Welcome to Canadian Punjabi Post
Follow us on

21

October 2021
 
ਨਜਰਰੀਆ

ਸੱਭਿਆਚਾਰ ਦਾ ਦੁਸ਼ਮਣ ਹੈ ਤਾਲਿਬਾਨ

September 28, 2021 02:37 AM

-ਲਾਵਣਿਆ ਸ਼ਿਵਸ਼ੰਕਰ
ਯੂ ਐੱਨ ਓ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਪਿੱਛੋਂ ਉਥੋਂ ਦੇ ਬਗਰਾਮ ਏਅਰਬੇਸ ਉੱਤੇ ਚੀਨ ਆਸਾਨੀ ਨਾਲ ਕਾਬਜ਼ ਹੋ ਜਾਵੇਗਾ। ਭਾਰਤੀ ਮੂਲ ਦੀ ਹੇਲੀ ਦੀ ਇਹ ਚਿੰਤਾ ਐਵੇਂ ਨਹੀਂ ਹੈ। ਬਗਰਾਮ ਏਅਰਬੇਸ ਰਣਨੀਤਕ ਤੌਰ ਉੱਤੇ ਬੇਹੱਦ ਮਹੱਤਵ ਪੂਰਨ ਹੈ। ਫੌਜੀ ਚਿੰਤਾ ਦੇ ਮਹੱਤਵ ਕਾਰਨ ਉਸ ਦੇ ਮਾਣਮੱਤੇ ਅਤੀਤ ਤੇ ਸਭਿਆਚਾਰਕ ਮਹੱਤਵ ਦੀ ਅਣਦੇਖੀ ਕੀਤੀ ਜਾਂਦੀ ਹੈ। ਇਹੀ ਬਗਰਾਮ ਸ਼ਹਿਰ ਦੇ ਕਨਿਸ਼ਕ ਵਰਗੇ ਮਕਬੂਲ ਬੋਧੀ-ਸ਼ੈਵ ਕੁਸ਼ਾਣ ਸਮਰਾਟ ਦੀ ਗਰਮ ਰੁੱਤ ਦੀ ਰਾਜਧਾਨੀ ਹੁੰਦਾ ਸੀ। ਭਾਰਤ ਦੇ ਕੁਸ਼ਾਣ ਵੰਸ਼ ਦੇ ਤਾਰ ਉਸ ਦੇਸ਼ ਨਾਲ ਜੁੜੇ ਹਨ, ਜੋ ਆਧੁਨਿਕ ਭਾਰਤ ਅਤੇ ਪਾਕਿਸਤਾਨ ਦੇ ਨਾਲ ਮਿਲ ਕੇ ਅਫਗਾਨਿਸਤਾਨ ਦੀ ਹੋਣੀ ਦਾ ਇੱਕ ਹੋਰ ਕੋਣ ਬਣਾਉਂਦਾ ਹੈ। ਇਹ ਦੇਸ਼ ਹੈ ਚੀਨ।
ਚੀਨੀ ਇਤਿਹਾਸਕਾਰ ਕੁਸ਼ਾਣਾਂ ਨੂੰ ਅਸਲ ਵਿੱਚ ਯੂਜੀ ਕਬੀਲੇ ਦੀ ਇੱਕ ਸ਼ਾਖਾ ਮੰਨਦੇ ਹਨ, ਜਿਨ੍ਹਾਂ ਨੂੰ ਸ਼ਿਯੋਗਨੂ ਨਾਂਅ ਦੇ ਮੰਗੋਲਿਆਈ ਖਾਨਾਬਦੋਸ਼ਾਂ ਨੇ ਆਪਣੀ ਪਿਤਾ-ਪੁਰਖੀ ਭੂਮੀ ਤੋਂ ਬੇਦਖਲ ਕਰ ਦਿੱਤਾ ਸੀ। ਗੁਈਸ਼ੁਆਂਗ ਕਹਾਣੀ ਵਾਲੀ ਇਹ ਸ਼ਾਖਾ ਅਫਗਾਨਿਸਤਾਨ ਵੱਲ ਨੂੰ ਆ ਗਈ। ਇੱਥੇ ਉਨ੍ਹਾਂ ਦਾ ਯੂਨਾਨੀ ਨਾਮਕਰਨ ਹੋਇਆ-ਕੁਸ਼ਾਣ। ਪ੍ਰਾਚੀਨ ਸਿਲਕ ਰੂਟ ਉੱਤੇ ਹੋਣ ਕਾਰਨ ਗਾਂਧਾਰ (ਆਧੁਨਿਕ ਉੱਤਰ-ਪੂਰਬੀ ਪਾਕਿਸਤਾਨ) ਨਾਲ ਕੁਸ਼ਾਣਾਂ ਦੇ ਅਹਿਮ ਵਪਾਰਕ ਸੰਬੰਧ ਸਨ। ਜਿੱਥੋਂ ਤੱਕ ਆਧੁਨਿਕ ਇਤਿਹਾਸ ਦੀ ਗੱਲ ਹੈ, ਸੰਨ 1915 ਵਿੱਚ ਪੱਛਮੀ ਤਾਕਤਾਂ ਨੂੰ ਅਫਗਾਨਿਸਤਾਨ ਵਿੱਚ ਖੁਦਾਈ ਦਾ ਮੌਕਾ ਮਿਲਿਆ। ਇਤਾਲਵੀ, ਜਰਮਨ, ਫਰਾਂਸੀਸੀ, ਤੁਰਕ ਤੇ ਅੰਗਰੇਜ਼ ਸਾਰੇ ਇਸ ਮੁਹਿੰਮ ਵਿੱਚ ਜੁਟੇ। ਬੀਤੀ ਸਦੀ ਦੇ ਪੰਜਵੇਂ ਤੇ ਛੇਵੇਂ ਦਹਾਕੇ ਦੌਰਾਨ ਫਰਾਂਸੀਸੀ ਪੁਰਾਤੱਤਵ ਮਾਹਰਾਂ ਨੂੰ ਬਗਰਾਮ ਵਿੱਚ ਖੁਦਾਈ ਦੌਰਾਨ ਬੇਸ਼ਕੀਮਤੀ ਖਜ਼ਾਨਾ ਮਿਲਿਆ। ਉਨ੍ਹਾਂ ਵਿੱਚ ਆਈਵਰੀਜ਼ ਅਰਥਾਤ ਹਾਥੀ ਦੰਦ ਅਤੇ ਅਨਮੋਲ ਹਸਤ ਸ਼ਿਲਪ ਸ਼ਾਮਲ ਸਨ। ਪੂਰੇ ਸੰਗ੍ਰਹਿ ਵਿੱਚ ਭਾਰਤੀ ਮੂਰਤੀ ਕਲਾ ਦੀ ਪਰੰਪਰਾ ਵਿੱਚ ਬਣੀਆਂ ਕਲਾਕ੍ਰਿਤਾਂ, ਭਾਰਤੀ ਅਲੰਕਰਣ ਤੇ ਵੇਸ਼-ਭੂਸ਼ਾ ਵਿੱਚ ਉਕਰੀਆਂ ਮਨਮੋਹਕ ਮੂਰਤੀਆਂ ਵੀ ਸਨ। ਭਾਰਤ ਵਿੱਚ ਉਦੋਂ ਕਈ ਕਲਾਕਾਰ ਗਰੁੱਪ ਸਨ ਜਿਨ੍ਹਾਂ ਨੇ ਖੁਦ ਜਾਂ ਫਿਰ ਆਪਣੇ ਸਥਾਨਕ ਚੇਲਿਆਂ ਦੀ ਮਦਦ ਨਾਲ ਉਨ੍ਹਾਂ ਦੀ ਸਿਰਜਣਾ ਕੀਤੀ ਹੋਵੇਗੀ। ਪ੍ਰਸਿੱਧ ਪਾਂਪੇਈ ਲਕਸ਼ਮੀ ਨਾਮਕ ਕਲਾਕਾਰ ਬਗਰਾਮ ਅਤੇ ਪ੍ਰਾਚੀਨ ਯੂਨਾਨ ਦੇ ਵਪਾਰਕ ਸੰਬੰਧਾਂ ਨੂੰ ਦਰਸਾਉਂਦੀ ਹੈ। ਬਗਰਾਮ ਆਈਵਰੀਜ਼ ਜਲਦ ਹੀ ਕੌਮਾਂਤਰੀ ਕਲਾ ਬਾਜ਼ਾਰ ਦਾ ਹਿੱਸਾ ਬਣ ਗਈ। ਸਮਾਂ ਗੁਜ਼ਰਨ ਦੇ ਨਾਲ ਇਨ੍ਹਾਂ ਕਲਾਕ੍ਰਿਤਾਂ ਦੇ ਤਸਕਰ ਵੀ ਸਰਗਰਮ ਹੋ ਗਏ। ਉਸ ਵਿੱਚ ਪਾਕਿਸਤਾਨੀ ਸਭ ਤੋਂ ਅੱਗੇ ਸਨ। ਇਸ ਉੱਤੇ ਹੋਈਆਂ ਨੁਕਤਾਚੀਨੀਆਂ ਨੂੰ ਲੈ ਕੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਕਿਹਾ ਸੀ ਕਿ ਸਮਾਂ ਆਉਣ ਉੱਤੇ ਪਾਕਿਸਤਾਨ ਉਨ੍ਹਾਂ ਨੂੰ ਤੋਹਫੇ ਵਜੋਂ ਅਫਗਾਨਿਸਤਾਨ ਨੂੰ ਸੌਂਪੇਗਾ, ਪਰ ਉਹ ਵਕਤ ਕਦੇ ਨਹੀਂ ਆ ਸਕਿਆ। ਅਫਗਾਨਿਸਤਾਨ ਦਾ ਇਤਿਹਾਸ ਪੁਰਾਣਾ ਹੈ, ਪਰ ਉਸ ਦੀਆਂ ਮੌਜੂਦਾ ਹੱਦਾਂ 19ਵੀਂ ਸਦੀ ਦੇ ਅੰਤ ਵਿੱਚ ਤੈਅ ਹੋਈਆਂ। ਆਪਣੇ ਖੁਸ਼ਹਾਲ ਇਤਿਹਾਸ ਵਿੱਚ ਉਸ ਨੇ ਸਭ ਇਤਿਹਾਸਕ ਧਰੋਹਰਾਂ ਨੂੰ ਸਮੇਟਿਆ ਹੈ। ਹਿੰਦੂਕੁਸ਼ ਤਲਹਟੀ ਦੀ ਉਪਜਾਊ ਭੂਮੀ ਉੱਤੇ ਖੇਤੀ ਅਤੇ ਬਹੁਮੁੱਲੇ ਖਣਿਜਾਂ ਦੀ ਮਾਈਨਿੰਗ ਹੁੰਦੀ ਰਹੀ ਹੈ। ਚੰਦਰਗੁਪਤ ਮੌਰਿਆ ਦੇ ਸਹੁਰੇ ਅਤੇ ਸਿਕੰਦਰ ਦੇ ਸੈਨਾਪਤੀ ਸੈਲਯੁਕਸ ਦੇ ਸਮੇਂ ਉਥੇ ਯੂਨਾਨੀ ਅਤੇ ਭਾਰਤੀ ਸੰਸਕ੍ਰਿਤੀਆਂ ਦਾ ਅਨੂਠਾ ਸੰਗਮ ਸੀ।
ਉਥੇ ਫਰਾਂਸੀਸੀ ਪੁਰਾਤੱਤਵ ਮਾਹਰਾਂ ਨੇ ਜਲਾਲਾਬਾਦ ਦੇ ਕੋਲਹੱਡਾ ਨਾਂਅ ਦੇ ਸਥਾਨ ਉੱਤੇ ਖੁਦਾਈ ਕੀਤੀ ਤਾਂ ਉਨ੍ਹਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਗੌਤਮ ਬੁੱਧ ਦੀਆਂ ਮੂਰਤੀਆਂ, ਸ਼ਿਲਾਲੇਖ, ਪਾਂਡੂਲਿਪੀਆਂ ਅਤੇ ਹੋਰ ਅਜਿਹੇ ਸੰਕੇਤ ਮਿਲੇ, ਜਿਨ੍ਹਾਂ ਤੋਂ ਸਾਫ ਹੋਇਆ ਕਿ ਇਹ ਮਹੱਤਵ ਪੂਰਨ ਬੋਧੀ ਮੱਠ ਸੀ। ਅਨੁਮਾਨ ਹੈ ਕਿ ਬੁੱਧ ਦੀ ਹੱਡੀ ਉੱਤੇ ਬਣੇ ਸਤੂਪ ਹੋਣ ਕਾਰਨ ਇਸ ਦਾ ਨਾਂ ਹੱਡਾ ਪਿਆ। ਬੁੱਧ ਦੀਆਂ ਅਤਿਅੰਤ ਸੁੰਦਰ ਮੂਰਤੀਆਂ ਤੇ ਉਨ੍ਹਾਂ ਤੋਂ ਵੱਖ ਬਣਾਏ ਗਏ ਵੱਡ-ਆਕਾਰੀ ਸਿਰ, ਇੰਡੋ-ਗਰੀਕ ਸ਼ੈਲੀ ਦੀ ਵਿਲੱਖਣ ਵਿਕਸਤ ਸ਼ਿਲਪ ਕਲਾ ਦੀਆਂ ਕਈ ਸ਼ੈਲੀਗਤ ਖਾਸੀਅਤਾਂ ਵੀ ਇੱਥੇ ਮਿਲਦੀਆਂ ਹਨ। ਇਸ ਕਾਰਨ ਇੱਥੇ ਬੋਧੀ ਤੇ ਯੂਨਾਨੀ ਸਾਂਝੀ ਪ੍ਰੰਪਰਾ ਦੇ ਸੰਕੇਤ ਮਿਲਦੇ ਹਨ। ਕਦੇ ਅਖੰਡ ਭਾਰਤ ਦੇ ਪਵਿੱਤਰ ਭੂਗੋਲ ਦਾ ਅਟੁੱਟ ਹਿੱਸਾ ਰਿਹਾ ਅਫਗਾਨ ਭੂ-ਭਾਗ ਅੱਜ ਆਪਣੇ ਅਤੀਤ ਤੋਂ ਬਹੁਤ ਦੂਰ ਚਲਾ ਗਿਆ ਹੈ। ਇੱਥੋਂ ਦੀਆਂ ਨਦੀਆਂ, ਪਹਾੜਾਂ, ਜੀਵ-ਜੰਤੂਆਂ ਅਤੇ ਬਨਸਪਤੀ ਦਾ ਵੈਦਿਕ ਅਤੇ ਪੌਰਾਣਿਕ ਸਾਹਿਤ ਵਿੱਚ ਪ੍ਰਮੁੱਖਤਾ ਨਾਲ ਜ਼ਿਕਰ ਹੈ। ਸਨਾਤਨ ਧਰਮ ਤੋਂ ਇਲਾਵਾ ਇੱਥੇ ਬੁੱਧ ਧਰਮ ਦੀ ਡੂੰਘੀ ਛਾਪ ਸੀ। ਅਸਲ ਵਿੱਚ ਅਫਗਾਨਿਸਤਾਨ ਦਾ ਅਤੀਤ ਸਨਾਤਨ ਸੀ, ਪਰ ਉਸ ਦਾ ਵਰਤਮਾਨ ਕੱਟੜਵਾਦੀ ਇਸਲਾਮ ਹੈ ਅਤੇ ਭਵਿੱਖ ਵਿੱਚ ਵੀ ਉਸ ਉੱਤੇ ਉਸੇ ਦੀ ਛਾਪ ਰਹਿਣ ਦੇ ਆਸਾਰ ਹਨ। ਭਾਰਤ ਦੀ ਬਦਕਿਸਮਤੀ ਹੈ ਕਿ ਇਸ ਦੀ ਪੁਰਾਤਨ ਇਤਿਹਾਸਕ ਸਭਿਅਤਾ ਦੇ ਪ੍ਰਤੀਕ, ਸਨਾਤਨ ਧਰਮ ਦੇ ਅਟੁੱਟ ਹਿੱਸੇ ਰਹੇ ਸ਼ਕਤੀ ਪੀਠ ਅਤੇਸ਼ੈਵ ਮੰਦਰ ਅਤੇ ਅਨਮੋਲ ਵਿਰਾਸਤਾਂ ਵਿੱਚੋਂ ਕੁਝ ਤਾਂ ਕੱਟੜਪੰਥੀਆਂ ਹੱਥੋਂ ਤਬਾਹ ਹੋ ਗਈਆਂ ਹਨ। ਤਾਲਿਬਾਨ ਨੇ ਸੱਭਿਆਚਾਰ ਦਾ ਇੰਨਾ ਡੂੰਘਾ ਨੁਕਸਾਨ ਕੀਤਾ ਕਿ ਅਗਲੀਆਂ ਪੀੜ੍ਹੀਆਂ ਨੂੰ ਭਰੋਸਾ ਨਹੀਂ ਹੋਵੇਗਾ ਕਿ ਇੱਥੇ ਕਦੇ ਵੈਦਿਕ, ਪੌਰਾਣਿਕ, ਸ਼ੈਵ ਤੇ ਬੋਧੀ ਸੱਭਿਆਚਾਰ ਦੀ ਡੂੰਘੀ ਪੈਠ ਸੀ। ਜਦ ਰੂਸ ਨੇ ਅਫਗਾਨਿਸਤਾਨ ਵਿੱਚ ਕਠਪੁਤਲੀ ਸਰਕਾਰ ਬਣਾਈ ਤਾਂ ਅਫਗਾਨ ਸੱਭਿਆਚਾਰ ਸੰਪਦਾ ਰੂਸ ਦੇ ਹਰਮਿਟਿਜ ਮਿਊਜ਼ੀਅਮ ਵਿੱਚ ਭੇਜ ਦਿੱਤੀ ਗਈ।
ਜੋ ਕੁਝ ਬਚਿਆ ਸੀ, ਉਹ ਅੱਤਵਾਦੀਆਂ ਕਾਰਨ ਨਸ਼ਟ ਹੁੰਦਾ ਗਿਆ। ਮੁਜਾਹਦੀਨ ਧੜਿਆਂ ਦੇ ਆਪਸੀ ਹਮਲਿਆਂ ਵਿੱਚ ਕਾਬੁਲ ਦਾ ਕੌਮੀ ਅਜਾਇਬਘਰ ਨੁਕਸਾਨਿਆ ਗਿਆ। ਸੰਨ 1993 ਵਿੱਚ ਰਾਕਟ ਡਿੱਗਣ ਕਾਰਨ ਮਿਊਜ਼ੀਅਮ ਦੀ ਛੱਤ ਢਹਿ ਗਈ। ਮਲਬੇ ਦੇ ਹੇਠਾਂ ਕੀਮਤੀ ਸੰਗ੍ਰਹਿ ਦਾ ਸੱਤਰ ਫੀਸਦੀ ਹਿੱਸਾ ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਗਾਇਬ ਹੋ ਗਿਆ। ਸੰਨ 1994 ਵਿੱਚ ਜਦੋਂ ਯੂ ਐੱਨ ਓ ਦੀ ਟੀਮ ਮਿਊਜ਼ੀਅਮ ਦਾ ਸਰਵੇ ਕਰਨ ਪੁੱਜੀ ਤਾਂ ਉਸ ਨੂੰ ਸੜੇ ਹੋਏ ਕਾਗਜ਼, ਟੁੱਟੇ ਬਕਸੇ ਅਤੇ ਪੱਥਰਾਂ ਦੇ ਟੁਕੜੇ ਮਿਲੇ। ਯੂਨਾਨੀ ਬੈਕਿਟ੍ਰਾਯਮ ਸਿੱਕੇ, ਬਗਰਾਮ ਆਈਵਰੀਜ਼ ਅਤੇ ਬੋਧੀ ਮੂਰਤੀਆਂ ਵਿੱਚੋਂ ਕੁਝ ਨਹੀਂ ਬਚਿਆ। ਜਿਨ੍ਹਾਂ ਨੂੰ ਉਨ੍ਹਾਂ ਦੀ ਰਖਵਾਲੀ ਦਾ ਜ਼ਿੰਮਾ ਸੌਂਪਿਆ, ਉਹ ਹੀ ਸਭ ਕੁਝ ਲੁੱਟ ਕੇ ਲੈ ਗਏ। ਇਹੀ ਨਹੀਂ, ਵਿਸ਼ਵ ਦੀਆਂ ਪ੍ਰਾਚੀਨ ਬੋਧੀ ਜਾਂ ਭਾਰਤੀ ਪਾਂਡਲਿਪੀਆਂ ਤੇ ਸ਼ਿਲਾਲੇਖ ਵੀ ਉਥੇ ਮਿਲੇ, ਪਰ ਬਹੁਤੇ ਤਾਲਿਬਾਨ ਦੇ ਮੂਰਤੀ ਤੋੜੂ ਰੁਝਾਨ ਦੇ ਸ਼ਿਕਾਰ ਹੋ ਗਏ। ਹਜ਼ਾਰਾਂ ਸਾਲਾਂ ਤੋਂ ਚਲੀ ਆਈ ਖੁਸ਼ਹਾਲ ਪਰੰਪਰਾ ਦੇ ਇਸ ਧਰਤੀ ਉੱਤੇ ਨਾਮਾਤਰ ਨਿਸ਼ਾਨ ਵੀ ਨਹੀਂ ਰਹੇ। ਅਫਗਾਨਿਸਤਾਨ ਵਿੱਚ ਕਿਉਂਕਿ ਭਾਰਤੀ ਸੱਭਿਆਚਾਰ ਦੀਆਂ ਅਨਮੋਲ ਵਿਰਾਸਤਾਂ ਸਨ, ਇਸ ਲਈ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਵਿਸ਼ਵ ਭਾਈਚਾਰੇ ਨਾਲ ਮਿਲ ਕੇੇ ਉਨ੍ਹਾਂ ਦੀ ਸੰਭਾਲ ਦੀ ਮੁਹਿੰਮ ਚਲਾਵੇ। ਲਹੂ-ਲੁਹਾਨ ਸਨਾਤਨ ਸਭਿਅਤਾ ਨੂੰ ਸੰਭਾਲਣਾ ਭਾਰਤ ਦਾ ਧਰਮ ਹੈ।

 
Have something to say? Post your comment