਚੜ੍ਹਨ ਤੋਂ ਬਚਾਉਣ ਲਈ ਦਿੱਤਾ ਬਿਆਨ ਅਤੇ ਆਪਣੀ ਸੁਰੱਖਿਆ ਘਟਾਉਣ ਲਈ ਕੀਤੇ ਐਲਾਨ ਨੇ ਪੰਜਾਬ ਦੀ ਸਿਆਸਤ ਨੂੰ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਦੀਆਂ ਵੋਟਾਂ ਨਾਲ ਚੁਣੇ ਗਏ ਨੁਮਾਇੰਦੇ ਸੰਵਿਧਾਨਕ ਰੁਤਬਿਆਂ ਉੱਤੇ ਪੁੱਜਣ ਤੋਂ ਬਾਅਦ ਆਲੇ ਦੁਆਲੇ ਤੋਂ ਚਾਪਲੂਸਾਂ ਤੇ ਸੁਰੱਖਿਆ ਘੇਰਿਆਂ ਵਿੱਚ ਘਿਰ ਜਾਣ ਕਾਰਨ ਆਮ ਲੋਕਾਂ ਤੋਂ ਦੂਰ ਚਲੇ ਜਾਂਦੇ ਹਨ। ਜੇ ਪੱਛਮੀ ਦੇਸ਼ਾਂ ਵਿੱਚ ਲੋਕ ਨੁਮਾਇੰਦੇ ਬਿਨਾਂ ਸੁਰੱਖਿਆ ਤੇ ਵਿਚਰ ਸਕਦੇ ਹਨ ਤਾਂ ਸਾਡੇ ਦੇਸ਼ ਵਿੱਚ ਕੀ ਸਮੱਸਿਆ ਹੈ? ਘਾਟ ਸਿਰਫ ਸਿਆਸਤਦਾਨਾਂ ਅੰਦਰ ਇੱਛਾ ਸ਼ਕਤੀ ਦੀ ਸੀ।
ਛੂਤ ਵਾਂਗ ਫੈਲੀ ਹੋਈ ਦਿਖਾਵਾ ਕਰਨ ਦੀ ਬਿਮਾਰੀ ਨੇ ਸਿਆਸਤ ਦਾ ਬੇੜਾ ਗਰਕ ਕਰ ਦਿੱਤਾ ਹੈ। ਇੱਕ ਮੁੱਖ ਮੰਤਰੀ ਦਾ ਇਹ ਕਹਿਣਾ ਕਿ ‘ਮੈਨੂੰ ਕਿਸੇ ਨੇ ਮਾਰ ਕੀ ਲੈਣਾ? ਮੈਨੂੰ ਇੰਨੀ ਸੁਰੱਖਿਆ ਦੀ ਲੋੜ ਨਹੀਂ ਹੈ। ਮੇਰੀ ਸੁਰੱਖਿਆ ਘਟਾਈ ਜਾਵੇ’ ਇਹ ਕੋਈ ਸਹਿਜ ਸੁਭਾਅ ਮੂੰਹੋਂ ਕੱਢੀ ਗੱਲ ਨਹੀਂ, ਜਨਤਾ ਨਾਲ ਲੋਕ ਨੁਮਾਇੰਦਿਆਂ ਦੇ ਘਟਦੇ ਰਾਬਤੇ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਸੋਚ-ਸਮਝ ਕੇ ਇੱਛਾ ਸ਼ਕਤੀ ਸਹਿਤ ਦਿੱਤਾ ਬਿਆਨ ਸੀ। ਚੰਨੀ ਸ਼ਾਇਦ ਲੰਬੇ ਸਮੇਂ ਬਾਅਦ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਰਵਾਇਤੀ ਸਿਆਸਤ ਦੇ ਰੁਝਾਨ ਤੋਂ ਉਲਟ ਜਾ ਕੇ ਲੋਕਾਂ ਨੂੰ ਮੁਖਾਤਬ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਕਾਰਨ ਪਿਛਲੇ ਦਿਨਾਂ ਦੌਰਾਨ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਭਾਸ਼ਣਾਂ ਦੀਆਂ ਵੀਡੀਓਜ਼ ਨੂੰ ਵੇਖਣ ਵਾਲਿਆਂ ਦੀ ਗਿਣਤੀ ਲੱਖਾਂ ਤੋਂ ਟੱਪ ਗਈ ਹੈ। ਉਨ੍ਹਾਂ ਤੋਂ ਪਹਿਲਾਂ ਤੇਜਾ ਸਿੰਘ ਸੁਤੰਤਰ, ਪ੍ਰਤਾਪ ਸਿੰਘ ਕੈਰੋਂ ਅਤੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਸਿਆਸਤਦਾਨ ਸਨ, ਜਿਨ੍ਹਾਂ ਨੇ ਲੋਕਾਂ ਦੀ ਨਬਜ਼ ਪਛਾਣ ਕੇ ਆਪਣੀ ਰਾਜਨੀਤੀ ਦਾ ਅੰਦਾਜ਼ ਤੈਅ ਕੀਤਾ। ਨਿਰਸੰਦੇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕੰਮ ਕਰਨ ਲਈ ਮਹਿਜ਼ ਤਿੰਨ ਮਹੀਨੇ ਤੋਂ ਘੱਟ ਸਮਾਂ ਹੈ ਅਤੇ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਇਕਸੁਰਤਾ ਦੇ ਅਮਲੀ ਪ੍ਰਗਟਾਵੇ ਦੇ ਨਾਲ ਹੀ ਉਨ੍ਹਾਂ ਦਾ ਨਿੱਜੀ ਅਤੇ ਕਾਂਗਰਸ ਪਾਰਟੀ ਦਾ ਸਿਆਸੀ ਭਵਿੱਖ ਤੈਅ ਹੋਣਾ ਹੈ, ਪਰ ਉਨ੍ਹਾਂ ਵੱਲੋਂ ਪੰਜਾਬ ਦੀ ਸਿਆਸਤ ਵਿੱਚ ‘ਡਾਂਗ ਫੇਰਦੂੰ’, ‘ਅੰਦਰ ਕਰ ਦੂੰ’ ਅਤੇ ‘ਪਟੇ ਫਿਰਾਦੂੰ’ ਵਾਲੀ ਬਦਲਾਖੋਰੀ ਦੀ ਉਕਤਾਊ ਸਿਆਸਤ ਦਾ ਯੁੱਗ ਪਲਟਾ ਕੇ ਨਵੇਂ ਤੇ ਸੁਹਜਮਈ ਸਿਆਸੀ ਸੰਵਾਦ ਦਾ ਕੀਤਾ ਆਗਾਜ਼ ਪੰਜਾਬ ਨੂੰ ਨਵੀਂ ਤੇ ਸਿਰਜਣਾਤਮਕ ਦਿਸ਼ਾ ਵੱਲ ਲਿਜਾ ਸਕਦਾ ਹੈ।

 

 
Have something to say? Post your comment